ਸ਼ਾਇਦ ਉਸ ਸੋਚ ਲਿਆ ਹੈ ਕਿ ਮੈਂ ਅਰਧ-ਸੁੱਤ ਅਵਸਥਾ ’ਚ ਗੁਜ਼ਰ ਰਿਹਾ ਹਾਂ। ਇਸੇ ਲਈ ਉਸ ਲਾਈਟ ਜਗਾ ਕੇ ਮੈਨੂੰ ਇਸ ਗੱਲ ਦਾ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਮੇਰੀ ਖੱਬੀ ਲੱਤ ਗੋਡੇ ਹੇਠੋਂ ਹੈ ਨਹੀਂ। ਪਰ ਮੈਨੂੰ ਤਾਂ ਐਦਾਂ ਮਹਿਸੂਸ ਹੁੰਦਾ ਹੈ ਕਿ ਮੇਰੀ ਖੱਬੀ ਲੱਤ ਵੀ ਠੀਕ-ਠਾਕ ਹੈ। ਜੇ ਠੀਕ-ਠਾਕ ਹੈ ਤਾਂ ਹੀ ਤਾਂ ਖਾਜ ਆਉਂਦੀ ਹੈ।
‘‘ਤੁਸੀਂ ਪਹਿਲਾਂ ਆਪਣੀ ਲੱਤ ’ਤੇ ਹੱਥ ਫੇਰ ਕੇ ਦੇਖੋ।’’ ਉਹ ਮੈਨੂੰ ਹਲੂਣ ਕੇ ਕਹਿੰਦੀ ਹੈ।
‘‘ਮੈਂ ਕੋਈ ਝੂਠ ਬੋਲਦਾਂ।’’
‘‘ਮੈਂ ਇਹ ਕਦੋਂ ਕਿਹਾ।’’
‘‘ਤੂੰ ਛੇਤੀ-ਛੇਤੀ ਖਾਜ ਕਰ। ਮੇਰੀ ਲੱਤ ਵੀ ਹੈਗੀ ਆਂ। ਜਮੀਲ ਵੀ ਹੈਗਾ।’’
‘‘ਕੌਣ ਜਮੀਲ?’’ ਉਹ ਕਾਹਲੀ-ਕਾਹਲੀ ਪੁੱਛਦੀ ਹੈ।
‘‘ਪਾਕਿਸਤਾਨੀ ਫੌਜ ਦਾ ਸਿਪਾਹੀ।’’
‘‘ਉਹਨੂੰ ਕੀ ਹੋਇਆ ਸੀ?’’
‘‘ਸ਼ਾਇਦ ਮੈਂ ਉਹਨੂੰ ਮਾਰਿਆ ਸੀ।’’
‘‘ਇਹ ਕਿਹੜੀ ਨਵੀਂ ਗੱਲ ਆ। ਆਪ ਹੀ ਦੱਸਿਆ ਸੀ ਕਿ ਤੁਸੀਂ ਪੰਮੇ ਦੀ ਮੌਤ ਮਗਰੋਂ ਗੁੱਸੇ ’ਚ ਅਨੇਕਾਂ ਪਾਕਿਸਤਾਨੀ ਮਾਰੇ ਸੀ। ਕਿਸੇ ’ਤੇ ਵੀ ਤਰਸ ਨ੍ਹੀਂ ਕੀਤਾ ਸੀ।’’
‘‘ਪਰ ਜਮੀਲ ਉਨ੍ਹਾਂ ’ਚੋਂ ਨ੍ਹੀਂ ਸੀ।’’
‘‘ਫੇਰ ਉਹ ਕੌਣ ਸੀ?’’
‘‘ਉਹ ਮੇਰਾ ਯਾਰ ਸੀ…ਛੋਟਾ ਭਰਾ ਸੀ…ਦੁਸ਼ਮਣ ਸੀ…ਹੋਰ ਪਤਾ ਨ੍ਹੀਂ ਕੀ-ਕੀ ਸੀ…।’’
‘‘ਮੈਨੂੰ ਤਾਂ ਕੋਈ ਪਤਾ ਨ੍ਹੀਂ ਲੱਗ ਰਿਹਾ, ਤੁਸੀਂ ਕੀ ਕਹਿਣਾ ਚਾਹੁੰਦੇ ਹੋ।’’
‘‘ਉਹ ਬਹੁਤ ਸੋਹਣਾ ਜੁਆਨ ਸੀ। ਅੱਠ ਦਸ ਘੰਟਿਆਂ ’ਚ ਹੀ ਉਹ ਮੇਰੇ ਬਹੁਤ ਨੇੜੇ ਆ ਗਿਆ ਸੀ। ਉਹ ਅਜੇ ਵੀ ਮੇਰੇ ਨੇੜੇ ਆ। ਅੰਗ ਸੰਗ ਆ। ਮੈਂ ਉਹਨੂੰ ਕਦੇ ਨ੍ਹੀਂ ਭੁੱਲ੍ਹਿਆ। ਕਦੇ ਵੀ ਨ੍ਹੀਂ।’’
‘‘ਤੁਹਾਨੂੰ ਕਿੰਨਾ ਚਿਰ ਹੋ ਗਿਆ ਘਰੇ ਆਇਆਂ ਨੂੰ। ਪਹਿਲਾਂ ਤਾਂ ਕਦੇ ਉਹ ਦੀ ਗੱਲ ਨ੍ਹੀਂ ਕੀਤੀ। ਸੁਪਨਿਆਂ ’ਚ ਬੁੜਬੜਾ ਕੇ ‘ਜਮੀਲ’, ‘ਜਮੀਲ’ ਕਰਦੇ ਹੁੰਦੇ ਆਂ। ਮੈਂ ਜਿੰਨੀ ਵਾਰੀ ਵੀ ਪੁੱਛਿਆ ਤੁਸੀਂ ਕੁਸ਼ ਨ੍ਹੀਂ ਦੱਸਿਆ। ਵਿਚੋਂ ਕਹਾਣੀ ਕੀ ਆ। ਦੱਸੋ। ਹੁਣੇ ਦੱਸੋ। ਉਨਾ ਚਿਰ ਮੈਂ ਤੁਹਾਨੂੰ ਸੌਣ ਨ੍ਹੀਂ ਦੇਣਾ। ਆਪ ਵੀ ਨ੍ਹੀਂ ਸੌਣਾ….।’’ ਉਸ ਨੇ ਮੇਰੀਆਂ ਅੱਖਾਂ ’ਚ ਸਿੱਧਿਆਂ ਹੀ ਦੇਖਦਿਆਂ ਹੋਇਆਂ ਕਿਹਾ ਹੈ।
‘‘ਪਹਿਲਾਂ ਮੈਨੂੰ ਪਾਣੀ ਦਾ ਗਿਲਾਸ ਲਿਆ ਕੇ ਦੇ। ਫੇਰ ਚਾਹ ਬਣਾ ਕੇ ਲਿਆ…ਮੈਂ ਤੈਨੂੰ ਸਾਰੀ ਕਹਾਣੀ ਸੁਣਾਉਣਾ।’’
—-
ਕਾਰਗਿਲ ’ਚ ਕੁਸ਼...
ਐਸੀਆਂ ਚੌਕੀਆਂ ਆ ਜਿੱਥੇ ਨਵੰਬਰ-ਦਸੰਬਰ ’ਚ ਬਹੁਤ ਜ਼ਿਆਦਾ ਬਰਫ਼ ਪੈਂਦੀ ਆ। ਬਰਫਬਾਰੀ ਤੋਂ ਪਹਿਲਾਂ ਅਕਸਰ ਹੀ ਅਸੀਂ ਇਹਨਾਂ ਚੌਂਕੀਆਂ ਨੂੰ ਖਾਲੀ ਕਰਕੇ ਪਿਛਾਂਹ ਹਟ ਜਾਂਦੇ ਆਂ। ਉਥੇ ਖਾਲੀ ਜਗ੍ਹਾ ਆ ਜਿਥੇ ਸਾਡੇ ਜੁਆਨ ਵੀਹ-ਪੱਚੀ ਦਿਨਾਂ ਬਾਅਦ ਗੇੜਾ ਮਾਰਦੇ ਆ। ਪਿਛਲੀ ਵਾਰ ਉਨ੍ਹਾਂ ਨੂੰ ਗੇੜਾ ਮਾਰਨ ’ਚ ਦੇਰ ਹੋ ਗਈ ਸੀ। ਫੇਰ ਜਿਉਂ ਹੀ ਮਾਰਚ ਮਹੀਨਾ ਬੀਤਦਾ ਆ ਤਾਂ ਅਸੀਂ ਵਾਪਸ ਇਹਨਾਂ ਚੌਕੀਆਂ ’ਤੇ ਚਲੇ ਜਾਂਦੇ ਆਂ। ਕਿੰਨੇ ਹੀ ਸਾਲਾਂ ਤੋਂ ਅਸੀਂ ਆਪਣੀ ਸਹੂਲਤ ਲਈ ਇਹੀ ਕਰਦੇ ਆ ਰਹੇ ਆਂ। ਪਾਕਿਸਤਾਨੀ ਫੌਜ ਨੇ ਕਦੇ ਵੀ ਸਾਡੀ ਇਸ ਸਹੂਲਤ ਵਿੱਚ ਦਖਲ ਨਹੀਂ ਦਿੱਤਾ। ਪਿਛਲੀ ਵਾਰ ਠੰਢ ਪੈਣ ਤੋਂ ਪਹਿਲਾਂ ਅਸੀਂ ਪਿਛਾਂਹ ਹਟੇ ਤਾਂ ਪਾਕਿਸਤਾਨੀ ਫੌਜ ਦੇ ਨਵੇਂ ਬਣੇ ਜਰਨੈਲ ਦੇ ਮਨ ਵਿੱਚ ਬੇਈਮਾਨੀ ਆ ਗਈ। ਉਸਨੇ ਪਲੈਨਿੰਗ ਕੀਤੀ ਕਿ ਇਹਨਾਂ ਚੌਕੀਆਂ ’ਤੇ ਕਬਜ਼ਾ ਕਰ ਲਿਆ ਜਾਵੇ। ਮਗਰੋਂ ਸ਼੍ਰੀਨਗਰ ਤੇ ਲੇਹ ਲਦਾਖ ਵੱਲ ਨੂੰ ਜਾਣ ਵਾਲੀ ਵੱਡੀ ਸੜਕ ਨੂੰ ਆਪਣੇ ਕੰਟਰੋਲ ’ਚ ਲੈ ਕੇ ਉਪਰਲੇ ਏਰੀਏ ਨੂੰ ਬਾਕੀ ਦੇਸ਼ ਨਾਲੋਂ ਕੱਟ ਦਿੱਤਾ ਜਾਵੇ। ਉਸ ਵੇਲੇ ਦੋਹਾਂ ਦੇਸ਼ਾਂ ’ਚ ਹਾਲਾਤ ਵੀ ਇੰਨੇ ਮਾੜੇ ਨਹੀਂ ਸੀ। ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਲਾਹੌਰ ਵਿੱਚ ਮਿਲ ਕੇ ਪੱਕੀ ਦੋਸਤੀ ਲਈ ਹੱਥ ਅਗਾਂਹ ਵਧਾਉਣ ਦੀ ਤਿਆਰੀ ਕਰ ਰਹੇ ਸੀ। ਉਧਰ ਪਾਕਿਸਤਾਨੀ ਫੌਜ ਦਾ ਜਰਨੈਲ ਇਸ ਸ਼ਾਂਤੀ ਵਾਰਤਾ ਨੂੰ ਹਰ ਹੀਲੇ ਫੇਲ੍ਹ ਕਰਨਾ ਚਾਹੁੰਦਾ ਸੀ। ਫੇਰ ਸ਼ਾਂਤੀ ਵਾਰਤਾ ਦਾ ਸਮਾਂ ਆਇਆ। ਜਦੋਂ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਭਵਿੱਖ ’ਚ ਨਾ ਲੜਨ ਦੇ ਵਾਅਦੇ ਕਰਦੇ ਇੱਕ ਦੂਜੇ ਨੂੰ ਜੱਫੀਆਂ ਪਾ ਰਹੇ ਸੀ ਤਾਂ ਪਾਕਿਤਸਾਨੀ ਫੌਜ ਦਾ ਜਰਨੈਲ ਉਦੋਂ ਤੱਕ ਬਹੁਤ ਸਾਰਾ ਏਰੀਆ ਆਪਣੇ ਕਬਜ਼ੇ ਹੇਠਾਂ ਕਰ ਚੁੱਕਿਆ ਸੀ ਤੇ ਵਾਹੋ ਦਾਹੀ ਅਗਾਂਹ ਵੱਧ ਰਿਹਾ ਸੀ।
ਸਾਡੇ ਜੁਆਨ ਗੇੜਾ ਮਾਰਨ ਗਏ ਤਾਂ ਉਹਨਾਂ ਦਾ ਸਾਹਮਣਾ ਗੋਲੀਆਂ ਨਾਲ ਹੋਇਆ।
ਬਾਕੀ ਕਲ ਨੂੰ