ਮੈਂ ਕੋਈ ਗਿਆਰਾਂ ਕੁ ਵਰ੍ਹਿਆਂ ਦੀ ਸੀ, ਜਦ ਮਾਂ ਸਾਨੂੰ ਛੱਡ ਕੇ ਤੁਰ ਗਈ ਸੀ। ਦੋ ਨਿੱਕੇ ਭੈਣ ਭਰਾ ਤੇ ਬਾਪੂ ਜੀ ਅਸੀਂ ਚਾਰ ਜੀਅ ਹੀ ਰਹਿ ਗਏ ਸਾਂ ਪਿੱਛੇ। ਤਾਈ ਤੇ ਦਾਦੀ ਨੇ ਬੜਾ ਜ਼ੋਰ ਲਾਇਆ ਸਾਨੂੰ ਤਿੰਨਾਂ ਭੈਣ ਭਰਾ ਨੂੰ ਨਾਨਕੇ ਭੇਜ ਕੇ ਬਾਪੂ ਜੀ ਦਾ ਦੂਜਾ ਵਿਆਹ ਕਰ ਦਿੱਤਾ ਜਾਵੇ। ਪਰ ਮੇਰੀ ਮਾਂ ਨਾਲ ਕੀਤੇ ਕੌਲ ਤੇ ਸਾਡਾ ਬਾਪੂ ਜੀ ਨਾਲ ਅੰਤਾਂ ਦਾ ਮੋਹ ਬਾਪੂ ਜੀ ਤੋਂ ਇਹ ਕਹਿਰ ਨਾ ਕਰਾ ਸਕਿਆ। ਖ਼ੈਰ ਘਰ ਵਿਚ ਮੈਂ ਹੀ ਸਭ ਤੋਂ ਵੱਡੀ ਸੀ, ਬਾਪੂ ਜੀ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਦੇ, ਫੇਰ ਘਰ ਆ ਕੇ ਰੋਟੀ ਟੁੱਕ ਕਰਦੇ। ਨਿੱਕੇ ਭੈਣ ਭਰਾ ਖੇਡਣ ਚ ਲੱਗੇ ਰਹਿੰਦੇ ਤੇ ਮੈਂ ਬਾਪੂ ਜੀ ਨਾਲ ਚੌਂਕੇ ਚ ਕੰਮ ਕਰਵਾਉਦੀ। ਉਹਨਾਂ ਮੈਨੂੰ ਬਹੁਤ ਵਾਰ ਕਹਿਣਾ ਜਾ ਮੇਰਾ ਪੁੱਤ ਤੂੰ ਵੀ ਖੇਡ ਲੇ ਇੱਥੇ ਅੱਖਾਂ ਨੂੰ ਧੂੰਆਂ ਲੱਗ ਜਾਣਾ। ਪਰ ਮੈਂ ਜਾਣਦੀ ਸੀ ਧੂੰਏ ਦੇ ਬਹਾਨੇ ਬਾਪੂ ਆਪ ਕਿੰਨੀ ਵਾਰ ਮਾਂ ਨੂੰ ਯਾਦ ਕਰ ਰੋਂਦਾ ਰਿਹਾ ਸੀ। ਇੱਕ ਦੋ ਵਾਰ ਮੈਂ ਆਪਣੇ ਅੱਖੀਂ ਦੇਖ ਲਿਆ ਤਾਂ ਉਦੋਂ ਤੋ ਮੈਂ ਚੌਂਕੇ ਚ ਬਾਪੂ ਜੀ ਕੋਲ ਹੀ ਬੈਠੀ ਰਹਿੰਦੀ ਸੀ। ਉਹਨਾਂ ਆਟਾ ਗੁੰਨਦੇ ਹੋਣਾ ਤਾਂ ਮੈਂ ਕੋਲ ਬੈਠ ਸਬਜੀ ਕਟ ਦੇਣੀ। ਨਿਆਣੀ ਕਰਕੇ ਆਉਂਦੀ ਤਾਂ ਨਹੀਂ ਸੀ ਕਟਣੀ ਕਦੇ ਬਹੁਤ ਬਰੀਕ ਤੇ ਕਦੇ ਮੋਟੇ ਮੋਟੇ ਡੱਕਰੇ ਕਰ ਦੇਣੇ। ਬਾਪੂ ਜੀ ਨੇ ਫੇਰ ਹੌਲੀ ਹੌਲੀ ਮੈਨੂੰ ਵੀ ਘਰ ਦਾ ਕੰਮ ਸਿਖਾਉਣਾ ਸ਼ੁਰੂ ਕਰ ਦਿੱਤਾ। ਪਤਾ ਹੀ ਨਹੀਂ ਲੱਗਾ ਕਦੋਂ ਮੈਂ ਸੋਲਾ ਵਰ੍ਹਿਆਂ ਦੀ ਹੋ ਗਈ ਤੇ ਕਦੋਂ ਚੁੱਲ੍ਹੇ ਚੌਂਕੇ ਤੇ ਘਰ ਦੀ ਹੋਰ ਸਾਰੀ ਜਿੰਮੇਵਾਰੀ ਸਾਂਭ ਲਈ। ਉਮਰੋਂ ਪਹਿਲਾਂ ਹੀ ਸਿਆਣੀ ਹੋ ਗਈ ਸਾਂ। ਘਰ ਦੇ ਰਾਸ਼ਨ ਪਾਣੀ, ਭੈਣ ਭਰਾ ਦੇ ਪੜ੍ਹਾਈ ਲਿਖਾਈ ਦੇ ਖਰਚੇ ਤੇ ਬਾਪੂ ਜੀ ਦੀ ਫਸਲ ਦੀ ਕਮਾਈ ਦਾ ਸਾਰਾ ਹਿਸਾਬ ਕਿਤਾਬ ਮੇਰੇ ਕੋਲ ਹੀ ਰਹਿੰਦਾ। ਮਾਂ ਦੀ ਹਰ ਜਿੰਮੇਵਾਰੀ ਨੂੰ ਮੈਂ ਆਪਣੇ ਸਿਰ ਲੈ ਲਿਆ। ਫੇਰ ਜਦ ਮੈਂ 21 ਵਰ੍ਹੇ ਦੀ ਹੋਈ ਤਾਂ ਤਾਈ ਨੇ ਨਾਲ ਦੇ ਪਿੰਡ ਤੋਂ ਆਪਣੀ ਮਾਸੀ ਦੀ ਨੂੰਹ ਦੇ ਭਰਾ ਨਾਲ ਮੇਰਾ ਵਿਆਹ ਪੱਕਾ ਕਰ ਦਿੱਤਾ। ਮੇਰੇ ਵਿਆਹ ਪਿੱਛੋਂ ਸਾਰੀ ਜਿੰਮੇਵਾਰੀ ਛੋਟੀ ਤੇ ਜਾ ਪਈ, ਉਸਨੂੰ ਵਿਆਹ ਤੋ ਕੁਝ ਦਿਨ ਪਹਿਲਾਂ ਹਰ ਰੋਜ਼ ਨਿੱਕੀ ਨਿੱਕੀ ਗਲ ਸਮਝਾਉਂਦੀ ਰਹੀ । ਤਾਂ ਜੋ ਮੇਰੇ ਜਾਣ ਪਿੱਛੋਂ ਉਹਨੂੰ ਕੋਈ ਮੁਸ਼ਕਿਲ ਨਾ ਆਵੇ। ਅਖੀਰ ਮੈਂ ਵਿਆਹ ਕੇ ਸੋਹਰੇ ਘਰ ਅਾ ਗਈ। ਘਰ ਵਿੱਚ ਮੈਂ ਬੀਜੀ ਤੇ ਸਰਦਾਰ ਜੀ ਹੀ ਸੀ, ਇਹਨਾਂ ਦੇ ਪਿਤਾ ਜੀ ਨੂੰ ਗੁਜਰੇ 10 ਸਾਲ ਹੋ ਗਏ ਸੀ ਤੇ ਇੱਕ ਨਿੱਕੀ ਭੈਣ ਸੀ ਜਿਸਦਾ ਵਿਆਹ...
ਪਹਿਲਾਂ ਕਰ ਦਿੱਤਾ ਗਿਆ ਸੀ।
ਜਦ ਸਹੁਰੇ ਘਰ ਆਈ ਤਾਂ, ਇੱਥੇ ਸਭ ਜਿੰਮੇਦਾਰੀਆਂ ਤੋਂ ਮੁਕਤ ਸੀ ਮੈਂ ਜਿਵੇਂ ਜਿਸ ਬਚਪਨ ਨੂੰ ਮੈਂ ਪੇਕੇ ਘਰ ਨਹੀਂ ਜੀਅ ਸਕੀ ਉਹ ਹੁਣ ਇਥੇ ਜੀਣ ਦਾ ਮੌਕਾ ਮਿਲ ਗਿਆ ਹੋਵੇ। ਬੀਜੀ ਹੀ ਸਾਰਾ ਹਿਸਾਬ ਕਿਤਾਬ ਦੇਖਦੇ, ਘਰ ਵਿਚ ਕੀ ਚੀਜ ਮੁੱਕੀ ਹੈ ਕੀ ਲਿਆਓਣ ਵਾਲੀ ਹੈ ਇਹ ਬੋਝ ਮੇਰੇ ਤੇ ਬੀਜੀ ਨੇ ਆਉਣ ਹੀ ਨਹੀਂ ਦਿੱਤਾ। ਸਭ ਕਾਸੇ ਦਾ ਫ਼ਿਕਰ ਆਪ ਹੀ ਕਰਿਆ ਕਰਦੇ, ਮੈਨੂੰ ਇੰਝ ਲਗਦਾ ਸੀ ਕਿ ਮੈਨੂੰ ਮੇਰੀ ਮਾਂ ਮਿਲ ਗਈ ਹੈ ਜੋ ਸਰਦਾਰੀ ਮੈਂ ਪੇਕੇ ਘਰ ਮਾਂ ਤੋ ਬਿਨਾਂ ਨਹੀਂ ਮਾਣ ਸਕੀ ਉਹ ਹੁਣ ਇਥੇ ਮਾਣ ਸਕਦੀ ਹਾਂ ਆਪਣੀ ਬੀਜੀ ਦੇ ਸਿਰ ਤੇ। ਪਰ ਮੈਂ ਇਹ ਬੋਝ ਤੋਂ ਜਿਆਦਾ ਦਿਨ ਦੂਰ ਨਾ ਰਹੀ, ਜਿਵੇ ਜਿੰਮੇਵਾਰੀਆਂ ਦਾ ਮੇਰੇ ਨਾਲ ਕੋਈ ਗੂੜਾ ਨਾਤਾ ਹੋਵੇ ਤੇ ਭੱਜ ਕੇ ਮੇਰੇ ਗੱਲ ਪੈ ਗਈਆਂ ਹੋਣ। ਮੇਰੇ ਵਿਆਹ ਤੋਂ 6 ਮਹੀਨੇ ਬਾਦ ਹੀ ਬੀਜੀ ਵੀ ਸਾਨੂੰ ਛੱਡ ਕੇ ਸਦਾ ਲਈ ਚਲੇ ਗਏ। ਮੈਨੂੰ ਤਾਂ ਕੁਝ ਸਮਝ ਹੀ ਨਹੀਂ ਸੀ ਅਾ ਰਹੀ, ਕੋਈ ਰਿਸ਼ਤੇਦਾਰ ਕੋਈ ਚੀਜ ਮੰਗਦਾ ਤਾਂ ਮੈਂ ਕਿੰਨਾ ਚਿਰ ਇਧਰ ਉਧਰ ਟੋਲਦੀ ਰਹਿੰਦੀ ਬੀਜੀ ਦੇ ਹੁੰਦੇ ਕਦੇ ਲੋੜ ਹੀ ਨਾ ਪਈ ਚੀਜਾਂ ਲਭਣ ਦੀ। ਮੈਂ ਕਮਲਿਆਂ ਵਾਂਗ ਇੱਕ ਚੀਜ ਲੱਭਣ ਲੱਗੀ ਸਾਰਾ ਘਰ ੳਥਲ ਪੁਥਲ ਕਰ ਦੇਂਦੀ ਸੀ। ਜਦੋੰ ਬੀਜੀ ਨੂੰ ਸੰਸਕਾਰ ਲਈ ਲਿਜਾਣ ਲੱਗੇ ਤਾਂ ਮੈਂ ਭੱਜ ਕੇ ਉਹਨਾਂ ਨੂੰ ਜੱਫੀ ਪਾ ਲਈ ਕੇ ਨਾ ਲੈਕੇ ਜਾਓ ਮੇਰੀ ਬੀਜੀ ਨੂੰ, ਮੈਨੂੰ ਦੂਜੀ ਵਾਰ ਮੇਰੀ ਮਾਂ ਤੋ ਦੂਰ ਨਾ ਕਰੋ। ਪਰ ਮੇਰੀ ਕਿਸੇ ਇੱਕ ਨਾ ਸੁਣੀ। ਦਿਨ ਬੀਤਦੇ ਗਏ ਭੋਗ ਵਾਲੇ ਦਿਨ ਤੱਕ ਮੇਰੀ ਨਨਾਣ ਸਾਡੇ ਘਰ ਹੀ ਰਹੀ। ਸਾਰੇ ਘਰ ਦੀ ਜਿੰਮੇਵਾਰੀ 10 ਦਿਨ ਉਸ ਆਪਣੇ ਹੱਥ ਚ ਲੈ ਲਈ, ਪਰ ਕਦੋਂ ਤੱਕ ਭੋਗ ਪੈਂਦੇ ਹੀ ਸ਼ਾਮ ਨੂੰ ਆਪਣੇ ਘਰ ਜਾਣ ਲੱਗੀ ਮੇਰੇ ਕੋਲ ਆਈ ਤੇ ਮੇਰੇ ਹੱਥ ਚਾਬੀਆਂ ਦਾ ਗੁੱਛਾ ਫੜਾਉਂਦੀ ਬੋਲੀ ਲੈ ਭਾਬੀ ਸਾਂਭ ਆਪਣੇ ਘਰ ਦੀ ਜਿੰਮੇਵਾਰੀ। ਇਹ ਉਹੀ ਚਾਬੀਆਂ ਦਾ ਗੁੱਛਾ ਸੀ ਜੋ ਬੀਜੀ ਕੋਲ ਹੋਇਆ ਕਰਦਾ ਸੀ, ਇਹ ਉਹੀ ਗੁੱਛਾ ਸੀ ਜੋ ਮੈਂ ਵਿਆਹ ਤੋ ਬਾਦ ਨਿੱਕੀ ਭੈਣ ਦੇ ਹੱਥ ਤੇ ਰੱਖ ਕੇ ਆਈ ਸੀ। ਜੋ ਕਦੇ ਮਾਂ ਦੇ ਅਚਾਨਕ ਤੁਰ ਜਾਣ ਤੇ ਮੇਰੇ ਹੱਥ ਚ ਆਣ ਪਿਆ ਸੀ। ਬਿਲਕੁੱਲ ਅੱਜ ਵਾਂਗ….. ਮੇਰੀ ਦੂਜੀ ਮਾਂ, ਮੇਰੀ ਬੀਜੀ ਦੇ ਤੁਰ ਜਾਣ ਪਿੱਛੋਂ
Jas Meet
Rekha Rani
Amoshnal kar deeta story ne. 😭😭✍👌👍
harjit singh
ਬਹੁਤ ਵਧੀਆ ਜੀ