More Punjabi Kahaniya  Posts
ਤੇਰੀ ਮੇਰੀ ਕਹਾਣੀ


ਤੇਰੀ ਮੇਰੀ ਕਹਾਣੀ——-
ਹੋਟਲ ਦੇ ਆਲੀਸ਼ਾਨ ਕਮਰੇ ਦੀ ਬਾਲਕੋਨੀ ਵਿੱਚ ਬੈਠ ਘਰ ਤੋਂ ਲੈ ਕੇ ਆਈ ਚਾਹ ਪੀਣ ਦਾ ਆਨੰਦ ਹੀ ਵੱਖਰਾ ਆ ਰਿਹਾ ਸੀ। ਚਾਹ ਦੀ ਲੌਗ- ਲਾਚੀਆਂ ਦੀ ਖੁਸਬੂ, ਠੰਡਾ ਰਮਣੀਕ ਮੌਸਮ ਅਤੇ ਸਰਦਾਰ ਜੀ ਦੀ ਮਿੱਠੀ ਮਿੱਠੀ ਮੁਸਕਰਾਹਟ, ਲੱਗਦਾ ਸੀ ਕਿ ਸਾਰੀ ਕਾਇਨਾਤ ਹੀ ਅੱਜ ਮੇਰੇ ਉੱਤੇ ਮਿਹਰਬਾਨ ਹੋ ਗਈ ਸੀ। ਕੁਰਸੀ ਨਾਲ ਕੁਰਸੀ ਜੋੜ ਬੈਠੀ ਇੱਕ ਵਾਰ ਤਾਂ ਮੈਂ ਆਪਣੇ ਚਿਹਰੇ ਦੀਆਂ ਝੁਰੜੀਆਂ ਅਤੇ ਚਿੱਟੇ ਹੋਏ ਸਿਰ ਨੂੰ ਭੁੱਲ ਹੀ ਗਈ ਸੀ। ਦਿਲ ਉਵੇਂ ਹੀ ਧੱਕ-ਧੱਕ ਕਰ ਰਿਹਾ ਸੀ ਜਿਵੇਂ ਅੱਜ ਤੋਂ 55 ਸਾਲ ਪਹਿਲਾਂ ਵਿਆਹ ਵਾਲੇ ਦਿਨ ਕਰ ਰਿਹਾ ਸੀ। ਉਹ ਗੱਲ ਵੱਖਰੀ ਹੈ ਕਿ ਉਦੋਂ ਡਰ ਅਤੇ ਘਬਰਾਹਟ ਨਾਲ ਕਰ ਰਿਹਾ ਸੀ ਅਤੇ ਅੱਜ ਖੁਸ਼ੀ ਵਿੱਚ। ਇਹ ਦਿਨ ਸਾਲਾਂ ਦੇ ਅਣਥੱਕ ਸਫਰ ਦੀ ਮੰਜ਼ਿਲ ਜਿਹਾ ਲੱਗ ਰਿਹਾ ਸੀ।
ਚਾਰ ਭੈਣਾਂ ਅਤੇ ਦੋ ਭਰਾਵਾਂ ਵਿੱਚੋਂ ਤੀਜੇ ਨੰਬਰ ਤੇ ਮੈਂ ਸੀ। 16 ਕੁ ਸਾਲਾਂ ਦੀ ਸੀ, ਜਦੋਂ ਮਾਸੜ ਨੇ ਮੇਰੇ ਰਿਸ਼ਤੇ ਦੀ ਦੱਸ ਪਾਈ ਸੀ। ਦੱਸਿਆ ਸੀ ਕਿ ਘਰ ਭਵਾਂ ਬਹੁਤਾ ਚੰਗਾ ਨਹੀ ਪਰ ਮੁੰਡਾ ਰੱਜ ਕੇ ਮਿਹਨਤੀ ਹੈ। ਬਾਪੂ ਦੇ ਸਿਰ ਤੇ ਅਜੇ ਹੋਰ ਕਬੀਲਦਾਰੀ ਬਹੁਤ ਪਈ ਸੀ ਤੇ ਝੱਟ ਮੇਰਾ ਰਿਸ਼ਤਾ ਗੰਢ ਦਿੱਤਾ ਸੀ। ਗੱਲ ਤਾਂ ਹੋਈ ਸੀ ਕਿ ਵਿਆਹ ਅਜੇ ਦੋ ਕੁ ਸਾਲ ਠਹਿਰ ਕੇ ਕਰ ਲਵਾਂਗੇ। ਪਰ ਛੇ ਕੁ ਮਹੀਨਿਆਂ ਪਿੱਛੋਂ ਹੀ ਖਬਰ ਆਈ ਕਿ ਮੁੰਡੇ ਦੀ ਮਾਂ ਨੂੰ ਅਧਰੰਗ ਹੋ ਗਿਆ, ਘਰੇ ਹੁਣ ਸਰਦਾ ਨਹੀ, ਵਿਆਹ ਛੇਤੀ ਦੇ ਦਿਉ। ਇੰਜ ਮੈਂ ਸਤਾਰਵੇਂ ਵਿੱਚ ਪੈਰ ਧਰਨ ਸਾਰ ਹੀ ਸਹੁਰੇ ਘਰ ਆ ਪਹੁੰਚੀ। ਸੋਹਣੇ ਰੇਸ਼ਮੀ ਸੂਟਾਂ ਦੀ ਪਹੁੰਚ ਨਾ ਬਾਪੂ ਵਿੱਚ ਸੀ ਤੇ ਨਾ ਮੇਰੇ ਸਰਦਾਰ ਵਿੱਚ। ਵਿਆਹ ਵੀ ਬੱਸ ਪੰਜ ਬੰਦਿਆਂ ਦੀ ਬਰਾਤ ਨਾਲ ਨੇਪਰ੍ਹੇ ਚੜ੍ਹ ਗਿਆ ਸੀ।
ਉਸਦੇ ਮੂੰਹ ਉੱਤੇ ਸਿਹਰੇ ਅਤੇ ਮੇਰੇ ਘੁੰਡ, ਇੱਕ ਦੂਜੇ ਨੂੰ ਤਾਂ ਦੇਖਿਆ ਵੀ ਨਾ ਗਿਆ। ਬੱਸ ਹੱਥ ਪੈਰ ਹੀ ਦਿਸੇ ਸਨ, ਹੱਥਾਂ ਪੈਰਾਂ ਦੀਆਂ ਵਿਆਈਆਂ ਉਸਦੇ ਕਾਮੇ ਹੋਣ ਦੀ ਤਾਂ ਗਵਾਹੀ ਭਰਦੀਆਂ ਸਨ।
ਡੋਲੀ ਘਰ ਪੁੱਜੀ ਤਾਂ ਮੰਜੇ ਉੱਤੇ ਪਈ ਸੱਸ ਨੇ ਪਿਆਰ ਨਾਲ ਹੱਥ ਸਿਰ ਤੇ ਰੱਖ ਦਿੱਤਾ। ਮੰਜਾ ਵੀ ਮੇਰਾ ਬੀਬੀ ਕੋਲ ਹੀ ਸੀ, ਨਾਲ ਹੀ ਨਿੱਕੀ ਨਨਾਣ ਸੌ ਗਈ ਸੀ। ਮਸਾਂ ਦੱਸ ਕੁ ਸਾਲਾਂ ਦੀ ਹੋਊ ਉਦੋਂ। ਉਸ ਦਿਨ ਤਾਂ ਹਨ੍ਹੇਰੇ ਵਿੱਚ ਨਾ ਘਰ ਦਿਖਿਆ ਤੇ ਨਾ ਮੇਰਾ ਕੰਤ। ਅਗਲੀ ਸਵੇਰ ਉੱਠ ਚੁੱਲ੍ਹੇ ਅੱਗ ਪਾਉਣ ਗਈ ਤਾਂ ਦੇਖਿਆ ਕਿ ਬੱਸ ਇੱਕ ਹੀ ਕਮਰਾ, ਜਿੱਥੇ ਬੀਬੀ ਪਈ ਆ, ਮੂਹਰੇ ਕੱਚਾ ਬਰਾਡਾਂ ਅਤੇ ਖੱਬੇ ਹੱਥ ਚੌਕਾ ਚੁੱਲ੍ਹਾ। ਵਿਹੜੇ ਦੇ ਪਰਲੇ ਪਾਸੇ ਮੱਝਾਂ, ਤੂੜੀ ਵਾਲਾ ਕੋਠਾ ਅਤੇ ਕੱਚਾ ਜਿਹਾ ਇੱਟਾਂ ਚਿਣ ਕੇ ਬਣਾਇਆ ਨਹਾਉਣ ਵਾਲਾ। ਚਾਅ ਤਾਂ ਜਿਵੇਂ ਸਾਰੇ ਮਰ ਹੀ ਗਏ ਸਨ ਪਰ ਹੌਸਲਾ ਨਹੀ। ਉਸ ਦਿਨ ਉਹ ਵੀ ਦਿਖਿਆ ਮੱਝ ਦੀ ਧਾਰ ਕੱਢੀ ਜਾਂਦਾ ਸੀ। ਸਾਵਲਾਂ ਜਿਹਾ ਰੰਗ, ਸੋਹਣਾ ਕੱਦ-ਕਾਠ ਅਤੇ ਚਿਹਰੇ ਉੱਤੇ ਸ਼ੁਕਾਰਨਾ। ਬੱਸ ਦੋ ਪਲ ਹੀ ਦੇਖਿਆ ਗਿਆ ਕਿ ਉਸਦੀ ਨਜ਼ਰ ਮੇਰੇ ਚਿਹਰੇ ਤੇ ਪੈ ਗਈ ਅਤੇ ਮੈਂ...

ਨਜ਼ਰਾਂ ਝੁਕਾ ਲਈਆਂ ਸਨ।
ਹਰ ਦਿਨ ਬੱਸ ਇੰਨਾਂ ਕੁ ਹੀ ਨਾਤਾ ਸੀ ਸਾਡਾ। ਮੈਂ ਬੀਬੀ ਕੋਲ ਤੇ ਉਹ ਮੱਝਾਂ ਕੋਲ। ਬੁਲਾਉਣ ਨੂੰ ਵੀ ਕੋਈ ਵੀਹ ਦਿਨ ਲੱਗ ਗਏ ਸਨ। ਬੀਬੀ ਵੀ ਜਿਵੇਂ ਜਾਣਦੀ ਤਾਂ ਸੀ ਪਰ ਵਿਚਾਰੀ ਬੇਵੱਸ ਸੀ। ਉਹ ਮੇਰੇ ਕੋਲ ਆ ਨਹੀ ਸਕਦਾ ਸੀ ਤੇ ਮੇਰੇ ਕੋਲ ਉਸ ਕੋਲ ਜਾਣ ਦਾ ਹੌਸਲਾ ਵੀ ਨਹੀ ਸੀ। ਪਰ ਆਖਰ ਸੱਤ-ਅੱਠ ਮਹੀਨਿਆਂ ਬਾਅਦ ਮੇਰੀ ਕੀਤੀ ਮਾਲਿਸ਼ ਅਤੇ ਦਵਾਈ ਰੰਗ ਲੈ ਕੇ ਆਈ, ਬੀਬੀ ਤੁਰਨ ਫਿਰਨ ਲੱਗ ਪਈ। ਤੇ ਜਿਸ ਦਿਨ ਅਸੀ ਪਹਿਲੇ ਦਿਨ ਕਮਰੇ ਵਿੱਚ ਇਕੱਲੇ ਸੀ ਤਾਂ ਨਾ ਤਾਂ ਕੋਈ ਗੱਲ ਆ ਰਹੀ ਸੀ ਤੇ ਇੱਕ ਦੂਜੇ ਨੂੰ ਦੇਖਣ ਦਾ ਜੇਰਾ ਪੈ ਰਿਹਾ ਸੀ। ਇਹ ਪੈਡਾਂ ਵੀ ਅਸੀ ਕਈ ਦਿਨ ਲਾ ਕੇ ਪੂਰਾ ਕੀਤਾ ਸੀ। ਸਰਦਾਰ ਦੇ ਪਿਆਰ ਨੇ ਗਰੀਬੀ ਤਾਂ ਭੁਲਾ ਹੀ ਦਿੱਤੀ ਸੀ। ਬੀਬੀ ਰਾਜੀ ਹੋ ਗਈ ਸੀ ਤੇ ਮੈਂ ਤੇ ਬੀਬੀ ਨੇ ਕੱਪੜੇ ਸਿਉਣੇ ਸ਼ੁਰੂ ਕਰ ਦਿੱਤੇ ਸਨ। ਫਸਲ ਵੀ ਚੰਗੀ ਹੋ ਗਈ, ਦਿਨ ਥੌੜੇ ਬਦਲਣ ਲੱਗ ਗਏ ਸਨ। ਡੇਢ ਕੁ ਸਾਲ ਪਿੱਛੋਂ ਕਮਰਾ ਵੀ ਇੱਕ ਹੋਰ ਪਾ ਲਿਆ ਸੀ, ਮੱਝਾਂ ਦਾ ਕੰਮ ਵੀ ਵਧਾ ਲਿਆ ਸੀ। ਰੋਟੀ ਤਾਂ ਸੋਹਣੀ ਪੱਕਣ ਲੱਗ ਪਈ ਸੀ ਪਰ ਸੁਪਨੇ ਤੇ ਚਾਅ ਤਾਂ ਮਰ ਹੀ ਰਹੇ ਸਨ।
ਜਦੋਂ ਵੀ ਕਿਸੇ ਦਾ ਰੇਸ਼ਮੀ ਸੂਟ ਸਿਊਂਦੀ ਤਾਂ ਹੱਥ ਕਿਨ੍ਹਾਂ ਚਿਰ ਟੋਹਦੇ ਹੀ ਰਹਿੰਦੇ। ਕੱਚੇ ਗੁਲਾਬੀ ਰੰਗ ਦਾ ਫੌਜਣ ਦਾ ਸੂਟ ਤਾਂ ਮੈਨੂੰ ਬਾਹਲਾ ਹੀ ਜੱਚਿਆ ਸੀ। ਸ਼ਾਇਦ ਮੇਰੀਆਂ ਨਜ਼ਰਾਂ ਨੂੰ ਇਹਨਾਂ ਨੇ ਵੀ ਟੋਹ ਲਿਆ ਸੀ ਅਤੇ ਅਗਲੇ ਹੀ ਮਹੀਨੇ ਮੈਨੂੰ ਉਸ ਰੰਗ ਦਾ ਸੂਟ ਲਿਆ ਦਿੱਤਾ ਸੀ, ਹੈ ਤਾਂ ਸੂਤੀ ਹੀ ਸੀ ਪਰ ਮੈਨੂੰ ਰੇਸ਼ਮੀ ਨਾਲੋਂ ਵੀ ਵੱਧ ਪਿਆਰਾ ਲੱਗਾ ਸੀ। ਕਿੰਨ੍ਹੇ ਸਾਲ ਪਾਇਆਂ ਤੇ ਫਿਰ ਸਾਂਭ ਕੇ ਰੱਖ ਲਿਆ ਸੀ। ਤਿੰਨ ਸਾਲ ਬਾਅਦ ਵਾਹਿਗੁਰੂ ਨੇ ਮੇਰੀ ਝੋਲੀ ਪੁੱਤ ਨਾਲ ਭਰ ਦਿੱਤੀ ਅਤੇ ਅਗਲੇ ਦੋ ਸਾਲਾਂ ਬਾਅਦ ਧੀ ਰਾਣੀ ਵੀ ਆ ਗਈ। ਘਰ ਵਿੱਚ ਧੀ-ਪੁੱਤ, ਦੁੱਧ ਦਾਣੇ ਸਭ ਸੀ ਪਰ ਜ਼ਿੰਮੇਵਾਰੀਆਂ ਦੀ ਪੰਡ ਵੀ ਭਾਰੀ ਹੋ ਗਈ ਸੀ। ਨਣਾਨ ਦੀ ਪੜ੍ਹਾਈ ਅਤੇ ਫਿਰ ਵਿਆਹ, ਜਵਾਕਾਂ ਦੀ ਪੜ੍ਹਾਈ ਦੇ ਖਰਚੇ, ਬੀਬੀ ਦੀਆਂ ਦਵਾਈਆਂ ਦੇ ਵਿੱਚ ਸਾਡੇ ਚਾਅ ਤਾਂ ਕਿੱਧਰੇ ਗਵਾਚ ਹੀ ਗਏ ਸਨ।
ਤੇ ਅੱਜ ਜਦੋਂ ਪੋਤਰੇ ਨੇ ਉਸੇ ਕੱਚੇ ਗੁਲਾਬੀ ਰੰਗ ਦਾ, ਸੁਨਹਿਰੀ ਤਿੱਲ੍ਹੇ ਨਾਲ ਕੱਢਿਆਂ ਰੇਸ਼ਮੀ ਸੂਟ ਮੈਨੂੰ ਪਾਉਣ ਲਈ ਅਤੇ ਕੋਟ-ਪੈਂਟ ਆਵਦੇ ਦਾਦੇ ਨੂੰ ਦਿੱਤਾ ਤਾਂ ਸਾਲਾਂ ਦੀ ਤੜਫ ਜਿਵੇਂ ਸਾਂਤ ਹੋ ਗਈ ਸੀ। ਨਵੇਂ ਲੀੜੇ ਪਾ ਇੱਕ ਦੂਜੇ ਤੋਂ ਹੀ ਸੰਗ ਲੱਗੀ ਜਾਵੇ। ਹੁਣ ਸਾਨੂੰ ਦੋ ਦਿਨਾਂ ਲਈ ਹੋਟਲ ਛੱਡ ਗਿਆ, ਕਹਿੰਦਾ ਚੱਲੋ ਹੁਣ ਤੁਸੀ ਵੀ ਵਿਆਹ ਦੀ ਸਾਲਗਿਰ੍ਹਾ ਮਨਾ ਲਉ। ਸੱਚੀ ਦੱਸਾਂ ਗੱਲ ਸਾਨੂੰ ਅੱਜ ਵੀ ਕੋਈ ਨਹੀ ਬਹੁੜ ਰਹੀ।
✍🏻✍🏻ਹਰਪ੍ਰੀਤ ਬਰਾੜ ਸਿੱਧੂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)