ਫੁਲਕਾਰੀ ਪਾਕੇ ਦਿੱਤੀ ਬੂਰੀ ਮੱਝ , ਜਿਸ ਤੋਂ ਕਦੀ ਮੱਖੀ ਤਿਲਕਦੀ ਸੀ …ਸੁੱਕੀ ਕੰਗੌੜ ,ਅੰਦਰ ਧੱਸੀਆਂ ਅੱਖਾਂ ਤੇ ਝੋਲਮਾਰਦੀ ਨੂੰ ਵੀਰ ਨੇ ਵਿਹੜੇ ਲਿਆ ਬੱਧਾ।
ਵੰਨ ਸਵੰਨੀਆਂ ਨਵੀਆਂ ਨਿਕੋਰ ਲਿਸ਼ਕਦੀਆਂ ਕੀਮਤੀ ਵਸਤਾਂ ਜਿਨ੍ਹਾਂ ਨੂੰ ਚਾਈਂ ਚਾਈੰ ਮੌਲੀਆਂ ਬੰਨ , ਸ਼ਗਨਾਂ ਸਾਰਥਾਂ ਨਾਲ ਦਹੇਜ਼ ਦੇ ਰੂਪ ਵਿੱਚ ਗੱਡਿਆਂ ਤੇ ਲੱਧ ਤੋਰਿਆ ਸੀ ..ਉਨ੍ਹਾਂ ਚਿੱਬ-ਖੜੀਬੀਆਂ ਟੁੱਟੀਆਂ -ਭੱਜੀਆਂ ਨੂੰ ਰੇਹੜਿਆਂ ਤੋਂ ਉਤਾਰ ਵਰਾਂਡੇ ਵਿੱਚ ਲਿਆ ਰੱਖਿਆ।
ਛੁੱਟ-ਛੁੱਡਾਵੇ ਤੋਂ ਬਾਅਦ ਵਾਪਿਸ ਆਏ ਦਹੇਜ਼ ਨੂੰ ਵੇਖ ਜਿਥੇ ਆਂਡ-ਗੁਆਂਢ ਤੇ ਸ਼ਰੀਕੇ ਨੇ ਰੱਜਕੇ ਛੱਜ ‘ਚ’ ਪਾ ਛੁੱਟਿਆ …ਉਥੇ ਲੋਕਾਂ ਮੂੰਹ ਜੋੜ ਜੋੜ ਭਾਂਤ-ਭਾਂਤ ਦੀਆਂ ਊਜਾਂ ਲਾਉਣ ਵਾਲੀ ਕਸਰ ਨਾ ਛੱਡੀ।
ਅੰਮੜੀ !! ਕੋਲੋਂ ਧੀ ਦੀ ਬਰਬਾਦੀ ਸਹਿ ਨਾ ਹੋਈ। ਜਿਸ ਮੰਦੜੇ ਦਿਨ ਦਹੇਜ਼ ਘਰ ਮੁੜਿਆ, ਉਸੇ ਰਾਤ ਉਹ ਸੁੱਤੀ ਸੋੰ ਗਈ।
ਬਾਪੂ ਜੋ ਪਰੇ ਪੰਚਾਇਤਾਂ ਵਿੱਚ ਲੋਕਾਂ ਦੇ ਝਗੜੇ ਛਿੰਨਾਂ ਪਲਾਂ ਵਿੱਚ ਨਿਬੇੜਣ ਦੀ ਮੁਹਾਰਤ ਰੱਖਦਾ ਸੀ ….ਆਪਣੀ ਲਾਡਲੀ ਧੀ ਦਾ ਕੇਸ ਭਰੀ ਕਚਹਿਰੀ ਹਾਰ ਗਿਆ।
ਇਸ ਨਿਮੋਸ਼ੀ ਦੇ ਮਾਰੇ ਉਸ ਪਰੇ ਵਿੱਚ ਜਾਣਾ ਛੱਡ ਦਿੱਤਾ । ਹੁਣ ਤੇ ਉਹ ਖੁਸ਼ੀ-ਗਮੀ ਦੇ ਆਏ ਸੱਦੇ ਤੇ ਵੀ ਨਾ ਜਾਂਦਾ । ਜੇ ਮੈਂ ਕਹਿੰਦੀ , “ਬਾਪੂ ਹਿੰਮਤ ਨਹੀਂ ਹਾਰੀਦੀ , ਰਾਜਿਆਂ ਰਾਣਿਆਂ ਦੀਆਂ ਧੀਆਂ ਨਾਲ ਵੀ ਇਸ ਤਰ੍ਹਾਂ ਦੇ ਕਹਿਰ ਹੋ ਜਾਂਦੇ , ਫੇਰ ਅਸੀਂ ਕੇਹਦੇ ਪਾਣੀ ਹਾਰ ਹਾਂ । ਤੂੰ ਆਪ ਕਹਿੰਦਾ ਹੁੰਦਾ ਸੀ , “ਮਾੜੇ -ਚੰਗੇ ਵਕਤ ਵਿੱਚ ਵੀ ਸਮਾਜ ਦਾ ਹਿੱਸਾ ਬਣੇ ਰਹਿਣਾ ਚਾਹੁੰਦਾ । ਫਿਰ ਹੁਣ ਤੂੰ ਕਿਉਂ ਅੰਦਰ ਪੈਕੇ ਮੁੱਕੀ ਜਾਨਾ । ਇਸ ਹੋਏ ਅਨਰਥ ਲਈ ਨਾ ਤੇਰੀ ਧੀ ਤੇ ਨਾ ਤੂੰ ਗੁਨਾਹਗਾਰ ਏ । ਦੋਸ਼ੀ ਤਾਂ ਉਹ ਨੇ ਜਿਨ੍ਹਾਂ ਸਾਡੇ ਨਾਲ ਧੋਖਾ ਕੀਤਾ । .ਜੇ ਕੋਈ ਸੱਦਾ ਦੇਣ ਆਉਂਦਾ ਤਾਂ ਦਿਲ ਵੱਡਾ ਕਰਕੇ ਹਾਜ਼ਰੀ ਭਰ ਆਇਆ ਕਰ।”
“ਪੁੱਤ ਦਾਤਰੀ ਨੂੰ ਇਕ ਪਾਸੇ ਦੰਦੇ ਹੁੰਦੇ ਨੇ ਪਰ ਇਸ ਦੁਨੀਆ ਨੂੰ ਦੋਵੀਂ ਪਾਸੇ ਦੰਦੇ ਆ। ਜਿਹੜੀ ਧਿਰ ਨਾਲ ਧੱਕਾ ਹੋਇਆ ਹੋਵੇ ਉਹ ਹਮਦਰਦੀ ਦੀ ਪਾਤਰ ਹੁੰਦੀ ਪਰ ਇਹ ਲੋਕ ਹਮਦਰਦੀ ਦੀ ਥਾਂ ਟਿੱਚਰਾਂ ਕਰਨੋ ਬਾਜ ਨਹੀਂ ਆਉਂਦੇ ।
ਉਸ ਦਿਨ ਜੈਲਦਾਰ ਦੇ ਘਰ ਅਖੰਡ ਪਾਠ ਤੇ ਗਿਆ ਸਾਂ । ਮਿੰਦਰ ਸਿਉੰ ਕਹਿੰਦਾ...
, ” ਸੁਣਿਆ !! ਕਰਮ ਸਿਆਂ , ਆਪਣੀ ਗੁੱਡੀ ਨੂੰ ਉਨ੍ਹਾਂ ਛੱਡ ਦਿੱਤਾ ?? ਚਲੋ ਜੋ ਮਹਾਂਰਾਜ ਨੂੰ ਭਾਵੇ ..ਪਰ ਇਕ ਗੱਲ ਯਾਦ ਰੱਖੀਂ, ” ਛੰਨਾ ਟੁੱਟ ਜਾਏ ਤਾਂ ਠੂੱਠਾ ਈ ਲਭਦਾ ਹੁੰਦਾ।” ਉਸ ਦਿਨ ਤੋਂ ਬਾਅਦ ‘ਧੀਏ’ ਮੇਰਾ ਕਿਸੇ ਦੇ ਘਰ ਜਾਣਦਾ ਹੀਆ ਨਹੀਂ ਪਿਆ।” ਬਾਪੂ ਦੇ ਕਹੇ ਬੋਲ , “ਛੰਨਾ ਟੁੱਟ ਜਾਏ ਤਾਂ ਠੂੱਠਾ ਲਭਦਾ ਹੁੰਦਾ” ਨੇ ਮੇਰੀਆਂ ਰਹਿੰਦੀਆਂ ਖੁੰਹਦੀਆਂ ਆਸਾਂ ਤੇ ਪਾਣੀ ਫੇਰ ਗਿਆ । ਪਹਾੜ ਜਿੱਡੀ ਜਿੰਦਗੀ ਦਾ ਹੁਣ ਕੀ ਬਣੂ , ਨਿਰਾਸ਼ਾ ਦੀਆਂ ਘੁੰਮਣ – ਘੇਰੀਆਂ ਨੇ ਚਾਰੇ ਪਾਸਿਓਂ ਆਣ ਜੱਕੜਿਆ।
ਧੁਰ ਅੰਦਰ ਤੱਕ ਟੁੱਟ ਚੁੱਕੀ ਨੂੰ ਹਮਦਰਦੀ ਦੀ ਡਾਢੀ ਥੁੜ ਮਹਿਸੂਸ ਹੁੰਦੀ .. ..ਇਹ ਹਮਦਰਦੀ ਮਾਪਿਆਂ 5-6 ਮਹਿਨੇ ਦਿੱਤੀ ਵੀ…ਪ੍ਰੰਤੂ ਹੁਣ ਭਾਬੀਆਂ ਮੇਰੇ ਕੀਤੇ ਕੰਮਾਂ ਵਿੱਚ ਨੁੱਕਸ ਕੱਢ ਕੋਈ ਨਾ ਕੋਈ ਕਲੇਸ਼ ਪਾਉਣ ਦੀ ਤਾਕ ਵਿੱਚ ਰਹਿੰਦੀਆਂ । ਉਨ੍ਹਾਂ ਦੇ ਕਹੇ ਬੋਲਾਂ ਵਿੱਚ ਕੱੜਤਣ ਸਾਫ ਨਜ਼ਰ ਆਉਂਦੀ। ਮੈਂ ਜੀਭ ਨੂੰ ਤਾਲਾ ਲਾ , ਬੁੱਲ ਸੀਅ ਲਏ । ਬਾਬੁਲ ਦੇ ਘਰ ਬਿਨਾਂ ਮੇਰਾ ਹੋਰ ਕੋਈ ਟਿਕਾਣਾ ਵੀ ਨਹੀਂ ਸੀ।
ਮਾਂ ਜਾਏ ਵੀਰ ਜੋ ਮੂੰਹੋਂ ਮੰਗੀ ਚੀਜ਼ ਪਹਿਲ ਦੇ ਅਧਾਰ ਤੇ ਲਿਆਉੰਦੇ ਨਾ ਥੱਕਦੇ… ਮੇਰੇ ਤੋਂ ਆਨਾਕਾਨੀ ਕਰਨ ਲਗ ਪਏ। ਉਹ ਮੇਰੇ ਨਾਲ ਥੋੜ੍ਹੀ ਤੋਂ ਥੋੜ੍ਹੀ ਗੱਲ ਨਾਲ ਬੁੱਤਾ ਸਾਰਦੇ।
ਬਾਪੂ ਜੋ ਕਦੀ ਸੱਜਾ ਹੱਥ ਸਿਰ ਤੇ ਰੱਖ ਪਿਆਰ ਦੇੰਦਾ ਸੀ ….ਅੰਮੜੀ ਦੇ ਤੁਰ ਜਾਣ ਬਾਅਦ ਹੁਣ ਉਹ ਦੋਵੇਂ ਹੱਥਾਂ ਨਾਲ ਸਿਰ ਪਲੋਸ ਹੌਸਲਾ ਦੇੰਦਾ …ਜਿਵੇਂ ਇਕ ਹੱਥ ਬੇਬੇ ਦੇ ਵੰਡੇਦਾ ਰੱਖ ਦੋਹਰਾ ਫਰਜ ਨਿਭਾ ਰਿਹਾ ਹੋਵੇ। ਸੱਚ ਜਾਣਿਓ !! ਉਸਦੇ ਦੋਵੇਂ ਹੱਥ ਇੰਝ ਮਹਿਸੂਸ ਹੁੰਦੇ ਜਿਵੇਂ , ਬੇਬੇ-ਬਾਪੂ ਮੈਨੂੰ ਕਿਰਦੀ ਜਾਂਦੀ ਨੂੰ ਇੱਕਠਿਆਂ ਕਰ ਗੋਦ ਵਿੱਚ ਬੈਠਾ ਰਹੇ ਹੋਣ। ਬਾਪੂ ਦੇ ਕੰਬਦੇ ਹੱਥ ਜਦੋਂ ਮੇਰੇ ਸਿਰ ਤੋਂ ਮੂੰਹ ਨੂੰ ਆਉਂਦੇ ਤਾਂ ਸਿਲੇ ਹੋਏ ਹੱਥਾਂ ਨੂੰ ਵੇਖ ਉਹ ਭੁੱਬੀਂ ਵਹਿ ਤੁਰਦਾ। ( ਚਲਦਾ)
✍:- ਗੁਰਨਾਮ ਨਿੱਜਰ=08/05/2021