More Punjabi Kahaniya  Posts
ਐਵਰੀ ਕੱਪ ਆਫ਼ ਕੌਫ਼ੀ ਹੈਜ਼ ਏ ਸਟੋਰੀ


ਐਵਰੀ ਕੱਪ ਆਫ਼ ਕੌਫ਼ੀ ਹੈਜ਼ ਏ ਸਟੋਰੀ
ਲੇਖਿਕਾ ਮਨਮੋਹਨ ਕੌਰ
ਬਰਸਾਤ ਦੀ ਰਾਤ, ਮੁਸਲਾਧਾਰ ਬਾਰਿਸ਼ – ਬਿਜਲੀ ਗੁੱਲ, ਸੁੰਨਸਾਨ ਸੜਕ … ਸੜਕ ਤੇ ਦੌੜਦਾ ਪਰਛਾਵਾਂ … ਬੱਦਲਾਂ ਦੀ ਗੜਗੜਾਹਟ, ਅਸਮਾਨੀ ਬਿਜਲੀ ਚਮਕੀ, ਜਿਸਦੀ ਰੌਸ਼ਨੀ ‘ਚ ਪਰਛਾਵਾਂ ਮੂਰਤ ਬਣ ਗਿਆ …
ਮੂਰਤ ਇੱਕ ਲੜਕੀ… ਗੰਦਮੀ ਰੰਗ ਦਾ ਸੂਟ.. ਉੱਪਰ ਹਰੀ ਸ਼ਾਲ ਨਾਲ ਮੂੰਹ ਸਿਰ ਲਪੇਟਿਆ ਹੋਇਆ…
ਉਹ ਆਸੇ ਪਾਸੇ, ਛੁੱਪਦੀ ਛੁੱਪਾਉਂਦੀ ਅੱਗੇ ਵੱਧ ਰਹੀ ਸੀ। ਸਾਹਮਣੇ ਦੂਰ ਰੌਸ਼ਨੀ ਦੇਖ ਉਸਦੇ ਕਦਮ ਤੇਜ਼ ਹੋ ਗਏ… ਬਾਰਿਸ਼ ਹੋਰ ਤੇਜ਼ ਹੋ ਗਈ ਸੀ…
ਅਚਾਨਕ ਦੂਰੋਂ ਤੇਜ਼ ਕਾਰ ਦੀ ਰੌਸ਼ਨੀ ਚਮਕੀ, ਉਹ ਕਿਸੇ ਅਨਜਾਣੇ ਡਰ ਨਾਲ ਕੰਬ ਉੱਠੀ, ਉਹ ਛੁਪਣ ਲਈ ਦਰੱਖ਼ਤ ਵੱਲ ਵਧੀ, ਪਰ ਉਹ ਚੌਂਕ ਗਈ, ਉੱਥੇ ਇੱਕ ਪਰਛਾਵਾਂ ਖੜਾ ਸੀ…
ਨਜ਼ਦੀਕ ਆਈ ਕਾਰ ਦੀ ਰੌਸ਼ਨੀ ਵਿੱਚ ਦੋਹਾਂ ਨੇ ਇੱਕ ਦੂਸਰੇ ਨੂੰ ਦੇਖਿਆ, ਗੰਦਮੀ ਸੂਟ ਮਰਦ ਨੂੰ ਦੇਖ ਕੇ ਸਹਮਿਆ ਪਰ ਜਦੋਂ ਅਜਨਬੀ ਅੱਖਾਂ ਦੋ ਤੋਂ ਚਾਰ ਹੋਈਆਂ, ਤਾਂ ਉਸ ਨੂੰ ਹੌਂਸਲਾ ਹੋ ਗਿਆ। ਖਾਮੋਸ਼ ਹੋਂਠ ਹਿੱਲੇ.. ਮਰਦ ਬੋਲਿਆ, ਤੁਸੀਂ… ਇੰਨੀ ਬਾਰਿਸ਼ ਚ…
“ਜੀ” ਉਹ ਹੋਰ ਕੁਝ ਬੋਲ ਨਾ ਸਕੀ।
ਮੈਂ ਦੇਵ… ਹੁੰਮ ਦੇਵ ਬੋਲਿਆ…
ਦੇਰ ਸੰਧਿਆ ਨੂੰ ਮੈਂ ਰੋਜ਼ ਲੰਬੀ ਸੈਰ ਕਰਦਾ ਹਾਂ ਅਤੇ ਉਹ ਸਾਹਮਣੇ ਦੂਰ ਦਿਸਦੀ ਰੌਸ਼ਨੀ, ਮੇਰੇ ਦੋਸਤ ਦੀ ਕੌਫੀ ਸ਼ਾਪ ਹੈ… ਬਸ ਉੱਥੇ ਦੋਸਤ ਨਾਲ ਗੱਪਸ਼ੱਪ ਕਰਕੇ ਵਾਪਿਸ ਘਰ ਪਰਤਦਾ ਹਾਂ…
ਅੱਜ ਵੀ ਸੈਰ ਕਰਕੇ ਵਾਪਿਸ ਪਰਤ ਰਿਹਾ ਸਾਂ ਕਿ ਬਾਰਿਸ਼ ਹੋਰ ਵੀ ਤੇਜ਼ ਹੋ ਗਈ, ਹਨੇਰੇ ਅਤੇ ਬਾਰਿਸ਼ ਕਰਕੇ ਕੁਝ ਪਲ ਇੱਥੇ ਰੁੱਕ ਗਿਆ ਸਾਂ…
ਤੇ ਤੁਸੀਂ… ?
ਜੀ… ਮੈਂ… ਉਹ ਖੁਸ਼ਕ ਗਲੇ ਨੂੰ ਤਰ ਕਰਦੇ ਹੋਏ ਬੋਲੀ… ਮੈਂ… ਖੁਸ਼ੀ!!
ਉਹ ਹਨੇਰੇ ਵਿੱਚ ਥੋੜ੍ਹਾ ਜਿਹਾ ਸਰਕ ਕੇ ਪਰ੍ਹਾਂ ਹੋਈ… ਉਸਨੇ ਆਪਣੇ ਸਿਰ ਤੋਂ ਓੜੀ ਸ਼ਾਲ ਉਤਾਰੀ ਅਤੇ ਨਿਚੋੜ ਕੇ ਫਿਰ ਲੈ ਲਈ…
ਰਾਤ ਦੇ ਹਨੇਰੇ ਵਿੱਚ ਮਰਦ ਦੇ ਡਰ ਕਾਰਨ ਮੂੰਹ ਕੱਜਿਆ ਹੋਇਆ ਸੀ, ਹੁਣ ਉਸ ਦੇ ਸਾਏ ਵਿੱਚ ਬੇਖੌਫ਼ ਹੋ ਕੇ ਆਪਣਾ ਮੂੰਹ ਨੰਗਾ ਕਰ ਲਿਆ ਸੀ…
ਦੋਵਾਂ ਨੂੰ ਦਰੱਖ਼ਤ ਹੇਠ ਰੁਕਿਆਂ ਦਸ ਮਿੰਟ ਤੋਂ ਜ਼ਿਆਦਾ ਸਮਾਂ ਹੋ ਗਿਆ ਸੀ… ਬਾਰਿਸ਼ ਹੋਰ ਤੇਜ਼ ਹੋ ਗਈ… ਬੱਦਲਾਂ ਦੀ ਗੜਗੜਾਹਟ… ਬਿਜਲੀ ਦਾ ਚਮਕਣਾ… ਰਾਤ ਨੂੰ ਹੋਰ ਵੀ ਭਿਆਨਕ ਬਣਾ ਰਿਹਾ ਸੀ… ਟਾਵੀਂ ਟਾਵੀਂ ਕਾਰ ਦੀ ਰੌਸ਼ਨੀ ਨਾਲ ਅੱਖਾਂ ਚੁੰਧਿਆ ਜਾਂਦੀਆਂ ਸਨ। ਖੁਸ਼ੀ ਅਤੇ ਦੇਵ ਦੋਵੇਂ ਬੁਰੀ ਤਰ੍ਹਾਂ ਭਿੱਜ ਗਏ ਸਨ। ਹੁਣ ਤਾਂ ਦਰੱਖ਼ਤ ਹੇਠਾਂ… ਖੜਨਾ ਵੀ ਮੁਸ਼ਕਿਲ ਸੀ।
ਖੁਸ਼ੀ ਜੇ ਤੁਸੀਂ ਠੀਕ ਸਮਝੋ ਤਾਂ ਕੌਫੀ ਸ਼ਾਪ ਵੱਲ ਚੱਲਦੇ ਹਾਂ… ਹੁਣ ਇੱਥੇ ਰੁੱਕ ਕੇ ਬਾਰਿਸ਼ ਰੁਕਣ ਦਾ ਇੰਤਜ਼ਾਰ ਕਰਨ ਫ਼ਜ਼ੂਲ ਹੈ… ਆਉ… ਥੋੜੀ ਦੂਰ ਚੱਲ ਕੇ ਹੀ ਕੌਫੀ ਸ਼ਾਪ ਹੈ… ਤੁਸੀਂ ਵੀ ਕਾਫੀ ਭਿੱਜ ਗਏ ਹੋ… ਕੌਫੀ ਪੀ ਕੇ ਅੱਛਾ ਮਹਿਸੂਸ ਕਰੋਗੇ.. ਦੇਵ ਰੁੱਕ ਕੇ ਦੁਬਾਰਾ ਬੋਲਿਆ…
Let us a cup of coffee, if you do not mind, ਦੇਵ ਨੇ ਪ੍ਰਸ਼ਨ ਭਰੀਆਂ ਨਜ਼ਰਾਂ ਨਾਲ ਖੁਸ਼ੀ ਵੱਲ ਤੱਕਿਆ…
ਖੁਸ਼ੀ ਨੇ ਨਜ਼ਰਾਂ ਚੁਰਾ ਲਈਆਂ, ਉਹ ਜ਼ਿਆਦਾ ਦੇਰ ਤੋਂ ਬਾਰਿਸ਼ ਵਿੱਚ ਭਿੱਜਣ ਕਾਰਨ ਬੁਰੀ ਤਰ੍ਹਾਂ ਕੰਬ ਰਹੀ ਸੀ… ਇਸ ਲਈ ਉਸ ਨੇ ਖਾਮੋਸ਼ ਰਹਿ ਕੇ ਸਹਿਮਤੀ ਵਿੱਚ ਸਿਰ ਹਿਲਾ ਦਿੱਤਾ ਅਤੇ ਦੇਵ ਦੇ ਅੱਗੇ ਅੱਗੇ ਚੱਲਣ ਲੱਗ ਗਈ…
ਦੋਵੇਂ ਖਾਮੋਸ਼… ਅਚਾਨਕ ਬਿਜਲੀ ਚਮਕੀ, ਖੁਸ਼ੀ ਠਠੰਬਰ ਕੇ ਪਿੱਛੇ ਮੁੜੀ ਅਤੇ ਦੇਵ ਦੇ ਨੇੜੇ ਹੋ ਗਈ…
ਸਾਹਾਂ ਦੀ ਆਹਟ ਨਾਲ ਦੋਵਾਂ ਨੇ ਇੱਕ ਦੂਜੇ ਵੱਲ ਦੇਖਿਆ… Wow! ਬਿਲਕੁਲ ਨੰਦਿਤਾ ਦਾਸ… ਦੋ ਅੱਖਾਂ ਗਹਿਰੀਆਂ ਕਾਲੀਆਂ.. ਅੱਖਾਂ ਵਿੱਚ ਅਜੀਬ ਜਿਹੀ ਚਮਕ… ਗੰਦਮੀ ਰੰਗ, ਘੁੰਗਰਾਲੇ ਵਾਲ, ਤਿੱਖੇ ਨੈਣ ਨਕਸ਼… ਅਤੇ ਦੋ ਰਾਤ ਵਰਗੀਆਂ ਭੌਰ ਕਾਲੀਆਂ ਅੱਖਾਂ…
ਆਖਿਰ ਦੋਵੇਂ ਕੌਫੀ ਹਾਊਸ ਪਹੁੰਚੇ… ਦੋਵੇਂ ਪਾਣੀ ਨਾਲ ਤਰ ਬਤਰ ਸਿਰ ਤੋਂ ਪੈਰਾਂ ਤੱਕ ਨੁਚੜ ਰਹੇ ਸਨ।
ਰਵੀ—ਦੇਵ ਨੂੰ ਦੇਖ ਕੇ ਖਿੜ ਉੱਠਿਆ, ਉਹ ਕਾਊਂਟਰ ਤੋਂ ਉੱਠ ਕੇ ਅੱਗੇ ਵੱਧ ਕੇ ਦੇਵ ਨੂੰ ਮਿਲਣ ਲਈ ਆਇਆ… ਦੇਵ ਨੂੰ ਘੁੱਟ ਕੇ ਕਲਾਵੇ ਵਿੱਚ ਲੈਂਦਿਆਂ ਬੋਲਿਆ। ਯਾਰ, ਏਨੀ ਬਾਰਿਸ਼ ਵਿੱਚ ਤਾਂ ਸੈਰ ਕਰਨੀ ਛੱਡ ਦਿਆ ਕਰ…
ਸੈਰ ਤਾਂ ਛੱਡ ਸਕਦਾ… ਪਰ ਆਪਣੇ ਯਾਰ ਨੂੰ ਮਿਲਣਾ ਤਾਂ ਨਹੀਂ ਛੱਡ ਸਕਦਾ.. ਦੋਵੇਂ ਠਹਾਕਾ ਮਾਰ ਕੇ ਉੱਚੀ ਉੱਚੀ ਹੱਸੇ।
ਖੁਸ਼ੀ ਉਨ੍ਹਾਂ ਦੇ ਹਾਸੇ ਨੂੰ ਸੁਣ ਕੇ ਠਠੰਬਰ ਗਈ- ਸਹਿਮ ਕੇ ਪਰਛਾਵੇਂ ਨਾਲ ਉਸ ਦਾ ਰੰਗ ਪੀਲਾ ਪੈ ਗਿਆ…
ਦੇਵ ਚੌਂਕ ਕੇ ਬੋਲਿਆ, ਉਹ – ਮੈਂ ਤਾਂ ਭੁੱਲ ਗਿਆ – ਇਹ ਖੁਸ਼ੀ—ਮੇਰੀ ਅੱਜ ਦੀ ਸੈਰ ਦੀ ਹਮ ਮੰਜਿਲ-ਖੁਸ਼ੀ।
ਇਹ ਮੇਰਾ ਪਿਆਰਾ ਜਿਹਾ ਦੋਸਤ ਰਵੀ- ਹੁੰਮਮ— ਰਵੀ ਦੋਵਾਂ ਨੂੰ ਆਪਣੇ ਰੈਸਟ ਰੂਮ ਵਿੱਚ ਲੈ ਆਇਆ — ਕਿਉਂਕਿ ਬਾਰਿਸ਼ ਕਾਰਨ ਕੌਫੀ ਹਾਊਸ ਦੀ ਕੋਈ ਵੀ ਸੀਟ ਖਾਲੀ ਨਹੀਂ ਸੀ।
ਯਾਰ! ਤੁਸੀਂ ਤਾਂ ਬੁਰੀ ਤਰ੍ਹਾਂ ਭਿੱਜ ਗਏ ਹੋ – ਦੇਵ – ਤੂੰ ਤਾਂ ਮੇਰਾ ਨਾਈਟ ਸੂਟ ਪਾ ਲੈ ਅਤੇ ਮੈਡਮ ਤੁਸੀਂ —
ਖੁਸ਼ੀ ਨੇ ਰਵੀ ਦੀ ਗੱਲ ਨੂੰ ਵਿੱਚੋਂ ਕੱਟਦਿਆਂ ਪੁੱਛਿਆ, ਕੀ ਮੈਂ ਤੁਹਾਡਾ ਵੌਸ਼ ਰੂਮ ਯੂਜ਼ ਕਰ ਸਕਦੀ ਹਾਂ?
ਹਾਂ – Sure – ਰਵੀ ਬੋਲਿਆ – ਉਹ ਸਾਹਮਣੇ ਹੀ ਹੈ –
ਖੁਸ਼ੀ ਕਮਰੇ ਨੂੰ ਨੀਝ ਨਾਲ ਦੇਖਦੀ ਹੋਈ ਬਾਥਰੂਮ ਵਿੱਚ ਚਲੀ ਗਈ। ਉਸਨੇ ਤੇਜ਼ੀ ਨਾਲ ਆਪਣੇ ਪਿੱਛੇ ਬਾਥਰੂਮ ਦਾ ਦਰਵਾਜ਼ਾ ਬੰਦ ਕੀਤਾ ਅਤੇ ਫੁੱਟ ਫੁੱਟ ਕੇ ਰੋ ਪਈ ਅਤੇ ਬੋਲੀ—
ਓ ਗਾਡ ਹੈਲਪ ਮੀ — ਆਈ ਵਿਲ ਨੈਵਰ ਕੇਮ ਅਲੋਨ—
(Oh God! Help me I will never came alone)
ਮਨ ਹਲਕਾ ਹੋਣ ਤੇ ਖੁਸ਼ੀ ਨੇ ਆਪਣੇ ਹੈਂਡ ਬੈਗ ਵਿੱਚੋਂ ਨਾਬੀ ਰੰਗ ਦਾ ਸੂਟ ਨਿਕਾਲ ਕੇ ਚੇਂਜ ਕੀਤਾ – ਗਿੱਲੇ ਵਾਲਾਂ ਨੂੰ ਸੰਵਾਰਦੇ ਹੋਏ, ਕੁੱਝ ਸੋਚਦੇ ਹੋਏ ਬਾਹਰ ਨਿਕਲੀ – ਉਸਦੇ ਚਿਹਰੇ ਤੇ ਅਜੀਬ ਜਿਹੀ ਆਭਾ ਸੀ – ਸ਼ਾਇਦ ਆਉਣ ਵਾਲੇ ਹਾਲਾਤ ਨਾਲ ਨਿਪਟਣ ਲਈ ਹੌਂਸਲਾ ਕਰ ਲਿਆ ਸੀ।
ਖੁਸ਼ੀ ਨੂੰ ਬਾਹਰ ਆਉਂਦੇ ਦੇਖ – ਦੇਵ ਬੋਲਿਆ,
ਆਓ! ਮੈਡਮ ਕੌਫੀ ਤਿਆਰ ਹੈ!
ਖੁਸ਼ੀ ਨੇ ਕਮਰੇ ਨੂੰ ਨੀਝ ਨਾਲ ਦੇਖਿਆ ਅਤੇ ਦੀਵਾਰ ਨਾਲ ਵਿੱਛੇ ਦੀਵਾਨ ਤੇ ਬੈਠ ਗਈ। ਪੋਲੇ ਜਿਹੇ ਬੋਲੀ, “ਮਾਫ਼ ਕਰਨਾ ਸਰ! ਮੈਂ ਕੌਫੀ ਨਹੀਂ ਪੀਂਦੀ”।
ਦਰਅਸਲ ਖੁਸ਼ੀ ਨੂੰ ਸ਼ੱਕ ਸੀ ਕਿ ਉਸ ਦੀ ਗ਼ੈਰ ਹਾਜ਼ਰੀ ਵਿੱਚ ਦੋਵੇਂ ਦੋਸਤਾਂ ਨੇ ਕੁਝ ਨਸ਼ਾ ਵਗੈਰਾ ਨਾ ਮਿਲਾ ਦਿੱਤਾ ਹੋਵੇ-
ਖੁਸ਼ੀ ਨੇ ਰਵੀ ਵੱਲ ਧਿਆਨ ਨਾਲ ਦੇਖਿਆ ਤੇ ਬੋਲੀ, ਕੀ ਮੈਨੂੰ ਇੱਕ ਗਿਲਾਸ ਗਰਮ ਪਾਣੀ ਮਿਲ ਸਕਦਾ ਹੈ। ਰਵੀ ਨੇ ਖੁਸ਼ੀ ਲਈ ਗਰਮ ਪਾਣੀ ਮੰਗਵਾਇਆ। ਗਰਮ ਪਾਣੀ ਆਉਣ ਤੇ ਖੁਸ਼ੀ ਨੇ ਹੈਂਡ ਬੈਗ ਚੋਂ ਚਾਹ ਚੀਨੀ ਅਤੇ ਦੁੱਧ ਦੇ ਪਾਊਚ ਕੱਢ ਕੇ ਚਾਹ ਬਣਾਈ ਅਤੇ ਚਾਹ ਨੂੰ ਚੁਸਕੀਆਂ ਲੈ ਕੇ ਪੀਂਦੀ ਹੋਈ ਬੋਲੀ, ਸਫ਼ਰ ਵਿੱਚ ਮੈਂ ਆਪਣੀ ਲੋੜ ਮੁਤਾਬਿਕ ਹਰ ਚੀਜ਼ ਹੈਂਡ ਬੈਗ ਵਿੱਚ ਰੱਖ ਲੈਂਦੀ ਹਾਂ।
ਪਰਸ ਵਿੱਚੋਂ ਚਾਹ ਦਾ ਸਮਾਨ ਕੱਢਦਿਆਂ, ਖੁਸ਼ੀ ਨੇ ਅਨਜਾਣੇ ਵਿੱਚ ਇੱਕ ਕਿਤਾਬ ਵੀ ਕੱਢ ਕੇ ਮੇਜ਼ ਤੇ ਰੱਖ ਦਿੱਤੀ। ਕਿਤਾਬ ਤੇ ਖੁਸ਼ੀ ਦੀ ਫੋਟੋ ਵੀ ਛਪੀ ਹੋਈ ਸੀ। ਦੇਵ ਅਤੇ ਰਵੀ ਨੇ ਦੇਖਿਆ ਤਾਂ ਸੁਭਾਵਿਕੀ ਦੋਵੇਂ ਬੋਲੇ, “ਕੀ ਤੁਸੀਂ ਲਿਖਦੇ ਹੋ?” ਦੇਵ ਨੇ ਕਿਤਾਬ ਨੂੰ ਚੁੱਕ ਲਿਆ – ਅਤੇ ਖੋਲ੍ਹਿਆ –
ਉਹ ਇਹ ਤਾਂ ਤੁਹਾਡੀ ਸ਼ਾਇਰੀ ਦੀ ਕਿਤਾਬ ਹੈ।
ਜੀ – ਮੈਨੂੰ ਪੜ੍ਹਨ ਲਿਖਣ ਦਾ ਸ਼ੌਂਕ ਹੈ – ਜੌਬ ਅਤੇ ਗ੍ਰਹਿਸਥੀ ਨਾਲ ਘੱਟ ਹੀ ਲਿਖਿਆ ਜਾਂਦਾ ਹੈ ਪਰ ਫੇਰ ਵੀ ਮੈਂ ਲਿਖਦੀ ਹਾਂ ਕਿਉਂਕਿ ਇਹ ਮੇਰੀ ਰੂਹ ਦੀ ਖੁਰਾਕ ਹੈ।
ਕੀ ਤੁਸੀਂ ਕੁਝ ਸੁਣਾਉਗੇ – ਕਿਉਂਕਿ ਅਸੀਂ ਦੋਵੇਂ ਸ਼ਾਇਰੀ ਦੇ ਦੀਵਾਨੇ ਹਾਂ।
ਖੁਸ਼ੀ ਝਿਜਕ ਗਈ – ਪਰ ਦੋਵਾਂ ਦੇ ਬਾਰ ਬਾਰ ਕਹਿਣ ਤੇ ਉਸ ਨੇ ਆਪਣੀ ਤਾਜ਼ਾ ਲਿਖੀ ਗਜ਼ਲ ਤਰੁਨਮ ਵਿੱਚ ਸੁਣਾਈ – ਉਸ ਦੀ ਅਵਾਜ਼ ਸੁਣ ਕੇ ਕਸਟਮਰ ਅਤੇ ਕੌਫੀ ਹਾਊਸ ਦਾ ਸਟਾਫ ਵੀ ਉੱਥੇ ਇਕੱਠੇ ਹੋ ਗਏ ਸਨ। ਸਭ ਨੇ ਉਸ ਨੂੰ ਦਾਦ ਦਿੱਤੀ।
ਰਵੀ ਨੇ ਦੁਬਾਰਾ ਕੌਫੀ, ਸਨੈਕਸ ਅਤੇ ਗਰਮ ਪਾਣੀ ਖੁਸ਼ੀ ਦੀ ਚਾਹ ਲਈ ਮੰਗਵਾਇਆ।
ਗਜ਼ਲ ਸੁਣਨ ਤੋਂ ਬਾਅਦ ਸਾਰੇ ਕਮਰੇ ਤੋਂ ਬਾਹਰ ਚਲੇ ਗਏ ਸਨ।
ਗਜ਼ਲ ਸੁਣਾ ਕੇ ਖੁਸ਼ੀ ਉਦਾਸ ਹੋ ਗਈ ਸੀ। ਉਸ ਨੂੰ ਖਾਮੋਸ਼ ਦੇਖ ਕੇ ਪੁੱਛਿਆ ਕਿ ਖੁਸ਼ੀ ਤੁਸੀਂ ਸਾਡੇ ਸ਼ਹਿਰ ਵਿੱਚ ਕਿਹੜੇ ਸਬੱਬ ਕਾਰਨ ਆਏ ਸੀ?
ਖੁਸ਼ੀ ਨੇ ਦੱਸਿਆ ਕਿ ਉਹ ਸੈਂਟਰ ਹਾਲ ਵਿੱਚ ਸਾਹਿਤਕ ਗੋਸ਼ਟੀ ਅਤੇ ਕਵੀ ਦਰਬਾਰ ਵਿੱਚ ਆਈ ਸੀ। ਕਵੀ ਦਰਬਾਰ ਦਾ ਨਿਉਤਾ ਮਿਲਣ ਤੇ ਪਹਿਲੀ ਵਾਰ ਇਕੱਲੇ ਆਉਣ ਦੀ ਹਿੰਮਤ ਕਰ ਬੈਠੀ – ਕਿਉਂਕਿ ਕਵੀ ਮਿੱਤਰ ਅਕਸਰ ਕਹਿ ਦਿੰਦੇ ਸਨ – ਕਿ ਤੇਰੇ ਉਹ ਜੀ ਹਮੇਸ਼ਾ ਨਾਲ ਹੁੰਦੇ ਹਨ — ? ਕੀ ਉਹ ਤੁਹਾਡੇ ਤੇ ਸ਼ੱਕ ਕਰਦੇ ਹਨ। “ਜੇ ਇਸ ਵਾਰ ਉਹ ਨਾਲ ਨਹੀਂ ਆਏ ਤਾਂ ਬੋਲਦੇ ਹਨ, ਕੀ ਗੱਲ? ਇਸ ਵਾਰ ਤੁਹਾਡੇ ਏ ਜੀ ਨਹੀਂ ਆਏ – ਕੀ ਆਪਸ ਵਿੱਚ ਖੱਟਪਟ ਚੱਲ ਰਹੀ ਹੈ–”
ਕਵੀ ਦਰਬਾਰ ਦਾ ਸਮਾਂ ਰਾਤ ਨੂੰ 6 ਤੋਂ 8 ਵਜੇ ਸੀ – ਉਸ ਤੋਂ ਪਹਿਲਾਂ ਸਵੇਰੇ 10 ਵਜੇ ਤੋਂ 1 ਵਜੇ ਤੱਕ ਕਹਾਣੀ ਗੋਸ਼ਟੀ ਸੀ। ਇਸ ਲਈ ਮੈਂ ਦੋਵੇਂ ਸਮਾਗਮ ਅਟੈਂਡ ਕਰਨ ਦੀ ਸੋਚੀ। ਪ੍ਰਬੰਧਕਾਂ ਵੱਲੋਂ ਖਾਣ ਪੀਣ ਅਤੇ ਰਿਹਾਇਸ਼ ਦੇ ਪ੍ਰਬੰਧ ਬਾਬਤ ਲਿਖਿਆ ਹੋਇਆ ਸੀ। ਇਸ ਬਾਬਤ ਮੁੱਖ ਸੰਚਾਲਕ ਤਾਰਾ ਚੰਦ ਨੇ ਫੋਨ ਤੇ ਵੀ ਕਈ ਵਾਰੀ ਦੱਸਿਆ ਸੀ।
ਤਾਰਾ ਚੰਦ ਸਿੰਘ ਕਈ ਪਰੋਗਰਾਮਾਂ ਵਿੱਚ ਮੈਨੂੰ ਅਤੇ ਮੇਰੇ ਪਤੀ ਨੂੰ ਮਿਲੇ ਸਨ। ਘਰ ਵੀ ਦੋ ਤਿੰਨ ਵਾਰੀ ਆਪਣੇ ਪਰਿਵਾਰ ਨਾਲ ਮਿਲਣ ਆਏ ਸਨ। ਇਨ੍ਹਾਂ ਨੂੰ ਵੀ ਉਸ ਤੇ ਵਿਸ਼ਵਾਸ ਜਿਹਾ ਹੋ ਗਿਆ ਸੀ ਇਸ ਲਈ ਮੈਨੂੰ ਇਕੱਲੇ ਆਉਣ ਦੀ ਇਜਾਜ਼ਤ ਦੇ ਦਿੱਤੀ ਸੀ। ਮੇਰੇ ਏ ਜੀ ਮੈਨੂੰ ਏਨਾ ਪਿਆਰ ਕਰਦੇ ਹਨ, ਕਿ ਮੇਰੀ ਹਰ ਇੱਛਾ ਪੁਗਾਉਂਦੇ ਹਨ, ਪਰ ਉਹ ਮੇਰੀ ਕੰਡੇ ਦੀ ਚੋਭ ਵੀ ਬਰਦਾਸ਼ਤ ਨਹੀਂ ਕਰਦੇ—ਇਸ ਲਈ ਉਹ ਹਮੇਸ਼ਾ ਮੇਰੇ...

ਨਾਲ ਹੁੰਦੇ ਹਨ।
ਖੁਸ਼ੀ ਦੋ ਪਲ ਲਈ ਸਾਹ ਲੈਣ ਲਈ ਰੁਕੀ ਅਤੇ ਉਸਨੇ ਦੋਵਾਂ ਵੱਲ ਨੀਝ ਨਾਲ ਤੱਕਿਆ, ਦੋਵੇਂ ਬੜੇ ਹੀ ਧਿਆਨ ਨਾਲ ਉਸ ਦੀ ਗੱਲ ਸੁਣ ਰਹੇ ਸਨ।
ਖੁਸ਼ੀ ਫਿਰ ਬੋਲੀ – ਮੈਂ ਸਵੇਰੇ ਹੀ ਸਮਾਗਮ ਵਾਲੀ ਜਗ੍ਹਾ ਤੇ ਪਹੁੰਚ ਗਈ ਸਾਂ। ਸਵੇਰ ਦਾ ਪਰੋਗਰਾਮ ਅਟੈਂਡ ਕੀਤਾ।
ਫੰਕਸ਼ਨ ਵਿੱਚ ਮੈਂ ਦੋ ਚਾਰ ਮਿੱਤਰਾਂ ਤੋਂ ਹੀ ਵਾਕਿਫ਼ ਸਾਂ, ਜਿਨ੍ਹਾਂ ਨੂੰ ਰੇਡੀਓ, ਟੀ.ਵੀ. ਤੇ ਜਾਂ ਕਹਾਣੀ ਦਰਬਾਰ ਵਿੱਚ ਮਿਲੀ ਸਾਂ… ਕਈਂ ਨੂੰ ਤਾਂ ਸਿਰਫ਼ ਉਨ੍ਹਾਂ ਦੀ ਲਿਖਤ ਕਰਕੇ ਹੀ ਜਾਣਦੀ ਸਾਂ।
ਤਾਰਾ ਚੰਦ ਸਿੰਘ ਜੋ ਇਸ ਫੰਕਸ਼ਨ ਦੇ ਮੁੱਖ ਸੰਚਾਲਕ ਨੇ ਮੈਨੂੰ ਅਕਸਰ ਫੋਨ ਕਰਦੇ ਰਹਿੰਦੇ ਸਨ, ਮੈਡਮ! ਸਾਹਿਤ ਦੇ ਖੇਤਰ ਵਿੱਚ ਜੇ ਨਾਮਣਾ ਖੱਟਣਾ ਨੇ – ਤਾਂ ਸਾਹਿਤਕ ਪਰੋਗਰਾਮਾਂ ਵਿੱਚ ਗੇੜੀ ਮਾਰਿਆ ਕਰੋ – ਕੋਈ ਗਾਡ ਫਾਦਰ ਬਣਾਓ – ਫਿਰ ਦਿਨਾਂ ਵਿੱਚ ਤੁਹਾਡੀ ਕਲਮ ਬੁਲੰਦੀਆਂ ਨੂੰ ਛੂਹੇਗੀ।
ਬਾਰਿਸ਼ ਮੁੜ ਤੇਜ਼ ਹੋ ਗਈ ਸੀ, ਰਵੀ ਨੇ ਫਿਰ ਦੋ ਕੱਪ ਕਾਫ਼ੀ ਗਰਮ ਪਾਣੀ ਮੰਗਵਾ ਲਏ ਸਨ। ਮੈਂ ਆਪਣੀ ਚਾਹ ਬਣਾ ਉਨ੍ਹਾਂ ਨਾਲ ਹੀ ਪੀਣ ਲੱਗ ਪਈ – ਮੈਨੂੰ ਖਾਮੋਸ਼ ਦੇਖ ਕੇ ਦੇਵ ਨੇ ਆਪਣੇ ਅਤੇ ਰਵੀ ਬਾਰੇ ਚੰਦ ਲਫ਼ਜ਼ਾਂ ਵਿੱਚ ਦੱਸਿਆ.. ਮੈਡਮ ਜੀ ਅਸੀਂ ਭਾਵੇਂ ਭਰਾ ਨਹੀਂ ਹਾਂ, ਪਰ ਭਰਾਵਾਂ ਤੋਂ ਵੱਧ ਹਾਂ। ਬੱਸ ਇੱਕ ਦੂਜੇ ਨੂੰ ਦੇਖੇ ਬਿਨਾਂ ਨਹੀਂ ਰਹਿ ਸਕਦੇ—ਸ਼ਾਇਦ ਹੋ ਸਕਦਾ ਹੈ ਪਿੱਛਲੇ ਜਨਮ ਵਿੱਚ ਸਾਡਾ ਕੋਈ ਖ਼ੂਨ ਦਾ ਸਬੰਧ ਹੋਵੇ, ਜੋ ਅਧੂਰਾ ਰਹਿ ਗਿਆ ਹੋਵੇ।
ਰਵੀ ਨੇ ਖਾਮੋਸ਼ੀ ਤੋੜੀ—ਮੈਂ ਅਤੇ ਦੇਵ ਹਮ ਜਮਾਤੀ, ਹਮ ਨਿਵਾਲਾ, ਹਮ ਪਿਆਲਾ ਅਤੇ ਹਮਕਦਾਵਰ ਵੀ ਤਾਹਿਉਂ ਮੇਰਾ ਨਾਈਟ ਸੂਟ ਇਸ ਨੂੰ ਪੂਰਾ ਆ ਗਿਆ। ਹਾ-ਹਾ-ਹਾ- ਉਹ ਹੱਸਿਆ-
ਦੇਵ ਬੋਲਿਆ, ਖੁਸ਼ੀ ਸਾਡਾ ਦੁੱਖ ਸੁੱਖ ਸਾਂਝਾ ਏ – ਇੱਕ ਦੂਸਰੇ ਦੇ ਗਲੇ ਲੱਗ ਕੇ ਹੱਸ ਰੋ ਲਈਦਾ ਹੈ। ਕਦੀ ਇਹ ਕ੍ਰਿਸ਼ਨ ਅਤੇ ਮੈਂ ਸੁਦਾਮਾ ਅਤੇ ਇਹ ਸੁਦਾਮਾ ਅਤੇ ਮੈਂ—ਕ੍ਰਿਸ਼ਨ
ਬਾਰਿਸ਼ ਹੋਰ ਤੇਜ਼ ਹੋ ਗਈ ਸੀ—ਖੁਸ਼ੀ ਨੇ ਆਪਣਾ ਮੋਬਾਇਲ ਕੱਢਿਆ ਪਰ ਨੈੱਟ ਨਹੀਂ ਸੀ—ਦੇਵ—ਮੈਂ ਘਰ ਗੱਲ ਕਰਨਾ ਚਾਹੁੰਦੀ ਸੀ। ਘਰ ਦੇ ਫਿਕਰ ਕਰਦੇ ਹੋਣੇ- ਕਾਊਂਟਰ ਤੇ ਪਏ ਟੈਲੀਫੋਨ ਨੂੰ ਦੇਖਦੇ ਹੋਏ, ਉਹ ਰਵੀ ਵੱਲ ਮੁਖਾਤਿਬ ਹੋਈ—ਕੀ ਮੈਂ ਤੁਹਾਡਾ ਲੈਂਡ ਲਾਈਨ ਤੋਂ ਫੋਨ ਕਰ ਸਕਦੀ ਹਾਂ—
ਜੀ—Sure ਮੈਡਮ ਕਿਉਂ ਨਹੀਂ—ਕਿਉਂ ਨਹੀਂ, ਰਵੀ ਬੋਲਿਆ। ਪਰ ਖੁਸ਼ੀ ਨੇ ਟੈਲੀਫੋਨ ਚੁੱਕਿਆ ਤਾਂ ਡੈੱਡ ਪਿਆ ਸੀ—ਉਹ ਮਾਯੂਸ ਹੋ ਕੇ ਵਾਪਿਸ ਪਰਤ ਕੇ ਸੋਫੇ ਤੇ ਬੈਠ ਗਈ।
“ਦੇਵ ਜੀ” ਉਹ ਬੋਲੀ – ਮੈਂ ਆਪਣੇ ਘਰ ਵਾਪਿਸ ਜਾਣਾ ਚਾਹੁੰਦੀ ਹਾਂ… ਉਹ ਮੇਰਾ ਬਹੁਤ ਫ਼ਿਕਰ ਕਰਦੇ ਹੋਣੇ – ਦੂਸਰਾ ਅੱਜ ਦੀ ਘਟਨਾ ਨੇ ਮੈਨੂੰ ਬਿਲਕੁਲ ਹੀ ਤੋੜ ਮਰੋੜ ਦਿੱਤਾ ਹੈ—
ਉਹ ਫ਼ਿਸ ਪਈ ਅਤੇ ਪਰਲ ਪਰਲ ਹੰਝੂ ਉਸ ਦੀਆਂ ਅੱਖਾਂ ਵਿੱਚੋਂ ਵਹਿ ਨਿਕਲੇ – ਉਹ ਰੋਂਦੇ ਰੋਂਦੇ ਬੋਲੀ ਪਲੀਜ਼ ਮੇਰੇ ਲਈ ਇੱਕ ਟੈਕਸੀ ਕਰ ਦਿਉ—ਤੁਹਾਡੀ ਮਿਹਰਬਾਨੀ ਹੋਵੇਗੀ—
ਉਸ ਨੂੰ ਰੋਂਦਾ ਦੇਖ ਕੇ ਰਵੀ ਅਤੇ ਦੇਵ ਉਸ ਦੇ ਨੇੜੇ ਹੋ ਗਏ – ਖੁਸ਼ੀ – ਤੁਸੀਂ ਰੋਵੋ ਨਾ.. ਮਿਹਰਬਾਨੀ ਦੀ ਕੋਈ ਗੱਲ ਨਹੀਂ… ਦਰਅਸਲ ਏਨੀ ਬਰਸਾਤ ਵਿੱਚ ਟੈਕਸੀ ਮਿਲਣੀ ਔਖੀ ਹੈ ਅਤੇ ਦੂਜਾ ਫੋਨ ਅਤੇ ਮੋਬਾਇਲ ਕੰਮ ਨਹੀਂ ਕਰ ਰਹੇ ਹਨ, ਰਵੀ ਬੋਲਿਆ…। ਮੇਰੇ ਕੋਲ ਕਾਰ ਅਤੇ ਡਰਾਈਵਰ ਹੈ ਜੇ ਤੁਸੀਂ ਮੁਨਾਸਿਬ ਸਮਝੋ ਤਾਂ ਅਸੀ ਛੱਡ ਆਵਾਂਗੇ, ਨਹੀਂ ਤਾਂ ਡਰਾਈਵਰ ਛੱਡ ਆਏਗਾ— ਤੁਹਾਡੇ ਸ਼ਹਿਰ ਅਤੇ ਸਾਡੇ ਸ਼ਹਿਰ ਵਿੱਚ ਦੋ ਢਾਈ ਘੰਟਿਆਂ ਦਾ ਰਾਹ ਹੈ।
“ਪਲੀਜ਼ ਤੁਸੀਂ ਰੋਣਾ ਬੰਦ ਕਰੋ,” ਦੇਵ ਬੋਲਿਆ—ਖੁਸ਼ੀ ਭਾਈ ਅਸੀਂ ਤਾਂ ਜਿੰਮੀਦਾਰ ਬੰਦੇ ਹਾਂ. — ਸਾਨੂੰ ਇਨ੍ਹਾਂ ਗੱਲਾਂ ਦਾ ਇਲਮ ਨਹੀਂ, ਬੱਸ ਅਸੀਂ ਤਾਂ ਦੋਵੇਂ ਪੜ੍ਹਨ ਲਿਖਣ ਦੇ ਸ਼ੌਕੀਨ ਹਾਂ — ਬਾਕੀ ਰਹੀ ਤੁਹਾਨੂੰ ਛੱਡਣ ਦੀ ਗੱਲ — ਅਸੀਂ ਤੁਹਾਨੂੰ ਘਰ ਪਹੁੰਚਾ ਦਿੰਦੇ ਹਾਂ।
ਪਰ ਇਹ ਜ਼ਰੂਰ ਜਾਣਨਾ ਚਾਹਵਾਂਗੇ ਕਿ ਸਾਡੇ ਸ਼ਹਿਰ ਤੋਂ ਕੀ ਗ਼ੁਸਤਾਖੀ ਹੋਈ ਹੈ
ਕਿਹੜੇ ਬੰਦੇ ਨੇ ਤੁਹਾਡੀਆਂ ਸੁਦੰਰ ਅੱਖਾਂ ਵਿੱਚ ਹੰਝੂ ਦਿੱਤੇ ਹਨ—
ਖੁਸ਼ੀ ਨੇ ਹੰਝੂ ਭਰੀਆਂ ਅੱਖਾਂ ਨਾਲ ਦੇਵ ਵੱਲ ਦੇਖਿਆ ਅਤੇ ਬੋਲਣ ਲੱਗੀ – ਦੇਵ ਜੀ ਮੈਂ ਤਾਰਾ ਚੰਦ ਨੂੰ ਦੋ ਤਿੰਨ ਵਾਰ ਹੀ ਪੁੱਛਿਆ ਕਿ ਲੇਡੀਜ਼ ਦੀ ਰਿਹਾਇਸ਼ ਦਾ ਪ੍ਰਬੰਧ ਹੈ ਤਾਂ ਮੈਂ ਦੂਸਰਾ ਪਰੋਗਰਾਮ ਅਟੈਂਡ ਕਰ ਲੈਂਦੀ ਹਾਂ, ਨਹੀਂ ਤਾਂ ਮੈਂ ਵਾਪਿਸ ਘਰ ਚਲੀ ਜਾਂਦੀ ਹਾਂ।
ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਰਹਿਣ ਲਈ ਰੈਸਟ ਹਾਊਸ ਦੇ ਕਮਰੇ ਬੁੱਕ ਹਨ, ਤੁਸੀਂ ਚਿੰਤਾ ਨਾ ਕਰੋ, ਮੈਂ ਖ਼ੁਦ ਤੁਹਾਨੂੰ ਉੱਥੇ ਪਹੁੰਚਾ ਦਿਆਂਗਾ।
ਪ੍ਰੋਗਰਾਮ ਵਿੱਚ ਮਰਦਾਂ ਨਾਲੋਂ ਔਰਤਾਂ ਦੀ ਗਿਣਤੀ ਨਾਂ ਮਾਤਰ ਹੀ ਸੀ – ਮੈਂ ਹੈਰਾਨ ਸਾਂ ਕਿ ਲੇਖਕ ਮਿੱਤਰ ਚਿੱਠੀ ਪੱਤਰ ਜਾਂ ਟੈਲੀਫ਼ੋਨ ਤੇ ਬਹੁਤ ਹੀ ਨਜ਼ਦੀਕੀ ਹੋਣ ਦੀ ਗੱਲ ਕਰਦੇ ਹਨ ਤੇ ਆਪਣੇ ਆਪਣੇ ਜਾਪਦੇ ਹਨ, ਪਰ ਸਮਾਗਮ ਵਿੱਚ ਬੜੇ ਓਪਰਿਆਂ ਵਰਗਾ ਵਿਹਾਰ ਕਰ ਰਹੇ ਸਨ।
ਖ਼ੈਰ ਪਰੋਗਰਾਮ ਕਾਫ਼ੀ ਵਧੀਆ ਤਰੀਕੇ ਨਾਲ ਸੰਪਨ ਹੋਇਆ। ਮੇਰੀ ਗਜ਼ਲ ਤੇ ਵੀ ਖੂਬ ਦਾਦ ਮਿਲੀ। ਪਰੋਗਰਾਮ ਭਾਵੇਂ ਲੇਟ ਹੋ ਗਿਆ ਸੀ ਪਰ ਸਭ ਦੇ ਚਿਹਰੇ ਤੇ ਖੁਸ਼ੀ ਸੀ। ਮੈਂ ਡਿਨਰ ਲੈਂਦਿਆਂ ਦੋ ਤਿੰਨ ਵਾਰੀ ਤਾਰਾ ਚੰਦ ਸਿੰਘ ਨੂੰ ਸਟੇਅ ਬਾਰੇ ਪੁੱਛਿਆ – ਤਾਂ ਉਨ੍ਹਾਂ ਨੇ ਵਿਅਸਤਾ ਜ਼ਾਹਿਰ ਕਰਦੇ ਹੋਏ ਬਸ ਏਨਾ ਕਿਹਾ ਕਿ ਥੋੜਾ ਇੰਤਜ਼ਾਰ ਕਰੋ। ਖਾਣਾ ਖਾਣ ਤੋਂ ਬਾਅਦ ਲੇਡੀਜ਼ ਤਾਂ ਪਤਾ ਨਹੀਂ ਕਿਧਰੇ ਛਈਂ ਮਈਂ ਹੋ ਗਈਆਂ ਅਤੇ ਤਾਰਾ ਚੰਦ ਸਿੰਘ ਨੇ ਮੇਰੇ ਕੋਲ ਆ ਕੇ ਕਿਹਾ ਪੀਣ ਵਾਲੇ ਯਾਰਾਂ ਦੋਸਤਾਂ ਨੂੰ ਜਰਾ ਟਿਕਾਣੇ ਲਗਾ ਕੇ ਆਉਂਦਾ ਹਾਂ।
ਮੈਂ ਇਕੱਲੀ ਸਮਾਗਮ ਹਾਲ ਵਿੱਚ ਰਹਿ ਗਈ ਸਾਂ, ਸਿਰਫ ਉੱਥੇ ਸਾਊਂਡ ਵਾਲੇ ਦੋ ਚਾਰ ਬੰਦੇ ਸਨ, ਜੋ ਆਪਣਾ ਸਮਾਨ ਸਮੇਟ ਰਹੇ ਸਨ। ਅੱਧੇ ਘੰਟੇ ਬਾਅਦ ਤਾਰਾ ਚੰਦ ਜੀ ਵਾਪਿਸ ਪਰਤ ਕੇ ਆਏ – ਅਤੇ ਮੈਨੂੰ ਕਿਹਾ ਕਿ ਚਲੋ ਨਜ਼ਦੀਕ ਹੀ ਰੈਸਟ ਹਾਊਸ ਹੈ—ਸਾਡਾ ਕਮਰਾ ਉੱਥੇ ਬੁੱਕ ਹੀ ਹੈ – ਉਨ੍ਹਾਂ ਦੇ “ਸਾਡਾ” ਕਹਿਣ ਤੇ ਮੈਂ ਚੌਂਕੀ। ਉਹ ਮੈਨੂੰ ਰੈਸਟ ਹਾਊਸ ਦੇ ਕਮਰੇ ਵਿੱਚ ਲੈ ਆਏ। ਪੌੜੀਆਂ ਚੜ ਕੇ ਉੱਪਰ ਕਮਰਾ ਸੀ। ਕਮਰੇ ਵਿੱਚ ਪਹੁੰਚ ਕੇ ਸੁੱਖ ਦਾ ਸਾਹ ਲਿਆ – ਮੈਂ ਤਾਰਾ ਚੰਦ ਦਾ ਧੰਨਵਾਦ ਕਰਨ ਲਈ ਮੁੜੀ ਤਾਂ ਮੈਂ ਦੇਖਿਆ ਕਿ ਉਹ ਆਪਣੀ ਪਗੜੀ ਉਤਾਰ ਕੇ ਮੇਜ਼ ਤੇ ਰੱਖ ਰਹੇ ਸਨ – ਪਗੜੀ ਉਤਾਰਦਿਆਂ ਦੇਖ ਕੇ ਮੈਂ ਅੱਭੜਵਾਹੇ ਬੋਲੀ – ਤਾਰਾ ਚੰਦ ਜੀ ਇਹ ਕੀ –
ਉਹ ਮੇਰੇ ਨੇੜੇ ਆ ਗਏ – ਖੁਸ਼ੀ ਆਪਾਂ ਦੋਨੋਂ—ਇੱਥੇ ਹੀ – ਠਹਿਰਾਂਗੇ। ਕੋਈ ਹੋਰ ਕਮਰਾ ਮਿਲਿਆ ਨਹੀਂ। ਮੈਂ ਉਨ੍ਹਾਂ ਦੀ ਗੱਲ ਕੱਟਦਿਆਂ ਕਿਹਾ “ਮਿਸਟਰ I Never No – ਮੈਂ ਇਹ ਬਰਦਾਸ਼ਤ ਨਹੀਂ ਕਰਾਂਗੀ- ਤੁਸੀਂ ਇਸੀ ਵਕਤ ਮੇਰੇ ਕਮਰੇ ਚੋਂ ਨਿਕਲ ਜਾਉ- ਮੈਂ ਖੁਦ ਕਮਰੇ ਦਾ ਰੈਂਟ ਦੇ ਦੇਵਾਂਗੀ-”
“ਖੁਸ਼ੀ – ਖੁਸ਼ੀ ਉਨ੍ਹਾਂ ਨੇ ਮੇਰੀ ਬਾਂਹ ਪਕੜ ਲਈ, — ਮੈਂ ਤੇਰਾ ਗਾਡ ਫਾਦਰ ਹਾਂ—ਉਹ ਮੇਰੇ ਹੋਰ ਨੇੜੇ ਹੋ ਗਏ–” ਉਸਦੇ ਮੂੰਹ ਵਿੱਚੋਂ ਸ਼ਰਾਬ ਦੀ ਗੰਧ ਆ ਰਹੀ ਸੀ—ਉਹ ਲੜਖੜਾਉਂਦੇ ਹੋਏ ਫਿਰ ਬੋਲੇ ਮੈਂ ਮੈਂ- ਤੇਰੀ ਕਲਮ ਨੂੰ ਰਾਤੋ ਰਾਤ ਚਮਕਾ ਦੇਵਾਂਗਾ—ਦੇਸ਼ ਵਿਦੇਸ਼ ਤੇਰੀ ਲਿਖਤ ਦੀ ਚਰਚਾ ਹੋਵੇਗੀ—ਉਹ ਜ਼ਬਰਦਸਤੀ ਕਰਨ ਤੇ ਉੱਤਰ ਆਏ।
ਮੈਂ ਉਸਨੂੰ ਜੋਰ ਦੀ ਧੱਕਾ ਦਿੰਦੀ ਬੋਲੀ, ਮਿਸਟਰ ਤਾਰਾ ਹੋ ਜਾਂ ਚੰਦ, ਪਰ ਮੇਰੇ ਲਈ ਇੱਕ ਧੂੜ ਦਾ ਕਿਣਕਾ ਹੋ – ਇਹੋ ਜਿਹੀ ਇੱਛਾ ਕਿਸੇ ਹੋਰ ਦਰ ਤੇ ਰੱਖਣਾ- ਮੈਂ ਪਰਸ ਚੁੱਕ ਕੇ ਦਰਵਾਜੇ ਵੱਲ ਵਧੀ ਤਾਂ ਉਸਨੇ ਅੱਗੇ ਹੋ ਕੇ ਦਰਵਾਜਾ ਬੋਲਟ ਕਰ ਦਿੱਤਾ, ਅਤੇ ਬੰਦ ਦਰਵਾਜ਼ੇ ਦੇ ਅੱਗੇ ਖੜੇ ਹੋ ਕੇ ਉਹ ਗੰਦਾ ਜਿਹਾ ਹਾਸਾ ਹੱਸਣ ਲੱਗ ਪਿਆ – ਖੁਸ਼ੀ ਮੈਂ ਤੈਨੂੰ ਪਿਆਰ ਕਰਦਾ ਹਾਂ-
ਪਤਾ ਨਹੀਂ ਫਿਲਮੀ ਹੀਰੋਇਨ ਵਾਂਗੂੰ ਮੇਰੇ ਵਿੱਚ ਹੌਂਸਲਾ ਕਿਵੇਂ ਆ ਗਿਆ, ਮੈਂ ਕਿਸੀ ਸੈਂਟਰ ਟੇਬਲ ਤੇ ਪਿਆ ਗੁਲਦਸਤਾ ਉਸ ਦੇ ਸਿਰ ਤੇ ਮਾਰਿਆ—ਨਸ਼ੇ ਚ ਤਾਂ ਉਹ ਪਹਿਲਾਂ ਹੀ ਸੀ, ਲੜਖੜਾਉਂਦਾ ਉਹ ਗਿਰ ਗਿਆ ਤੇ ਮੈਂ ਮੌਕਾ ਪਾ ਕੇ ਉੱਥੋਂ ਦੌੜ ਪਈ- ਮੈਨੂੰ ਯਾਦ ਨਹੀਂ ਸੀ ਮੈਂ ਕਿੱਧਰ ਜਾ ਰਹੀ ਹਾਂ—ਮੇਰੀ ਮੰਜ਼ਿਲ ਕੀ ਹੈ– ਮੈਨੂੰ ਜਾਪਿਆ ਜਿਵੇਂ ਉਹ ਮੇਰੇ ਪਿੱਛੇ ਕਾਰ ਲੈ ਕੇ ਮੇਰਾ ਪਿੱਛਾ ਕਰ ਰਿਹਾ ਹੈ, ਇਸ ਲਈ ਮੈਂ ਬਾਰਿਸ਼ ਵਿੱਚ ਸੁੰਨਸਾਨ ਸੜਕ ਕੇ ਵਾਹੋਦਾਹੀ ਦੌੜਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਰੱਬ ਸਬੱਬੀਂ ਤੁਸੀਂ ਮਿਲ ਗਏ—
ਉਫ਼—ਮਰਦ ਜ਼ਾਤ—ਰਵੀ ਬੋਲਿਆ—ਉਸਨੇ ਮੋਟੀ ਜਿਹੀ ਗਾਲ੍ਹ ਕੱਢੀ।
ਕੁਝ ਦੇਰ ਲਈ ਕਮਰੇ ਵਿੱਚ ਚੁੱਪੀ ਜਿਹੀ ਛਾ ਗਈ। ਫਿਰ ਰਵੀ ਉੱਠਿਆ ਤੇ ਗੇਟ ਕੇਲ ਜਾ ਕੇ ਡਰਾਈਵਰ ਨੂੰ ਅੰਦਰ ਬੁਲਾਇਆ-
ਖੁਸ਼ੀ—ਚਲੋ- ਉੱਠੋ—ਤੁਹਾਨੂੰ ਤੁਹਾਡੇ ਸ਼ਹਿਰ ਛੱਡ ਆਉਂਦੇ—
ਠੀਕ ਹੈ – ਪਰ ਰਵੀ ਜੀ ਮੈਂ ਤੁਹਾਨੂੰ ਹੋਰ ਤਕਲੀਫ਼ ਨਹੀਂ ਦੇਣਾ ਚਾਹੁੰਦੀ—
ਦੇਵ ਤੇ ਰਵੀ ਨੇ ਆਪਸ ਵਿੱਚ ਇੱਕ ਦੂਸਰੇ ਵੱਲ ਦੇਖਿਆ। ਫਿਰ ਰਵੀ ਡਰਾਈਵਰ ਨੂੰ ਬੋਲਿਆ “ਅਰਜੁਨ ਸਿੰਘ, ਸਾਨੂੰ ਘਰ ਉਤਾਰ ਕੇ ਮੈਡਮ ਨੂੰ ਇਨ੍ਹਾਂ ਦੇ ਸ਼ਹਿਰ ਛੱਡ ਕੇ ਆ-”
ਦੇਵ ਬੋਲਿਆ—ਇਸ ਰਾਤ ਨੂੰ ਕਿਸੀ ਰਿਸ਼ਤੇ ਦਾ ਨਾਮ ਨਹੀਂ ਦੇਣਾ ਚਾਹੁੰਦੇ—ਕਿਉਂਕਿ ਖਰੋਂਚ ਆਉਣ ਤੇ ਰਿਸ਼ਤਿਆਂ ਦਾ ਦਿੱਤਾ ਦਰਜਾ ਬਦਨਾਮ ਹੋ ਜਾਂਦਾ ਹੈ—ਮਿੱਤਰ ਬਣਨਾ ਇੱਕ ਵਧੀਆ ਰਿਸ਼ਤਾ ਹੈ ਉਹ ਵੀ ਇੱਕ ਕੱਪ ਕਾਫ਼ੀ ਤੇ—
ਤਿੰਨੋ ਨੀਮੀ ਜਿਹੀ ਹਾਸੀ ਹੱਸੇ—ਤੇ ਕਾਰ ਵਿੱਚ ਬੈਠਣ ਤੋਂ ਪਹਿਲਾਂ ਦੇਵ ਨੇ ਪੰਜ ਸੌ ਰੁਪਏ ਖੁਸ਼ੀ ਦੇ ਹੱਥ ਫੜਾ ਕੇ ਸਿਰ ਤੇ ਹੱਥ ਰੱਖਿਆ—ਇਹ ਇਕ ਅਨਜਾਣ ਰਾਤ ਦਾ ਇੱਕ ਮਿੱਤਰ ਵੱਲੋਂ ਗਜ਼ਲ ਦਾ ਸ਼ਗਨ—
ਰਵੀ ਨੇ ਆਪਣੀ ਕੌਫ਼ੀ ਸ਼ਾਪ ਦਾ ਸਟਿੱਕਰ ਖੁਸ਼ੀ ਦੇ ਹੱਥ ਵਿੱਚ ਫੜਾਇਆ ਜਿਸ ਤੇ ਲਿਖਿਆ ਸੀ– ਐਵਰੀ ਕੱਪ ਆਫ਼ ਕਾਫ਼ੀ ਹੈਜ਼ ਏ ਸਟੋਰੀ—
ਖੁਸ਼ੀ ਦੀਆਂ ਅੱਖਾਂ ਵਿੱਚ ਧੰਨਵਾਦ ਦੇ ਹੰਝੂ ਸਨ—
ਮਨਮੋਹਨ ਕੌਰ
ਟਾਈਪ ਦੇ ਮੋਤੀ ਪਿਰੋਏ ਵਲੋਂ ਪਿਆਰੀ ਬੱਚੀ
ਰਾਜਵਿੰਦਰ ਕੌਰ
ਅੰਤਾਂ ਦਾ ਪਿਆਰ ਲਾਡੋ

...
...



Related Posts

Leave a Reply

Your email address will not be published. Required fields are marked *

One Comment on “ਐਵਰੀ ਕੱਪ ਆਫ਼ ਕੌਫ਼ੀ ਹੈਜ਼ ਏ ਸਟੋਰੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)