ਸਾਡਾ ਦੋ ਜੌੜੀਆਂ ਭੈਣਾਂ ਦਾ ਇੱਕ ਚੰਨ ਵਰਗਾ ਭਰਾ ਸੀ, ਅੱਠ ਸਾਲ ਵੱਡਾ ਸੀ ਸਾਥੋਂ। ਜਦੋਂ ਅਸੀਂ ਚੌਥੀ ‘ਚ ਪਹਿਲੇ, ਦੂਜੇ ਨੰਬਰ ‘ਤੇ ਆਈਆਂ, ਉਹ ਨਵਾਂ-ਨਵਾਂ ਕਾਲਜ ਜਾਣ ਲੱਗਾ ਸੀ, ਉਹਨੇ ਖੁਸ਼ੀ ਵਿੱਚ ਆਪਣੇ ਪਾਕੇਟ ਮਨੀ ‘ਚੋਂ ਪਤਾਸੇ ਲਿਆ ਕੇ ਵੰਡੇ ਸਨ। ਕੋਈ ਟਰੱਕ ਫੇਟ ਮਾਰਕੇ ਸੁੱਟ ਗਿਆ ਸੀ ਖ਼ਤਾਨਾਂ ਵਿੱਚ। ਆਏ ਸਾਲ ਅਸੀਂ ਰੱਖੜੀ ਉਹਦੀ ਫ਼ੋਟੋ ਮੂਹਰੇ ਧਰਦੀਆਂ ਵੱਡੀਆਂ ਹੋ ਗਈਆਂ ਤੇ ਸਾਡੇ ਮਾਪੇ ਕੱਖਾਂ ਤੋਂ ਹੌਲ਼ੇ। ਉਸ ਤੋਂ ਮਗਰੋਂ ਸਾਡੇ ਘਰ ਦੇ ਬਨੇਰੇ ‘ਤੇ ਇੱਕ ਵੀ ਦਵਾਲ਼ੀ ‘ਤੇ ਦੀਵਾ ਨੀ ਬਲਿਆ।
ਜੇ ਕਿਤੇ ਰੇਡੀਓ ‘ਤੇ ਨੂਰਜਹਾਂ ਨੇ “ਇਹ ਪੁੱਤਰ ਹੱਟਾਂ ‘ਤੇ ਨਹੀਂ ਵਿਕਦੇ, ਤੂੰ ਲੱਭਦੀ ਫਿਰੇਂ ਬਜ਼ਾਰ, ਕੁੜੇ!” ਗੀਤ ਗਾਉਣਾ, ਮਾਂ ਦਾ ਰੋ-ਰੋ ਬੁਰਾ ਹਾਲ ਹੋ ਜਾਣਾ। ਸਾਡਾ ਹੁੰਦਾ-ਸੁੰਦਾ ਖੁੱਸ ਗਿਆ ਸੀ ਤਾਂ ਹੀ “ਇੱਕ ਵੀਰ ਦੇਈਂ, ਵੇ ਰੱਬਾ, ਸਹੁੰ ਖਾਣ ਨੂੰ ਬੜਾ ਚਿੱਤ ਕਰਦਾ!” ਗੀਤ ਦੇ ਮਾਇਨੇ ਸਾਡੇ ਲਈ ਹੋਰ ਵੀ ਦਿਲ-ਕੋਹਣੇ ਸਨ।
ਮੈਂ ਪੜ੍ਹਾਈ ਕਰਕੇ ਸੈੱਟ ਹੋਣ ਲਈ ਕਨੇਡਾ ਆ ਗਈ। ਮੇਰੇ ਨਾਲ਼ ਸਟੋਰ ਵਿੱਚ ਇੱਕ ਮੁੰਡਾ ਕੰਮ ਕਰਦਾ ਸੀ, ਪੱਗ ਬਿਲਕੁਲ ਵੀਰੇ ਵਰਗੀ ਬੰਨ੍ਹਦਾ ਸੀ, ਹੂ-ਬ-ਹੂ ਉਹੀ ਸ਼ਕਲ, ਉਹੀ ਸੂਰਤ, ਉਹੀ ਤੋਰ, ਉਹੀ ਬੋਲ-ਬਾਣੀ, ਉਂਝ ਲੱਗਦਾ ਮੈਨੂੰ ਹਾਣ ਦਾ ਜਾਂ ਛੋਟਾ ਸੀ, ਘੱਟ ਬੋਲਦਾ ਸੀ, ਆਪਣੇ ਕੰਮ ਨਾਲ਼ ਮਤਲਬ ਰੱਖਦਾ ਸੀ। ਮੁੰਡਿਆਂ ਆਲ਼ੀਆਂ ਗੱਲਾਂ ਈ ਨਹੀਂ ਸਨ ਉਹਦੇ ‘ਚ। ਕਦੇ ਜਿਗਰਾ ਈ ਨਾ ਪਿਆ ਉਹਦੇ ਨਾਲ਼ ਜ਼ੁਬਾਨ ਸਾਂਝੀ ਕਰਨ ਦਾ।
ਨਾਂ ਜਾਣਦਾ ਸੀ ਮੇਰਾ, ਇੱਕ ਦਿਨ ਆ ਕੇ ਕਹਿੰਦਾ,”ਰਾਜ,...
ਅੱਜ ਕੰਮ ‘ਤੇ ਮੇਰਾ ਆਖਰੀ ਦਿਨ ਏ, ਸੋਚਿਆ ਜਾਂਦਾ-ਜਾਂਦਾ ਭੈਣ ਨੂੰ ਸਤਿ ਸ੍ਰੀ ‘ਕਾਲ ਕਹਿੰਦਾ ਜਾਵਾਂ। ਝਿਜਕ ਜਹੀ ਸੀ ਪਹਿਲਾਂ ਕਿਤੇ ਬੁਲਾਇਆ ਈ ਨੀ ਗਿਆ।”
ਮੈਂ ਥਾਂਏਂ ਸੁੰਨ ਹੋ ਗਈ, ਹੋਸ਼ ਸੰਭਾਲਦਿਆਂ ਪੁੱਛਿਆ, “ਕਿਸੇ ਹੋਰ ਸ਼ਹਿਰ ਮੂਵ ਹੋਣਾ ਏ?”
“ਨਹੀਂ, ਹੋਰ ਵਧੀਆ ਜੌਬ ਦਾ ਆਫ਼ਰ ਏ!”
ਬ੍ਰੇਕ ‘ਚ ਅੱਧਾ ਘੰਟਾ ਪਿਆ ਸੀ, ਮਨ ਕੰਮ ‘ਤੋਂ ਉੱਖੜ ਗਿਆ, ਪੰਦਰਾਂ ਸਾਲ਼ ਪੁਰਾਣੀਆਂ ਯਾਦਾਂ ਨੇ ਘੇਰ ਲਿਆ, ‘ਜੇ ਉਹ ਹੁੰਦਾ ਅਸੀਂ ਇੱਕ-ਦੋ ਜਵਾਕਾਂ ਦੀ ਭੂਆ ਹੋਣਾ ਸੀ, ਸਾਡਾ ਵਿਹੜਾ ਵੀ ਵੱਸਦਾ ਹੋਣਾ ਸੀ! ਬੇਬੇ-ਬਾਪੂ ਤਿਲ-ਤਿਲ ਕਰਕੇ ਦਿਨ ਨਾ ਟਪਾਉਂਦੇ!’ ਬਦੋ-ਬਦੀ ਰੋਣ ਨਿੱਕਲੀ ਜਾਵੇ।
ਮਨ ਦੀ ਜ਼ਮੀਨ ‘ਤੇ ਕਬਜਾ ਕਰਨਾ ਕੋਈ ਇਹਨਾਂ ਯਾਦਾਂ ਤੋਂ ਸਿੱਖੇ!
ਬ੍ਰੇਕ ਵੇਲ਼ੇ ਪੰਜਾਬੀ ਸਟੋਰ ‘ਤੇ ਗਈ, ਪਤਾਸੇ ਲੈ ਕੇ ਆਈ, ਉਹਦਾ ਮੂੰਹ ਮਿੱਠਾ ਕਰਾਇਆ, ਜਦੋਂ ਹੋਰਾਂ ਦੇ ਹੱਥ ‘ਤੇ ਧਰਨ ਲੱਗੀ ਤਾਂ ਉਹ ਪਤਾਸੇ ਦੇਖਕੇ ਹੱਸ ਪਏ ਪਰ ਮੇਰੇ ਹੰਝੂ ਨਾ ਰੁਕਣ। ਪੁੱਛਦੇ,”ਕੀ ਹੋ ਗਿਆ?”
“ਬੱਸ, ਇਉਂ ਈ ਸਮਝ ਲੋ ਵਿੱਛੜਿਆ ਭਰਾ ਮਿਲ ਗਿਆ ਏ!”
ਬੜਾ ਬੀਬਾ ਏ, ਅਕਸਰ ਫ਼ੋਨ ਕਰਕੇ ਹਾਲ ਪੁੱਛਦਾ ਰਹਿੰਦਾ ਏ, ਮਿਲ ਵੀ ਜਾਂਦਾ ਏ। ਸ਼ੁਕਰ ਏ, ਸਾਡੀ ਰੱਖੜੀ ਨੂੰ ਵੀ ਭਰਾ ਦਾ ਗੁੱਟ ਮਿਲ ਗਿਆ!
ਬਲਜੀਤ ਖ਼ਾਨ ਸਪੁੱਤਰ ਮਾਂ ਬਸ਼ੀਰਾਂ। ਸਤਾਈ ਮਾਰਚ ਵੀਹ ਸੌ ਇੱਕੀ।