ਸ਼ੋਸ਼ਲ ਮੀਡਿਆ ਦੇ ਕਲੱਬ ਹਾਊਸ ਤੇ ਬਾਬੇ ਨਾਨਕ ਤੇ ਬਹਿਸ ਚੱਲ ਰਹੀ ਸੀ..!
ਇੱਕ ਨਹੁੰ ਮਾਸ ਦੇ ਰਿਸ਼ਤੇ ਵਾਲਾ ਆਖ ਰਿਹਾ ਸੀ ਜੇ ਉਸ ਰਾਤ “ਤਿਲਕ ਧਾਰੀ ਅਤੇ ਜੰਜੂ ਧਾਰੀ” ਮਹਿਤਾ ਕਾਲੂ (ਬਾਬੇ ਨਾਨਕ ਦੇ ਪਿਤਾ ਜੀ) ਛੇਤੀ ਸੌਂ ਗਿਆ ਹੁੰਦਾ ਤਾਂ ਅੱਜ ਨਾ ਇਹ ਬਾਂਸ ਹੀ ਰਹਿਣੇ (ਸਿੱਖ) ਸਨ ਤੇ ਨਾ ਹੀ ਏਹ੍ਹ ਬੰਸਰੀ (ਸਿੱਖੀ) ਹੀ ਕਿਧਰੇ ਵੱਜਦੀ ਦਿਸਦੀ ਹੋਣੀ ਸੀ!
ਦੂਜਾ ਦੋ ਕਦਮ ਹੋਰ ਅੱਗੇ ਚਲਾ ਜਾਂਦਾ ਅਖ਼ੇ ਜੇ ਉਸ ਰਾਤ ਮਹਿਤਾ ਕਾਲੂ ਨੇ ਰਾਤ ਸੌਣ ਲੱਗੇ ਨੇ ਫਲਾਣੀ ਸ਼ੈ ਵਰਤ ਲਈ ਹੁੰਦੀ ਤਾਂ ਵੀ ਅੱਜ ਆਹ ਕੁਝ ਨਾ ਹੁੰਦਾ..ਏਨੀ ਗੱਲ ਸੁਣ ਚਾਰੇ ਪਾਸੇ ਹਾਸਾ ਪੱਸਰ ਜਾਂਦਾ!
ਓਸੇ ਬਾਬੇ ਬਾਬਾ ਨਾਨਕ ਦੀ ਗੱਲ ਚੱਲ ਰਹੀ ਸੀ ਜਿਸਨੇ ਬਾਬਰ ਨੂੰ ਮੂੰਹ ਤੇ ਓਦੋਂ ਜਾਬਰ ਆਖਿਆ ਜਦੋਂ ਮੌਕੇ ਦੇ ਕਰਤਾ ਧਰਤਾ ਆਖਣ ਲੱਗੇ ਕੇ ਡਰਨ ਦੀ ਲੋੜ ਨਹੀਂ ਐਸਾ ਯੱਗ ਅਤੇ ਮੰਤਰ ਮਾਰਾਂਗੇ ਕੇ ਬਾਬਰ ਦੀਆਂ ਫੌਜਾਂ ਅੰਨੀਆਂ ਹੋ ਜਾਣਗੀਆਂ..!
ਨਾ ਮੰਤਰ ਹੀ ਕੰਮ ਆਏ ਤੇ ਨਾ ਫੌਜਾਂ ਹੀ ਅੰਨੀਆਂ ਹੋਈਆਂ..!
ਮਸ਼ਹੂਰ ਸੰਗੀਤਕਾਰ ਐੱਸ ਮੂਹਿੰਦਰ ਲਿਖਦੇ ਕੇ ਉਸ ਵੇਲ਼ੇ ਦੀ ਮਸ਼ਹੂਰ ਅਦਾਕਾਰ ਮਧੂਬਾਲਾ ਮੌਕਾ ਮਿਲਦੇ ਹੀ ਪਰਸ ਵਿਚੋਂ ਨਿੱਕੀ ਜਿਹੀ ਕਿਤਾਬ ਕੱਢਦੀ ਤੇ ਸਿਰ ਢੱਕ ਕੁਝ ਪੜ੍ਹਦੀ ਰਹਿੰਦੀ!
ਇੱਕ ਵੇਰ ਕਿਤਾਬ ਖੁੱਲੀ ਰਹਿ ਗਈ ਤਾਂ ਵੇਖਿਆ ਫਾਰਸੀ ਵਿਚ ਜਪੁਜੀ ਸਾਹਿਬ ਸੀ..!
ਪੁੱਛਿਆ ਤਾਂ ਆਖਣ ਲੱਗੀ ਇੱਕ ਵੇਰ ਭਾਰੀ ਭੀੜ ਬਣ ਗਈ..ਕੋਈ ਰਾਹ ਨਾ ਲੱਭੇ..ਕਿਸੇ ਆਖਿਆ ਨਾਨਕ ਦੀ ਬਾਣੀ ਪੜਿਆ ਕਰ..ਕਿਰਪਾ ਹੋਵੇਗੀ..ਫੇਰ ਵਾਕਿਆ ਹੀ ਕਿਰਪਾ ਹੋਈ ਤੇ ਹੋਰ ਵੀ ਕਿੰਨਾ ਕੁਝ ਮਿਲਿਆ..!
ਮਧੂ ਬਾਲਾ ਦੀ ਇੱਕ ਸ਼ਰਤ ਹੁੰਦੀ..ਸ਼ੂਟਿੰਗ ਲਈ ਭਾਵੇਂ ਜਿਥੇ ਮਰਜੀ ਲੈ ਜਾਵੋ ਪਰ ਬਾਬੇ ਨਾਨਕ ਦੇ ਜਨਮ ਵਾਲੇ ਦਿਨ ਬੰਬਈ ਅੰਧੇਰੀ ਗੁਰੂ ਘਰ ਹਾਜਰੀ ਜਰੂਰ ਲਵਾਉਣੀ ਏ..!
ਲੰਗਰਾਂ ਵਿਚ ਵੀ ਤਿਲ ਫੁੱਲ ਭੇਟਾ ਕਰਦੀ..ਉਸਦੀ ਮੌਤ ਮਗਰੋਂ ਅੱਬਾ ਆਇਆ ਕਰਦਾ ਅਖ਼ੇ ਆਹ ਲਵੋ ਮੇਰੀ ਧੀ ਵੱਲੋਂ ਬਣਦਾ ਹਿੱਸਾ..!
ਧੀ ਦੇ ਨਾਮ ਤੇ ਪੂਰੇ ਸੱਤ ਸਾਲ ਸੇਵਾ ਕਰਦਾ ਰਿਹਾ ਫੇਰ ਉਹ ਵੀ ਨਾ ਰਿਹਾ..!
ਅੰਧੇਰੀ ਦੀ ਸੰਗਤ ਅੱਜ ਤੱਕ ਬਾਬੇ ਨਾਨਕ ਦੇ ਜਨਮ ਦਿਹਾੜੇ ਤੇ ਪਿਓ ਧੀ ਦੀ ਅਰਦਾਸ ਕਰਨੀ ਨਹੀਂ ਭੁੱਲਦੇ..!
ਬਲਵੰਤ ਗਾਰਗੀ ਲਿਖਦਾ ਮਾਂ ਨੇ ਦੋਹਾਂ ਭਰਾਵਾਂ ਵਿਚੋਂ ਮੈਨੂੰ ਚੁਣ ਪਿੰਡ ਦੇ ਗੁਰੂ ਦੁਆਰੇ ਪੜਨ ਭੇਜ ਦਿੱਤਾ..ਅਸੀਂ...
ਦੋ ਦਿਨ ਖੇਡਦੇ ਰਹੇ..ਕੋਈ ਮਾਸਟਰ ਨਹੀਂ ਆਇਆ..ਇੱਕ ਦਿਨ ਰੌਲਾ ਪੈ ਗਿਆ..ਬਾਬਾ ਜੀ ਆ ਗਏ..ਨੀਲਾ ਬਾਣਾ ਪਾਈ ਘੋੜੇ ਤੇ ਚੜੇ ਬਾਬੇ ਜੀ ਨੇ ਮੈਨੂੰ ਪੁੱਛਿਆ..ਇਥੇ ਖੇਡਣ ਆਇਆਂ?
ਆਖਿਆ ਨਹੀਂ ਜੀ ਇਥੇ ਪੜ੍ਹਦਾ ਹਾਂ..ਆਖਣ ਲੱਗੇ ਜੇ ਪੜਦਾ ਏਂ ਤਾਂ ਫੇਰ ਸਬਕ ਸੁਣਾ..ਅੱਗੋਂ ਆਖਿਆ ਸਬਕ ਤਾਂ ਤੁਸੀਂ ਅਜੇ ਪੜਾਇਆ ਹੀ ਨਹੀਂ..!
ਘੋੜੇ ਤੇ ਚੜੇ ਚੜਾਇਆਂ ਹੱਥ ਫੜੇ ਨੇਜੇ ਨਾਲ ਭੋਏਂ ਤੇ ਪਹਿਲੋਂ ਏਕਾ ਵਾਹਿਆ ਫੇਰ ਉਚੀ ਛਤਰੀ ਵਾਲਾ ਊੜਾ..!
ਆਖਣ ਲੱਗੇ ਆਖ ਇੱਕ ਆਉਂਕਾਰ..ਇਹ ਤੇਰਾ ਪਹਿਲਾ ਸਬਕ ਏ!
ਬਲਵੰਤ ਗਾਰਗੀ ਲਿਖਦਾ ਇਹ ਸਬਕ ਮੇਰੀ ਜਿੰਦਗੀ ਦਾ ਪਹਿਲਾ ਤੇ ਆਖਰੀ ਸਬਕ ਹੋ ਨਿੱਬੜਿਆਂ..ਬਾਕੀ ਦਾ ਸਾਰਾ ਕੁਝ ਮੈਂ ਇਹਨਾਂ ਦੋ ਸਬਕਾਂ ਦੇ ਵਿਚ ਰਹਿ ਕੇ ਹੀ ਕੀਤਾ..!
ਸ਼ਿਵ ਕੁਮਾਰ ਬਟਾਲਵੀ ਲਿਖਦਾ..ਜਦੋਂ ਕਦੇ ਮੈਨੂੰ ਕਵਿਤਾ ਨਾ ਸੁੱਝਦੀ ਤਾਂ ਸਾਮਣੇ ਪਏ ਖਾਲੀ ਪੰਨੇ ਵੱਲ ਵੇਖ ਮੈਨੂੰ ਡਰ ਆਉਣ ਲੱਗਦਾ..ਇੰਝ ਲੱਗਦਾ ਵਰਕ ਆਖ ਰਿਹਾ ਹੋਵੇ ਸ਼ਿਵ ਹੁਣ ਤੇਰੇ ਵਿਚ ਕੁਝ ਨਹੀਂ ਰਿਹਾ..!
ਫੇਰ ਮੈਂ ਅਛੋਪਲੇ ਜਿਹੇ ਉਸ ਖਾਲੀ ਵਰਕੇ ਦੀ ਨੁੱਕਰ ਵਿਚ ਇੱਕ-ਓਂਕਾਰ ਲਿਖ ਦਿੰਦਾ..ਮੈਨੂੰ ਡਰ ਆਉਣੋਂ ਹਟ ਜਾਂਦਾ!
ਪੱਛਮੀਂ ਕਮਾਂਡ ਦੇ ਉਸ ਵੇਲੇ ਦੇ ਮੁਖੀ ਜਰਨਲ ਹਰਬਖਸ਼ ਸਿੰਘ ਲਿਖਦੇ ਕੇ ਪੈਂਠ ਦੀ ਜੰਗ ਵੇਲੇ ਅਮਰੀਕੀ ਪੇਟਨ ਟੈਂਕਾਂ ਦੇ ਚੜੇ ਆਉਂਦੇ ਪਾਕਿਸਤਾਨੀ ਬ੍ਰਿਗੇਡ ਤੋਂ ਡਰ ਕੇ ਰੱਖਿਆ ਮੰਤਰੀ ਕ੍ਰਿਸ਼ਨਾ ਮੇਨਨ ਨੇ ਹੁਕਮ ਦਿੱਤਾ ਕੇ ਫੌਜ ਅਮ੍ਰਿਤਸਰ ਤੋਂ ਪਿੱਛੇ ਹਟ ਕੇ ਬਿਆਸ ਨੂੰ ਆਪਣਾ ਬੇਸ ਕੈਂਪ ਬਣਾ ਲਵੇ..!
ਹਰਬਖਸ਼ ਸਿੰਘ ਨੇ ਹੁਕਮ ਮੰਨਣੋਂ ਨਾਂਹ ਕਰ ਦਿੱਤੀ ਅਖ਼ੇ ਨਨਕਾਣਾ ਤਾਂ ਅਸੀਂ ਪਹਿਲਾਂ ਹੀ ਗਵਾ ਆਏ ਹਾਂ..ਹੁਣ ਦਰਬਾਰ ਸਾਬ ਨਹੀਂ ਗਵਾਇਆ ਜਾਣਾ..ਬਾਬੇ ਨਾਨਕ ਅਤੇ ਦਸਮ ਪਿਤਾ ਦੇ ਨਾਮ ਤੇ ਲੜਦੀ ਹੋਈ ਫੌਜ ਪਾਕਿਸਤਾਨੀ ਇਲਾਕੇ ਤੱਕ ਜਾ ਵੜੀ!
ਅੱਜ ਚਾਰੇ ਪਾਸੇ ਫੈਲੇ ਬੁੱਕਲ ਦੇ ਆਪਣੇ ਹੀ ਸੱਪਾਂ ਨੇ ਐਸੇ ਹਾਲਾਤ ਬਣਾ ਦਿੱਤੇ ਕੇ ਬੋਤਾ ਸਿੰਘ ਤੇ ਗਰਜਾ ਸਿੰਘ ਦੀ ਵਰਸੋਈ ਹੋਈ ਮਾਣ-ਮੱਤੀ ਕੌਮ ਨੂੰ ਗੁਲਾਮੀ ਵੀ ਓਹਨਾ ਲੋਕਾਂ ਦੀ ਕਰਨੀ ਪੈ ਰਹੀ ਏ ਜਿਹੜੇ “ਵਾਰ” ਵੀ ਸਾਮਣੇ ਤੋਂ ਨਹੀਂ ਸਗੋਂ ਪਿੱਠ ਪਿੱਛੋਂ ਹੀ ਕਰਦੇ ਨੇ..!
ਹਰਪ੍ਰੀਤ ਸਿੰਘ ਜਵੰਦਾ