More Punjabi Kahaniya  Posts
ਛੋਹ ਦੀਆਂ ਤਰੰਗਾਂ


ਸ਼ਾਮ ਦਾ ਵਕਤ , ਇੰਗਲੈਂਡ ਦੀਆਂ ਠੰਢੀਆਂ ਸ਼ਾਮਾਂ ਚੋ ਇੱਕ ਸ਼ਾਮ । ਕੰਮ ਤੋਂ ਆ ਕੇ ਨਹਾ ਕੇ ਜਸਬੀਰ ਡਿਨਰ ਲਈ ਬੈਠਾ , ਫ਼ੋਨ ਦੀ ਬੈੱਲ ਵੱਜੀ । ਫ਼ੋਨ ਉਠਾਇਆ ਤਾਂ ਆਵਾਜ ਆਈ ,” ਭਾਜੀ ਸਾਸਰੀ ਕਾਲ, ਗੇਜਾ ਬੋਲਦਾਂ ਵੁਲਵਰਹੈਪਟਨ ਤੋਂ , ਪਤਾ ਲੱਗਾ ਭਾਜੀ ਇੰਡੀਆ ਚੱਲੇ, ਮੇਰਾ ਥੋੜਾ ਸਮਾਨ ਈ ਲੈ ਜੋ “ਸੁਣਕੇ ਉਹ ਜ਼ਰਾ ਕੁ ਖਿਝ ਗਿਆ ,

ਯਾਰ , ਇਹਨਾਂ ਨੂੰ ਪਤਾ ਨਹੀ ਕਿਵੇਂ ਬਾਸ਼ਨਾ ਆ ਜਾਂਦੀ , ਓਥੋਂ ਸਭ ਕੁਝ ਮਿਲਦਾ , ਏਧਰੋਂ ਪੰਡਾਂ ਬੰਨ੍ਹ ਬੰਨ੍ਹ ਭੇਜੀ ਜਾਂਦੇ ਆ, ਅੰਦਰਲੇ ਗ਼ੁੱਸੇ ਨੂੰ ਦਬਾ ਕੇ ਉਹ ਬੋਲਿਆ,”ਗੇਜੇ ਮੈ ਸਮਾਨ ਪੈਕ ਕਰਕੇ ਤੋਲ ਲਵਾਂ , ਫਿਰ ਫ਼ੋਨ ਕਰਦਾਂ ਤੈਨੂੰ ਜੇ ਗੁੰਜਾਇਸ਼ ਹੋਈ ਤੇ“ ਗੇਜੇ ਤਰਲਾ ਮਾਰਿਆ ,”ਭਾਜੀ , ਮੇਰੇ ਕੋਲ ਸਿਰਫ ਡੇਢ ਕੁ ਕਿੱਲੋ ਭਾਰ ਏ, ਤੇ ਮਾਤਾ ਵਾਸਤੇ ਬੀ ਪੀ ਚੈੱਕ ਕਰਨ ਦੀ ਮਸ਼ੀਨ , ਬੜੀ ਮਿਹਰਬਾਨੀ ਹੋਊਗੀ ਜੇ ਪਹੁੰਚਾ ਦਿਓ ਤਾਂ,”ਮਾਂ ਦੇ ਨਾਮ ਤੋ ਉਹ ਝੇਂਪ ਗਿਆ , ਮਾਂ ਦਾ ਵਰ੍ਹੀਣਾ ਕਰਨ ਈ ਤਾਂ ਚੱਲਿਆਂ ਸੀ ਉਹ ਪੰਜਾਬ ।

ਅਨਮਨੇ ਜਿਹੇ ਮਨ ਨਾਲ ਹਾਂ ਕਰ ਦਿੱਤੀ ਕਿ ਭਾਰ ਇਸ ਤੋ ਵੱਧ ਨਾ ਹੋਵੇ । ਅਗਲੇ ਦਿਨ ਗੇਜਾ ਸ਼ਾਮ ਨੂੰ ਸਮਾਨ ਲੈ ਕੇ ਆ ਗਿਆ , ਪਿਤਾ ਲਈ ਇੱਕ ਜੈਕਟ ਤੇ ਮਾ ਲਈ ਕੋਟੀ , ਮਸ਼ੀਨ ਤੇ ਹੋਰ ਨਿੱਕੜ ਸੁੱਕੜ । ਉਹਨੇ ਸਮਾਨ ਲੈ ਲਿਆ , ਅਗਲੇ ਦਿਨ ਸਵੱਖਤੇ ਫਲਾਈਟ ਲੈ ਕੇ ਉਹ ਇੰਡੀਆ ਚਲਾ ਗਿਆ। ਸਫਰ ਦੀ ਥਕਾਵਟ ਉਤਾਰੀ ਤੇ ਮਾਂ ਦੇ ਵਰ੍ਹੀਣੇ ਦਾ ਪਾਠ ਕਰਵਾਇਆਂ । ਕਰੀਬ ਦਸ ਦਿਨ ਬੀਤ ਗਏ ।

ਫਿਰ ਅਚਾਨਕ ਇੱਕ ਦਿਨ ਗੇਜੇ ਦੀ ਵਟਸਐਪ ਕਾਲ ਆਈ,” ਭਾਜੀ , ਵੀਰ ਬਣ ਕੇ ਇੱਕ ਕੰਮ ਈ ਕਰਦੇ ਮੇਰਾ”ਹੁਣ ਉਹ ਖਿਝ ਗਿਆ ਜ਼ਰਾ ਕੁ, “ ਹੁਣ ਹੋਰ ਕੀ ਕੰਮ ਏ ਯਾਰ, ਸਮਾਨ ਲੈ ਤਾ ਆਇਆਂ, ਘਰਦਿਆਂ ਨੂੰ ਮੇਰਾ ਅਡਰੈੱਸ ਦੇ ਦੇ , ਸਮਾਨ ਲੈ ਜਾਣ ਆ ਕੇ “ ਗੇਜਾ ਮਿੰਨਤ ਕਰਨ ਲੱਗਾ ,”ਭਾਜੀ, ਸਮਾਨ ਘਰ ਪਹੁੰਚਾ ਦਿਓ ਜਾਂ ਬੰਦਾ ਭੇਜ ਦਿਓ , ਮੈ ਖਰਚ ਦੇ ਦੂੰ ਜਾਣ ਆਉਣ ਦਾ , ਮਾਂ ਪਿਓ ਬਜ਼ੁਰਗ ਨੇ ਤੇ ਭਰਾ ਨਸ਼ਿਆਂ ਚ ਪਿਆ ਏ, ਜੇ ਉਹਨੂੰ ਘੱਲਿਆ ਤਾਂ ਸਮਾਨ ਰਾਹ ਚ ਵੇਚ ਕੇ ਖਾ ਜੂ’‘ਪਰ ਆਹ ਗੱਲ ਤੇ ਗੇਜਿਆ ਤੂੰ ਓਦਣ ਨਹੀ ਦੱਸੀ ਕਿ ਤੇਰੇ ਪਿੰਡ ਵੀ ਜਾਣਾ ਪਊ, ਹੱਦ ਕਰਦਾਂ ਯਾਰ ਤੂੰ ਵੀ , ਖ਼ੈਰ ਅਡਰੈੱਸ ਭੇਜ , ਕਰਦਾਂ ਕੁਝ ਨਾ ਕੁਝ ‘ਤੇ ਉਹ ਮੂੰਹ ਚ ਬੜਬੜਾਉਂਦਾ ਰਿਹਾ ਕਿੰਨਾ ਚਿਰ।

ਗੇਜਾ ਬਿਨਾ ਪੇਪਰਾਂ ਤੋ ਇੰਗਲੈਂਡ ਰਹਿ ਰਿਹਾ ਏ ਕਰੀਬ ਪੰਦਰਾਂ ਸਾਲਾਂ ਤੋਂ, ਮਾਂ ਬਾਪ ਦੀ ਗੈਰ ਹਾਜ਼ਰੀ ਵਿੱਚ ਈ ਇੰਗਲੈਂਡ ਵਿਆਹ ਵੀ ਕਰਵਾ ਲਿਆ ਏ, ਦੋ ਬੱਚੇ ਵੀ ਹੋ ਗਏ ਨੇ ,ਪਰ ਪੱਕੇ ਹੋਣ ਦੀ ਵਾਰੀ ਨਹੀ ਆ ਰਹੀ । ਗੇਜੇ ਅਡਰੈੱਸ ਘੱਲਿਆ, ਬਿਲਕੁਲ ਬਾਡਰ ਤੇ ਸੀ ਪਿੰਡ ਓਹਦਾ , ਅਟਾਰੀ ਲਾਗੇ, ਜਿੱਥੇ ਲੋਕ ਰਿਟਰੀਟ (Retreat Ceremony) ਵੇਖਣ ਜਾਂਦੇ ਆ।

ਉਹਨੇ ਸੋਚਿਆ ਕਿ ਉਹ ਹਰਿਮੰਦਰ ਸਾਹਿਬ ਮੱਥਾ ਟੇਕ ਆਵੇਗਾ ਤੇ ਨਾਲ ਸਮਾਨ ਦੇ ਆਊਂਗਾ ਗੇਜੇ ਦੇ ਪਿੰਡ । ਦੋ ਕੁ ਦਿਨਾਂ ਦੇ ਵਕਫ਼ੇ ਬਾਅਦ ਉਹਨੇ ਪ੍ਰੋਗਰਾਮ ਬਣਾ ਲਿਆ ਤੇ ਗੇਜੇ ਕੇ ਘਰੇ ਵੀ ਫ਼ੋਨ ਲਾ ਕੇ ਦੱਸ ਦਿੱਤਾ ਆਉਣ ਦਾ ਕਿ ਕੱਲ੍ਹ ਨੂੰ ਆ ਰਿਹਾਂ ਦਸ ਗਿਆਰਾਂ ਕੁ ਵਜੇ ਨਾਲ। ਜਲੰਧਰ ਤੋਂ ਸਵੱਖਤੇ ਤੁਰ ਪਹਿਲਾਂ ਹਰਿਮੰਦਰ ਸਾਹਿਬ ਪਹੁੰਚਾ , ਇਸ਼ਨਾਨ ਕੀਤਾ , ਪਰ ਜਦ ਭੀੜ ਵੇਖੀ ਤਾਂ ਅੰਦਰ ਮੱਥਾ ਟੇਕਣ ਦਾ ਵਿਚਾਰ ਛੱਡ ਦਿੱਤਾ, ਬਰੀਕ ਜਿਹੀ ਸੋਚ ਆ ਗਈ ਕਿ ਗੇਜੇ ਦੇ ਪਿੰਡ ਨਾ ਜਾਣਾ ਹੁੰਦਾ ਤਾਂ ਘੰਟਾ ਕੁ ਲਾਈਨ ਚ ਲੱਗ ਮੱਥਾ ਵੀ ਟੇਕ ਆਉਂਦਾ , ਮਨ ਮਸੋਸ ਕੇ ਬਾਹਰੋਂ ਦਰਸ਼ਨੀ ਡਿਉੜੀ ਤੋ ਈ ਮੱਥਾ ਟੇਕਿਆ ਤੇ ਬਾਹਰ ਨਿਕਲ ਆਇਆ ਘੰਟਾ ਘਰ ਵਾਲੇ ਪਾਸਿਓਂ।

ਕਰੀਬ ਗਿਆਰਾਂ ਕੁ ਵਜੇ ਉਹ ਗੇਜੇ ਘਰ ਜਾ ਪਹੁੰਚਿਆ । ਪਿੰਡੋਂ ਬਾਹਰਵਾਰ ਸੋਹਣੀ ਕੋਠੀ ਪਾ ਕੇ ਗੇਟ ਲਵਾਇਆ ਹੋਇਆਂ ਸੀ ਨਵੇਂ ਡਿਜ਼ਾਈਨ ਦਾ । ਜਦ ਹਾਰਨ ਮਾਰਿਆ ਤਾਂ ਗੇਜੇ ਦੀ ਭਰਜਾਈ ਨੇ ਗੇਟ ਖੋਲ੍ਹਿਆ ਤੇ ਜ਼ਰਾ ਰੁਕਣ ਲਈ ਕਿਹਾ , ਅੰਦਰ ਆਉਣ...

ਤੋ ਪਹਿਲਾਂ ਤੇਲ ਚੁਆਉਣਾ ਸੀ ਗੇਜੇ ਦੀ ਮਾਤਾ ਨੇ । ਕਾਰ ਅੰਦਰ ਕਰ ਜਦ ਉਹ ਕਾਰ ਤੋ ਬਾਹਰ ਨਿਕਲਿਆ ਤਾਂ ਗੇਜੇ ਦੀ ਮਾਤਾ ਨੇ ਉਹਨੂੰ ਕਲਾਵੇ ਚ ਲੈ ਲਿਆ, ਮੱਥਾ ਚੁੰਮਿਆਂ , ਜਦ ਡਿੱਘੀ ਚੋਂ ਸਮਾਨ ਕੱਢ ਕੇ ਮਾਤਾ ਨੂੰ ਫੜਾਇਆ ਤਾਂ ਨੈਣ ਕਟੋਰੇ ਭਰ ਆਏ । ਪੁੱਛਿਆ, ਮੇਰੇ ਪੁੱਤ ਦੇ ਹੱਥ ਲੱਗੇ ਨੇ ਨਾ ਇਸ ਸਮਾਨ ਨੂੰ ? ਜਦ ਉਹਨੇ ਦੱਸਿਆ ਕਿ ਗੇਜੇ ਤੋ ਇਲਾਵਾ ਉਹਦੇ ਨੂੰਹ ਪੋਤਰਿਆਂ ਦੇ ਵੀ ਹੱਥ ਲੱਗੇ ਹੋਏ ਨੇ ਤਾਂ ਮਾਂ ਪਿੱਘਲ ਗਈ , ਵਿਹੜੇ ਚ ਪਏ ਮੰਜੇ ਤੇ ਸਮਾਨ ਖਿਲਾਰ ਹੱਥਾਂ ਨਾਲ ਛੋਹ ਕੇ ਵੇਖਣ ਲੱਗ ਪਈ , ਪਰਲ ਪਰਲ ਹੰਝੂ ਵਹਿ ਤੁਰੇ ਆਪ ਮੁਹਾਰੇ ਪੁੱਤ ਦੇ ਹੱਥਾਂ ਦੀ ਛੋਹ ਮਹਿਸੂਸ ਕਰਕੇ ।

ਫਿਰ ਕੁਝ ਚਿਰ ਬਾਅਦ ਜਰਾ ਸਹਿਜ ਹੋ ਕੇ ਆਪ ਈ ਬੋਲਣ ਲੱਗ ਪਈ , “ ਵੀਹਾਂ ਕੁ ਵਰ੍ਹਿਆਂ ਦਾ ਸੀ ਗੇਜਾ , ਜਦੋਂ ਦਾ ਪਰਦੇਸੀ ਹੋ ਗਿਆ, ਮਾੜੀ ਮਾੜੀ ਲੂੰ ਫੁੱਟਦੀ ਸੀ ਮੇਰੇ ਪੁੱਤ ਦੇ ਹਾਲੇ ।ਲੋਹੜੇ ਦੀ ਕਮਾਈ ਕੀਤੀ, ਜ਼ਮੀਨ ਬਣਾਈ ਮੇਰੇ ਪੁੱਤ ਦੇ ਸਿਰੋਂ ਅਸਾਂ, ਟਰੈਗਟ, ਟਰਾਲੀ , ਸਾਰੇ ਸੰਦ ਖਰੀਦ ਕੇ ਦਿੱਤੇ ਗੇਜੇ ਨੇ । ਕੋਠੀ ਖੜੀ ਕੀਤੀ ਆਹ । ਨਿੱਕੇ ਭੈਣ ਭਰਾ ਦਾ ਵਿਆਹ ਕੀਤਾ ।ਸਾਰਾ ਟੱਬਰ ਐਸ਼ਾਂ ਕਰਦਾ ਉਹਦੇ ਸਿਰ ਤੇ ।ਪਰ ਮੇਰੀਆਂ ਆਂਦਰਾਂ ਨੂੰ ਚੈਨ ਨਹੀਂ ਆਉਂਦਾ । ਖੌਰੇ ਕਦੋਂ ਪੈਰ ਪਾਊਗਾ ਮੇਰਾ ਲਾਲ ਆਪਣੇ ਘਰੇ , ਉਹੀ ਦਿਨ ਕਰਮਾਂ ਵਾਲਾ ਹੋਊ ” ਮਾਂ ਹੱਥ ਜੋੜ ਕੇ ਉਤਾਂਹ ਨੂੰ ਵੇਖ ਰਹੀ ਸੀ ਡੱਬ ਡਬਾਈਆਂ ਅੱਖਾਂ ਨਾਲ ।

ਜਸਬੀਰ ਨੇ ਉੱਠ ਕੇ ਗੇਜੇ ਦੀ ਅੰਮਾਂ ਨੂੰ ਹੌਸਲਾ ਦਿੱਤਾ, “ ਬੀਜੀ ਹੌਸਲਾ ਰੱਖੋ , ਸਾਲ ਖੰਡ ਤੱਕ ਪੇਪਰ ਬਣ ਜਾਣੇ ਆਂ, ਫਿਰ ਰੱਜ ਰੱਜ ਮਿਲਿਓ ਆਪਣੇ ਪੁੱਤ ਪੋਤਰਿਆਂ ਨੂੰ “ਗੇਜੇ ਦੀ ਭਰਜਾਈ ਪਾਣੀ ਦਾ ਗਲਾਸ ਲੈ ਕੇ ਆਈ ਆਪਣੀ ਸੱਸ ਲਈ, ਨੇਕ ਕੁੜੀ ਜਾਪੀ ਜਸਬੀਰ ਨੂੰ ਉਹ ।

‘ਵੇ ਤੇਰੇ ਮੂੰਹ ਚ ਘਿਓ ਸ਼ੱਕਰ ਮਾਂ ਦਿਆ ਸੋਹਣਿਆਂ ਪੁੱਤਾ, ਤੇਰੀ ਜ਼ਬਾਨ ਸੁਲੱਖਣੀ ਹੋਵੇ ‘ ਮਾਂ ਨੇ ਅਸੀਸਾਂ ਦੀ ਝੜੀ ਲਾ ਦਿੱਤੀ । ਜਸਬੀਰ ਨੇ ਚਾਹ ਪੀ ਕੇ ਵਾਪਸ ਜਾਣ ਦੀ ਇਜਾਜ਼ਤ ਮੰਗੀ ਤਾਂ ਮਾਂ ਨੇ ਤਰਲਾ ਮਾਰਿਆ, “ ਮੇਰਾ ਬੀਬਾ ਪੁੱਤ , ਰੋਟੀ ਖਾ ਕੇ ਜਾਹ, ਤਿਆਰ ਕੀਤੀ ਹੋਈ ਆ ”ਨਾਂਹ ਹੋ ਈ ਨਾ ਸਕੀ , ਰੋਟੀ ਖਾ ਕੇ ਜਦ ਤੁਰਨ ਲਈ ਕਾਰ ਵਿੱਚ ਬੈਠਣ ਲੱਗਾ ਤਾਂ ਮਾਂ ਨੇ ਕਲਾਵੇ ਚ ਲੈ ਲਿਆ, ਬਦੋ ਬਦੀ ਗਿਆਰਾਂ ਸੌ ਰੁਪਈਆ ਜੇਬ ਚ ਪਾ ਦਿੱਤਾ , ਨਾਲ ਇੱਕ ਪੱਗ ਬੜੇ ਸੋਹਣੇ ਜਿਹੇ ਰੰਗ ਦੀ , ਲਿਫ਼ਾਫ਼ੇ ਚ ਪਾ ਕੇ ਹੱਥ ਚ ਫੜਾ ਦਿੱਤੀ ।

ਜਸਬੀਰ ਨੇ ਵੀ ਅੰਮਾਂ ਨੂੰ ਗਲ਼ ਨਾਲ ਲਾ ਲਿਆ ਆਪਣੀ ਸਕੀ ਮਾਂ ਵਾਂਗਰਾਂ ਤੇ ਕਿਹਾ ਕਿ ਹੌਸਲਾ ਰੱਖੋ ਬੀਜੀ, ਜਦੋਂ ਗੇਜਾ ਆਇਆ ਨਾ ਪੱਕਾ ਹੋ ਕੇ,ਮੈ ਵੀ ਆਵਾਂਗਾ ਉਹਦੇ ਨਾਲ ਦੁਬਾਰਾ ਤੁਹਾਡੇ ਘਰੇ ਫਿਰ।

ਅੰਮਾਂ ਨੇ ਮੱਥਾ ਚੁੰਮਿਆ ਜਸਬੀਰ ਦਾ। ਅਸੀਸਾਂ ਦਿੱਤੀਆਂ ਤੇ ਪਹੁੰਚ ਕੇ ਫ਼ੋਨ ਕਰਨ ਦੀ ਤਾਕੀਦ ਕੀਤੀ ।ਹੁਣ ਕਾਰ ਜਲੰਧਰ ਵੱਲ ਨੂੰ ਤੁਰ ਪਈ , ਜਸਬੀਰ ਨੂੰ ਜਾਪਿਆ ਜਿਵੇ ਉਹਨੇ ਤੀਰਥ ਯਾਤਰਾ ਪੂਰੀ ਕਰ ਲਈ ਹੋਵੇ, ਮੱਥਾ ਨਾ ਟੇਕ ਸਕਣ ਦਾ ਮਲਾਲ ਕਫੂਰ ਹੋ ਗਿਆ , ਜਾਪਿਆ ਗੇਜੇ ਦੀ ਮਾਂ ਦੀਆ ਅਸੀਸਾਂ ਨੇ ਇਹ ਘਾਟ ਪੂਰੀ ਕਰਕੇ ਨਾਲ ਸਿਰੋਪਾ ਵੀ ਦੇ ਦਿੱਤਾ ਹੋਵੇ ।

ਤੇ ਇੱਕ ਗੱਲ ਹੋਰ , ਗੱਲ ਸਮਾਨ ਦੀ ਕੀਮਤ ਦੀ ਨਹੀ ਹੁੰਦੀ , ਕੱਪੜਿਆਂ ਦੀ ਨਹੀ ਹੁੰਦੀ , ਉਸ ਵਿੱਚ ਲਿਪਟੇ ਜਜਬਾਤਾਂ ਦੀ ਹੁੰਦੀ ਏ, ਅਦਿੱਖ ਛੋਹਾਂ ਨੂੰ ਮਹਿਸੂਸ ਕਰਨ ਦੀ ਵੀ ਹੁੰਦੀ ਏ , , ਜੋ ਦਿਖਾਈ ਤਾ ਨਹੀ ਦਿੰਦੀਆਂ ਪਰ ਹਿਰਦਿਆਂ ਦੀ ਰਬਾਬ ਜ਼ਰੂਰ ਛੇੜ ਦਿੰਦੀਆਂ ਨੇ , ਜੋ ਬਾਹਰ ਤਾਂ ਨਹੀ ਸੁਣਦੀ , ਪਰ ਅੰਦਰੇ ਅੰਦਰ ਮੰਤਰ ਮੁਗਧ ਕਰ ਦੇਂਦੀ ਏ ਇਨਸਾਨਾਂ ਨੂੰ।

(ਦਵਿੰਦਰ ਸਿੰਘ)

...
...



Related Posts

Leave a Reply

Your email address will not be published. Required fields are marked *

5 Comments on “ਛੋਹ ਦੀਆਂ ਤਰੰਗਾਂ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)