More Punjabi Kahaniya  Posts
ਲੀਲਿਥ


ਸ਼ਾਮ ਦੇ ਕਰੀਬ 5 ਵੱਜ ਰਹੇ ਸਨ ਤੇ ਬਾਹਰ ਬਹੁਤ ਮੀਂਹ ਪੈ ਰਿਹਾ ਸੀ ਜਿਸ ਕਾਰਨ ਹਨ੍ਹੇਰਾ ਵੱਧ ਹੋਇਆ ਪਿਆ ਸੀ। ਇੱਕ ਮਕਾਨ ਵਿੱਚ ਰੇਹਾਨ, ਅਕਾਸ਼ ਤੇ ਸਮਰ ਆਪਣਾ ਸਮਾਨ ਬੰਨ੍ਹ ਰਹੇ ਸਨ, ਇਹ ਮਕਾਨ ਉਹਨਾਂ ਨੇ ਕਿਰਾਏ ਤੇ ਲਿਆ ਹੋਇਆ ਸੀ। ਹੋਸਟਲ ‘ਚ ਰਹਿਣ ਨਾਲੋਂ ਆਪਣੀ ਕਿਰਾਏ ਦੀ ਜਗ੍ਹਾ ਤੇ ਰਹਿਣਾ ਜ਼ਿਆਦਾ ਵਧੀਆ ਹੁੰਦਾ ਹੈ, ਆਪਣੀ ਮਨਪਸੰਦ ਦਾ ਖਾਣਾ, ਘੁੰਮਣਾ ਫਿਰਨਾ ਤੇ ਹੋਰ ਵੀ ਕੋਈ ਰੋਕ-ਟੋਕ ਨਹੀਂ। ਸਰਦੀਆਂ ਦੀਆਂ ਛੁੱਟੀਆਂ ਹੋਣ ਕਰਕੇ ਤਿੰਨੋਂ ਆਪਣੇ-ਆਪਣੇ ਘਰਾਂ ਨੂੰ ਜਾਣ ਕੇ ਜਾਣ ਦੀ ਤਿਆਰੀ ਕਰ ਰਹੇ ਸਨ ਤੇ ਏਧਰ-ਓਧਰ ਦੀਆਂ ਗੱਲਾਂ ਕਰਦੇ ਹੋਏ ਉਨ੍ਹਾਂ ਵਿੱਚ ਇੱਕ ਕੁੜੀ ਦੀ ਗੱਲ ਚੱਲ ਪਈ ਜੋ ਕਿ ਹਰ ਕਿਸੇ ਲਈ ਚਰਚਾ ਦਾ ਵਿਸ਼ਾ ਬਣੀ ਪਈ ਸੀ।
“ਯਾਰ ਉਸ ਕੁੜੀ ਬਾਰੇ ਸੁਣਿਆ, ਲੋਕ ਕਹਿੰਦੇ ਨੇ ਕਿ ਉਹ ਅੱਤ ਦੀ ਹਸੀਨ ਏ। ਉਂਝ ਤਾਂ ਬਹੁਤ ਹੀ ਘੱਟ ਲੋਕਾਂ ਨੇ ਉਸਨੂੰ ਵੇਖਿਆ ਏ ਪਰ ਹਰ ਕਿਸੇ ਦੇ ਦਿਲ ਦੀ ਇੱਛਾ ਜਰੂਰ ਏ ਉਸਨੂੰ ਇਕ ਵਾਰ ਦੇਖਣ ਦੀ”, ਆਕਾਸ਼ ਨੇ ਬੋਤਲ ਵਿਚੋਂ ਪਾਣੀ ਪੀਂਦੇ ਹੋਏ ਕਿਹਾ।
“ਪਰ ਤੇਰੀ ਇੱਛਾ ਤੇ ਇਸ ਤੋਂ ਕੁਝ ਜ਼ਿਆਦਾ ਹੀ ਹੋਵੇਗੀ”, ਰੇਹਾਨ ਨੇ ਆਕਾਸ਼ ਨੂੰ ਮਖੋਲ ਕਰਦੇ ਹੋਏ ਜਵਾਬ ਦਿੱਤਾ, “ਸਹੀ ਕਿਹਾ ਨਾ ਮੈਂ!”
ਤਿੰਨੋ ਹੱਸ ਪਏ। ਕੰਮ ਖ਼ਤਮ ਕਰਦੇ-ਕਰਦੇ ਕਦ 7 ਵੱਜ ਗਏ ਪਤਾ ਹੀ ਨਹੀਂ ਚੱਲਿਆ। ਰੇਹਾਨ ਅਤੇ ਆਕਾਸ਼ ਦੀ 8 ਵਜੇ ਦੀ ਗੱਡੀ ਸੀ ਜਦਕਿ ਸਮਰ ਕੱਲ ਸਵੇਰੇ 11 ਵਜੇ ਆਪਣੇ ਘਰ ਲਈ ਰਵਾਨਾ ਹੋਣ ਵਾਲਾ ਸੀ। ਉਨ੍ਹਾਂ ਸਮਾਨ ਬੰਨ੍ਹ ਕੇ ਥੱਲੇ ਖੜੀ ਗੱਡੀ ਵਿਚ ਰੱਖ ਦਿੱਤਾ ਅਤੇ ਮੀਂਹ ਨੂੰ ਦੇਖਦੇ ਹੋਇਆ ਸਮੇਂ ਤੋਂ ਪਹਿਲਾਂ ਹੀ ਚੱਲਣ ਦੀ ਸਲਾਹ ਬਣ ਗਈ। ਕਾਰ ਉਂਝ ਤੇ ਪੁਰਾਣੀ ਸੀ ਪਰ ਸਮਰ ਨੇ ਇਸ ਤਰ੍ਹਾਂ ਸੰਭਾਲੀ ਸੀ ਕਿ ਦੇਖਣ ‘ਚ ਜ਼ਮਾ ਨਵੀਂ ਲੱਗਦੀ ਸੀ। ਸਾਂਭਦਾ ਵੀ ਕਿਉਂ ਨਾ, ਉਸਦੇ ਪਿਤਾ ਨੇ ਉਸਨੂੰ ਜਨਮਦਿਨ ਤੇ ਤੋਹਫੇ ਵਿੱਚ ਦਿੱਤੀ ਸੀ। ਗੱਡੀ ਦੇ ਸਮੇਂ ਤੋਂ ਪਹਿਲਾਂ ਹੀ ਉਹ ਸਟੇਸ਼ਨ ਪਹੁੰਚ ਗਏ। ਪਰ ਵਾਪਿਸ ਆਉਂਦੇ ਹੋਏ ਸਮਰ ਨੂੰ ਸੜਕ ਤੇ ਕਾਫ਼ੀ ਰਸ਼ ਮਿਲਿਆ। ਰਸ਼ ਤੋਂ ਬਚਣ ਲਈ ਉਸਨੇ ਕਾਰ ਦੂਜੇ ਰਸਤੇ ਪਾ ਲਈ। ਕਾਰ ਵਿੱਚ ਰੇਡਿਓ ਤੇ ਮੌਸਮ ਦੀ ਨਿਯਾਕਤ ਨੂੰ ਦੇਖਦੇ ਹੋਏ ਅਜ਼ਨਬੀ ਫਿਲਮ ਦਾ ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਦਾ ਗਾਣਾ ਚੱਲ ਰਿਹਾ ਸੀ ਜੋ ਕਿ ਠੰਡ ਵਿਚ ਅੱਗ ਦਾ ਕੰਮ ਦੇ ਰਿਹਾ ਸੀ।
ਸਮਰ ਵੀ ਨਾਲ ਗਾਣਾ ਗੁਣਗੁਣਾ ਕੇ ਮੀਂਹ ਦਾ ਅੰਨਦ ਲੈ ਰਿਹਾ ਸੀ…

ਭੀਗੀ-ਭੀਗੀ ਰਾਤੋਂ ਮੇਂ, ਮੀਠੀ-ਮੀਠੀ ਬਾਤੋਂ ਮੇਂ
ਐਸੀ ਬਰਸਾਤੋਂ ਮੇਂ ਕੈਸਾ ਲਗਤਾ ਹੈ? ਹਾਂ
ਐਸਾ ਲਗਤਾ ਹੈ ਤੁਮ ਬਨਕੇ ਬਾਦਲ
ਮੇਰੇ ਬਦਨ ਕੋ ਭੀਗੋ ਕੇ ਮੁਝੇ
ਛੇੜ ਰਹੇ ਹੋ, ਛੇੜ ਰਹੇ ਹੋ

ਰਸ਼ ਤੋਂ ਬੱਚਣ ਲਈ ਜੋ ਰਸਤਾ ਸਮਰ ਨੇ ਲਿਆ ਸੀ ਉਹ ਰਸਤਾ ਕੱਚਾ ਸੀ ਅਤੇ ਆਸੇ ਪਾਸਿਓ ਜੰਗਲੀ ਬੂਟੀ ਨਾਲ ਭਰਿਆ ਹੋਣ ਕਰਕੇ ਏਧਰ ਘੱਟ-ਵੱਧ ਹੀ ਗੱਡੀ ਆਉਂਦੀ ਸੀ। ਸੁੰਨ-ਸਾਨ ਰਸਤਾ ਤੇ ਉਪਰੋਂ ਜ਼ੋਰਾਂ ਦਾ ਮੀਂਹ, ਇਕ ਅਲੱਗ ਤਰ੍ਹਾਂ ਦਾ ਡਰਾਉਣਾ ਉਜਾੜ ਜਿਹਾ ਦ੍ਰਿਸ਼ ਬਣਾ ਰਹੇ ਸੀ। ਰੇਡੀਓ ਤੇ ਵੱਜ ਰਿਹਾ ਗਾਣਾ ਤੇ ਇਹ ਰਸਤਾ ਦੋਨੋਂ ਹੀ ਇੱਕ ਦੂਜੇ ਦੇ ਵਿਪਰੀਤ ਸਨ ਪਰ ਫਿਰ ਵੀ ਸਮਰ ਆਪਣੀ ਹੀ ਧੁੰਨ ਵਿਚ ਸੀ।
ਥੋੜ੍ਹਾ ਅੱਗੇ ਜਾ ਕੇ ਕਾਰ ਦੀ ਬੱਤੀ ਦੀ ਰੋਸ਼ਨੀ ਵਿੱਚ ਸਮਰ ਨੂੰ ਕੋਈ ਸੜਕ ਦੇ ਕੰਡੇ ਖੜਾ ਦਿਖਿਆ। ਜਦ ਕੋਲ ਪਹੁੰਚਿਆ ਤਾਂ ਉਹ ਇੱਕ ਕੁੜੀ ਸੀ, ਬੇਹਦ ਖੂਬਸੂਰਤ। ਸਮਰ ਨੇ ਥੋੜੀ ਦੂਰੀ ਤੇ ਕਾਰ ਰੋਕੀ ਤੇ ਉੱਤਰ ਕੇ ਉਸ ਵੱਲ ਜਾਣ ਲੱਗਾ। ਬੱਤੀ ਦੀ ਮੱਠੀ-ਮੱਠੀ ਰੋਸ਼ਨੀ ਇੱਕ ਪਾਸਿਓ ਉਸ ਕੁੜੀ ਤੇ ਪੈ ਰਹੀ ਸੀ ਜੋ ਕਾਲੇ ਪਰਨੇ ਵਿਚ ਲਿਪਟੀ ਹੋਈ ਸੀ ਤੇ ਇੰਝ ਲੱਗ ਰਿਹਾ ਸੀ ਜਿਵੇਂ ਉਸਨੇ ਆਪਣੇ ਤਨ ਨੂੰ ਕੇਵਲ ਢੱਕਣ ਲਈ ਹੀ ਲਪੇਟਿਆ ਹੋਵੇ। ਇਕ ਦਮ ਬਿਜਲੀ ਗਰਜ਼ੀ, ਬਿਜਲੀ ਦੀ ਰੋਸ਼ਨੀ ਵਿਚ ਸਮਰ ਉਸ ਕੁੜੀ ਦੀ ਝਲਕ ਪਾ ਕੇ ਹੈਰਾਨ ਹੋ ਗਿਆ। ਕੁੜੀ ਦੁੱਧ ਵਰਗੀ ਚਿੱਟੀ ਸੀ ਅਤੇ ਉਹ ਕਾਲਾ ਪਰਨਾ ਉਸਦਾ ਰੰਗ ਹੋਰ ਵੀ ਉਭਾਰ ਰਿਹਾ ਸੀ। ਉਸਦੇ ਵਾਲਾਂ ਦੀਆਂ ਬਹੁਤ ਬਰੀਕ-ਬਰੀਕ ਮੀਢੀਆਂ ਬਣੀਆਂ ਹੋਈਆਂ ਸਨ ਇੰਝ ਜਾਪ ਰਹੀਆਂ ਸਨ ਜਿਵੇਂ ਕੋਈ ਤਾਜ ਰੱਖਿਆ ਹੋਵੇ। ਅੱਖਾਂ ਝੁਕੀਆਂ ਹੋਈਆਂ, ਨਿੱਕਾ ਜਿਹਾ ਮੂੰਹ, ਉਸਦੇ ਹੋਂਠਾਂ ਤੇ ਪਾਣੀ ਦੀਆਂ ਛਿੱਟਾਂ ਜਿਵੇਂ ਕਿਸੇ ਗੁਲਾਬ ਦੀ ਕਲੀ ਤੇ ਤ੍ਰੇਲ ਦੀਆਂ ਬੂੰਦਾਂ ਹੋਣ। ਉਸਦੀ ਗਰਦਨ ਤੋਂ ਪਾਣੀ ਫਿਸਲਦਾ ਹੋਇਆ ਪਰਨੇ ਵਿਚ ਸਮਾ ਰਿਹਾ ਸੀ, ਉਸ ਦੋ ਪਲਾਂ ਦੇ ਨਜ਼ਾਰੇ ਨੇ ਸਮਰ ਨੂੰ ਜਿਵੇਂ ਗਰਮੀ ਦਾ ਅਹਿਸਾਸ ਦਵਾ ਦਿੱਤਾ ਹੋਵੇ।
ਇਸ ਹਾਲਤ ਵਿਚ ਦੇਖ ਸਮਰ ਨੇ ਆਪਣੀ ਲੋਈ ਉਸਦੇ ਮੋਢਿਆਂ ਤੇ ਰੱਖਦੇ ਉਸਨੂੰ ਪੁੱਛਿਆ..
“ਇੰਨੀ ਠੰਡ ਵਿਚ ਇਸ ਤਰ੍ਹਾਂ.. ਤੁਸੀਂ ਠੀਕ ਤੇ ਹੋ? ਕਿਸੇ ਦੇ ਨਾਲ ਹੋ? ਕੀ ਕੁਝ ਹੋਇਆ ਹੈ ਤੁਹਾਨੂੰ?”
ਕੁੜੀ ਓਸੇ ਤਰ੍ਹਾਂ ਬੁੱਤ ਬਣਕੇ ਖੜੀ ਹੋਈ ਸੀ। ਜਦ ਸਮਰ ਉਸਨੂੰ ਹੱਥ ਲਗਾ ਕੇ ਦੁਬਾਰਾ ਬੁਲਾਉਣ ਲੱਗਾ ਤੇ ਉਸ ਨੂੰ ਉਹ ਪੂਰੀ ਤਰ੍ਹਾਂ ਠੰਡੀ ਜਾਪੀ। ਉਹ ਉਸਨੂੰ ਇਸ ਹਾਲਤ ਵਿਚ ਛੱਡਕੇ ਜਾਣਾ ਵੀ ਨਹੀਂ ਸੀ ਚਾਹੁੰਦਾ ਅਤੇ ਇਸ ਤਰ੍ਹਾਂ ਕਿਸੇ ਅਨਜਾਣ ਨੂੰ ਨਾਲ ਲੈ ਕੇ ਜਾਣ ਤੋਂ ਵੀ ਥੋੜ੍ਹਾ ਕਤਰਾ ਰਿਹਾ ਸੀ। ਅੰਤ ਸਮਰ ਨੇ ਕੁੜੀ ਨੂੰ ਕਾਰ ਵਿੱਚ ਬਠਾਇਆ ਤੇ ਆਪਣੇ ਘਰ ਲੈ ਗਿਆ। ਸਾਰੀ ਵਾਟ ਦੋਵਾਂ ਨੇ ਚੁੱਪ ਹੀ ਸਾਧੀ ਰੱਖੀ। ਸਮਰ ਦੇ ਮਨ ਵਿਚ ਆਹੀ ਚੱਲ ਰਿਹਾ ਸੀ ਕਿ ਆਖਿਰ ਇਸ ਨਾਲ ਹੋਇਆ ਕੀ ਹੈ?
ਘਰੇ ਪਹੁੰਚਦੇ ਸਾਰ ਹੀ ਸਮਰ ਨੇ ਕੁੜੀ ਨੂੰ ਇੱਕ ਕੁਰਸੀ ਤੇ ਬਿਠਾ ਕੇ ਕੰਬਲ ਦਿੱਤਾ ਅਤੇ ਉਸਦੀ ਹਾਲਤ ਨੂੰ ਦੇਖਦੇ ਹੋਏ ਗੁਸਲਖਾਨੇ ਵਿੱਚ ਗਰਮ ਪਾਣੀ ਛੱਡ ਆਇਆ। ਕੁੜੀ ਇੰਝ ਬੈਠੀ ਹੋਈ ਸੀ ਜਿਵੇਂ ਉਸ ਵਿੱਚ ਜਾਨ-ਪ੍ਰਾਣ ਹੀ ਨਾ ਹੋਣ, ਜਿਸਨੂੰ ਵੇਖ ਸਮਰ ਦੀ ਘਬਰਾਹਟ ਹੋਰ ਵੀ ਵੱਧ ਰਹੀ ਸੀ। ਨਹਾਉਣ ਵਾਲਾ ਟੱਬ ਵੀ ਪਾਣੀ ਨਾਲ ਭਰ ਚੁੱਕਾ ਸੀ, ਸਮਰ ਉਸਨੂੰ ਫੜ ਕੇ ਗੁਸਲਖਾਨੇ ਵਿੱਚ ਲੈ ਗਿਆ ਤੇ ਉਸਦਾ ਤਾਪਮਾਨ ਠੀਕ ਹੋ ਜਾਏ ਇਸ ਲਈ ਕੁੜੀ ਨੂੰ ਗਰਮ ਪਾਣੀ ਵਿਚ ਥੋੜਾ ਸਮਾਂ ਬੈਠਣ ਨੂੰ ਕਿਹਾ। ਸਮਰ ਪਰਦਾ ਕਰਕੇ ਗੁਸਲਖਾਨੇ ਚੋਂ ਬਾਹਰ ਆ ਗਿਆ। ਕੁੜੀ ਨੇ ਲੋਈ ਤੇ ਪਰਨਾ ਉਤਾਰ ਇੱਕ ਪਾਸੇ ਰੱਖਿਆ ਤੇ ਗਰਮ ਪਾਣੀ ਵਿਚ ਬੈਠ ਗਈ, ਉਸਦੀਆਂ ਅੱਖਾਂ ਤੋਂ ਅੱਥਰੂ ਤੇ ਵਹਿ ਰਹੇ ਸੀ ਪਰ ਗਲਾ ਰੋਣ ਵਿੱਚ ਉਸਦਾ ਸ਼ਾਇਦ ਸਾਥ ਨਹੀਂ ਸੀ ਦੇ ਰਿਹਾ। ਮੀਂਹ ਕਾਰਨ ਸਮਰ ਵੀ ਕਾਫੀ ਭਿੱਜ ਚੁੱਕਾ ਸੀ, ਉਸਨੇ ਆਪਣੇ ਕੱਪੜੇ ਬਦਲੇ ਤੇ ਕੁੜੀ ਲਈ ਆਪਣਾ ਕੁੜਤਾ ਅਤੇ ਇਕ ਸਵੈਟਰ ਕੱਢ ਲਿਆ। ਜਦ ਉਹ ਕੱਪੜੇ ਫੜਾਉਣ ਗਿਆ ਤਾਂ ਉਸਦਾ ਧਿਆਨ ਕੁੜੀ ਦੀ ਪਰਛਾਈ ਤੇ ਗਿਆ ਜੋ ਪਰਦੇ ਤੇ ਦਿਖ ਰਹੀ ਸੀ, ਅਚਾਨਕ ਦੇਖਣ ਤੇ ਉਸਨੂੰ ਇੰਝ ਲਗਾ ਜਿਵੇਂ ਕੁੜੀ ਦੇ ਸਿਰ ਤੇ ਬਹੁਤ ਸਾਰੇ ਸੱਪ ਫੰਨ ਫੈਲਾਏ ਝੂਮ ਰਹੇ ਹੋਣ। ਤੇ ਜਦ ਅੱਖਾਂ ਝਮਕ ਕੇ ਦੁਬਾਰਾ ਵੇਖਿਆ ਤਾਂ ਬਾਹਰੋਂ ਦਰਖਤ ਦੇ ਪੱਤਿਆਂ ਦਾ ਪਰਛਾਵਾਂ ਜਾਪਿਆ।
ਸਮਰ ਕੱਪੜੇ ਰੱਖ ਬਾਹਰ ਆ ਗਿਆ। ਉਸਨੇ ਕੁਝ ਹਲਕਾ-ਫੁਲਕਾ ਖਾਣ ਲਈ ਬਣਾਇਆ ਤੱਦ ਤੱਕ ਉਹ ਕੁੜੀ ਵੀ ਬਾਹਰ ਆ ਚੁੱਕੀ ਸੀ। ਉਸ ਦੇ ਉਹ ਕੁੜਤਾ ਗੋਢਿਆਂ ਤੀਕਰ ਸੀ ਤੇ ਸਵੈਟਰ ਵੀ ਕਾਫੀ ਵੱਡਾ ਲੱਗ ਰਿਹਾ ਸੀ। ਕੁੜੀ ਨੇ ਇਸ ਸਾਰੇ ਸਮੇਂ ਵਿਚ ਪਹਿਲੀ ਵਾਰ ਹੁਣ ਅੱਖਾਂ ਉਤਾਂਹ ਚੱਕੀਆਂ ਸਨ।
“ਇਸਦੀਆਂ ਅੱਖਾਂ ਵਿਚ ਕਿੰਨੀ ਗਹਿਰਾਈ ਹੈ ਕਿ ਡੁੱਬ ਜਾਣ ਨੂੰ ਦਿਲ ਕਰ ਰਿਹਾ ਹੈ!”
ਸਮਰ ਜਿਵੇਂ ਉਸਦੀਆਂ ਗੂੜੇ ਕਾਲੇ ਰੰਗ ਦੀਆਂ ਅੱਖਾਂ ਵਿਚ ਗਵਾਚਦਾ ਹੋਇਆ ਮਨ ਹੀ ਮਨ ਸੋਚ ਰਿਹਾ ਸੀ ਕਿ ਬਿਜਲੀ ਗਰਜਣ ਨਾਲ ਉਸਦਾ ਧਿਆਨ ਭੰਗ ਹੋ ਗਿਆ।
ਸਮਰ ਨੇ ਕੁੜੀ ਨੂੰ ਬੈਠਣ ਦਾ ਇਸ਼ਾਰਾ ਕੀਤਾ ਤੇ ਉਸਦੇ ਥੋੜ੍ਹਾ ਕੋਲ ਹੀਟਰ ਲਗਾ ਦਿੱਤਾ। ਦੇਖਣ ਤੋਂ ਲੱਗ ਰਿਹਾ ਸੀ ਕਿ ਹੀਟਰ ਦੀ ਗਰਮਾਹਟ ਉਸਨੂੰ ਕਾਫੀ ਆਰਾਮ ਦੇ ਰਹੀ ਹੈ। ਸਮਰ ਨੇ ਖਾਣਾ ਪਰੋਸਿਆ ਤੇ ਕੁੜੀ ਵੱਲ ਥਾਲੀ ਵਧਾਈ। ਉਸਨੇ ਥਾਲੀ ਫੜਨ ਲਈ ਜਦ ਹੱਥ ਅੱਗੇ ਕੀਤਾ ਤਾਂ ਸਮਰ ਹੈਰਾਨ ਰਹਿ ਗਿਆ। ਉਸਦੇ ਹੱਥਾਂ ਦੀਆਂ ਕਲਾਈਆਂ ਤੇ ਜ਼ਖ਼ਮ ਸਨ ਜਿਨ੍ਹਾਂ ਨੂੰ ਦੇਖਕੇ ਕੋਈ ਵੀ ਦੱਸ ਸਕਦਾ ਸੀ ਕਿ ਉਸਨੂੰ ਕਾਫੀ ਸਮੇਂ ਤੋਂ ਬੰਨ੍ਹਿਆ ਜਾ ਰਿਹਾ ਸੀ। ਉਸਨੇ ਨਾਲ ਹੀ ਸਵੈਟਰ ਨਾਲ ਹੱਥਾਂ ਨੂੰ ਢੱਕ ਲਿਆ ਤੇ ਅੱਖਾਂ ਖਾਣੇ ਵੱਲ ਗੱਢਾ ਲਈਆਂ। ਉਸਦੀਆਂ ਪੈਰਾਂ ਦੀਆਂ ਅੱਡੀਆਂ ਤੇ ਵੀ ਕਾਫੀ ਕੱਟ ਲੱਗੇ ਹੋਏ ਸੀ ਅਤੇ ਲੱਗਦਾ ਲੱਤਾਂ ਤੇ ਨੌਕੀਲੇ ਕੰਡਿਆਂ ਦੀਆਂ ਖਰੋਚਾਂ ਹੋਣ, ਜਿਵੇਂ ਕੋਈ ਲੰਬਾ ਪੈਂਡਾ ਤਹਿ ਕੀਤਾ ਹੋਵੇ ਪਰ ਫਿਰ ਵੀ ਮੰਜ਼ਿਲ ਨਾ ਮਿਲੀ ਹੋਵੇ, ਸਮਰ ਉਸ ਦੇ ਦੁੱਖ ਨੂੰ ਅਨੁਭਵ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਮਨ ਇਸ ਜੱਦੋ-ਜਿਹਤ ਵਿਚ ਸੀ ਕਿ ਆਖਿਰ ਕੀ ਵਾਪਰਿਆ ਹੋਵੇਗਾ ਇਸ ਨਾਲ!
ਉਸ ਲਈ ਸਮਝਣਾ ਔਖਾ ਹੋ ਰਿਹਾ ਸੀ ਕਿ ਹੁਸਨ ਦੀ ਤਾਰੀਫ਼ ਕਰੇ ਜਾਂ ਉਸਦੇ ਨਾਸੂਰ ਬਣ ਚੁਕੇ ਜ਼ਖਮਾਂ ਦੀ ਗੱਲ..

“ਕੀ ਤਾਰੀਫ ਕਰਾ ਇਸ ਚਹਿਰੇ ਦੀ ਮੈਥੋਂ ਹ਼ਰਫ ਮੁਕਦੇ ਜਾਂਦੇ ਨੇ
ਸੱਟਾਂ ਗਹਿਰੀਆਂ ਚੁੰਨੀ ਨਾਲ ਢੱਕਦੀ ਦੇਖ
ਮੇਰੇ ਸਾਹ ਜਿਹੇ ਸੁੱਕਦੇ ਜਾਂਦੇ ਨੇ
ਅੱਖਾਂ ਤੇਰੀਆ ਕੁਝ-ਕੁਝ ਕਹਿੰਦੀਆਂ ਨੇ
ਸਭ ਤਾਹਨੇ-ਮੇਹਣੇ ਸਹਿੰਦੀਆਂ ਨੇ
ਕਿਉਂ ਇੰਝ ਲੱਗਦਾ ਤੇਰੀ ਮੰਜ਼ੀਲ ਦੇ
ਸਾਰੇ ਰਾਹ ਜਿਹੇ ਮੁੱਕਦੇ ਜਾਂਦੇ ਨੇ”

ਉਹਨਾਂ ਵਿਚ ਹਾਲੇ ਤੱਕ ਇੱਕ ਵੀ ਗੱਲ ਨਹੀਂ ਸੀ ਕੀਤੀ। ਸਮਰ ਨੇ ਰੋਟੀ ਖਾਂਦੇ ਹੋਏ ਉਸ ਤੋਂ ਨਾਮ ਪੁੱਛਿਆ, ਪਰ ਉਸ ਨੇ ਕੋਈ ਜਵਾਬ ਨਾ ਦਿੱਤਾ। ਦੋਵਾਂ ਨੇ ਏਦਾਂ ਹੀ ਬਿਨ੍ਹਾਂ ਕੁਝ ਬੋਲੇ ਰੋਟੀ ਖਾਧੀ ਤੇ ਸੌਣ ਦੀ ਤਿਆਰੀ ਕਰਨ ਲੱਗੇ। ਕੁੜੀ ਦਾ ਮੰਜਾ ਹੀਟਰ ਦੇ ਕੋਲ ਡਾਹ ਦਿੱਤਾ ਅਤੇ ਖੁਦ ਕਮਰੇ ਵਿਚ ਜਾਂਦੇ ਹੋਏ ਕਹਿਣ ਲੱਗਾ..
“ਜੇ ਕਿਸੇ ਚੀਜ਼ ਦੀ ਜਰੂਰਤ ਹੋਈ ਤਾਂ ਸਮਰ ਕਹਿਕੇ ਆਵਾਜ਼ ਲਗਾ ਦੇਣਾ ਦਰਵਾਜ਼ਾ ਖੁੱਲ੍ਹਾ ਹੀ ਹੈ।”
ਹਾਲੇ ਲੰਮੇ ਪਏ ਨੂੰ 5-10 ਮਿੰਟ ਹੀ ਹੋਏ ਸੀ, ਹਾਲੇ ਨੀਂਦਰ ਵੀ ਥੋੜ੍ਹੀ ਕੱਚੀ ਸੀ। ਉਸਨੂੰ ਪ੍ਰਤੀਤ ਹੋ ਰਿਹਾ ਸੀ ਕਿ ਬਿਸਤਰ ਤੇ ਉਸਦੇ ਨਾਲ ਕੋਈ ਸਾਇਆ ਪਿਆ ਹੋਇਆ ਹੈ। ਸਾਇਆ ਉੱਠਕੇ ਉਸਦੇ ਉੱਪਰ ਆ ਜਾਂਦਾ ਹੈ, ਉਸਦੇ ਲੰਬੇ-ਲੰਬੇ ਨਹੁੰ, ਕਾਲੀਆਂ ਪੁਤਲੀਆਂ ‘ਚ ਲਾਲ ਰੰਗ ਦੀਆਂ ਲਕੀਰਾਂ ਅਤੇ ਸਿਰ ਤੋਂ ਬਰੀਕ ਸੱਪਾਂ ਦਾ ਲੰਮਕਦੇ ਹੋਏ ਉਸਦੇ ਗਲ ਦੁਆਲੇ ਲਪੇਟ ਹੁੰਦੇ ਜਾਣਾ ਤੇ ਅਚਾਨਕ ਜਦ ਸੁੱਤ ਨਿੰਦੇ ਸਮਰ ਨੇ ਪਾਸਾ ਬਦਲਿਆ ਤਾਂ ਕਿਸੇ ਨੂੰ ਦਰਵਾਜ਼ੇ ਕੋਲ ਖੜ੍ਹੇ ਦੇਖਕੇ ਡਰ ਗਿਆ। ਉਸਨੇ ਹੜਬੜਾ ਕੇ ਬੱਤੀ ਜਲਾਈ ਤਾਂ ਦਰਵਾਜ਼ੇ ਕੋਲ ਉਹੀ ਕੁੜੀ ਸੀ। ਬੱਤੀ ਜਗਦੇ ਸਾਰ ਉਸਨੇ ਸਮਰ ਵੱਲ ਤੱਕਿਆ ਤੇ ਬਹੁਤ ਮੱਧਮ ਆਵਾਜ਼ ਵਿਚ ਆਪਣਾ ਨਾਮ ਦੱਸਿਆ,
“ਲੀਲਿਥ” ਤੇ ਆਪਣੇ ਬਿਸਤਰੇ ਤੇ ਵਾਪਿਸ ਚੱਲੀ ਗਈ।
ਉਸਦਾ ਨਾਮ ਸੁਣਦੇ ਸਾਰ ਹੀ ਜਿਵੇਂ ਸਮਰ ਦੇ ਲਬਾਂ ਤੇ ਮੁਸਕਾਨ ਆ ਗਈ ਹੋਵੇ ਪਰ ਨਾਲ ਹੀ ਉਸਦੀ ਏਨੀ ਦਰਦ ਭਰੀ ਆਵਾਜ਼ ਸੁਣਕੇ ਉਸਦਾ ਦਿਲ ਪਸੀਜ ਗਿਆ। ਉਹ ਪੂਰੀ ਰਾਤ ਪਾਸੇ ਬਦਲਦਾ ਰਿਹਾ ਤੇ ਧਿਆਨ ਦਰਵਾਜ਼ੇ ਵੱਲ ਗੱਡੀ ਰੱਖਿਆ। ਰਾਤ ਬਸ ਲੀਲਿਥ ਬਾਰੇ ਸੋਚਦਿਆਂ ਕਦੋਂ ਨਿਕਲ ਗਈ, ਸਮਰ ਨੂੰ ਪਤਾ ਹੀ ਨਾ ਚੱਲਿਆ।
ਰਾਤ ਦੇ ਤੂਫ਼ਾਨ ਤੋਂ ਬਾਅਦ ਸਵੇਰ ਦਾ ਸੂਰਜ ਪੂਰੇ ਜ਼ੋਰ ਨਾਲ ਚਮਕ ਰਿਹਾ ਸੀ। ਲੀਲਿਥ ਖਿੜਕੀ ਕੋਲ ਧੁੱਪ ਵਿਚ...

ਬੈਠੀ ਹੋਈ ਸੀ, ਉਸਨੇ ਸਮਰ ਨੂੰ ਆਪਣੇ ਲੱਕ ਦੁਆਲੇ ਤੌਲੀਆ ਲਪੇਟੇ ਕਮਰੇ ਤੋਂ ਬਾਹਰ ਆਉਂਦੇ ਦੇਖਿਆ ਤੇ ਉਹ ਹੈਰਾਨ ਹੋ ਗਈ। ਉਸਨੇ ਸ਼ਾਇਦ ਹੁਣ ਤੋਂ ਪਹਿਲਾਂ ਇੱਕ ਵਾਰ ਵੀ ਉਸ ਵੱਲ ਅੱਖ ਭਰਕੇ ਨਹੀਂ ਸੀ ਤੱਕਿਆ। ਉਸਦੇ ਖਿਲਰੇ ਹੋਏ ਗਿੱਲੇ ਵਾਲ ਅੱਖਾਂ ਅੱਗੇ ਆਏ ਹੋਏ ਨੇ ਜੋ ਉਸਨੂੰ ਸ਼ਰੀਫ ਦਿਖਾਉਣ ਵਿਚ ਕੋਈ ਕਮੀ ਨਹੀਂ ਸੀ ਛੱਡ ਰਹੇ, ਅੱਖਾਂ ਧੁੱਪ ਦੀ ਰੋਸ਼ਨੀ ਵਿਚ ਭੂਰੇ ਰੰਗ ਦੀ ਚਮਕ ਦੇ ਰਹੀਆਂ ਨੇ, ਲਬ ਜਿਵੇਂ ਰਸ ਨਾਲ ਭਰੇ ਹੋਣ! ਸਖ਼ਤ ਸਰੀਰ, ਪੇਟ ਦੀ ਮਾਸਪੇਸ਼ੀਆ ਦੇ ਉਭਾਰ ਉਸਦੇ ਸਰੀਰ ਨੂੰ ਹੋਰ ਵੀ ਦਿਲ ਖਿਚਵਾਂ ਬਣਾ ਰਹੇ ਸੀ। ਲੀਲਿਥ ਨੂੰ ਖੁਦ ਵੱਲ ਇਸ ਤਰ੍ਹਾਂ ਤਾੜਦਿਆਂ ਵੇਖ ਸਮਰ ਨੇ ਆਪਣੀ ਮੁਸਕਾਨ ਨੂੰ ਲੁਕਾਂਦੇ ਹੋਏ ਮੋਢੇ ਤੇ ਰੱਖੀ ਕਮੀਜ਼ ਪਾ ਲਈ।
ਚਾਹ ਪੀਂਦੇ ਹੋਏ ਸਮਰ ਨੇ ਲੀਲਿਥ ਨੂੰ ਕਿਹਾ,”ਤੁਸੀਂ ਆਪਣਾ ਘਰ ਪਤਾ ਟਿਕਾਣਾ ਕੁਝ ਦੱਸ ਸਕਦੇ ਹੋ ਤਾਂ ਜੋ ਮੈਂ ਤੁਹਾਨੂੰ ਛੱਡ ਆਵਾਂ। ਮੈਂ ਵੀ ਅੱਜ ਆਪਣੇ ਘਰ ਲਈ ਰਵਾਨਾ ਹੋਣਾ ਹੈ।” ਬਿਨਾਂ ਕੋਈ ਹਾਲ-ਚਾਲ ਪੁੱਛੇ ਉਸਦਾ ਸਿੱਧਾ ਜਾਣ ਲਈ ਪੁੱਛਣਾ, ਸਮਰ ਨੂੰ ਬੇਵਕੂਫੀ ਜਿਹੀ ਜਾਪੀ, ਸ਼ਾਇਦ ਤਾਂ ਹੀ ਲੀਲਿਥ ਉਸ ਵੱਲ ਵੇਖੀ ਜਾ ਰਹੀ ਸੀ।
ਕੁਝ ਪਲ ਸੋਚਕੇ ਲੀਲਿਥ ਨਾਂਹ ਵਿਚ ਸਿਰ ਹਿਲਾਉਂਦੇ ਹੋਏ ਪੁੱਛਣ ਲੱਗੀ..
“ਕੀ ਤੁਸੀਂ ਰੁੱਕ ਨਹੀਂ ਸਕਦੇ?”
“ਫਿਰ ਤੁਹਾਨੂੰ ਨਹੀਂ ਲੱਗਦਾ ਕਿ ਮੈਨੂੰ ਕੁਝ ਪਤਾ ਹੋਣਾ ਚਾਹੀਦਾ ਹੈ!!” ਸਮਰ ਨੇ ਉਸਦੇ ਹੱਥਾਂ ਤੇ ਪੈਰਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ।
ਸਮਰ ਨੂੰ ਇਸ ਤਰ੍ਹਾਂ ਮਨੋਂ-ਮਨ ਉਸਦੀ ਫ਼ਿਕਰ ਹੋਣਾ, ਸ਼ਾਇਦ ਉਸਨੂੰ ਪਸੰਦ ਕਰਨ ਲੱਗ ਗਿਆ ਸੀ। ਕਿਸੇ ਨਾਲ ਪਿਆਰ ਵਿਚ ਪੈਣ ਲਈ ਜਨਮਾਂ ਦੀ ਲੋੜ ਨਹੀਂ ਹੁੰਦੀ, ਇੱਕ ਪਲ ਹੀ ਕਾਫ਼ੀ ਹੁੰਦਾ ਹੈ ਜਦ ਕੋਈ ਨਜ਼ਰਾਂ ਨੂੰ ਏਨਾਂ ਭਾਅ ਜਾਏ ਕਿ ਹਵਸ ਲਈ ਜਗਾ ਹੀ ਨਾ ਬਚੇ।
ਆਪਣੇ ਜਖ਼ਮਾਂ ਨੂੰ ਦੇਖ ਕੇ ਲੀਲਿਥ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ।
“ਇਹ ਪਿਆਰ ਵਿਚ ਮਿਲਿਆ ਦਿਲਕਸ਼ ਤੋਹਫਾ ਏ। ਮੇਰਾ ਵਿਆਹ ਕੇਵਲ ਉਨ੍ਹਾਂ ਦੀ ਆਪਣੀ ਇੱਛਾ ਪੂਰਤੀ ਲਈ ਹੋਇਆ, ਕਿਸੇ ਨੇ ਪੁੱਛਿਆ ਤੱਕ ਨਹੀਂ ਕਿ ਮੈਂ ਕੀ ਚਾਹੁੰਦੀ ਸੀ, ਗੱਲ ਏਥੇ ਹੀ ਨਹੀਂ ਮੁੱਕੀ ਜੇਕਰ ਸੋਚਿਆ ਕਿ ਮੇਰਾ ਪਤੀ ਮੈਨੂੰ ਬਰਾਬਰ ਦਾ ਹੱਕ ਦਵੇਗਾ ਪਰ ਉੱਥੇ ਵੀ ਮੈਨੂੰ ਸਿਵਾਏ ਉਸਦੇ ਫਾਇਦੇ ਤੋਂ ਕਦੇ ਪੁੱਛਿਆ ਵੀ ਨਹੀਂ। ਜਦ ਮੈਂ ਉਹ ਜਗ੍ਹਾ ਛੱਡ ਕੇ ਬਾਹਰ ਨਿਕਲੀ ਤਾਂ ਮੈਨੂੰ ਇੱਕ ਮੁੰਡਾ ਮਿਲਿਆ। ਉਹ ਵੀ ਮੇਰੀ ਤਰ੍ਹਾਂ ਲਾਚਾਰ ਤੇ ਥੋੜ੍ਹਾ ਜਖ਼ਮੀ ਸੀ, ਮੈਂ ਉਸਦੀ ਸੇਵਾ ਕੀਤੀ, ਉਸਨੂੰ ਉਸ ਸਮੇਂ ਸੰਭਾਲਿਆ ਜਦ ਉਸ ਲਈ ਕੋਈ ਵੀ ਨਹੀਂ ਸੀ”
ਗੱਲ ਕਰਦੇ ਕਰਦੇ ਉਸਦੇ ਅੱਥਰੂ ਤੇਜ਼ ਹੋ ਰਹੇ ਸਨ। ਇੰਝ ਲਗ ਰਿਹਾ ਸੀ ਜਿਵੇਂ ਬਹੁਤ ਸਮੇਂ ਪਹਿਲਾਂ ਦਾ ਵਿਰਲਾਪ ਕਰਕੇ ਬੈਠ ਚੁੱਕੇ ਗਲੇ ਵਿਚ ਆਵਾਜ਼ ਵਾਪਿਸ ਆ ਰਹੀ ਹੋਵੇ।
“ਉਸਨੂੰ ਸਾਂਭਦੇ-ਸਾਂਭਦੇ ਕਦ ਆਪਣਾ ਦਿਲ ਸਾਂਭਣਾ ਭੁੱਲ ਗਈ ਪਤਾ ਹੀ ਨਹੀਂ ਚੱਲਿਆ। ਉਸਨੇ ਵੀ ਜਿਨ੍ਹਾਂ ਹੋ ਸਕਿਆ ਮੇਰਾ ਇਸਤੇਮਾਲ ਕੀਤਾ ਅਤੇ ਮੈਨੂੰ ਉਸ ਨਰਕ ਵਿੱਚ ਛੱਡਕੇ ਕਿਸੇ ਹੋਰ ਨਾਲ ਆਪਣੀ ਜ਼ਿੰਦਗੀ ਵਸਾਉਣ ਚਲਾ ਗਿਆ। ਉਸ ਨਰਕ ਵਿੱਚ ਜਾਨਵਰਾਂ ਵਰਗਾ ਵਰਤਾਰਾ ਕੀਤਾ ਜਾਂਦਾ ਸੀ, ਜ਼ੰਜੀਰਾਂ ਨਾਲ ਬੰਨ੍ਹਕੇ ਕਈ ਸਾਲ ਕੋੜ੍ਹੇ ਖਾਧੇ ਮੈਂ”
ਏਨਾ ਕਹਿੰਦੇ ਹੋਏ ਉਸਨੇ ਆਪਣੀ ਪਿੱਠ ਤੋਂ ਸਵੈਟਰ ਚੱਕਦੇ ਹੋਏ ਜਖ਼ਮਾਂ ਦੇ ਨਿਸ਼ਾਨ ਦਖਾਏ। ਸਮਰ ਨੇ ਅੱਗੇ ਵੱਧਕੇ ਉਸਦਾ ਸਵੈਟਰ ਥੱਲ੍ਹੇ ਕੀਤਾ ਤੇ ਪਿਆਰ ਨਾਲ ਉਸਦੇ ਸਿਰ ਤੇ ਹੱਥ ਰੱਖਿਆ। ਉਸਦਾ ਦਿਲ ਇਹ ਕਹਾਣੀ ਮੰਨਣ ਨੂੰ ਤਿਆਰ ਨਹੀਂ ਸੀ। ਉਹ ਥੋੜਾ ਹੈਰਾਨ ਸੀ ਕਿਉਂਕਿ ਵੇਖਣ ਨੂੰ ਹਾਲੇ 23-24 ਸਾਲਾਂ ਦੀ ਲੱਗਦੀ ਸੀ ਪਰ ਗੱਲਾਂ ਤੋਂ!
ਫ਼ੋਨ ਦੀ ਘੰਟੀ ਵੱਜੀ, ਇਹ ਸਮਰ ਦੇ ਘਰੋਂ ਸੀ ਜਦ ਉਨ੍ਹਾਂ ਪੁੱਛਿਆ ਕਿ ਗੱਡੀ ਕਿੱਥੇ ਤੱਕ ਪੁੱਜੀ ਹੈ ਤਾਂ ਫਿਰ ਉਸਦਾ ਧਿਆਨ ਗਿਆ ਕਿ ਗੱਲਾਂ-ਗੱਲਾਂ ਵਿਚ ਉਸਦੀ ਗੱਡੀ ਦਾ ਸਮਾਂ ਨਿਕਲ ਚੁੱਕਾ ਸੀ। ਉਸਨੇ ਕੰਮ ਦਾ ਬਹਾਨਾ ਕਰਕੇ 3-4 ਦਿਨ ਬਾਅਦ ਆਉਣ ਬਾਰੇ ਕਹਿਕੇ ਗੱਲ ਮੁਕਾ ਦਿੱਤੀ।
ਸਰਦੀ ਵਿੱਚ ਸ਼ਾਮ ਵੀ ਰਾਤ ਵਾਂਗਰ ਕਾਲੀ ਹੀ ਜਾਪਦੀ ਹੈ। ਇਸ ਰਾਤ ਵਿੱਚ ਸਮਰ ਨੂੰ ਕੁਝ ਠੀਕ ਨਹੀਂ ਲਗ ਰਿਹਾ ਸੀ, ਇੱਕ ਤਾਂ ਕੱਲ ਵਾਲਾ ਸੁਪਨਾ ਤੇ ਦੂਜਾ ਲੀਲਿਥ ਦਾ ਆਸੇ ਪਾਸੇ ਹੋਣਾ ਅਜੀਬ ਜਿਹਾ ਅਹਿਸਾਸ ਦਵਾਉਣ ਦਿਆ ਸੀ। ਘੰਟੇ ਕੁ ਦੀ ਜੱਦੋ-ਜਿਹਤ ਤੋਂ ਬਾਅਦ ਆਖਿਰ ਸਮਰ ਨੂੰ ਨੀਂਦ ਆ ਗਈ। ਰਾਤ ਦੇ ਕਰੀਬ 1 ਵੱਜ ਰਹੇ ਸਨ, ਸਮਰ ਨੂੰ ਬਾਹਰੋਂ ਕੁਝ ਖੜਾਕ ਦੀ ਆਵਾਜ ਆਈ ਤੇ ਉਹ ਉੱਠ ਬਾਹਰ ਆਇਆ ਤਾਂ ਫਰਿੱਜ਼ ਖੁੱਲੀ ਹੋਈ ਸੀl ਫਰਿੱਜ਼ ਵੱਲ ਵੱਧ ਰਹੇ ਸਮਰ ਤੇ ਇੱਕ ਬਿੱਲੀ ਨੇ ਝਪਟਾ ਮਾਰਿਆ ਤੇ ਜਾ ਕੇ ਮੇਜ਼ ਉੱਤੇ ਬੈਠ ਗਈ| ਬਿੱਲੀ ਬਹੁਤ ਡਰਾਵਣੇ ਤਰੀਕੇ ਨਾਲ ਖਿੜਕੀ ਵੱਲ ਦੇਖਕੇ ਘੂਰ ਰਹੀ ਸੀ ਜਿੱਥੇ ਸਵੇਰੇ ਲੀਲਿਥ ਬੈਠੀ ਹੋਈ ਸੀ। ਅਚਾਨਕ ਹੀ ਬਿੱਲੀ ਨੇ ਖਿੜਕੀ ਤੋਂ ਬਾਹਰ ਛਾਲ ਮਾਰ ਦਿੱਤੀ। ਜਦ ਸਮਰ ਉਸਨੂੰ ਵੇਖਣ ਖਿੜਕੀ ਤੋਂ ਬਾਹਰ ਨੂੰ ਝਾਕਣ ਲੱਗਾ ਤਾਂ ਖਿੜਕੀ ਦਾ ਸ਼ੀਸ਼ਾ ਉਸਦੀ ਧੋਂਣ ਤੇ ਡਿੱਗ ਗਿਆ। ਉਸਦੀ ਜਾਗ ਖੁੱਲ ਗਈ, ਉੱਠਕੇ ਉਸਨੇ ਕੋਲ ਪਏ ਜੱਗ ਵਿਚੋਂ ਪਾਣੀ ਗਿਲਾਸ ਵਿਚ ਪਾ ਕੇ ਪੀਣ ਲੱਗਾ ਤਾਂ ਜਿਵੇਂ ਪਾਣੀ ਗਾੜਾ ਤੇ ਸਵਾਦ ਥੋੜ੍ਹਾ ਖਾਰਾ ਜਿਹਾ ਲੱਗ ਰਿਹਾ ਸੀ, ਗਿਲਾਸ ਵੱਲ ਧਿਆਨ ਮਾਰਿਆ ਤਾਂ ਉਹ ਖੂਨ ਨਾਲ ਭਰਿਆ ਹੋਇਆ ਸੀ, ਨਾਲ ਹੀ ਉਸਦੇ ਬੁੱਲਾਂ ਤੋਂ ਚੋਂਦੀਆਂ ਹੋਇਆਂ ਕੰਬਲ ਉੱਤੇ ਕੁਝ ਕੁ ਬੂੰਦਾਂ ਡਿੱਗੀਆਂ। ਏਨਾ ਖ਼ੂਨ ਵੇਖਕੇ ਸਮਰ ਨੂੰ ਉਲਟੀ ਆ ਗਈ ਤੇ ਉਹ ਗੁਸਲਖਾਨੇ ਵੱਲ ਭੱਜਾ। ਜਿਦਾਂ ਹੀ ਉਸਨੇ ਉਲਟੀ ਕੀਤੀ ਤਾਂ ਉਸਦੇ ਅੰਦਰੋਂ ਜਿਉਂਦੀਆਂ ਜੋਕਾਂ ਵਰਗੀਆਂ ਸੁੰਡੀਆਂ ਨਿਕਲੀਆਂ।
ਵਾਰ-ਵਾਰ ਇਹੀ ਦੋਨੋਂ ਘਟਨਾਵਾਂ ਹੋ ਰਹੀਆਂ ਸਨ। ਫੋਨ ਤੇ ਲੱਗੇ ਅਲਾਰਮ ਵੱਜਣ ਨਾਲ ਸਮਰ ਦੀ ਜਾਗ ਖੁੱਲੀ ਤੇ ਉਸਨੂੰ ਸੁਪਨਾ ਜਾਣਕੇ ਉਸਦੇ ਸਾਹ ਵਿਚ ਸਾਹ ਆਏ। ਕੋਈ ਸੁਪਨਾ ਕਿੰਨੀ ਹਕੀਕਤ ਲੱਗ ਸਕਦਾ ਸੀ ਉਸਨੂੰ ਅੱਜ ਅਹਿਸਾਸ ਹੋਇਆ। ਜਦ ਉਹ ਆਪਣੀ ਰਾਤ ਦੀ ਥਕਾਨ ਲਾਉਣ ਲਈ ਗਰਮ ਪਾਣੀ ਦੇ ਫੁਬਾਰੇ ਥੱਲੇ ਹੋਇਆ ਉਸਨੂੰ ਇੰਝ ਲੱਗਾ ਜਿਵੇਂ ਉਸਦੀ ਠੋਡੀ ਤੋਂ ਕੁਝ ਪਾਣੀ ਨਾਲ ਰੁੜਿਆ ਹੋਏ, ਪਰ ਉਸਨੇ ਵੱਧ ਧਿਆਨ ਨਾ ਦਿੱਤਾ ਅਤੇ ਨਹਾ ਕੇ ਬਾਹਰ ਆ ਗਿਆ। ਬਾਕੀ ਸਾਰਾ ਦਿਨ ਵੀ ਪਹਿਲੇ ਬੀਤੇ ਦਿਨਾਂ ਵਾਂਗਰ ਹੀ ਰਿਹਾ। ਸਮਰ ਦੇ ਮਨ ਵਿਚ ਅਜੀਬ ਜਿਹਾ ਡਰ ਸੀ। ਉਸਨੇ ਬਾਹਰ ਲੀਲਿਥ ਲਾਗੇ ਸੋਫੇ ਤੇ ਸੌਣ ਦਾ ਨਿਸ਼ਚਤ ਕੀਤਾ।
ਅੱਜ ਦੀ ਰਾਤ ਇੰਨੀ ਖਾਮੋਸ਼ ਸੀ ਕਿ ਹਵਾ ਨਾਲ ਹਿੱਲ ਰਹੇ ਪੱਤਿਆਂ ਦੀ ਆਵਾਜ਼ ਡਰਾਵਣੀ ਧੁੰਨ ਬਣਾਕੇ ਪੇਸ਼ ਕਰ ਰਹੀ ਸੀ। ਇਨਸਾਨ ਦੀ ਆਹੀਓ ਕਮਜ਼ੋਰੀ ਹੁੰਦੀ ਹੈ, ਜਦ ਕੋਈ ਵਹਿਮ ਦਿਲ ਵਿਚ ਘਰ ਕਰ ਜਾਏ ਤਾਂ ਆਪਣੀ ਪਰਛਾਈ ਵੀ ਡਰਾਉਣ ਲੱਗਦੀ ਹੈ। ਖਾਮੋਸ਼ੀ ਨੇ ਸਮਰ ਨੂੰ ਨਾ ਚਾਹੁੰਦੇ ਹੋਏ ਵੀ ਗੂੜੀ ਨੀਂਦ ਵਿਚ ਫਸਾ ਲਿਆ। ਸਮਰ ਨੇ ਆਪਣੇ ਮੂੰਹ ਤੇ ਥੋੜ੍ਹੇ ਖੁਰਦੁਰੇ ਹੱਥ ਨੂੰ ਮਹਿਸੂਸ ਕੀਤਾ, ਉਂਗਲੀਆਂ ਦੇ ਪੋਟੇ ਉਸ ਦੀਆਂ ਗੱਲਾਂ ਤੋਂ ਘੁੰਮਦੇ ਹੋਏ ਗਰਦਨ ਵੱਲ ਜਾ ਰਹੇ ਸੀ। ਬਿਆਈਆਂ ਫੱਟੀਆਂ ਹੋਣ ਕਰਕੇ ਪੋਟਿਆਂ ਦਾ ਸਖ਼ਤ ਮਾਸ ਥੋੜੀ ਚੁਭਣ ਦੇ ਰਿਹਾ ਸੀ।
“ਕੋਈ ਮੇਰੇ ਬਹੁਤ ਕਰੀਬ ਏ, ਮੈਂ ਉਸਦੇ ਗਰਮ ਸਾਹਾਂ ਨੂੰ ਆਪਣੇ ਕੰਨ ਕੋਲ ਮਹਿਸੂਸ ਕਰ ਪਾ ਰਿਹਾ ਹਾਂ, ਠੰਡਾਂ ਮੁਲਾਇਮ ਨੱਕ ਮੇਰੇ ਕੰਨ ਦੇ ਥੱਲਿਓ ਸਪਰਸ਼ ਹੁੰਦਾ ਹੋਇਆ ਮੋਢਿਆਂ ਵਲ ਚਲਾ ਗਿਆ। ਮੈਂ ਚਾਹਕੇ ਵੀ ਆਪਣੀਆਂ ਅੱਖਾਂ ਨਹੀਂ ਖੋਲ ਪਾ ਰਿਹਾ”,
ਸਮਰ ਜੋ ਮਹਿਸੂਸ ਕਰ ਰਿਹਾ ਸੀ ਉਹੀ ਕੁਝ ਆਪਣੇ ਦਿਮਾਗ ਵਿਚ ਬੋਲੀ ਜਾ ਰਿਹਾ ਸੀ, ਜਿਵੇਂ ਖੁਦ ਨੂੰ ਤੱਸਲੀ ਦਿੰਦਾ ਹੋਵੇ ਕਿ ਬਸ ਇੱਕ ਸੁਪਨਾ ਏ ਜੋ ਜਲਦੀ ਹੀ ਖਤਮ ਹੋ ਜਾਵੇਗਾ। ਸ਼ਾਇਦ ਇੱਕ ਪਾਸੇ ਉਸਦਾ ਦਿਲ ਨਹੀਂ ਸੀ ਕਰਦਾ ਕਿ ਏਨਾ ਸੁਹਾਵਣਾ ਸੁਪਨਾ ਰੁਕੇ।
ਇਸ ਤੋਂ ਪਹਿਲਾਂ ਉਸ ਦਾ ਦਿਲ ਤੇ ਦਿਮਾਗ ਕਿਸੇ ਨਤੀਜੇ ਉੱਤੇ ਪਹੁੰਚਦੇ, ਉਸਦੇ ਲਬਾਂ ਨਾਲ ਕਿਸੇ ਦੇ ਲਬ ਜੁੜ ਗਏ, ਤੇ ਨਾਲ ਹੀ ਸਮਰ ਦੀਆਂ ਅੱਖਾਂ ਵੀ ਖੁੱਲ ਗਈਆਂ। ਉਹ ਹੋਂਠ ਲੀਲਿਥ ਦੇ ਸਨ, ਲੀਲਿਥ ਨੂੰ ਆਪਣੇ ਨਾਲ ਇਸ ਤਰ੍ਹਾਂ ਦੇਖ ਜਿਵੇਂ ਉਸਦੇ ਸਰੀਰ ਵਿਚ ਝੁੰਣ-ਝੰਣੀ ਜਿਹੀ ਹੋਈ ਹੋਵੇ। ਲੀਲਿਥ ਉਸਦੇ ਨਿਚਲੇ ਲਬ ਨੂੰ ਆਪਣੇ ਹੋਠਾਂ ਵਿਚ ਦਬਾਈ ਕਿਸੇ ਰਸੀਲੇ ਫਲ ਦੀ ਤਰ੍ਹਾਂ ਚੂਸ ਰਹੀ ਸੀ। ਸਮਰ ਦੇ ਹੱਥ ਖੁਦ ਹੀ ਲੀਲਿਥ ਦੇ ਲੱਕ ਦੁਆਲੇ ਕੱਸਦੇ ਚਲੇ ਗਏ। ਜਦ ਸਮਰ ਵੀ ਆਪਣੀ ਚਾਹਤ ਦਿਖਾਉਣ ਲਈ ਉਸਦੇ ਸਰੀਰ ਨੂੰ ਆਪਣੇ ਹੱਥਾਂ ਨਾਲ ਸਹਿਲਾਉਂਦੇ ਹੋਏ, ਉਸਦੇ ਉਪਰਲੇ ਲਬ ਨੂੰ ਚੁੰਮਣ ਲੱਗਾ ਤਾਂ ਉਸਨੇ ਉਹ ਵੇਖਿਆ ਜਿਸਦੀ ਉਸਨੇ ਕਲਪਨਾ ਤੱਕ ਨਹੀਂ ਸੀ ਕੀਤੀ।
ਲੀਲਿਥ ਦੇ ਵਾਲਾਂ ਦੀਆਂ ਮੀਢੀਆਂ ਮਸਤੀ ਵਿਚ ਝੂੰਮਦੀਆਂ ਹੋਈਆਂ ਸੱਪਾਂ ਦਾ ਰੂਪ ਲੈ ਰਹੀਆਂ ਸਨ। ਉਸਦੀਆਂ ਪੁਤਲੀਆਂ ਪੂਰੀ ਤਰ੍ਹਾਂ ਕਾਲੀਆਂ ਹੋ ਚੁੱਕੀਆਂ ਸਨ, ਗੋਰੇ ਸਰੀਰ ਤੇ ਕਾਲੇ ਰੰਗ ਦੀਆਂ ਤਾਰਾਂ, ਜਿੱਦਾਂ ਨਾੜੀਆਂ ਵਿੱਚ ਖੂਨ ਦੀ ਜਗ੍ਹਾ ਕੋਈ ਕਾਲਾ ਪਦਾਰਥ ਵੱਗਦਾ ਹੋਵੇ, ਇੰਝ ਜਾਪ ਰਹੀਆਂ ਸੀ ਕਿ ਕੋਈ ਚਿੱਤਰਕਾਰੀ ਹੋਵੇ।
ਸਮਰ ਜਿੱਦਾਂ ਹੀ ਘਬਰਾ ਕੇ ਥੋੜਾ ਪਿੱਛੇ ਹੋਣ ਲੱਗਿਆ, ਲੀਲਿਥ ਦੇ ਦੰਦਾਂ ਥੱਲੇ ਆਏ ਸਮਰ ਦੇ ਲਬ ਤੇ ਕੱਟ ਵੱਜ ਗਿਆ ਤੇ ਡਰਕੇ ਉਸਨੇ ਬਾਂਹ ਨਾਲ ਅੱਖਾਂ ਢੱਕ ਲਈਆਂ। ਤੇ ਜਦ ਕੁਝ ਪਲਾਂ ਬਾਅਦ ਅੱਖਾਂ ਖੋਲੀਆਂ ਤਾਂ ਉਹ ਕਾਰ ਵਿਚ ਸੀ। ਕਾਰ ਜਿਵੇਂ ਕਿਸੇ ਖੰਬੇ ਵਿਚ ਵੱਜੀ ਹੋਵੇ, ਆਪਣੇ ਮੂੰਹ ਤੇ ਹੱਥ ਲਗਾਇਆ ਤਾਂ ਉਸਦੇ ਲਬਾਂ ਤੋਂ ਖੂਨ ਨਿਕਲ ਰਿਹਾ ਸੀ। ਬੇਹੋਸ਼ੀ ਜਿਹੀ ਹਾਲਤ ‘ਚ ਉਸਨੇ ਦੇਖਿਆ ਇੰਜਣ ਵਿਚੋਂ ਧੂੰਆਂ ਨਿਕਲ ਰਿਹਾ ਸੀ, ਤੇ ਉਹ ਫਿਰ ਬੇਹੋਸ਼ ਹੋ ਗਿਆ।
ਤੂਫਾਨੀ ਮੀਂਹ ਦੀ ਰਾਤ ਅਤੇ ਰੇਡਿਓ ਤੇ……
ਅਜ਼ਨਬੀ ਫਿਲਮ ਦਾ ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਦਾ ਗਾਣਾ… ਭੀਗੀ-ਭੀਗੀ ਰਾਤੋਂ ਮੇਂ!
“ਐਸਾ ਲਗਤਾ ਹੈ ਤੁਮ ਬਨਕੇ ਘਟਾ
ਅਪਨੇ ਸਾਜਨ ਕੋ ਭਿਗੋ ਕੇ ਖੇਲ
ਖੇਲ ਰਹੀ ਹੋ, ਖੇਲ ਰਹੀ ਹੋ”

ਲੀਲਿਥ ਮੇਰੀ ਪਹਿਲੀ ਰਚਨਾ ਹੈ। ਇਸ ਵਿੱਚ ਲਿਖਤੀ ਰੂਪ ਵਜੋਂ ਕਹਾਣੀਪੁਣੇ ਦੀ ਕੋਈ ਖ਼ੂਬੀ ਹੈ ਜਾਂ ਨਹੀਂ, ਇਹ ਮੈਂ ਨਹੀਂ ਜਾਣਦੀ, ਪਰ ਏਨਾ ਜਰੂਰ ਕਹਿ ਸਕਦੀ ਹਾਂ ਕਿ ਇਹ ਕਲਪਨਾ ਹਰ ਇੱਕ ਦੀ ਹਕੀਕਤ ਨਾਲ ਕਿਸੇ ਨਾ ਕਿਸੇ ਤਰ੍ਹਾਂ ਮੇਲ ਖਾਂਦੀ ਹੋਵੇਗੀ। ਕਿਉਂਕਿ ਕਲਪਨਾਵਾਂ ਹਮੇਸ਼ਾ ਅਸਲ ਨੂੰ ਮੁੱਕ ਕੇ ਹੀ ਹੁੰਦੀਆਂ ਹਨ। ਮੇਰਾ ਮੰਨਣਾ ਹੈ ਕਿ ਇਸ ਦੁਨੀਆਂ ਵਿੱਚ ਕੁਝ ਵੀ ਅਜਿਹਾ ਨਹੀਂ ਹੈ ਜੋ ਕਿਸੇ ਇਨਸਾਨ ਦੀ ਸੋਚ ਵਿੱਚ ਤਾਂ ਹੋਵੇ ਪਰ ਅਸਲ ਵਿੱਚ ਨਾ ਹੋਵੇ। ਜਿੱਥੋਂ ਤੱਕ ਸਾਡੀ ਸੋਚਣ ਦੀ ਸੀਮਾ ਹੈ ਚੀਜ਼ਾਂ ਉਸਤੋਂ ਵੀ ਪਰੇ ਹਨ। ਫਿਰ ਕਾਲਪਨਿਕ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਏਸੇ ਤਰਾਂ ਇਹ ਕਹਾਣੀ ਹੈ। ਉਮੀਦ ਕਰਦੀ ਹਾਂ ਆਪ ਨੂੰ ਮੇਰੀ ਪਹਿਲੀ ਰਚਨਾ ਪਸੰਦ ਆਵੇਗੀ।
ਅਗਰ ਕਹਾਣੀ ਪਸੰਦ ਆਏ ਤਾਂ ਆਪ ਆਪਣੇ ਸੁਝਾਅ ਮੈਨੂੰ ਮੇਰੇ ਈ-ਮੇਲ ਖਾਤੇ ਰਾਹੀਂ ਦੇ ਸਕਦੇ ਹੋ। ਕੋਸ਼ਿਸ਼ ਕਰਾਂਗੀ ਕਿ ਹੋਰ ਵੀ ਨਵੀਆਂ ਰਚਨਾਤਮਕ, ਗੁੰਝਲਦਾਰ, ਅਨੰਦਮਈ, ਸੱਚੀਆਂ, ਕਾਲਪਨਿਕ ਤੇ ਕੁਝ ਸਿਖਾ ਸਕਣ ਵਾਲੀਆਂ ਰਚਨਾਵਾਂ ਲੈ ਕੇ ਆਪ ਦੇ ਸਨਮੁੱਖ ਹੁੰਦੀ ਰਹਾਂ। ਧੰਨਵਾਦ।
ਨੀਲ ਕੋਰੋਟਾਨੀਆ
E-mail
neelkorotania98@gmail.com

...
...



Related Posts

Leave a Reply

Your email address will not be published. Required fields are marked *

10 Comments on “ ਲੀਲਿਥ”

  • ਮੈਨੂੰ ਤਾ ਇਹ ਇੱਕ ਫਿਲਮ ਦਾ ਸੀਨ ਲਗਿਆ। ਅਖੀਰ ਵਿੱਚ ਕੀ ਹੋਇਆ ਪਤਾ ਨਹੀ ਲਗਿਆ। ਕੋਸ਼ਿਸ਼ ਕਰਦੇ ਰਹੋ

  • ਬਹੁਤ ਪਿਆਰੀ ਕਹਾਣੀ ਆ ਜੀ.. ਕਹਾਣੀ ਦੇ ਅੰਤ ਤੱਕ ਕੋਈ ਇਹ ਨੀ ਸਮਝ ਸਕਦਾ ਕਿ ਇਹ ਸੁਪਨਾ ਜਾਂ ਇੱਕ ਸੱਚ…. ਲਾਜਵਾਬ 💛💙💚🙏🏻🙏🏻

  • 👌👌👌asal ch ohda pehla hi accident ho gya c.

  • ਕਿਆ ਸਟੋਰੀ ਹੈ ਜੀ ਮੈਂ ਤਾ ਸਟੋਰੀ ਦੀ ਹਕੀਕਤ ਵਿਚ ਚਲਾ ਗਿਆ ਸੀ

  • Tadi soch te aa ke jo v hoya tuc oss nu sapna smjea ya sch.. 

    Samar da othe starting ch hi accident ho gya c ah end dikhaya gya aa… Te accident de doraan banda unconscious hunda aa mtlb o behosh c

    Te sade subconscious mind ch ki hunda ki nhi ah sanu yaad v nhi rehnda te ah v sanu pta nhi chlda ke cheeza sch hundiya ya bss sapna… 

    Tahi sanu rozana zindagi ch  kuj kuj scene eda lgde hunde aa ke assi pehla v dekh chukke aa ya mehsoos krr chukke aa

  • hnji bahot vadia story c lellath da nhi end te patA chaliya oh supna c k Sachi c story

  • ਦਵਿੰਦਰ ਸਿੰਘ

    ਕਹਾਣੀ ਬਹੁਤ ਵਧੀਆ ਲਿਖੀ ਹੈ ਜੀ, ਕਲਪਨਾਂ ਬਹੁੱਤ ਸੌਹਣੀ ਐ ਜੀ ਤੁਹਾਡੀ ਪਰ ਆਖਿਰ ਚ ਇੱਕ ਫਿਲਮੀ ਸੀਨ ਜਿਹਾ ਬਣ ਗਿਆ ਸੀ।

  • bht dungi story likhi aa tusi read krde vehle ala duala yaad nhi c kuj v

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)