ਮਹੀਨਾ ਕੁ ਪਹਿਲਾਂ ਮੇਰੇ ਫੇਸਬੁੱਕ ਪਰਿਵਾਰ ਵਿੱਚ ਸ਼ਾਮਿਲ ਹੋਣ ਲਈ ਇੱਕ ਚਾਲੀ ਕੁ ਸਾਲਾ ਔਰਤ ਵੱਲੋਂ ਬੇਨਤੀ ਆਈ।ਘੋਖ ਪੜਤਾਲ ਤੋਂ ਬਾਅਦ ਮੈਂ ਪ੍ਰਵਾਨ ਕਰ ਲਈ।ਅੱਗਲੇ ਦਿਨ ਉਸ ਦਾ ਸਤਿ ਸ੍ਰੀ ਅਕਾਲ ਦਾ ਮੈਸੇਜ ਆਇਆ।ਮੈਸੇਜ ਰਾਹੀਂ ਰਸਮੀਂ ਵਰਤਾਲਾਪ ਹੋਇਆ।ਪਰ ਤੀਜੇ ਦਿਨ ਸਾਮ ਨੂੰ ਉਸ ਨੇ ਮੈਨੂੰ ਮੈਸੈਂਜਰ ਕਾਲ ਕਰ ਲਈ।ਮੈਂ ਹੈਰਾਨ ਜਿਹੇ ਹੋਏ ਨੇ ਫੋਨ ਔਨ ਕਰ ਲਿਆ।ਉਹ ਕੁੱਝ ਆਮ ਗੱਲਾਂ ਤੋਂ ਬਾਅਦ ਮੈਂਨੂੰ ਕਹਿਣ ਲੱਗੀ ਕਿ ਤੁਹਾਡੀ ਕੋਈ ਸਹੇਲੀ ਹੈ? ਮੈਂ ਕਿਹਾ ਕੀ ਮਤਲਬ?ਕਹਿੰਦੀ ਜੋ ਮੈਂ ਪੁੱਛ ਰਹੀ ਹਾਂ ਦੱਸੋ।ਮੈਂ ਕਿਹਾ ਹਾਂ ਵੀ ਤੇ ਨਾ ਵੀ।ਓਹ ਕਹਿੰਦੀ ਏਹ ਕੀ ਜਵਾਬ ਹੈ?ਮੈਂ ਕਿਹਾ ਹਰ ਇੱਕ ਲਈ ਔਰਤ ਦੀ ਦੋਸਤੀ ਦੇ ਅਰਥ ਅਪਣੀ ਸੋਚ ਮੁਤਾਬਿਕ ਹੁੰਦੇ ਹਨ।ਹੋ ਸਕਦਾ ਤੁਸੀਂ ਵੀ ਓਹ ਸੋਚਦੇ ਹੋਵੋਂ ਜਿਸ ਤਰਾਂ ਸਮਾਜ ਦੀ ਸੋਚ ਹੈ ਮੇਰੀ ਕੋਈ ਔਰਤ ਦੋਸਤ ਨਹੀਂ ਪਰ ਮੇਰੀ ਸੋਚ ਮੁਤਾਬਿਕ ਕੋਈ ਔਰਤ ਵਿਸ਼ਵਾਸ ਦੇ ਬੰਧਨ ਵਿੱਚ ਬੱਧੀ ਮਰਿਆਦਾ ਵਿੱਚ ਰਹਿ ਕਿਸੇ ਵੀ ਮਰਦ ਨਾਲ ਕੋਈ ਦੋਸਤੀ ਕਰਦੀ ਹੈ।ਓਹ ਕੁਦਰੁੱਤ ਤੇ ਔਰਤ ਦਾ ਮਰਦ ਲਈ ਅਨਮੋਲ ਤੋਹਫਾ ਹੈ।ਮੈਂ ਅਜਿਹੇ ਰਿਸ਼ਤੇ ਦਾ ਰੱਬ ਤੋਂ ਵੱਧ ਸਤਿਕਾਰ ਕਰਦਾ ਹਾਂ।ਏਨੀਆਂ ਗੱਲਾਂ ਕਰ ਉਸ ਨੇ ਫੋਨ ਕੱਟ ਦਿੱਤਾ।ਦੂਜੇ ਦਿਨ ਸਵੇਰੇ ਉਸ ਦਾ ਮੈਸੇਜ ਆਇਆ ਕਿ ਤੁਹਾਨੂੰ ਯਾਦ ਕਰਦਿਆਂ ਹੀ ਮੇਰੇ ਚੇਹਰੇ ਉੱਪਰ ਮੁਸਕਾਨ ਆ ਜਾਂਦੀ ਹੈ।ਮੈਂ ਕਿਹਾ ਸੁਕਰੀਆ ਚੰਗੀ ਗੱਲ ਹੈ ਓਹ ਕਹਿੰਦੀ ਸੱਚ ਕਹਿ ਰਹੀ ਹਾਂ।ਉਸ ਨੇ ਹੋਰ ਵੀ ਮੈਸੇਜ ਕਰੇ ਜੋ ਬਹੁਤ ਸਲੀਕੇ ਵਾਲੇ ਸਨ।ਪਰ ਅਗਲੇ ਦਿਨ ਸਵੇਰੇ ਨੌਂ ਕੁ ਵਜੇ ਉਸ ਨੇ ਜਿਹੜਾ ਮੈਸੇਜ ਭੇਜਿਆ ਮੇਰੀ ਸਮਝ ਤੋਂ ਬਾਹਰ ਸੀ।ਉਸ ਨੇ ਲਿਖਿਆ ਕਿ ਮੈਂ ਵੀਡੀਓ ਕਾਲ ਕਰ ਰਹੀ ਹਾਂ ਚੁੱਪ ਚੁਪੀਤੇ ਅਪਣਾ ਚੇਹਰਾ ਵਿਖਾਓ।ਓਦੋਂ ਤੱਕ ਉਸ ਦੀ ਵੀਡੀਓ ਕਾਲ ਆ ਗਈ ਤੇ ਕਾਲ ਰਸੀਵ ਕਰ ਲਈ ਓਹ ਮੇਰੇ ਵੱਲ ਟਿਕਟਿਕੀ ਲਾਕੇ ਵੇਖਣ ਲੱਗੀ ਬੋਲੀ ਕੁੱਝ ਨਾ,ਮੈਂ ਚਹੁੰਦਾ ਹੋਇਆ ਵੀ ਉਸ ਦੀ ਤੱਕਣੀ ਦੇ ਅਰਥ ਨਾ ਸਮਝ ਸਕਿਆ ਪਰ ਇੱਕ ਗੱਲ ਜਰੂਰ ਸੀ ਉਸ ਦੀ ਤੱਕਣੀ ਪਾਕਿ ਪਵਿੱਤਰ ਸੀ।ਦੋ ਮਿੰਟ ਬਾਅਦ ਉਸ ਨੇ ਫੋਨ ਕੱਟ ਦਿੱਤਾ।ਸਾਮ ਨੂੰ ਉਸ ਦਾ ਮੈਸੇਜ ਆਇਆ ਕਿ ਤੁਹਾਡਾ ਚੇਹਰਾ ਵੇਖ ਮੇਰੇ ਦਿਲ ਨੂੰ ਬਹੁਤ ਸਕੂਨ ਮਿਲਿਆ।ਪਲੀਜ ਮੈਨੂੰ ਦਿਨ ਵਿੱਚ ਘੱਟੋ ਘੱਟ ਇੱਕ ਵਾਰ ਅਪਣਾ ਚੇਹਰਾ ਵਿਖਾਇਆ ਕਰੋ।ਮੇਰੀ ਵੀ ਜਗਿਆਸਾ ਵਧੀ ਕਿ ਏਸ ਪਿੱਛੇ ਕੋਈ ਨਾ ਕੋਈ ਖਾਸ ਕਾਰਨ ਹੈ ਏਹ ਜਾਨਣ...
ਲਈ ਮੈਂ ਹਾਂ ਕਰ ਦਿੱਤੀ।ਓਹ ਦਿਨ ਵਿੱਚ ਜਦੋਂ ਵੀ ਚਹੁੰਦੀ ਵੀਡੀਓ ਕਾਲ ਕਰਦੀ ਬੋਲਦੀ ਕੁੱਝ ਨਾ,ਮੈਨੂੰ ਵੀ ਬੋਲਣ ਨਾ ਦਿੰਦੀਂ ਤੇ ਦੋ ਤਿੰਨ ਮਿੰਟ ਬਾਅਦ ਫੋਨ ਕੱਟ ਦਿੰਦੀਂ।ਪਰ ਥੋੜੇ ਦਿਨ ਪਹਿਲਾਂ ਉਸ ਨੇ ਮੈਸੇਜ ਕਰਿਆ ਕਿਥੇ ਹੋ? ਮੈਂ ਕਿਹਾ ਬਜਾਰ ਹਾਂ,ਕਹਿਣ ਲੱਗੀ ਪਲੀਜ ਮੈਂ ਵੀਡੀਓ ਕਾਲ ਕਰਨੀ ਹੈ।ਜਰੂਰ ਟਾਇਮ ਦਿਓ ਮੈਂ ਉਦਾਸ ਹਾਂ।ਮੈਂ ਇੱਕ ਦੁਕਾਨ ਵਿੱਚ ਬਣੇ ਦਫਤਰ ਜਾਕੇ ਉਸ ਨੂੰ ਮੈਸੇਜ ਕਰ ਦਿੱਤਾ।ਉਸ ਨੇ ਵੀਡੀਓ ਕਾਲ ਕਰੀ ਓਹੀ ਗੱਲ ਮੇਰੇ ਵੱਲ ਬਿਨਾਂ ਅੱਖ ਝਪਕੇ ਵੇਖਣ ਲੱਗੀ ਤੁਸੀਂ ਸੱਚ ਜਾਣਿਓ ਮੈਂ ਉਸ ਦੀ ਤੱਕਣੀ ਦਾ ਮੁਕਾਬਲਾ ਨਹੀਂ ਕਰ ਸਕਿਆ ਤੇ ਅਪਣੀਆਂ ਨਜਰਾਂ ਪਰੇ ਕਰਦਾ ਰਿਹਾ।ਜਦੋਂ ਅੱਜ ਉਸ ਨੇ ਟਾਇਮ ਜਿਆਦਾ ਲਾਇਆ ਮੈਂ ਕਿਹਾ ਕੀ ਚੱਕਰ ਹੈ?ਕੀ ਲੱਭਦੀ ਹੈ ਏਸ ਚੇਹਰੇ ਵਿੱਚੋਂ?
ਉਸ ਨੇ ਜੋ ਜਾਵਾਬ ਦਿੱਤਾ ਇੱਕ ਪਲ ਲਈ ਸਮਾਂ ਰੁੱਕ ਗਿਆ,ਧਰਤੀ ਅਸਮਾਨ ਸੁੰਨ ਹੋ ਗਏ ਤੇ ਮੇਰੀ ਹਾਲਾਤ ਕੀ ਬਣੀ?ਮੈਂ ਦੱਸ ਨੀ ਸਕਦਾ।ਕਹਿੰਦੀ ਛੇ ਸਾਲ ਦੀ ਸੀ।ਵੇਹੜੇ ਵਿੱਚ ਚੁੱਲੇ ਕੋਲ ਰੋਟੀ ਬਣਾ ਰਹੀ ਮਾਂ ਕੋਲ ਬੈਠੀ ਸੀ।ਮਿੱਟੀ ਦੀ ਬਣੀ ਕੰਧੋਲੀ ਦੇ ਦੂਜੇ ਪਾਸੇ ਮੇਰਾ ਬਾਪੂ ਖੜਾ ਸੀ।ਕੁੱਝ ਸਮੇਂ ਬਾਅਦ ਮੇਰਾ ਬਾਪੂ ਸਾਨੂੰ ਵਿਛੋੜਾ ਦੇ ਗਿਆ।ਸਮਾਂ ਗੁਜਰਿਆ ਬਹੁਤ ਕੁੱਝ ਚੇਤਿਆਂ ਵਿੱਚੋਂ ਗਾਇਬ ਹੋ ਗਿਆ ਪਰ ਕੰਧੋਲੀ ਕੋਲ ਖੜੇ ਬਾਪੂ ਦਾ ਧੁੰਦਲਾ ਚੇਹਰਾ ਅੱਜ ਵੀ ਮੇਰੇ ਦਿਲ ਦਿਮਾਗ਼ ਵਿੱਚ ਛਾਇਆ ਹੋਇਆ ਹੈ ਜੋ ਕਿਤੇ ਨਾ ਕਿਤੇ ਤੁਹਾਡੇ ਚੇਹਰੇ ਨਾਲ ਮਿਲਦਾ ਹੈ ਤੇ ਓਹੀ ਚੇਹਰਾ ਤੁਹਾਡੇ ਚੇਹਰੇ ਵਿੱਚੋਂ ਲੱਭਦੀ ਹਾਂ।ਤੁਹਾਨੂੰ ਦਿੱਤੀ ਤਕਲੀਫ਼ ਦੀ ਮਾਫੀ ਚਾਹੁੰਦੀ ਹਾਂ।ਮੈਨੂੰ ਕੁੱਝ ਵੀ ਔੜ ਨਹੀਂ ਰਿਹਾ ਸੀ।ਮੈਂ ਪੁੱਛਿਆ ਕਿ ਓਹ ਸਹੇਲੀ ਵਾਲੀ ਗੱਲ ਓਹ ਕਹਿੰਦੀ ਕਿ ਤੁਹਾਡੀਆਂ ਲਿਖਤਾਂ ਤੋਂ ਮੈਨੂੰ ਤੁਹਾਡੀ ਸੋਚ ਦਾ ਪਤਾ ਸੀ ਪਰ ਫੇਰ ਵੀ ਤੁਹਾਡੀ ਸੋਚ ਵੇਖਣ ਲਈ ਹੀ ਏਹ ਗੱਲ ਕਰੀ ਸੀ।✍️
ਬਾਪੂ ਭੂਪਿੰਦਰ ਸਿੰਘ ਸੇਖੋਂ