ਤੀਜੀ ਜਾਂ ਚੋਥੀ ਜਮਾਤ ਵਿਚ ਹੋਵਾਂਗਾ!
ਸਾਡੇ ਰੇਲਵੇ ਕਵਾਟਰ ਦਾ ਅਚਾਨਕ ਅੱਧੀ ਰਾਤ ਨੂੰ ਬੂਹਾ ਖੜਕਿਆ..ਅਸੀਂ ਦੋਨੋ ਭੈਣ ਭਰਾ ਵਿੱਚਕਾਰ ਸੁੱਤੀ ਮਾਂ ਨਾਲ ਚਿੰਬੜ ਗਏ!
ਬਾਹਰ ਪਿਤਾ ਜੀ ਸਨ..ਨੱਕ ਵਿਚੋਂ ਨਿੱਕਲ ਰਿਹਾ ਖੂਨ ਅਤੇ ਢਠੀ ਹੋਈ ਪੱਗ ਕਿੰਨਾ ਕੁਝ ਅਣਹੋਣਾ ਬਿਆਨ ਕਰ ਰਹੇ ਸਨ!
ਓਹਨਾ ਕੋਲ ਹੀ ਨੀਵੀਂ ਪਾਈ ਖਲੋਤੀ ਇੱਕ ਨੌਜੁਆਨ ਕੁੜੀ ਨੂੰ ਅੰਦਰ ਲੰਘ ਆਉਣ ਦਾ ਇਸ਼ਾਰਾ ਕੀਤਾ ਅਤੇ ਨਾਲ ਹੀ ਮਾਂ ਦੇ ਜ਼ਿਹਨ ਤੇ ਉਭਰ ਆਏ ਕਿੰਨੇ ਸਾਰੇ ਅਣਪੁੱਛੇ ਸੁਆਲਾਂ ਦੇ ਜੁਆਬ ਵਿਚ ਸਿਰਫ ਏਨਾ ਹੀ ਆਖਿਆ ਕੇ ਹੁਣ ਇਹ ਕੁੜੀ ਰਾਤ ਇਥੇ ਹੀ ਰਹੁ ਤੇ ਨਾਲ ਹੀ ਸਖਤ ਤਾਕੀਦ ਵੀ ਕੀਤੀ ਕੇ ਭਾਵੇਂ ਕੁਝ ਵੀ ਹੋਜੇ ਕੁੰਡਾ ਨਹੀਂ ਖੋਲ੍ਹਣਾ!
ਮਾਂ ਨੇ ਕੋਲ ਹੀ ਸਾਣੀ ਮੰਜੀ ਤੇ ਚਾਦਰ ਵਿਛਾ ਦਿੱਤੀ ਤੇ ਕੁੜੀ ਨੂੰ ਉਥੇ ਲੰਮੇ ਪੈ ਜਾਣ ਦਾ ਇਸ਼ਾਰਾ ਕੀਤਾ!
ਸੁਵੇਰੇ ਮੂੰਹ ਹਨੇਰੇ ਪਿਤਾ ਜੀ ਨੇ ਇੱਕ ਵਾਰ ਫੇਰ ਵਾਜ ਮਾਰੀ!
ਬਾਹਰ ਵਡੇਰੀ ਉਮਰ ਦੀ ਇੱਕ ਔਰਤ ਦੇ ਨਾਲ ਇੱਕ ਨੌਜੁਆਨ ਮੁੰਡਾ ਖਲੋਤਾ ਸੀ!
ਔਰਤ ਨੂੰ ਦੇਖ ਕੋਲ ਲੰਮੇ ਪਈ ਕੁੜੀ ਦਾ ਰੋਣ ਨਿੱਕਲ ਗਿਆ ਤੇ ਉਸਨੇ ਧੂ ਕੇ ਜਾ ਉਸਨੂੰ ਜੱਫੀ ਪਾਈ!
ਦੋਨੋਂ ਮਾਵਾਂ ਧੀਆਂ ਕਿੰਨੇ ਦੇਰ ਗੱਲ ਲੱਗ ਰੋਂਦੀਆਂ ਰਹੀਆਂ ਤੇ ਅਖੀਰ ਕੋਲ ਖਲੋਤੇ ਮੁੰਡੇ ਦੇ ਜ਼ੋਰ ਪਾਉਣ ਤੇ ਕੁੜੀ ਉਸਦੇ ਸਾਈਕਲ ਮਗਰ ਬੈਠ ਹਨੇਰੇ ਵਿਚ ਕਿਧਰੇ ਗੁਆਚ ਗਈ!
ਮਗਰ ਰਹਿ ਗਈ ਵਡੇਰੀ ਉਮਰ ਦੀ ਔਰਤ ਨੇ ਸਾਡੇ ਦੋਨਾਂ ਭੈਣ ਭਰਾਵਾਂ ਦਾ ਕਿੰਨੀ ਵੇਰ ਮੱਥਾ ਚੁੰਮਿਆ ਤੇ ਫੇਰ ਮਾਂ ਨੂੰ ਜੱਫੀ ਵਿਚ ਲੈਂਦਿਆਂ ਹੋਈ ਆਖਣ ਲੱਗੀ ਕੇ ਧੀਏ ਤੇਰੇ ਸਿਰ ਦੇ ਸਾਈਂ ਨੇ ਜੋ ਅੱਜ ਸਾਡੇ ਲਈ ਕੀਤਾ ਏ ਉਸਦਾ ਫਲ ਥੋਨੂੰ ਇਥੇ ਵੀ ਮਿਲੂ ਤੇ ਅਗਲੇ ਜਹਾਨ ਵਿਚ ਵੀ!
ਅਗਲੇ ਦਿਨ ਪਤਾ ਲੱਗਾ ਕੇ ਤਹਿ ਹੋਏ ਰਿਸ਼ਤੇ ਤੋਂ ਨਾਖੁਸ਼ ਉਹ ਕੁੜੀ ਪਿਛਲੀ ਅੱਧੀ ਰਾਤ ਨੂੰ ਘਰੋਂ ਭੱਜ ਰੇਲਵੇ ਸਟੇਸ਼ਨ ਤੇ ਆਣ ਬੈਠੀ ਸੀ ਪਰ ਕਿਸੇ ਕਾਰਨ ਨਾਲਦਾ ਇੱਕਰਾਰ ਕਰਕੇ ਓਥੇ ਨਾ ਬਹੁੜਿਆ!
ਮੁੜ ਸ਼ਰਮ ਤੇ ਪਛਤਾਵੇ ਦੀ ਮਾਰੀ ਗੱਡੀ ਹੇਠ ਸਿਰ ਦੇਣ ਲਾਈਨ ਤੇ ਖਲੋਤੀ ਉਹ...
ਕਿਸੇ ਤਰਾਂ ਕਰਤਾਰ ਸਿੰਘ ਨਾਮ ਦੇ ਇੱਕ ਕਾਂਟੇ ਵਾਲੇ ਦੀ ਨਜ਼ਰੀਂ ਚੜ ਗਈ ਸੀ!
ਉਹ ਉਸਨੂੰ ਚੁੱਪ ਚੁਪੀਤੇ ਲਾਗੇ ਹੀ ਆਪਣੇ ਕੁਆਟਰ ਵਿਚ ਲੈ ਆਇਆ!
ਇਸ ਗੱਲ ਦੀ ਭਿਣਕ ਪੈਣ ਤੇ ਜਦੋਂ ਪਿਤਾ ਜੀ ਨੇ ਛੇਤੀ ਨਾਲ ਜਾ ਕਰਤਾਰ ਸਿੰਘ ਦਾ ਕੁੰਡਾ ਖੜਕਾਇਆ ਤਾਂ ਅੱਗੋਂ ਆਖਣ ਲੱਗਾ ਕੇ ਸਰਦਾਰ ਜੀ ਮੌਕਾ ਚੰਗਾ ਏ..ਜੇ ਕੁਝ ਕਰਨਾ ਹੈ ਤਾਂ ਕਰ ਲਵੋ ਪਰ ਮੇਰੀ ਬਣੀ ਬਣਾਈ ਖੇਡ ਨਾ ਵਿਗਾੜੋ!
ਓਹਨਾ ਵੇਲਿਆਂ ਵੇਲੇ ਅਕਸਰ ਹੀ ਮੰਜੀ ਸਾਬ ਸੰਤਾ ਦਾ ਭਾਸ਼ਣ ਸੁਣਨ ਦਰਬਾਰ ਸਾਬ ਚਲੇ ਜਾਂਦੇ ਪਿਤਾ ਜੀ ਅੰਦਰਲਾ ਜੁਝਾਰੂਪਣ ਜਾਗ ਉਠਿਆ ਤੇ ਉਹ ਆਪਣੇ ਤੋਂ ਗਿੱਠ ਉਚੇ ਕਰਤਾਰ ਸਿੰਘ ਨਾਲ ਹੱਥੋਂਪਾਈ ਹੋ ਪਏ..ਅਖੀਰ ਨੂੰ ਕੁੜੀ ਛੁਡਾ ਹੀ ਲਈ!
ਰਾਤੋ ਰਾਤ ਵਾਰਸਾਂ ਨੂੰ ਸੁਨੇਹਾ ਵੀ ਘੱਲ ਦਿੱਤਾ!
ਅਗਲੇ ਦਿਨ ਲੋਅ ਲੱਗਣ ਤੋਂ ਪਹਿਲਾਂ ਕੁੜੀ ਸੁਖੀ-ਸਾਂਦੀ ਆਪਣੇ ਘਰ ਅੱਪੜ ਗਈ ਅਤੇ ਪਿੰਡ ਵਿਚ ਕਿਸੇ ਨੂੰ ਵੀ ਇਸ ਗੱਲ ਦੀ ਕੰਨੋਂ ਕੰਨ ਖਬਰ ਨਾ ਲੱਗੀ!
ਕੁਝ ਦਿਨਾਂ ਮਗਰੋਂ ਹੀ ਉਸ ਕੁੜੀ ਦਾ ਵਿਆਹ ਦਿੱਲੀ ਕਰ ਦਿੱਤਾ ਗਿਆ!
ਦੋਵੇਂ ਮਾਵਾਂ ਧੀਆਂ ਦੀ ਸਾਡੇ ਪਰਿਵਾਰ ਨਾਲ ਸਦੀਵੀਂ ਸਾਂਝ ਪੈ ਗਈ..ਕੁੜੀ ਦੀ ਮਾਂ ਜਹਾਨੋਂ ਰੁਖਸਤ ਹੋਣ ਤੋਂ ਪਹਿਲਾਂ ਤੱਕ ਕਿੰਨੇ ਹੀ ਸਾਲ ਅਕਸਰ ਹੀ ਸਾਡੇ ਘਰ ਢੇਰ ਸਾਰੀਆਂ ਸ਼ੈਵਾਂ ਲੈ ਕੇ ਆਉਂਦੀ ਰਹੀ..ਪਹਿਲੋਂ ਪਿਤਾ ਜੀ ਦੇ ਗੱਲ ਲੱਗ ਦਿਲ ਹੌਲਾ ਕਰਦੀ ਤੇ ਫੇਰ ਉਸਦੇ ਮੂਹੋਂ ਨਿੱਕਲਦੀਆਂ ਢੇਰ ਸਾਰੀਆਂ ਦੁਆਵਾਂ ਨਾਲ ਸਾਡੇ ਘਰ ਅਸੀਸਾਂ ਦੇ ਅੰਬਾਰ ਲੱਗ ਜਾਂਦੇ!
ਦੋਸਤੋ ਪਿਤਾ ਜੀ ਭਾਵੇਂ 2015 ਵਿਚ ਰਵਾਨਗੀ ਪਾ ਗਏ ਪਰ ਸੱਚ ਜਾਣਿਓਂ ਜਾਂਦੇ ਜਾਂਦੇ ਮੇਰੇ ਲਈ ਉਸ ਇੱਕ ਰਾਤ ਵਿਚ ਕਮਾਇਆ ਹੋਇਆ ਦੁਆਵਾਂ,ਅਸੀਸਾਂ ਅਤੇ ਨਸੀਤਾਂ ਦਾ ਇੱਕ ਐਸਾ ਦੁਰਲੱਭ ਖਜਾਨਾ ਛੱਡ ਗਏ ਕੇ ਜਿਸਨੇ ਸ਼ਾਇਦ ਮੇਰੀ ਜਿੰਦਗੀ ਦੇ ਕਈ ਨਾਜ਼ੁਕ ਮੌਕਿਆਂ ਤੇ ਮੈਨੂੰ ਓਹੀ ਕਰਤਾਰ ਸਿੰਘ ਬਣਨੋਂ ਰੋਕੀ ਰਖਿਆ!
ਹਰਪ੍ਰੀਤ ਸਿੰਘ ਜਵੰਦਾ