ਲੱਖੇ-ਸਿਧਾਣੇ ਦੀ ਸਪੀਚ..
ਮਸੀਂ ਦੋ ਮਿੰਟ ਬੋਲਿਆ ਹੋਣਾ..
ਘੜੰਮ ਚੋਧਰੀ ਨੇ ਪਿੱਛੋਂ ਹੁੱਝ ਮਾਰ ਦਿੱਤੀ..ਤੇਰਾ ਟਾਈਮ ਹੋ ਗਿਆ!
ਪਰ ਵਾਰੇ ਜਾਈਏ..
ਗਰਮ ਖੂਨ ਨੇ ਜਜਬਾਤ ਅਤੇ ਰੋਸ ਕੰਟਰੋਲ ਵਿਚ ਰੱਖੇ..ਕੁਝ ਸੋਚ ਆਪ ਪਰੇ ਹੋ ਗਿਆ..
ਹੁੱਝ ਮਾਰਨ ਵਾਲੇ ਨੂੰ ਆਖਣ ਲੱਗਾ “ਆਜਾ ਤੂੰ ਬੋਲ ਲੈ..”
ਘੜੰਮ ਚੋਧਰੀ ਅੰਦਰੋਂ ਕੱਚਾ ਪਰ ਬਾਹਰੋਂ ਨੌਰਮਲ..ਪਹਿਲਾਂ ਆਪਣੇ ਕਦ-ਕਿਰਦਾਰ ਮੁਤਾਬਿਕ ਮਾਈਕ ਨੀਵਾਂ ਕੀਤਾ..
ਫੇਰ ਹਵਾ ਦਾ ਰੁੱਖ ਆਪਣੇ ਵੱਲ ਬਣਾਉਣ ਖਾਤਿਰ ਉਚੀ ਸਾਰੀ ਨਾਹਰਾ ਮਾਰਿਆ “ਮੋਦੀ ਸਰਕਾਰ ਮੁਰਦਾਬਾਦ..ਕਿਸਾਨ ਮਜਦੂਰ ਏਕਤਾ ਜਿੰਦਾਬਾਦ”!
ਅੱਗੇ ਬੈਠੇ ਆਖਣ ਲੱਗੇ..ਵਿਆਹ ਵਿਚ ਬੀ ਦਾ ਲੇਖਾ ਨਹੀਂ..ਪਰਾਂ ਹੋ..ਤੇ ਲੱਖੇ ਨੂੰ ਆਉਣ ਦੇ..!
ਇਹ ਮਾਨਸਿਕਤਾ ਆਮ ਵੇਖੀ ਜਾ ਸਕਦੀ ਏ..
ਵਿਆਹਾਂ ਮੰਗਣਿਆਂ..ਰੈਲੀਆਂ ਤੇ..ਲੀਡਰਾਂ ਨਾਲ ਸੈਲਫੀਆਂ..
ਆਪੋ ਧਾਪ..ਚੌਧਰ ਖੱਟੀ ਖਾਂਦੇ ਲੀੜੇ ਪੜਵਾ ਲੈਂਦੇ..”ਤੁਮ ਅਗਰ ਮੁਝਕੋ ਨਾ ਚਾਹੋ ਤੋਂ ਕੋਈ ਬਾਤ ਨਹੀਂ..ਤੁਮ ਕਿਸੀ ਔਰ ਕੋ ਚਾਹੋ ਤੋਂ ਮੁਸ਼ਕਿਲ ਹੋਗੀ”..ਜੇ ਮੇਰੀ ਬੱਲੇ-ਬੱਲੇ ਨਹੀਂ ਤਾਂ ਦੂਜਾ ਮੇਲਾ ਕਿੱਦਾਂ ਲੁੱਟ ਲਵੇ..!
ਦੱਸਦੇ ਮਹਾਨ ਢੀਠ ਦੇ ਕਸੂਤੀ ਥਾਂ ਸ਼ਤੂਤ ਉੱਗ ਆਇਆ..
ਲੋਕ ਅਫਸੋਸ ਕਰਨ ਗਏ..ਅੱਗੋਂ ਕੁਤਰੀ...
ਦਾਹੜੀ ਖੁਰਕੀ ਜਾਂਦਾ ਆਖੀ ਜਾਵੇ..
ਲੈ ਭਾਈ ਅਫਸੋਸ ਕਾਹਦਾ..ਸਗੋਂ ਚੰਗਾ ਹੋਇਆ..ਬੱਕਰੀਆਂ ਗੋਲਾਂ ਖਾਣਗੀਆਂ ਤੇ ਮਿੱਤਰ ਛਾਵੇਂ ਬੈਠਣਗੇ”!
ਸੁੱਕੇ ਪੁਲ ਥੱਲੇ ਚਰਦੀ ਬੱਕਰੀ ਨੂੰ ਉੱਤੋਂ ਗੱਡੀ ਲੰਘੀ ਤਾਂ ਵਹਿਮ ਹੋ ਗਿਆ ਕੇ ਸ਼ਾਇਦ ਸਾਰਾ ਭਾਰ ਮੈਂ ਹੀ ਥੰਮਿਆ ਹੋਇਆ ਏ..
ਮਮਿਆਕਣੋਂ ਨਾ ਹਟੇ..ਆਥਣ ਤੱਕ ਮੈਂ..ਮੈਂ ਕਰਦੀ ਰਹੀ!
ਦਿਨ ਢਲੇ ਚਰਵਾਹੇ ਦੇ ਪ੍ਰਾਹੁਣੇ ਆ ਗਏ..ਅਖ਼ੇ ਮੀਟ ਬਣਾਉਣਾ..ਨੌਕਰ ਆਖੇ ਭਾਊ ਕਿਹੜੀ ਝਟਕਾਵਾਂ?
ਅਖ਼ੇ ਜਿਹੜੀ ਦੁਪਹਿਰ ਤੋਂ ਮਿਆਂਕੀ ਜਾਂਦੀ..ਏਹੀ ਢਾਹ ਲੈ!
ਕਈ ਵਾਰ ਚੁੱਪ ਰਹਿ ਕੇ ਵੀ ਕਿੰਨਾ ਕੁਝ ਸਮਝਾਇਆ ਜਾ ਸਕਦਾ ਏ ਤੇ ਅੱਸੀ ਨੱਬੇ ਵਾਰ ਸੰਬੋਧਨ ਹੋ ਕੇ ਵੀ ਸਮਝ ਨਹੀਂ ਆਉਂਦੀ ਕੇ ਇਹ ਆਖਣਾ ਕੀ ਚਾਹ ਰਿਹਾ..?
ਮਨ ਕੀ ਬਕਵਾਸ!
ਵੀਰੋ ਸੱਚ ਦੇ ਰਾਹ ਤੇ ਤੁਰੇ ਜਾਓ..ਪੈੜ ਨੱਪਦੀ ਦੁਨੀਆ ਆਪੇ ਮਗਰ ਆ ਜਾਊ..!
ਹਰਪ੍ਰੀਤ ਸਿੰਘ ਜਵੰਦਾ