ਜੂਨ ਦੀ ਗਰਮੀ..ਉੱਤੋਂ ਕੰਮ ਤੇ ਮੇਨ ਏ.ਸੀ ਯੂਨਿਟ ਵਿਚ ਵੱਡਾ ਨੁਕਸ ਪੈ ਗਿਆ..
ਬਤੌਰ ਟੈਕਨੀਸ਼ਨ ਠੀਕ ਕਰਦਿਆਂ ਕੱਪੜੇ ਪਸੀਨੇ ਵਿਚ ਗੜੁੱਚ ਹੋ ਗਏ..ਉਸ ਦਿਨ ਲੰਚ ਵੀ ਨਾ ਕਰ ਸਕਿਆ!
ਪਰ ਭੁੱਖ ਨਾਲੋਂ ਵੀ ਵੱਡਾ ਇੱਕ ਹੋਰ ਫਿਕਰ ਵੱਢ-ਵੱਢ ਖਾਈ ਜਾ ਰਿਹਾ ਸੀ..ਵਿਆਹ ਦੀ ਵੀਹਵੀਂ ਵਰੇਗੰਢ ਤੇ ਨਾਲਦੀ ਨਾਲ ਬਾਹਰ ਖਾਣਾ ਖਾਣ ਦਾ ਕੀਤਾ ਹੋਇਆ ਵਾਅਦਾ..!
ਖੈਰ ਸੱਤ ਕੂ ਵਜੇ ਮਸੀਂ ਕੰਮ ਮੁਕਾ ਕੇ ਸਿੱਧਾ ਟੇਸ਼ਨ ਵੱਲ ਭਜਿਆ..ਮਸਾਂ ਗੱਡੀ ਫੜ ਹੋਈ..ਕੋਲ ਖਲੋਤੀਆਂ ਸਵਾਰੀਆਂ ਕੋਲੋਂ ਆਉਂਦੀ “ਮੁੜਕੇ ਦੀ ਬਦਬੂ” ਕਾਰਨ ਦੂਰ ਦੂਰ ਹੋ ਗਈਆਂ..!
ਅਗਲੇ ਟੇਸ਼ਨ ਤੇ ਸੀਟ ਮਿਲੀ ਤਾਂ ਕੋਲ ਬੈਠੇ ਕੋਟ ਪੇਂਟ ਪਾਈ ਬਾਊ ਟਾਈਪ ਬੰਦੇ ਨੇ ਮੂੰਹ ਤੇ ਰੁਮਾਲ ਰੱਖ ਲਿਆ..
ਮਨ ਹੀ ਮਨ ਸੋਚਣ ਲੱਗਾ ਭੋਲਿਆ ਤੂੰ ਕੀ ਜਾਣੇ ਇਸ ਮੁੜਕੇ ਦੀ ਕੀਮਤ..ਰੋਟੀ ਪਾਣੀ ਛੱਤ ਕੱਪੜੇ ਘਰ ਸੁਖ ਚੈਨ ਨੀਂਦ ਆਰਾਮ..ਸਾਰਾ ਕੁਝ ਤੇ ਬੱਸ ਇਸੇ ਦੀ ਹੀ ਬਦੌਲਤ ਈ ਏ..
ਆਪਣੇ ਸ਼ਹਿਰ ਆਉਂਦਿਆਂ ਸਾਢੇ ਨੌਂ ਵੱਜ ਗਏ..
ਗਿਫ਼੍ਟ ਲੈਣ ਦੁਕਾਨ ਤੇ ਪਹੁੰਚਿਆਂ..ਅੱਗੋਂ ਪੂਰਾ ਰਸ਼..ਕਾਊਂਟਰ ਤੇ ਬੇਨਤੀ ਕੀਤੀ..ਤਾਂ ਉਸਨੇ ਸਿਰ ਤੋਂ ਪੈਸਾਂ ਤੱਕ ਗਹੁ ਨਾਲ ਤੱਕਿਆ..ਉਸਦਾ ਜ਼ਿਹਨ ਵੀ ਸ਼ਾਇਦ ਮੇਰੇ ਮੁੜਕੇ ਦੀ ਹਵਾੜ ਮਹਿਸੂਸ ਕਰ ਚੁਕਾ ਸੀ..ਆਖਣ ਲੱਗਾ ਭਾਊ ਜੇ ਜਿਆਦਾ ਕਾਹਲੀ ਏ ਤਾਂ ਸਵੇਰੇ ਆਵੀਂ..ਹੁਣ ਬੰਦ ਕਰਨ ਦਾ ਟਾਈਮ ਹੋ ਗਿਆ ਏ..”
ਫੇਰ ਬਿਨਾ ਕੁਝ ਲਿਆਂ ਹੀ ਆਟੋ ਫੜ ਘਰ ਪਹੁੰਚਿਆ..
ਅੰਦਰੋਂ ਅੰਦਰ ਬੜਾ ਉਦਾਸ ਕੇ ਕੱਠੇ ਡਿਨਰ ਵੀ ਨਹੀਂ ਕੀਤਾ ਜਾਣਾ ਤੇ ਉੱਤੋਂ ਪਹੁੰਚਣਾ ਵੀ ਖਾਲੀ ਹੱਥ..ਭੁੱਖ ਤੇ ਥਕਾਵਟ ਨਾਲ ਬੁਰੀ ਤਰਾਂ ਭੰਨੇ ਹੋਏ ਨੇ ਬੂਹਾ ਖੜਕਾ ਦਿੱਤਾ..
ਅੰਦਰੋਂ ਠੰਡੀ ਹਵਾ ਦੇ ਬੁੱਲੇ ਵਾਂਙ ਨਿੱਕਲੀ ਨਾਲਦੀ ਬਾਰ ਖੋਲ੍ਹਦਿਆਂ ਹੀ ਕਲਾਵੇ ਵਿਚ ਇੰਝ ਬੰਦ ਹੋ ਗਈ ਜਿਦਾਂ ਫੁਲ ਦੀਆਂ ਪੱਤੀਆਂ ਵਿਚ ਰਸ ਚੂਸਦੀ ਸ਼ਹਿਦ ਦੀ ਮੱਖੀ..ਸਵੇਰ...
ਤੋਂ ਲੱਗੀ ਭੁੱਖ ਪਿਆਸ ਹਵਾ ਬਣ ਪਤਾ ਨਹੀਂ ਕਿੱਧਰ ਨੂੰ ਉੱਡ ਗਈ..”
ਫੇਰ ਜਦੋਂ “ਮੁੜਕੇ ਦੀ ਬਦਬੋ “ਆਖ ਥੋੜਾ ਪਰੇ ਕਰਨ ਦੀ ਅਸਫਲ ਜਿਹੀ ਕੋਸ਼ਿਸ਼ ਕੀਤੀ ਤਾਂ ਹੱਥ ਵਿਚ ਫੜੇ ਲਫਾਫੇ ਵਿਚੋਂ ਫਿੱਕੇ ਗੁਲਾਬੀ ਰੰਗ ਦਾ ਖੱਦਰ ਦਾ ਨਵਾਂ ਨਕੋਰ ਕੁੜਤਾ-ਪਜਾਮਾਂ ਫੜਾਉਂਦੀ ਹੋਈ ਆਖਣ ਲੱਗੀ “ਆਹ ਲਵੋ ਮੁੜਕੇ ਦਾ ਇਲਾਜ”..ਨਹਾ ਧੋ ਕੇ ਪਾ ਲਵੋ..ਮੈਂ ਟੇਬਲ ਤੇ ਰੋਟੀ ਲਾਉਂਦੀ ਹਾਂ”
ਝਿਜਕਦੇ ਹੋਏ ਨੇ ਜਦੋਂ ਬਾਹਰ ਰੋਟੀ ਖਾਣ ਦੇ ਕੀਤੇ ਕਰਾਰ ਦੀ ਗੱਲ ਕੀਤੀ ਤਾਂ ਆਖਣ ਲੱਗੀ “ਜੇ ਬਾਹਰ ਹੀ ਜਾਣਾ ਸੀ ਤਾਂ ਫੇਰ ਏਨੀ ਮੇਹਨਤ ਨਾਲ ਬਣਾਏ ਰਾਜਮਾਂ ਚੌਲ ਅਤੇ ਰੁਮਾਲੀ ਰੋਟੀ ਅਤੇ ਤੁਹਾਡੀ ਮਨਪਸੰਦ ਠੰਡੀ ਮਿੱਠੀ ਖੀਰ ਦਾ ਕੀ ਕਰਾਂਗੀ”?
ਰੱਬ ਦਾ ਸ਼ੁਕਰਗੁਜ਼ਾਰ ਹੁੰਦਾ ਸੋਚੀ ਜਾ ਰਿਹਾਂ ਸਾਂ ਕੇ ਪਦਾਰਥਵਾਦ ਦੀ ਝੁੱਲਦੀ ਇਸ ਬੇਰਹਿਮ ਹਨੇਰੀ ਵਿਚ ਬੰਦਾ ਭਾਵੇਂ ਲੱਖ “ਬਲਖ-ਬੁਖਾਰੇ” ਗਾਹ ਆਵੇ..ਪਰ ਵਜੂਦ ਵਿਚੋਂ ਨਿੱਕਲੇ “ਮੁੜਕੇ” ਦੀ ਅਸਲੀ ਕੀਮਤ ਉਸ “ਛੱਜੂ ਦੇ ਚੁਬਾਰੇ” ਵਿਚ ਆ ਕੇ ਹੀ ਪਿਆ ਕਰਦੀ ਏ ਜਿਸਦੀਆਂ ਬਰੂਹਾਂ ਤੇ ਨਿਰਸਵਾਰਥ ਹੋ ਕੇ ਖਲੋਤੀ ਕੋਈ ਕਰਮਾ ਵਾਲੀ ਰੂਹ ਨੂੰ ਤੁਹਾਡਾ ਹਰ ਵੇਲੇ ਇੰਤਜਾਰ ਰਹਿੰਦਾ ਏ..”ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ..ਆਵਾਂਗੀ ਹਵਾ ਬਣਕੇ” ਵਾਲਾ ਨੱਬੇ ਦੇ ਦਹਾਕੇ ਵਾਲਾ ਪਾਕਿਸਤਾਨੀ ਗੀਤ ਜ਼ਿਹਨ ਵਿਚ ਗੂੰਝ ਉਠਿਆ..!
ਸੋ ਦੋਸਤੋ ਅਮੀਰ ਉਹ ਨਹੀਂ ਜਿਸਦੇ ਵੇਹੜੇ ਮੋਟਰ ਗੱਡੀਆਂ ਨਾਲ ਅਤੇ ਬੈੰਕ ਅਕਾਊਂਟ ਨੋਟਾਂ ਨਾਲ ਭਰੇ ਹੋਏ ਹੁੰਦੇ ਨੇ..ਅਸਲ ਵਿਚ ਰੱਜਿਆ ਬੰਦਾ ਉਹ ਹੁੰਦਾ ਏ ਜਿਸਦੀ ਨਾਲਦੀ ਅਤੇ ਬਾਲ-ਬੱਚਿਆਂ ਨੂੰ ਉਸਦੀਆਂ ਮਜਬੂਰੀਆਂ ਸਮਝ ਆ ਜਾਵਣ!
ਹਰਪ੍ਰੀਤ ਸਿੰਘ ਜਵੰਦਾ
Arashpal singh
Waaaah g kya likh dita … bhut paddeya suneya but … tuadi eh kahani 🔥💯❤️
Rekha Rani
very lovely story touch me heart❤❤