ਵੀਹ ਸਾਲ ਪਹਿਲੋਂ ਆਈ “ਬਾਗਬਾਨ” ਨਾਮ ਦੀ ਇੱਕ ਹਿੰਦੀ ਫਿਲਮ ਅੱਜ ਐਨ ਸਾਡੇ ਵੇਹੜੇ ਉੱਤਰ ਆਈ ਲੱਗ ਰਹੀ ਸੀ..!
ਫੈਸਲਾ ਕਰਵਾਉਣ ਆਏ ਕੁਝ ਚੋਣਵੇਂ ਰਿਸ਼ਤੇਦਾਰ ਚਾਹ ਦੀਆਂ ਚੁਸਕੀਆਂ ਦੇ ਨਾਲ ਜਾਇਦਾਤ ਨਾਲ ਸਬੰਧਿਤ ਕਿੰਨੇ ਸਾਰੇ ਕਾਗਜ ਪੱਤਰ ਵੇਖਣ ਵਿਚ ਰੁਝੇ ਹੋਏ ਸਨ..!
ਮੈਂ ਕੋਲ ਬੈਠੀ ਨਿੱਕੀ ਨੂੰਹ ਦੇ ਹਾਵ ਭਾਵ ਆਪਣੇ ਜ਼ਿਹਨ ਦੇ ਸ਼ੀਸ਼ੇ ਵਿਚ ਉਤਾਰ ਰਹੀਂ ਸਾਂ..ਕੱਲ ਮਗਰੋਂ ਮੈਨੂੰ ਓਥੇ ਓਹਨਾ ਦੇ ਨਾਲ ਹੀ ਤਾਂ ਰਹਿਣਾ ਪੈਣਾ ਸੀ..!
ਕੰਮ ਵਾਲੀ ਦੇ ਅੱਠ ਹਜਾਰ..ਰੋਟੀ ਟੁੱਕ ਵਾਲੀ ਦੇ ਪੰਜ ਅਤੇ ਨਿੱਕਿਆਂ ਦੀ ਟਿਊਸ਼ਨ ਦੇ ਤਕਰੀਬਨ ਅੱਠ ਹਜਾਰ..ਕੁਲ ਮਿਲਾ ਕੇ ਇੱਕੀ ਹਜਾਰ ਮਹੀਨੇ ਦਾ ਫਾਇਦਾ..!
ਦੂਜੇ ਪਾਸੇ ਵਹੀਲ ਚੇਅਰ ਤੇ ਚੁੱਪ ਚਾਪ ਬੈਠੇ ਸਰਦਾਰ ਜੀ..ਹਰ ਮਹੀਨੇ ਓਹਨਾ ਨੂੰ ਮਿਲਦੇ ਪੈਨਸ਼ਨ ਦੇ ਤਕਰੀਬਨ ਵੀਹ ਹਜਾਰ..ਨਿੱਕੇ ਨਾਲੋਂ ਬੇਸ਼ੱਕ ਇੱਕ ਹਜਾਰ ਘੱਟ ਹੀ ਸੀ ਪਰ ਵੱਡੀ ਨੂੰਹ ਦੇ ਚੇਹਰੇ ਤੇ ਪਸਰਿਆ ਨਿੰਮਾ-ਨਿੰਮਾ ਜਿਹਾ ਹਾਸਾ ਬਿਆਨ ਕਰ ਰਿਹਾ ਸੀ ਕੇ ਘਾਟੇ ਵਿਚ ਉਹ ਵੀ ਨਹੀਂ ਸੀ ਰਹਿਣ ਵਾਲੀ!
ਪੈਣ ਵਾਲੇ ਵਿਛੋੜੇ ਦੀ ਅੱਗ ਹੋਰ ਨਾ ਸਹਾਰਦੀ ਹੋਈ ਕੋਲੋਂ ਅਖੀਰ ਨਾ ਹੀ ਰਿਹਾ ਗਿਆ..ਮੈਂ ਆਪਣੀ ਥਾਂ ਤੋਂ ਉੱਠ ਪਈ ਤੇ ਸਾਫ ਸਾਫ...
ਆਖਣਾ ਸ਼ੁਰੂ ਕਰ ਦਿੱਤਾ..”ਅਸੀਂ ਦੋਵੇਂ ਇੱਕਠੇ ਹੀ ਰਹਾਂਗੇ..ਕੋਈ ਅੱਡ ਨਹੀਂ ਕਰ ਸਕਦਾ..ਜਦੋਂ ਸਾਡੇ ਵਿਚੋਂ ਇੱਕ ਜਹਾਨੋਂ ਚਲਾ ਗਿਆ ਓਦੋਂ ਦੀ ਓਦੋਂ ਵੇਖੀ ਜਾਊ ਪਰ ਜਿਉਂਦੇ ਜੀ ਅਸੀਂ ਨੀਂ ਮੁੱਕ ਸਕਦੇ..ਤੁਹਾਡੇ ਵਿਚੋਂ ਕੋਈ ਵੀ ਸਾਨੂੰ ਮਿਲਣਾ ਚਾਹੇ ਤਾਂ ਜਦੋਂ ਮਰਜੀ ਇਥੇ ਆ ਸਕਦਾ ਏ!
ਚਾਰੇ ਪਾਸੇ ਸੁੰਨਸਾਨ ਪੱਸਰ ਗਈ..!
ਘੜੀ ਕੂ ਪਹਿਲਾਂ ਦੋਹਾਂ ਪਾਸੇ ਪੱਸਰਿਆਂ ਹੋਇਆ ਨਿੰਮਾ ਨਿੰਮਾ ਹਾਸਾ ਖੰਬ ਲਾ ਕੇ ਉੱਡ ਚੁਕਾ ਸੀ ਤੇ ਮੈਂ ਹੌਲੀ ਫੁੱਲ ਹੋ ਸਰਦਾਰ ਜੀ ਦੀ ਵਹੀਲ ਚੇਅਰ ਨੂੰ ਧੱਕਦੀ ਹੋਈ ਓਹਨਾ ਦੇ ਕਮਰੇ ਵੱਲ ਨੂੰ ਵੱਧ ਰਹੀ ਸਾਂ..ਦੁਪਹਿਰ ਦੀ ਦਵਾਈ ਦਾ ਟਾਈਮ ਜੂ ਹੋ ਗਿਆ ਸੀ..!
ਪਿੰਡ ਦੀ ਜੂਹ ਵਿਚ ਪੂਰਾਣੇ ਵੇਲਿਆਂ ਵੇਲੇ ਅਕਸਰ ਹੀ ਵੱਜਦਾ ਰਹਿੰਦਾ ਲਾਲ ਚੰਦ ਯਮਲਾ ਅੱਜ ਸਾਫ ਸਾਫ ਸਾਫ ਕੰਨਾਂ ਵਿਚ ਪੈ ਰਿਹਾ ਸੀ..”ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਵੇ..ਜੋ ਅੱਲੜ੍ਹਪੁਣੇ ਵਿਚ ਲਾਈਆਂ ਤੋੜ ਨਿਭਾਵੀਂ ਵੇ”
ਹਰਪ੍ਰੀਤ ਸਿੰਘ ਜਵੰਦਾ