ਛੋਟੇ ਲਾਰੇ-ਵਡੇ ਲਾਰੇ —–
ਗਰੀਬਾਂ ਦੇ ਮਸੀਹੇ,ਹਿੰਦੂ ਸਿੱਖ ਏਕਤਾ ਦੇ ਪ੍ਰਤੀਕ ਤੇ ਲੋਕਾਂ ਦੇ ਸੇਵਕ ਬਣ ਵਾਰੀ ਵਾਰੀ ਸਾਰੇ ਉਮੀਦਵਾਰ ਲੋਕਾਂ ਦੇ ਬੂਹਿਆਂ ਤੇ ਵੋਟਾਂ ਦੀ ਭੀਖ ਮੰਗਣ ਲਈ ਦਸਤਕ ਦਿੰਦੇ। ਸਰਕਾਰੀ ਮੁਲਾਜ਼ਮਾਂ, ਸਨਅਤਕਾਰਾਂ, ਜਿੰਮੀਦਾਰਾਂ ਤੋਂ ਇਕੱਠਾ ਕੀਤਾ ਪਾਰਟੀ ਫੰਡ ਅਣਭੋਲ ਗਰੀਬਾਂ ਚ ਵੰਡ ਜਾਂਦੇ ਤੇ ਆਗਾਂਹ ਲਈ ਸਬਜ ਬਾਗ ਵਿਖਾ ਜਾਂਦੇ।
ਕਲੋਨੀ ਦਾ ਮੋਹਰੀ ਭਾਗੂ ਵੀ ਸਾਰਿਆਂ ਨੂੰ ਇਹੀ ਕਹਿੰਦਾ “ਅਸੀਂ ਤਾਂ ਮਾਲਕੋ ਥਾਡੇ ਆਸਰੇ ਈ ਆਂ। ਸਾਡੇ ਸਾਰੇ ਟੱਬਰਾਂ ਦੀਆਂ ਵੋਟਾਂ ਥੋਨੂੰ ਈ ਜਾਊਂਗੀਆਂ। ਤੁਸੀਂ ਗਰੀਬਾਂ ਦਾ ਐਨਾ ਸੋਚਦੇ ਓ ਤਾਂ ਅਸੀਂ ਥੋਨੂੰ ਨੇਤਾ ਬਣਾਵਾਂਗੇ”
ਆਪਣਾ ਨਕ ਪਰਾਂ ਕਰਦੇ ਕਈ ਉਮੀਦਵਾਰ ਪਸੀਨੇ ਨਾਲ ਭਿੱਜੇ ਭਾਗੂ ਨੂੰ ਘੁੱਟ ਕਲਾਵੇ ਚ ਲੈ ਲੈਂਦੇ ਤੇ ਕਈ ਘੁੱਟ ਕੇ ਹੱਥ ਵੀ ਮਿਲਾਂਦੇ। ਭਾਵੇਂ ਥੋੜੀ ਦੂਰ ਜਾਕੇ ਦੁੱਧ ਚਿੱਟੇ ਕੁੱੜਤੇ ਨਾਲ ਰਗੜ ਰਗੜ ਹੱਥ ਪੂੰਝਦੇ ।
ਭਾਗੂ ਦਾ ਚੌਥੀ ਚ ਪੜ੍ਹਦਾ ਮੁੰਡਾ ਸਾਰਾ ਕੁੱਝ ਸੁਣਦਾ ਤੇ ਵੇਖਦਾ ਰਹਿੰਦਾ।ਇਕ ਸ਼ਾਮ ਉਹਨੇ ਪੁੱਛ ਹੀ ਲਿਆ
“ਬਾਪੂ ਤੂੰ ਆਪੇ ਕਹਿਨਾ ਹੁਨਾ ਕਿ ਝੂਠ ਨੀ ਬੋਲੀਦਾ ਤੇ ਝੂਠੇ ਲਾਰੇ ਨੀ ਲਾਈਦੇ। ਪਰ ਤੂੰ ਤਾਂ ਸਾਰਿਆਂ ਕੋਲੋਂ ਲਈ ਜਾਂਦਾ ਤੇ ਝੂਠੇ ਲਾਰੇ ਲਾਈ ਜਾਨਾ”
...
“ਆਹੋ ਪੁੱਤਰਾ! ਤੂੰ ਠੀਕ ਆਹਨਾ। ਪਰ ਸਾਡੇ ਗਰੀਬਾਂ ਦੇ ਕਾਹਦੇ ਲਾਰੇ?ਲਾਲਚ ਨੂੰ ਫੂਕ ਦੇਈ ਜਾਨੇ ਆਂ ਜੋ ਦਿੰਦੇ ਲੈ ਲੳ। ਮੁੜ ਇਨਾਂ ਕਿੱਥੇ ਦਿਖਣਾ?ਜੋ ਦਿੰਦੇ ਲੈ ਲੳ। ਸਾਡੇ ਲਾਰੇ ਤਾਂ ਛੋਟੇ ਆ ।ਇਹ ਸੌਹਰੀ ਦੇ ਤਾਂ ਵੱਡੇ ਵੱਡੇ ਲਾਰਿਆਂ ਨਾਲ ਤੇ ਹੇਰਾਫੇਰੀਆਂ ਨਾਲ ਨੇਤਾ ਬਣ ਬੈਠਣਗੇ। ਆਪਣੇ ਢਿੱਡ ਭਰਨਗੇ ਮਹਿਲਾਂ ਵਰਗੇ ਘਰ ਉਸਾਰਨਗੇ ਤੇ ਐਸ਼ਾਂ ਕਰਨਗੇ।ਫਿਰ ਕਿਸੇ ਨੇ ਨੀ ਪੁੱਛਣਾ ਕਿਹਦਾ ਢਿੱਡ ਭੁੱਖਾ, ਕਿਹਦਾ ਬੱਚਾ ਇਲਾਜ ਖੁਣ ਮਰ ਗਿਆ, ਕਿਹਦੀ ਧੀ ਦਾਜ ਦੇ ਲੋਭੀਆਂ ਹੱਥੋਂ ਮਾਰੀ ਗਈ।ਕਿਹਨੇ ਸੁਣਣੇ ਮਾਵਾਂ ਦੇ ਕੀਰਨੇ ਜਿਨਾਂ ਦੇ ਪੁੱਤ ਨਸ਼ਿਆਂ ਨੇ ਲੈ ਲਏ—“-
” ਬੱਸ ਵੀ ਕਰ ਵੱਡਾ ਲਸ਼ਕਰ ਦੇਣ ਲਗ ਗਿਆ।ਹੋਰ ਕੀ ਦੇਣ। ਐਨਾ ਕੁਛ ਤਾ ਹੁਣ ਦੇਈ ਜਾਂਦੇ”
ਭਾਗੂ ਦੀ ਤੀਵੀਂ ਰੋਹ ਚ ਬੋਲੀ।
ਭਾਗੂ ਤਾ ਚੁੱਪ ਹੋ ਗਿਆ ਪਰ ਉਹਦਾ 10 ਸਾਲਾਂ ਦਾ ਮੁੰਡਾ ਛੋਟੇ ਲਾਰੇ ਤੇ ਵੱਡੇ ਲਾਰੇ ਦੇ ਤੰਦੂ ਤਾਣੇ ਚ ਫਸ ਗਿਆ।
ਹਰਜੀਤ ਸੈਣੀ