“ਨਮਸਕਾਰ ਸਰ! ਮੈਨੂੰ ਪਛਾਣਿਆਂ?”
“ਕੌਣ?”
“ਸਰ, ਮੈਂ ਤੁਹਾਡਾ ਸਟੂਡੈਂਟ। 40 ਸਾਲ ਪਹਿਲਾਂ ਤੁਹਾਡਾ ਵਿਦਿਆਰਥੀ ਹੁੰਦਾ ਸੀ।”
“ਓਹ! ਅੱਛਾ। ਬੇਟਾ ਅੱਜਕੱਲ੍ਹ ਠੀਕ ਤਰ੍ਹਾਂ ਦਿਖਾਈ ਨਹੀਂ ਦਿੰਦਾ ਤੇ ਯਾਦਦਾਸ਼ਤ ਵੀ ਬੜੀ ਕਮਜ਼ੋਰ ਹੋ ਗਈ ਹੈ। ਇਸ ਲਈ ਪਛਾਣ ਨਹੀਂ ਸਕਿਆ। ਖ਼ੈਰ, ਆਓ ਬੈਠੋ। ਕੀ ਕਰਦੇ ਹੋ ਅੱਜਕੱਲ੍ਹ?” ਉਨ੍ਹਾਂ ਨੇ ਬੜੇ ਪਿਆਰ ਨਾਲ ਬਿਠਾਇਆ ਅਤੇ ਪਿੱਠ ਥਾਪੜਦੇ ਹੋਏ ਪੁੱਛਿਆ।
“ਸਰ, ਮੈਂ ਵੀ ਤੁਹਾਡੀ ਤਰ੍ਹਾਂ ਹੀ ਅਧਿਆਪਕ ਬਣ ਗਿਆ ਹਾਂ।”
“ਵਾਹ ਬਈ ਵਾਹ! ਇਹ ਤਾਂ ਬੜੀ ਵਧੀਆ ਗੱਲ ਹੈ, ਪਰ ਅਧਿਆਪਕ ਦੀ ਤਨਖ਼ਾਹ ਤਾਂ ਬਹੁਤ ਘੱਟ ਹੁੰਦੀ ਹੈ, ਫਿਰ ਤੁਸੀਂ ਕਿਵੇਂ…?”
“ਸਰ, ਜਦੋਂ ਮੈਂ ਸੱਤਵੀਂ ਕਲਾਸ ਵਿੱਚ ਪੜ੍ਹਦਾ ਸੀ, ਤਦ ਸਾਡੀ ਕਲਾਸ ਵਿੱਚ ਇੱਕ ਘਟਨਾ ਵਾਪਰੀ ਸੀ। ਉਸ ਸਮੇਂ ਤੁਸੀਂ ਮੈਨੂੰ ਬਚਾਇਆ ਸੀ। ਮੈਂ ਉਦੋਂ ਹੀ ਮਨ ਵਿੱਚ ਅਧਿਆਪਕ ਬਣਨ ਦੀ ਠਾਣ ਲਈ ਸੀ। ਉਹ ਘਟਨਾ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ। ਤੁਹਾਨੂੰ ਮੈਂ ਵੀ ਯਾਦ ਆ ਜਾਵਾਂਗਾ।”
“ਅੱਛਾ! ਕੀ ਹੋਇਆ ਸੀ ਉਦੋਂ?”
“ਸਰ, ਸੱਤਵੀਂ ਵਿੱਚ ਸਾਡੀ ਕਲਾਸ ਵਿੱਚ ਇੱਕ ਬਹੁਤ ਅਮੀਰ ਲੜਕਾ ਪੜ੍ਹਦਾ ਹੁੰਦਾ ਸੀ। ਬਾਕੀ ਦੇ ਸਾਰੇ ਬੱਚੇ ਗਰੀਬ ਸਨ। ਇੱਕ ਦਿਨ ਉਹ ਅਮੀਰ ਲੜਕਾ ਬਹੁਤ ਮਹਿੰਗੀ ਘੜੀ ਪਹਿਨ ਕੇ ਆਇਆ ਸੀ। ਉਸ ਦੀ ਘੜੀ ਚੋਰੀ ਹੋ ਗਈ ਸੀ। ਕੁਝ ਯਾਦ ਆਇਆ ਤੁਹਾਨੂੰ?”
“ਸੱਤਵੀਂ ਕਲਾਸ ਵਿੱਚ?”
“ਹਾਂ ਸਰ, ਉਸ ਦਿਨ ਮੇਰਾ ਮਨ ਉਸ ਦੀ ਘੜੀ ਉੱਤੇ ਆ ਗਿਆ ਅਤੇ ਖੇਡਾਂ ਦੇ ਪੀਰਡ ਵਿੱਚ ਜਦੋਂ ਉਸ ਨੇ ਉਹ ਘੜੀ ਆਪਣੇ ਪੈਨਸਿਲ ਬੌਕਸ ਵਿੱਚ ਰੱਖੀ, ਤਾਂ ਮੈਂ ਮੌਕਾ ਤਾੜ ਕੇ ਘੜੀ ਚੋਰੀ ਕਰ ਲਈ ਸੀ। ਉਸ ਤੋਂ ਬਾਅਦ ਤੁਹਾਡਾ ਪੀਰਡ ਆ ਗਿਆ। ਉਸ ਲੜਕੇ ਨੇ ਤੁਹਾਡੇ ਕੋਲ ਘੜੀ ਚੋਰੀ ਹੋਣ ਦੀ ਸ਼ਿਕਾਇਤ ਲਗਾਈ। ਤੁਸੀਂ ਕਿਹਾ ਕਿ ਜਿਸ ਨੇ ਵੀ ਉਹ ਘੜੀ ਚੋਰੀ ਕੀਤੀ ਹੈ, ਉਸ ਨੂੰ ਵਾਪਸ ਕਰ ਦਿਓ। ਮੈਂ ਉਸ ਨੂੰ ਸਜ਼ਾ ਨਹੀਂ ਦੇਵਾਂਗਾ। ਪਰ ਡਰ ਦੇ ਮਾਰੇ ਮੇਰੀ ਹਿੰਮਤ ਨਾ ਪਈ ਘੜੀ ਵਾਪਸ ਕਰਨ ਦੀ।”
“ਫਿਰ ਤੁਸੀਂ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਸਾਨੂੰ ਸਾਰੇ ਲੜਕਿਆਂ ਨੂੰ ਇੱਕ ਕਤਾਰ ਵਿੱਚ ਅੱਖਾਂ ਬੰਦ ਕਰਕੇ ਖੜ੍ਹੇ ਹੋਣ ਨੂੰ ਕਿਹਾ ਤੇ ਨਾਲ ਇਹ ਵੀ ਕਿਹਾ ਕਿ ਤੁਸੀਂ ਸਾਰਿਆਂ ਦੀਆਂ ਜੇਬਾਂ ਦੇਖੋਗੇ, ਲੇਕਿਨ ਜਦੋਂ ਤੱਕ ਘੜੀ...
ਮਿਲ ਨਹੀਂ ਜਾਂਦੀ ਉਦੋਂ ਤੱਕ ਕੋਈ ਵੀ ਬੱਚਾ ਆਪਣੀ ਅੱਖ ਨਹੀਂ ਖੋਲ੍ਹੇਗਾ, ਨਹੀਂ ਤਾਂ ਉਸ ਨੂੰ ਸਕੂਲੋਂ ਕੱਢ ਦਿੱਤਾ ਜਾਏਗਾ।”
“ਅਸੀਂ ਸਾਰੇ ਅੱਖਾਂ ਬੰਦ ਕਰਕੇ ਖੜ੍ਹੇ ਹੋ ਗਏ। ਤੁਸੀਂ ਇੱਕ-ਇੱਕ ਕਰਕੇ ਸਾਰਿਆਂ ਦੀਆਂ ਜੇਬਾਂ ਦੇਖ ਰਹੇ ਸੀ। ਜਦੋਂ ਤੁਸੀਂ ਮੇਰੇ ਕੋਲ ਆਏ ਤਾਂ ਮੇਰੇ ਦਿਲ ਦੀ ਧੜਕਣ ਬਹੁਤ ਤੇਜ਼ ਹੋ ਗਈ। ਮੇਰੀ ਚੋਰੀ ਫੜੀ ਜਾਣੀ ਸੀ, ਤੇ ਸਾਰੀ ਜ਼ਿੰਦਗੀ ਮੇਰੇ ਉੱਪਰ ‘ਚੋਰ’ ਦਾ ਠੱਪਾ ਲੱਗ ਜਾਣਾ ਸੀ। ਮੈਂ ਬੇਹੱਦ ਸ਼ਰਮਿੰਦਾ ਹੋ ਗਿਆ ਸਾਂ। ਮੈਂ ਉਸ ਵੇਲੇ ਤਾਂ ਮਰ ਜਾਣ ਨਿਸ਼ਚਾ ਕਰ ਲਿਆ, ਪਰ… ਪਰ ਮੇਰੀ ਜੇਬ ਵਿੱਚੋਂ ਘੜੀ ਮਿਲਣ ਦੇ ਬਾਅਦ ਵੀ ਤੁਸੀਂ ਲਾਈਨ ਵਿੱਚ ਖੜ੍ਹੇ ਸਾਰਿਆਂ ਦੀਆਂ ਜੇਬਾਂ ਅਖੀਰ ਤੱਕ ਦੇਖਦੇ ਚਲੇ ਗਏ। ਤੇ ਫੇਰ ਉਹ ਘੜੀ ਉਸ ਲੜਕੇ ਨੂੰ ਵਾਪਸ ਦੇਂਦਿਆਂ ਕਿਹਾ, ‘ਹੁਣ ਅਜਿਹੀ ਘੜੀ ਪਹਿਨ ਕੇ ਸਕੂਲ ਨਹੀਂ ਆਉਣਾ ਅਤੇ ਜਿਸ ਨੇ ਵੀ ਇਹ ਘੜੀ ਚੋਰੀ ਕੀਤੀ ਹੈ ਉਹ ਦੁਬਾਰਾ ਅਜਿਹਾ ਕੰਮ ਨਾ ਕਰੇ।’ ਏਨਾ ਕਹਿ ਕੇ ਤੁਸੀਂ ਫਿਰ ਹਮੇਸ਼ਾ ਦੀ ਤਰ੍ਹਾਂ ਪੜ੍ਹਾਉਣ ਲੱਗ ਗਏ ਸੀ। ” ਕਹਿੰਦਿਆਂ ਕਹਿੰਦਿਆਂ ਉਸ ਦੀਆਂ ਅੱਖਾਂ ਭਰ ਆਈਆਂ।
ਉਸ ਦਾ ਗੱਚ ਭਰ ਆਇਆ ਤੇ ਬੋਲਿਆ, “ਸਰ, ਤੁਸੀਂ ਮੈਨੂੰ ਸਾਰਿਆਂ ਦੇ ਸਾਹਮਣੇ ਸ਼ਰਮਿੰਦਾ ਹੋਣ ਤੋਂ ਬਚਾ ਲਿਆ ਸੀ। ਉਸ ਤੋਂ ਬਾਅਦ ਵੀ ਤੁਸੀਂ ਕਦੇ ਕਿਸੇ ਕੋਲ ਮੇਰੇ ਚੋਰ ਹੋਣ ਦੀ ਗੱਲ ਤੱਕ ਨਹੀਂ ਸੀ ਕੀਤੀ। ਨਾ ਹੀ ਤੁਸੀਂ ਕਦੀ ਮੇਰੇ ਨਾਲ ਭੇਦ-ਭਾਵ ਹੀ ਕੀਤਾ। ਉਸੇ ਦਿਨ ਮੈਂ ਮਨ ਵਿੱਚ ਧਾਰ ਲਈ ਕਿ ਮੈਂ ਤੁਹਾਡੇ ਵਰਗਾ ਅਧਿਆਪਕ ਬਣਾਂਗਾ।”
“ਹਾਂ ਹਾਂ… ਮੈਨੂੰ ਯਾਦ ਆ ਗਿਆ ਹੈ।” ਉਨ੍ਹਾਂ ਦੀਆਂ ਅੱਖਾਂ ਵਿੱਚ ਚਮਕ ਆ ਗਈ। ਫਿਰ ਹੈਰਾਨ ਹੁੰਦਿਆਂ ਬੋਲੇ, “ਲੇਕਿਨ ਬੇਟਾ… ਮੈਂ ਅੱਜ ਤੱਕ ਨਹੀਂ ਜਾਣਦਾ ਸੀ ਕਿ ਉਹ ਚੋਰੀ ਕਿਸ ਨੇ ਕੀਤੀ ਸੀ, ਕਿਉਂਕਿ… ਜਦੋਂ ਮੈਂ ਤੁਹਾਡੇ ਸਾਰਿਆਂ ਦੀਆਂ ਜੇਬਾਂ ਦੇਖ ਰਿਹਾ ਸੀ, ਤਦ ਵੀ ਮੇਰਾ ਧਿਆਨ ਕਿਸੇ ਦੇ ਚਿਹਰੇ ਵੱਲ ਨਹੀਂ ਸੀ।”
ਲੇਖਕ : ਅਗਿਆਤ
ਮਰਾਠੀ ਤੋਂ ਪੰਜਾਬੀ ਅਨੁਵਾਦ:
ਹਰਮਿੰਦਰ ਕਾਲੜਾ
GPS Sehgal
Teacher, teacher hee hunda hai !
Aj vee usne apne shish nu neewan nahi hone ditta !