ਭਿੰਦੇ ਦਾ ਨਵਾਂ ਨਵਾਂ ਵਿਆਹ ਹੋਇਆ ਤਾਂ ਉਹਦਾ ਪੈਰ ਭੁੰਜੇ ਨਹੀਂ ਲੱਗਦਾ ਸੀ। ਇੱਕ ਦਿਨ ਥੋੜ੍ਹੇ ਸਮੇਂ ਬਾਅਦ ਉਹਦਾ ਸਹੁਰਾ ਉਨ੍ਹਾਂ ਨੂੰ ਮਿਲਣ ਆ ਗਿਆ। ਸਾਰਿਆਂ ਨੇ ਉਸਦਾ ਬੜਾ ਜੀ ਆਦਰ ਕੀਤਾ। ਸਾਰਿਆਂ ਨੇ ਮਿਲ ਕੇ ਬਹੁਤ ਹਾਸਾ ਠੱਠਾ ਕੀਤਾ। ਪਾਣੀ ਦੀ ਵਾਰੀ ਲਾਉਣ ਗਏ ਭਿੰਦੇ ਦੇ ਬਾਪੂ ਨੂੰ ਖੇਤ ਹੀ ਦੋ ਵੱਜ ਚੁੱਕੇ ਸਨ। ਹੁਣ ਉਸਦਾ ਸਹੁਰਾ ਜਾਣ ਦੀ ਕਾਹਲੀ ਕਰਨ ਲੱਗਿਆ ਕਿਉਂਕਿ ਓਦੋਂ ਸਾਧਨ ਘੱਟ ਹੀ ਸਨ। ਭਿੰਦਾ ਉਨ੍ਹਾਂ ਨੂੰ ਰੋਟੀ ਖਵਾ ਕੇ ਆਪਣੇ ਬਾਪੂ ਨੂੰ ਖੇਤੋਂ ਸੱਦਣ ਲਈ ਮੋਟਰ ਸਾਈਕਲ ਤੇ ਕਾਹਲੀ ਨਾਲ ਚਲਾ ਗਿਆ। ਉਸਨੇ ਦੂਰੋਂ ਹੀ ਅਵਾਜ਼ ਦਿੰਦਿਆਂ ਕਿਹਾ, “ਓਏ ਬਾਪੂਆ, ਮੇਰੇ ਪਾਪਾ ਜੀ ਦਲ ਸਿੰਘ ਵਾਲੇ ਆਏ ਹਨ, ਆਜਾ ਤੂੰ ਛੇਤੀ ਕਰ, ਪਾਪਾ ਜੀ ਨੇ ਘਰੇ ਜਾ ਕੇ ਬੜੇ ਕੰਮ ਕਰਨੇ ਹਨ, ਉਹ ਜੀ ਜਾਣ ਦੀ ਕਾਹਲੀ ਕਰ ਰਹੇ ਹਨ ਤੇ ਤੂੰ ਸਾਰੀ ਦਿਹਾੜੀ ਖੇਤ ਹੀ ਲਾ ਦਿੱਤੀ ਹੈ।” ਜਲਦੀ ਕਰ ਮੋਟਰ ਸਾਈਕਲ ਮਗਰ ਲਮਕ ਜਾ।...
ਆਪਣੇ ਨਵੇਂ ਵਿਆਹੇ ਪੁੱਤਰ ਦੇ ਮੂੰਹੋਂ ਅਜਿਹੇ ਕੁਸ਼ੈਲੇ ਬੋਲ ਸੁਣ ਕੇ ਭਿੰਦੇ ਦੇ ਪਿਓ ਨੇ ਕਿਹਾ ਕਿ ਹੁਣ ਅਸੀਂ ਓਏ ਬਾਪੂ ਹੋ ਗਏ ਤੇ ਉਹ ਬਾਪੂ ਜੀ ਹੋ ਗਿਆ। ਸਾਡੇ ਕੰਮ ਦੀ ਕੋਈ ਅਹਿਮੀਅਤ ਨਹੀਂ ਹੈ ਤੇ ਤੇਰੇ ਸਹੁਰਾ ਸਾਬ ਨੂੰ ਬਹੁਤ ਕੰਮ ਨੇ। ਜਾ ਤੁਰ ਮੋਟਰ ਸਾਈਕਲ ਲੈ ਕੇ , ਮੈਂ ਆਪੇ ਖੇਤੋਂ ਤੁਰ ਕੇ ਆ ਜਾਊਂ। ਭਿੰਦਾ ਓਏ ਤੇ ਜੀ ਵਾਲਾ ਅਰਥ ਸਮਝ ਕੇ ਨਿੰਮੋਝੂਣਾ ਹੋ ਕੇ ਘਰ ਵੱਲ ਨੂੰ ਮੋਟਰ ਸਾਈਕਲ ਤੇ ਇਕੱਲਾ ਚੱਲ ਪਿਆ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ – 9464412761
ਦੋਸਤੋ ਦਿਖਾਵੇ ਲਈ ਪਿਤਾ ਦਿਵਸ ਤੇ ਸਟੇਟਸ ਪਾ ਕੇ ਸੋਭਾ ਨਾ ਖੱਟੀ ਜਾਵੇ, ਸਗੋਂ ਤਹਿ ਦਿਲ ਤੋਂ ਮਾਪਿਆਂ ਦਾ ਸਤਿਕਾਰ ਕੀਤਾ ਜਾਵੇ।