More Punjabi Kahaniya  Posts
ਕੌਂਮ ਲਈ ਸੰਘਰਸ਼


ਭੈਣ ਜਦੋਂ ਵੀ ਮੁਲਾਕਾਤ ਤੇ ਆਉਂਦੀ ਤਾਂ ਉਸਦੀਆਂ ਅੱਖੀਆਂ ਸੁੱਜੀਆਂ ਹੁੰਦੀਆਂ..
ਇੰਝ ਲੱਗਦਾ ਜਿੱਦਾਂ ਹੁਣੇ ਹੁਣੇ ਹੀ ਰੋ ਕੇ ਆਈ ਹੋਵੇ..ਝੂਠਾ ਹਾਸਾ ਹੱਸਣ ਦੀ ਕੋਸ਼ਿਸ਼ ਕਰਦੀ ਪਰ ਗੱਲ ਨਾ ਬਣਦੀ..
ਦੂਰ ਪਰਾਂ ਹਟਵਾਂ ਖਲੋ ਕਿਸੇ ਨਾਲ ਫੋਨ ਤੇ ਗੱਲ ਕਰ ਰਿਹਾ ਭਾਜੀ..ਮੈਨੂੰ ਸਾਰੀ ਕਹਾਣੀ ਸਮਝ ਪੈ ਜਾਂਦੀ!
ਇੱਕ ਵਾਰ ਉਸਦੇ ਮੂਹੋਂ ਨਿੱਕਲਿਆਂ ਵੀ ਸੀ ਕੇ ਉਹ ਹੁਣ ਓਸੇ ਪਾਰਟੀ ਦਾ ਅਹੁਦੇਦਾਰ ਏ ਜਿਸ ਨੇ ਕਦੀ ਦਰਬਾਰ ਸਾਬ ਤੇ ਫੌਜਾਂ ਚਾਹੜ੍ਹੀਆਂ ਸਨ!
ਮੈਨੂੰ ਜੇਲ ਵਿਚ ਕਈ ਵਾਰ ਰਾਤੀ ਸੁੱਤਿਆਂ ਪਿਆ ਮੰਜੀ ਸਾਬ ਭਾਸ਼ਣ ਦਿੰਦਾ ਹੋਇਆ ਸੰਤ ਦਿਸ ਪੈਂਦਾ..!
ਫੇਰ ਕਿੰਨੇ ਦਿਨ ਕੰਨਾਂ ਵਿਚ ਬੋਲ ਗੂੰਝਦੇ ਰਹਿੰਦੇ..
“ਸਿੰਘੋ ਜੇ ਇਸ ਰਾਹ ਤੇ ਤੁਰਨਾ ਏ ਤਾਂ ਘਰ ਬਾਰ ਦਾ ਮੋਹ ਤਿਆਗ ਕੇ ਮਲੰਗ ਹੋਣਾ ਪੈਣਾ..ਇਥੇ ਤਸ਼ੱਦਤ ਏ ਜੇਲਾਂ ਨੇ ਅਖੀਰ ਫਾਂਸੀ ਤੇ ਜਾ ਫੇਰ ਸ਼ਹੀਦੀ..ਜੇ ਮਨ ਨਹੀਂ ਮੰਨਦਾ ਤੇ ਅਜੇ ਵੀ ਪਿਛਾਂਹ ਪਰਤ ਜਾਵੋ..ਮੁੜ ਨਾ ਆਖਿਓਂ..ਸਾਧ ਨੇ ਮਰਵਾ ਦਿੱਤਾ”
ਫੇਰ ਇੱਕ ਦਿਨ ਸੰਤਰੀ ਭੱਜਾ ਭੱਜਾ ਆਇਆ..
ਆਖਣ ਲੱਗਾ ਭਾਊ ਮੂੰਹ ਮਿੱਠਾ ਕਰਵਾ..ਤੇਰੀ ਪੱਕੀ ਰਿਹਾਈ ਦੇ ਕਾਗਤ ਆ ਗਏ ਨੇ..!
ਮੈਨੂੰ ਉਲਟਾ ਫਿਕਰ ਪੈ ਗਿਆ..ਹੁਣ ਬਾਹਰ ਨਿਕਲ ਜਾਣਾ ਕਿਥੇ ਏ?
ਸੰਤਰੀ ਮੇਰਾ ਯਾਰ ਸੀ..ਪਰਚੀ ਤੇ ਨਾਮ ਲਿਖ ਦਿੱਤਾ..ਆਖਿਆ ਇਸ ਬੰਦੇ ਦਾ ਪਤਾ ਕਰਵਾ ਦੇ..ਕਿਸੇ ਵੇਲੇ ਇੱਕਠਿਆਂ ਜਿਉਣ ਮਰਨ ਦੀਆਂ ਸਹੁੰਆਂ ਖਾਦੀਆਂ ਸਨ..ਕਿੰਨੀਆਂ ਰਾਤਾਂ ਇੱਕਠਿਆਂ ਕਮਾਦਾਂ ਵਿਚ ਵੀ ਲੰਘੀਆਂ..ਉਸ ਦਿਨ ਵੀ ਮੈਂ ਆਪ ਮੋਰਚਾ ਸੰਭਾਲੀ ਰਖਿਆ..ਇਸਨੂੰ ਭਜਾ ਦਿੱਤਾ..ਅਖ਼ੇ ਮੈਂ ਤੇ ਕੱਲਾ ਕਾਰਾ ਹਾਂ ਤੇ ਤੂੰ ਪਰਿਵਾਰ ਵਾਲਾ!

ਅਗਲੇ ਦਿਨ ਸੰਤਰੀ ਵਾਪਸ ਪਰਤ ਆਇਆ..
ਆਖਣ ਲੱਗਾ ਭਾਊ ਉਹ ਤੇ ਬੜੀ ਵੱਡੀ ਚੀਜ ਬਣ ਗਿਆ ਹੁਣ..
ਪੈਟਰੋਲ ਪੰਪ,ਏਜੰਸੀਆਂ ਭੱਠੇ ਤੇ ਹੋਰ ਵੀ ਕਿੰਨਾ ਕੁਝ..ਤੇਰੇ ਪਿੰਡ ਵਾਲੇ ਰੂਟ ਤੇ ਚੱਲਦੀਆਂ ਸਾਰੀਆਂ ਬੱਸਾਂ ਵੀ ਉਸਦੀਆਂ ਹੀ ਨੇ..
ਪਰ ਤੇਰੇ ਵਲੋਂ ਤੇ ਅਗਲੇ ਨੇ ਸਾਫ ਸਾਫ ਆਖ ਦਿੱਤਾ..ਹੁਣ ਹਾਲਾਤ ਉਹ ਨਹੀਂ ਰਹੇ..ਮੈਨੂੰ ਨਾ ਮਿਲੇ ਤੇ ਨਾ ਹੀ ਫੋਨ ਕਰੇ..ਏਜੰਸੀਆਂ ਬੜਾ ਤੰਗ ਕਰਦੀਆਂ!

ਫੇਰ ਜਿਸ ਦਿਨ ਰਿਹਾਈ ਹੋਈ..ਕਿਸੇ ਨੂੰ ਵੀ...

ਸੁਨੇਹਾ ਨਾ ਘੱਲਿਆ..ਭੈਣ ਨੂੰ ਵੀ ਨਹੀਂ!

ਕੱਪੜਿਆਂ ਅਤੇ ਹੋਰ ਨਿੱਕ ਸੁੱਕ ਦੀ ਇੱਕ ਗਠੜੀ ਲਈ ਤੁਰੇ ਜਾਂਦੇ ਨੂੰ ਕੁਝ ਲੇਖੇ ਲੱਗ ਗਏ ਯਾਰ ਦੋਸਤ ਬੜੇ ਚੇਤੇ ਆਏ..ਅਕਸਰ ਆਖਿਆ ਕਰਦੇ ਸਨ ਵੇਖੀਂ ਜਿਸ ਦਿਨ ਮੰਜਿਲ ਸਰ ਹੋਈ ਕੌਂਮ ਸਿਰਾਂ ਤੇ ਚੁੱਕ ਲਊ..!

ਅਚਾਨਕ ਕੋਲੋਂ ਲੰਘਦੀ ਬੱਸ ਨੇ ਸੋਚਾਂ ਦੀ ਲੜੀ ਤੋੜ ਦਿੱਤੀ..ਸ਼ਾਇਦ ਓਸੇ ਮਿੱਤਰ ਪਿਆਰੇ ਦੀ ਹੀ ਸੀ..ਟਾਇਰ ਚਿੱਕੜ ਵਿਚ ਪਿਆ ਅਤੇ ਮੇਰਾ ਸਾਰਾ ਵਜੂਦ ਮਿੱਟੀਓਂ ਮਿੱਟੀ ਹੋ ਗਿਆ..!

ਪਾਣੀ ਦੀ ਟੂਟੀ ਲੱਭਦਾ ਹੋਇਆ ਕੋਲ ਢਾਬੇ ਤੇ ਅੱਪੜ ਗਿਆ..ਭੁੱਝੇ ਛੋਲਿਆਂ ਦੇ ਰੇਹੜੀ ਕੋਲ ਵੱਜਦਾ ਇਹ ਗੀਤ..”ਮੁੱਠ ਕੂ ਛੋਲੇ ਖਾ ਕੇ ਉੱਡਦੇ ਫਿਰਨ ਸਰੀਰ..ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ”!

ਕੋਲ ਸਿਰਫ ਪੰਜਾਹ ਰੁਪਈਏ..ਕੋਲੋਂ ਲੰਘਦੀ ਗੰਨਿਆਂ ਦੀ ਟਰਾਲੀ ਤੇ ਚੜ ਗਿਆ..ਏਨੇ ਸਾਲਾਂ ਵਿਚ ਕਿੰਨਾ ਕੁਝ ਬਦਲ ਗਿਆ ਸੀ..

ਘਰੇ ਅੱਪੜ ਕਿੰਨੀ ਦੇਰ ਬਾਹਰ ਰੁੱਖਾਂ ਦੇ ਝੁੰਡ ਹੇਠ ਖਲੋਤਾ ਰਿਹਾ..
ਅੰਦਰ ਜਾਵਾਂ ਕੇ ਨਾ..ਉਸਦਾ ਸੁਖੀ ਵੱਸਦਾ ਪਰਿਵਾਰ..ਅਖੀਰ ਝੱਕਦੇ ਝਕਦੇ ਨੇ ਜਾ ਕੁੰਡਾ ਖੜਕਾ ਹੀ ਦਿੱਤਾ..!
ਨਿੱਕੀ ਕੁੜੀ ਬਾਹਰ ਨੂੰ ਭੱਜੀ ਆਈ..ਪਿੱਛੋਂ ਮਾਂ ਨੇ ਪੁੱਛਿਆ ਕੌਣ ਏ?
ਮੇਰੇ ਵੱਲ ਵੇਖ ਪਿਛਾਂਹ ਪਰਤ ਨੂੰ ਗਈ ਤੇ ਆਖਣ ਲੱਗੀ ਪਤਾ ਨਹੀਂ ਮੰਮੀ ਕੋਈ ਮਲੰਗ ਬਾਬਾ ਲੱਗਦਾ ਏ..!
ਭੈਣ ਮੈਨੂੰ ਵੇਖ ਦੂਰੋਂ ਨੱਸੀ ਆਈ..
ਕੁੜੀ ਨੂੰ ਆਖਣ ਲੱਗੀ ਕਮਲੀਏ ਮਲੰਗ ਨਹੀਂ ਤੇਰਾ ਮਾਮਾ ਏ..!

ਫੇਰ ਮੇਰੇ ਗੱਲ ਲੱਗ ਉਸਦਾ ਰੋਣ ਨਿੱਕਲ ਗਿਆ..
ਮੈਂ ਨਿੱਕੀ ਨੂੰ ਕੁੱਛੜ ਚੁੱਕ ਪੰਜਾਹਾਂ ਦਾ ਨੋਟ ਉਸਦੇ ਬੋਝੇ ਵਿਚ ਪਾ ਦਿੱਤਾ ਤੇ ਭੈਣ ਨੂੰ ਆਖਿਆ ਸ਼ਦੈਣੇ ਘਬਰਾ ਨਾ ਇਥੇ ਰਹਿਣ ਨਹੀਂ ਸਿਰਫ ਮਿਲਣ ਹੀ ਆਇਆ ਹਾਂ!

ਘੰਟੇ ਕੂ ਮਗਰੋਂ ਇਹ ਸੋਚ ਬਿਨਾ ਟਿਕਟ ਅੰਮ੍ਰਿਤਸਰ ਜਾਂਦੀ ਆਖਰੀ ਬੱਸ ਤੇ ਸਵਾਰ ਹੋ ਗਿਆ ਕੇ ਕੰਡਕਟਰ ਹੇਠਾਂ ਤੇ ਲਹੁਣੋਂ ਰਿਹਾ..ਅਖੀਰ ਕੌਂਮ ਲਈ ਸੰਘਰਸ਼ ਲੜਿਆ..!

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਕੌਂਮ ਲਈ ਸੰਘਰਸ਼”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)