ਫਰੇਬ
ਪਾਤਰ – ਸ਼ਿਵਾਨੀ
ਜੈਲਦਾਰ
ਅਮਰ
ਕਾਲੀ
ਪੰਮਾ
ਇੰਸਪੈਕਟਰ ਪਠਾਨ
ਕਿਸ਼ਤ – 12
ਕੁੱਲ ਕਿਸ਼ਤਾਂ – 13
ਲੇਖਕ – ਗੁਰਪ੍ਰੀਤ ਸਿੰਘ ਭੰਬਰ
ਕੱਲ ਦੀ ਕਿਸ਼ਤ ਵਿੱਚ ਕਾਫੀ ਕੁੱਛ ਹੋ ਗਿਆ। ਪੰਮਾ ਸ਼ਿਵਾਨੀ ਦਾ ਅਸਲ ਪਤੀ ਨਿੱਕਲ ਆਇਆ। ਜੈਲੇ ਦੇ ਦੋ ਦੋਸਤ ਮਾਰ ਮੁਕਾਏ ਗਏ। ਕਾਲੀ ਨੂੰ ਜੈਲਦਾਰ ਨੇ ਆਪਣੇ ਗਲ ਲਗਾ ਲਿਆ। ਕਾਲੀ ਨੂੰ ਉਸਦੀ ਮੁਹੱਬਤ ਮਿਲ ਗਈ ਸੀ। ਓਹ ਚਾਹੁੰਦੀ ਸੀ ਕਿ ਪੈਸਾ-ਜ਼ਮੀਨ ਸਭ ਛੱਡ ਕੇ ਬੱਸ ਜੈਲਦਾਰ ਓਦੇ ਨਾਲ ਚੱਲੇ। ਪਰ ਜੈਲਾ ਆਪਣੀ ਜ਼ਮੀਨ, ਆਪਣਾ ਪੈਸਾ ਨਹੀਂ ਸੀ ਛੱਡਣਾ ਚਾਹੁੰਦਾ।
ਇਹ ਸਭ ਇਕ ਪਾਸੇ ਚੱਲ ਰਿਹਾ ਸੀ ਅਤੇ ਓਧਰ ਇੰਸਪੈਕਟਰ ਪਠਾਨ ਵਿਕਾਸ ਦੀ ਪਤਨੀ ਦੇ ਘਰ ਚਲਿਆ ਗਿਆ। ਵਿਕਾਸ ਦੀ ਪਤਨੀ ਦਾ ਨਾਮ ਸ਼ਿਲਪਾ ਸੀ। ਉਸ ਕੋਲ ਪਠਾਨ ਇਸ ਲਈ ਗਿਆ ਸੀ ਕਿ ਸ਼ਾਇਦ ਸ਼ਿਵਾਨੀ ਬਾਰੇ ਕੁੱਛ ਪਤਾ ਚੱਲ ਸਕੇ।
“ਮੈਂ ਕੀ ਲੈਣਾ ਓਦੇ ਤੋਂ ਜਾਂ ਓਦੀ ਰਖੇਲ ਤੋਂ!! ਮੇਰਾ ਕੋਈ ਲੈਣਾ-ਦੇਣਾ ਨੀ!! ਵਧੀਆ ਹੋਇਆ ਵਿਕਾਸ ਮਰ ਗਿਆ! ਇਹੋ ਜਿਹਿਆਂ ਨਾਲ ਇੱਦਾਂ ਈ ਹੁੰਦਾ!! ਜਿਹੜੇ ਦੋ ਕਿਸ਼ਤੀਆਂ ਵਿੱਚ ਪੈਰ ਰੱਖਦੇ ਆ!” ਸ਼ਿਲਪਾ ਬੋਲੀ।
“ਮੈਂ ਤੁਹਾਡਾ ਗੁੱਸਾ ਸਮਝ ਸਕਦਾ! ਪਰ ਮੇਰੀ ਕੋਸ਼ਿਸ਼ ਇਹੀ ਹੈ ਕਿ ਜੋ ਵਿਕਾਸ ਨਾਲ ਹੋਇਆ ਓਹ ਕਿਸੇ ਹੋਰ ਨਾਲ ਨਾ ਹੋਵੇ! ਇਸੇ ਲਈ ਮੈਂ ਉਸ ਠੱਗ ਕੁੜੀ ਨੂੰ ਗ੍ਰਿਫਤਾਰ ਕਰ ਲੈਣਾ ਚਾਹੁੰਨਾ!” ਪਠਾਨ ਨੇ ਕਿਹਾ, “ਪਰ ਦਿੱਕਤ ਇਹ ਹੈ ਕਿ ਓਦੀ ਕੋਈ ਤਸਵੀਰ ਤੱਕ ਸਾਡੇ ਡਿਪ੍ਰਾਟਮੈਂਟ ਕੋਲ ਨਹੀਂ ਹੈ”।
“ਮੈਂ ਇਦੇ ਚ ਤੁਹਾਡੀ ਕੀ ਹੈਲਪ ਕਰ ਸਕਦੀ ਆ ਇੰਸਪੈਕਟਰ?” ਸ਼ਿਲਪਾ ਬੋਲੀ।
“ਸ਼ਾਇਦ ਓਦੀ ਕੋਈ ਤਸਵੀਰ ਤੁਹਾਡੇ ਕੋਲ ਹੋਵੇ? ਤੁਹਾਡੀ ਦੋਸਤ ਬਣੀ ਸੀ ਨਾ ਓਹ! ਤਾਂ ਕੋਈ ਤਸਵੀਰ ਤੁਸੀਂ ਉਦੇ ਨਾਲ ਖਿੱਚੀ ਹੀ ਹੋਏਗੀ ਨਾ!?” ਪਠਾਨ ਨੇ ਪੁੱਛਿਆ।
“ਓਹ ਪੂਰੀ ਸ਼ਾਤਿਰ ਸੀ। ਜੀਹਨੇ ਕਿਸੇ ਨਾਲ ਫਰੇਬ ਕਰਨਾ ਹੋਵੇ, ਤਾਂ ਫੇਰ ਓਹ ਪੂਰਾ ਹੰਢਿਆ ਹੋਇਆ ਇਨਸਾਨ ਹੁੰਦਾ”। ਸ਼ਿਲਪਾ ਨੇ ਕਿਹਾ, “ਓਨੇ ਇਕ ਵੀ ਤਸਵੀਰ ਮੇਰੇ ਨਾਲ ਨਹੀਂ ਖਿਚਾਈ! ਸ਼ੀ ਵਾਜ਼ ਪ੍ਰੋਫੈਸ਼ਨਲ!”
ਇੱਥੇ ਵੀ ਯੁਸਫ ਪਠਾਨ ਦੇ ਹੱਥ ਕੁੱਛ ਨਾ ਲੱਗਿਆ। ਉਸਨੂੰ ਜਾਪ ਰਿਹਾ ਸੀ ਕਿ ਓਹ ਠੱਗ ਕੁੜੀ ਜਿਸਦੀ ਵਜਾ ਨਾਲ ਪਠਾਨ ਦੇ ਚਚੇਰੇ ਭਰਾ ਅਬਦੁੱਲ ਨੇ ਆਤਮ-ਹੱਤਿਆ ਕਰੀ! ਓਹ ਇਸ ਵਾਰ ਵੀ ਬਚ ਕੇ ਨਿੱਕਲ ਜਾਏਗੀ।
“ਮੇਰੇ ਚਾਚਾ ਜਾਨ ਦਾ ਪੁੱਤ ਸੀ ਅਬਦੁੱਲ!” ਪਠਾਨ ਨੇ ਸ਼ਿਲਪਾ ਨੂੰ ਦੱਸਿਆ, “ਮੇਰੇ ਨਾਲ ਓਦਾ ਪਿਆਰ ਬਹੁਤ ਸੀ। ਸਾਡਾ ਦੋਵਾਂ ਭਰਾਵਾਂ ਦਾ ਆਪਸੀ ਲਗਾਵ ਬਾਕੀ ਸਭ ਪਰਿਵਾਰ ਮੈਂਬਰਾਂ ਨਾਲੋਂ ਵੱਧ ਸੀ। ਇਹ ਸ਼ਿਵਾਨੀ ਨੇ ਅਬਦੁੱਲ ਉਪਰ ਵੀ ਫਰੇਬ ਪਾਇਆ ਸੀ। ਓਹ ਵਿਚਾਰਾ ਧੋਖਾ ਸਹਿ ਨਾ ਸਕਿਆ ਤਾ ਮਰ ਗਿਆ। ਜਿਸ ਦਿਨ ਅਬਦੁੱਲ ਨੂੰ ਦਬਾ ਕੇ ਆਇਆ ਸੀ! ਮੈਂ ਉਸੇ ਦਿਨ ਕਸਮ ਖਾਧੀ ਸੀ ਕਿ ਉਸ ਫਰੇਬ ਕਰਨ ਵਾਲੀ ਕੁੜੀ ਨੂੰ ਮੈਂ ਛੱਡਾਂਗਾ ਨਹੀਂ!”
“ਮੈਂ ਸਮਝ ਸਕਦੀ ਆ ਇੰਸਪੈਕਟਰ! ਪਰ ਜੇ ਮੈਂ ਤੁਹਾਡੀ ਮੱਦਦ ਕਰ ਸਕਦੀ ਤਾਂ ਜਰੂਰ ਕਰਦੀ!” ਸ਼ਿਲਪਾ ਬੋਲੀ, “ਓਦੀ ਕੋਈ ਵੀ ਫੋਟੋ ਮੇਰੇ ਕੋਲ ਨਹੀਂ ਹੈ”।
“ਜਦੋਂ ਓਹ ਤੁਹਾਡੀ ਦੋਸਤ ਸੀ ਤਾਂ ਓਹ ਤੁਹਾਡੇ ਨਾਲ ਕਿਤੇ ਸ਼ੌਪਿੰਗ ਵਗੈਰਾ ਤੇ ਨੀ ਗਈ? ਮਤਲਬ ਦੋਸਤੀ ਤਾਂ ਇਸੇ ਤਰਾਂ ਹੁੰਦੀ ਹੈ ਨਾ! ਆਪਾਂ ਆਪਣੇ ਦੋਸਤ ਨਾਲ ਘੁੰਮਣ ਜਾਂਦੇ ਆ! ਪਾਰਟੀ ਕਰਦੇ ਆ!” ਪਠਾਨ ਨੇ ਕਿਹਾ।
“ਹਾਂ ਇਕ-ਦੋ ਵਾਰ ਅਸੀਂ ਫਿਲਮ ਦੇਖਣ ਗਈਆਂ! ਮਾੱਲ ਚ ਸ਼ੌਪਿੰਗ ਕਰਨ ਗਈਆਂ!” ਸ਼ਿਲਪਾ ਬੋਲੀ, “ਹਾਂ!!”
ਜਿਵੇਂ ਸ਼ਿਲਪਾ ਨੂੰ ਕੁੱਛ ਯਾਦ ਆ ਗਿਆ ਹੋਵੇ।
“ਓਦੇ ਹਸਬੈਂਡ ਦੀ ਤਸਵੀਰ ਹੈ ਮੇਰੇ ਕੋਲ!!” ਸ਼ਿਲਪਾ ਬੋਲੀ, “ਮੈਂ ਜਦੋਂ ਉਸ ਨਾਲ ਡਿਨਰ ਕਰ ਰਹੀ ਸੀ ਤਾਂ ਮੇਰਾ ਫੋਨ ਮੇਰੀ ਬੇਟੀ ਕੋਲ ਸੀ। ਮੈਨੂੰ ਪਤਾ ਹੀ ਨੀ ਲੱਗਿਆ ਕਿ ਕਦੋਂ ਓਹ ਫੋਟੋਆਂ ਖਿੱਚਣ ਲੱਗ ਗਈ! ਓਨੇ ਇਕ ਤਸਵੀਰ ਖਿੱਚੀ ਹੋਈ ਹੈ। ਓਹ ਉਸਦੇ ਹਸਬੈਂਡ ਦੀ ਹੈ!”
“ਗ੍ਰੇਟ!! ਦਿਖਾਓ ਤਾਂ ਮੈਨੂੰ!!” ਪਠਾਨ ਬੋਲਿਆ।
ਜਦੋਂ ਸ਼ਿਲਪਾ ਨੇ ਫੋਨ ਵਿੱਚੋਂ ਫੋਟੋ ਕੱਢ ਕੇ ਪਠਾਨ ਨੂੰ ਦਿਖਾਈ ਤਾਂ ਪਠਾਨ ਹੱਕਾ-ਬੱਕਾ ਰਹਿ ਗਿਆ। ਪਤਾ ਹੈ ਕਿਓਂ!?
“ਇਹ ਤਾਂ!!?” ਪਠਾਨ ਬੋਲਿਆ, “ਨਈ!!-ਨਈ! ਕੀ ਇਹ ਓਸ ਔਰਤ ਦਾ ਪਤੀ ਹੈ!!?”
“ਹਾਂ! ਇਹੀ ਓਦਾ ਪਤੀ ਹੈ!” ਸ਼ਿਲਪਾ ਬੋਲੀ।
“ਕੀ ਨਾਮ ਦੱਸਿਆ ਸੀ ਇਨੇ ਆਪਣਾ!!?” ਪਠਾਨ ਦੇ ਚਿਹਰੇ ਦਾ ਰੰਗ ਉਡ ਗਿਆ ਸੀ।
“ਪੰਮਾ!” ਸ਼ਿਲਪਾ ਬੋਲੀ।
ਜੋ ਤਸਵੀਰ ਵਿਕਾਸ ਦੀ ਪਤਨੀ ਸ਼ਿਲਪਾ ਨੇ ਪਠਾਨ ਨੂੰ ਦਿਖਾਈ ਸੀ, ਓਹ ਪੰਮੇ ਦੀ ਸੀ!!
ਕੋਈ ਸਮਾਂ ਸੀ ਜਦੋਂ ਸ਼ਿਵਾਨੀ ਬਾਰ ਡਾਂਸਰ ਹੋਇਆ ਕਰਦੀ ਸੀ। ਉਸਦਾ ਬਾਪ ਸ਼ਰਾਬੀ ਸੀ। ਆਪਣੀ ਧੀ ਨੂੰ ਬਾਰ ਵਿੱਚ ਨਚਾ ਕੇ ਓਹ ਪੈਸਾ ਕਮਾਂਓਦਾ ਸੀ। ਸ਼ਿਵਾਨੀ ਮੁੰਬਈ ਸ਼ਹਿਰ ਵਿੱਚ ਇਕ ਮਸ਼ਹੂਰ ਬਾਰ ਡਾਂਸਰ ਸੀ।
ਪੰਮਾ ਪੰਜਾਬ ਤੋਂ ਮੁੰਬਈ ਗਿਆ ਤਾਂ ਅਦਾਕਾਰ ਬਣਨ ਸੀ। ਫਿਲਮੀ ਹੀਰੋ ਨਾ ਬਣ ਸਕਿਆ ਤਾਂ ਚਿੱਟਾ ਲੈਣ ਲੱਗ ਗਿਆ। ਨਸ਼ੇ ਨੂੰ ਪੈਸਾ ਘੱਟ ਪਿਆ ਤਾਂ ਕਿਸੇ ਬਦਮਾਸ਼ ਲਈ ਸਮਗਲਿੰਗ ਕਰਨ ਲੱਗਿਆ। ਬਾਰ ਚਿੱਟਾ ਵੇਚਣ ਜਾਂਦਾ ਸੀ। ਓਥੇ ਹੀ ਸ਼ਿਵਾਨੀ ਮਿਲ ਗਈ। ਸ਼ਿਵਾਨੀ ਨਾਲ ਪਿਆਰ ਹੋਇਆ ਤਾਂ ਵਿਆਹ ਕਰਵਾ ਲਿਆ।
ਦੋਵੇਂ ਮੁੰਬਈ ਤੋਂ ਭੱਜ ਕੇ ਵਾਪਸ ਪੰਜਾਬ ਆ ਗਏ। ਪੰਮੇ ਦੇ ਘਰ ਦਿਆਂ ਨੇ ਦੋਹਾਂ ਨੂੰ ਘਰ ਨਾ ਵੜਨ ਦਿੱਤਾ। ਰੋਟੀ ਤਾਂ ਖਾਣੀ ਹੀ ਸੀ। ਸੋ ਦੋਵਾਂ ਨੇ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਪੰਮਾ ਲੁਧਿਆਣੇ ਆਟੋ ਚਲਾਓਣ ਲੱਗਿਆ ਅਤੇ ਸ਼ਿਵਾਨੀ ਇਕ ਹੋਟਲ ਵਿੱਚ ਰਿਸ਼ੈਪਸ਼ਨ ਤੇ ਬੈਠਣ ਲੱਗੀ। ਓਥੇ ਆਪਣੇ ਮਾਲਿਕ ਨਾਲ ਸ਼ਿਵਾਨੀ ਦਾ ਚੱਕਰ ਚੱਲ ਗਿਆ।
ਇਹ ਗੱਲ ਸ਼ਿਵਾਨੀ ਨੇ ਪੰਮੇ ਨੂੰ ਦੱਸੀ। ਪੰਮੇ ਨੇ ਕਿਹਾ ਕਿ ਪੈਸਾ ਕਮਾ! ਭਾਵੇਂ ਜਿਵੇਂ ਮਰਜੀ ਕਮਾਂ!
ਸ਼ਿਵਾਨੀ ਨੇ ਆਪਣੇ ਮਾਲਕ ਨਾਲ ਕਈ ਰਾਤਾਂ ਗੁਜ਼ਾਰੀਆ। ਹਰ ਰਾਤ ਦਾ ਸ਼ਿਵਾਨੀ ਹਜ਼ਾਰ ਰੁਪਈਆ ਲੈਂਦੀ ਸੀ। ਫੇਰ ਇਕ ਰਾਤ ਉਸਨੇ ਕੈਮਰਾ ਲੁਕੋ ਦਿੱਤਾ। ਵੀਡੀਓ ਬਣਾਈ ਅਤੇ ਬਲੈਕਮੇਲ ਕਰਨ ਦਾ ਧੰਦਾ ਸ਼ੁਰੂ ਕਰ ਦਿੱਤਾ। ਬੱਸ ਓਥੋਂ ਸ਼ੁਰੂ ਹੋਈ ਇਹ ਕਹਾਣੀ ਅੱਜ ਤੱਕ ਨਿਰੰਤਰ ਜਾਰੀ ਸੀ।
ਕਹਿੰਦੇ ਪੈਸੇ ਦਾ ਨਸ਼ਾ ਸਭ ਤੋਂ ਵੱਡਾ ਨਸ਼ਾ ਹੁੰਦਾ ਹੈ। ਚਿੱਟੇ ਤੋਂ ਵੀ ਵੱਡਾ! ਪੈਸਾ ਆਓਣ ਲੱਗਿਆ ਤਾਂ ਪੰਮੇ ਨੇ ਸਾਰੇ ਨਸ਼ੇ ਛੱਡ ਦਿੱਤੇ। ਓਧਰ ਪੰਮਾ ਬਾਹਰ ਜਨਾਨੀਆਂ ਨਾਲ ਮੂੰਹ ਮਾਰਦਾ ਰਿਹਾ ਅਤੇ ਇਧਰ ਸ਼ਿਵਾਨੀ ਨਿੱਤ ਨਵੇਂ ਮਰਦ ਫਸਾਂਓਦੀ ਰਹੀ।
ਅਬਦੱਲ ਨਾਲ ਪਰ ਪੰਗਾ ਲੈਣਾ ਸ਼ਿਵਾਨੀ ਨੂੰ ਮਹਿੰਗਾ ਪੈ ਗਿਆ। ਕਿਓਂਕਿ ਓਹ ਇਕ ਪੁਲਿਸ ਵਾਲੇ ਦਾ ਭਰਾ ਸੀ। ਇਸ ਸਭ ਤੋਂ ਬਚਣ ਲਈ ਸ਼ਿਵਾਨੀ ਨੇ ਪੰਮੇ ਨੂੰ ਇੰਸਪੈਕਟਰ ਪਠਾਨ ਦੇ ਮਗਰ ਲਗਾ ਦਿੱਤਾ। ਤਾਂ ਜੋ ਉਸਦੀ ਹਰ ਹਰਕਤ ਉਪਰ ਸ਼ਿਵਾਨੀ ਦੀ ਨਜ਼ਰ ਰਹੇ।
ਐਕਟਰ ਤਾਂ ਪੰਮਾ ਬਣਨਾ ਹੀ ਚਾਹੁੰਦਾ ਸੀ। ਹੁੱਣ ਮੌਕਾ ਮਿਲ ਹੀ ਗਿਆ ਸੀ ਤਾਂ ਜਸੂਸ ਦਾ ਰੋਲ ਉਸਨੇ ਪੂਰੀ ਰੀਝ ਨਾਲ ਨਿਭਾਇਆ ਸੀ। ਪੰਮੇ ਕਰਕੇ ਹੀ ਪਠਾਨ ਅੱਜ ਤੱਕ ਸ਼ਿਵਾਨੀ ਤੱਕ ਪਹੁੰਚ ਨਹੀਂ ਸੀ ਸਕਿਆ।
ਅਮਰ ਨੂੰ ਵੀ ਸ਼ਿਵਾਨੀ ਨੇ ਆਪਣੇ ਕਈ ਸ਼ਿਕਾਰਾਂ ਦੀ ਤਰਾਂ ਫਸਾਇਆ ਸੀ। ਪਰ ਓਹ ਇੰਨਾ ਭੋਲਾ ਸੀ ਕਿ ਉਸਦਾ ਭੋਲਾਪਨ ਸ਼ਿਵਾਨੀ ਨੂੰ ਭਾਅ ਗਿਆ। ਸ਼ਿਵਾਨੀ ਨੇ ਉਸਨੂੰ ਆਪਣਾ ਪਤੀ ਬਣਾ ਕੇ ਆਪਣੇ ਨਾਲ ਹੀ ਰੱਖ ਲਿਆ। ਤਾਂ ਜੋ ਜੇਕਰ ਕਦੇ ਓਹ ਕਿਸੇ ਕਾਨੂੰਨੀ ਪਚੜੇ ਵਿੱਚ ਫਸਣ ਵੀ ਲੱਗੇ ਤਾਂ ਵੀ ਲੋਕ ਅਮਰ ਨੂੰ ਹੀ ਉਸਦਾ ਪਤੀ ਸਮਝਣ ਅਤੇ ਸ਼ਿਵਾਨੀ ਕੋਲ ਪੰਮੇ ਦੇ ਰੂਪ ਵਿੱਚ ਇਕ ਲੁਕਿਆ ਹੋਇਆ “ਪੱਤਾ” ਰਹੇ।
“ਦੇਖਿਓ ਮੰਮੀ! ਹੁੱਣ ਮੈਂ...
ਵੀ ਆਪਣਾ ਬਦਲਾ ਲੈ ਲੈਣਾ”। ਅਮਰ ਬੋਲਿਆ।
ਓਹ ਆਪਣੇ ਮਾਂ-ਬਾਪ ਨੂੰ ਜੇਲ ਵਿੱਚ ਮਿਲਣ ਗਿਆ ਸੀ। ਪਹਿਲਾਂ ਆਪਣੇ ਪਿਤਾ ਨੂੰ ਮਿਲਿਆ ਅਤੇ ਹੁੱਣ ਜਨਾਨਾ ਜੇਲ ਵਿੱਚ ਆਪਣੀ ਮਾਂ ਨੂੰ ਮਿਲ ਰਿਹਾ ਸੀ।
“ਮਾਰ ਦੇ ਓਨੂੰ! ਓਸ ਡਾਇਨ ਨੂੰ ਜਾਨੋ ਮਾਰ ਦੇ ਅਮਰ!! ਜੀਹਨੇ ਆਪਣਾ ਸਾਰਾ ਪਰਿਵਾਰ ਖਤਮ ਕਰ ਤਾ!! ਓਨੂੰ ਜਿਓਂਦੀ ਨਾ ਛੱਡੀਂ!!!” ਅਮਰ ਦੀ ਮਾਂ ਬੋਲੀ।
“ਜਾਨ ਤੋਂ ਤਾਂ ਮੈਂ ਓਨੂੰ ਮਾਰ ਈ ਦੇਣਾ ਮਾਂ!! ਪਰ ਨਾਲ ਦੀ ਨਾਲ ਚੋਖਾ ਪੈਸਾ ਵੀ ਵੱਟਣਾ!!” ਅਮਰ ਬੋਲਿਆ, “ਜਾ ਰਿਆ ਅੱਜ ਮੈਂ ਰਾਏਕੋਟ!!”
ਉਸੇ ਸ਼ਾਮ ਅਮਰ ਰਾਏਕੋਟ ਵੱਲ ਚੱਲ ਪਿਆ। ਓਹ ਜੈਲਦਾਰ ਨੂੰ ਮਿਲਣ ਜਾ ਰਿਹਾ ਸੀ। ਕਾਲੀ ਵੀ ਜੈਲੇ ਦੇ ਘਰ ਹੀ ਲੁਕੀ ਹੋਈ ਸੀ। ਅਮਰ ਜਦੋਂ ਓਥੇ ਪਹੁੰਚਿਆ ਤਾਂ ਜੈਲੇ ਨੇ ਹੀ ਦਰਵਾਜਾ ਖੋਲਿਆ।
“ਤੂੰ!?” ਜੈਲਾ ਅਮਰ ਨੂੰ ਦੇਖ ਕੇ ਬੋਲਿਆ।
“ਹਾਂ ਮੈਂ!” ਅਮਰ ਬੋਲਿਆ।
“ਹੁੱਣ ਕੀ ਲੈਣ ਆਇਆਂ? ਲੁੱਟ ਤਾਂ ਲਿਆ ਮੈਨੂੰ ਤੂੰ!” ਜੈਲਾ ਬੋਲਿਆ, “ਇਹੀ ਸਿਲਾ ਦਿੱਤਾ ਯਾਰ ਤੂੰ ਮੈਨੂੰ!? ਮੈਂ ਤਾਂ ਓਸ ਰਾਤ ਤੈਨੂੰ ਮੁਸ਼ਕਲ ਚ ਜਾਣ ਕੇ ਤੇਰੀ ਮੱਦਦ ਕਰੀ ਸੀ ਪੱਟੂਆ!”
“ਮੈਂ ਅੰਦਰ ਆ ਸਕਦਾ?” ਅਮਰ ਬੋਲਿਆ।
ਜੈਲਦਾਰ ਨੇ ਅਮਰ ਨੂੰ ਘਰ ਅੰਦਰ ਆਓਣ ਦੇ ਦਿੱਤਾ। ਅੰਦਰ ਆ ਕੇ ਅਮਰ ਨੇ ਦੇਖਿਆ ਕਿ ਓਥੇ ਇਕ ਕੁੜੀ ਬੈਠੀ ਹੈ। ਇਹ ਕੁੜੀ ਕਾਲੀ ਸੀ।
“ਇਹ ਕੌਣ ਆ?” ਅਮਰ ਬੋਲਿਆ।
“ਮੇਰੀ ਦੋਸਤ ਹੈ। ਇਦੀ ਫਿਕਰ ਨਾ ਕਰ! ਤੂੰ ਗੱਲ ਦੱਸ”। ਜੈਲਾ ਬੋਲਿਆ।
“ਗੱਲ ਇਹ ਹੈ ਜੈਲੇ ਕਿ ਤੇਰੀ ਤਰਾਂ ਮੈਂ ਵੀ ਸ਼ਿਵਾਨੀ ਦੇ ਫਰੇਬ ਦਾ ਸ਼ਿਕਾਰ ਈ ਆ! ਓਦੇ ਕਰਕੇ ਮੇਰੇ ਮਾਂ-ਬਾਪ ਕਈ ਸਾਲਾਂ ਤੋਂ ਜੇਲ ਚ ਨੇ! ਮੇਰੀ ਭੈਣ ਮਰ ਗੀ! ਸਾਡਾ ਹੱਸਦਾ-ਖੇਡਦਾ ਘਰ ਬਰਬਾਦ ਹੋ ਗਿਆ! ਤੇ ਮੈਂ ਓਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਿਆ। ਬਿਲਕੁੱਲ ਉਸੇ ਤਰਾਂ ਜਿਵੇਂ ਇਸ ਵਕਤ ਤੂੰ ਬਣਿਆ ਹੋਇਆਂ!” ਅਮਰ ਬੋਲਿਆ।
“ਚਾਹੁੰਨਾ ਕੀ ਆ ਤੂੰ?” ਜੈਲਾ ਬੋਲਿਆ।
ਅਮਰ ਨੇ ਇਕ ਵਾਰ ਕੋਲ ਬੈਠੀ ਕਾਲੀ ਵੱਲ ਦੇਖਿਆ। ਫੇਰ ਜੈਲੇ ਵੱਲ ਦੇਖਿਆ।
“ਮੈਂ ਉਸ ਹਰਾਮਜਾਦੀ ਨੂੰ!! ਮਾਰਨਾ ਚਾਹੁੰਨਾ!!” ਅਮਰ ਬੋਲਿਆ, “ਇਦੇ ਨਾਲ ਮੇਰਾ ਬਦਲਾ ਵੀ ਪੂਰਾ ਹੋਜੂ ਤੇ ਤੂੰ ਵੀ ਬਚ ਜਾਏਗਾਂ! ਤੂੰ ਓਦਾ ਆਖਰੀ ਸ਼ਿਕਾਰ ਐ! ਤੈਨੂੰ ਠੱਗ ਕੇ ਓਹ ਹਮੇਸ਼ਾਂ ਲਈ ਇਹ ਮੁਲਕ ਛੱਡਕੇ ਜਾ ਰਹੀ ਆ! ਜੇ ਇਸ ਵਾਰ ਓਹ ਨਿੱਕਲ ਗੀ ਤਾਂ ਦੋਬਾਰਾ ਕਦੇ ਹੱਥ ਨੀ ਲੱਗਣੀ ਕਿਸੇ ਦੇ!! ਇਸ ਲਈ ਇਹੀ ਵਕਤ ਹੈ!! ਇਸ ਵਾਰ ਓਨੂੰ ਹਰ ਹਾਲ ਚ ਮਾਰਨਾ ਈ ਪੈਣਾ!!”
“ਅਸੀਂ ਵੀ ਇਹੀ ਚਾਹੁੰਨੇ ਆ!!” ਕੋਲ ਬੈਠੀ ਕਾਲੀ ਬੋਲੀ।
“ਤਾਂ ਫੇਰ ਤੈਅ ਰਿਹਾ! ਜਿਸ ਦਿਨ ਤੂੰ ਓਨੂੰ ਪੈਸੇ ਦੇਣ ਜਾਏਂਗਾ! ਓਹ ਦਿਨ ਓਦੀ ਜਿੰਦਗੀ ਦਾ ਆਖਰੀ ਦਿਨ ਹੋਏਗਾ!! ਓਦਾ ਵੀ!! ਤੇ ਓਦੇ ਓਸ ਦੱਲੇ ਪਤੀ ਦਾ ਵੀ!!” ਅਮਰ ਬੋਲਿਆ, “ਹਥਿਆਰਾਂ ਦਾ ਇੰਤਜਾਮ ਮੈਂ ਕਰ ਦਵਾਂਗਾ!”
“ਠੀਕ ਆ! ਓਨੂੰ ਵੀ ਪਤਾ ਲੱਗੇ ਕਿ ਓਨੇ ਏਸ ਵਾਰ ਭਰਿੰਡਾਂ ਦੇ ਖੱਖਰ ਨੂੰ ਹੱਥ ਪਾ ਲਿਆ ਹੈ!” ਜੈਲਾ ਬੋਲਿਆ।
ਇਸੇ ਸਮੇਂ ਦਰਵਾਜਾ ਖੜਕਿਆ। ਸਭ ਡਰ ਗਏ ਕਿ ਇਸ ਵਕਤ ਕੌਣ ਹੋ ਸਕਦਾ ਹੈ? ਕਿਤੇ ਸ਼ਿਵਾਨੀ ਤਾਂ ਨੀ ਆ ਗਈ!? ਅਮਰ ਅਤੇ ਕਾਲੀ ਫੌਰਨ ਲੁੱਕ ਗਏ। ਜੈਲਾ ਦਰਵਾਜਾ ਖੋਲਣ ਗਿਆ। ਬਾਹਰ ਇੰਸਪੈਕਟਰ ਪਠਾਨ ਸੀ। ਉਸਨੇ ਜੈਲੇ ਨੂੰ ਕੁੱਛ ਨਾ ਪੁੱਛਿਆ! ਤੇ ਸਿੱਧਾ ਘਰ ਅੰਦਰ ਲੰਘ ਆਇਆ।
“ਬਾਹਰ ਆ ਜਾ ਅਮਰ!! ਮੈਂ ਤੇਰਾ ਮੋਟਰਸਾਈਕਲ ਬਾਹਰ ਖੜਾ ਦੇਖ ਲਿਆ ਹੈ!!” ਪਠਾਨ ਬੋਲਿਆ।
ਅਮਰ ਇਹ ਸੁਣਦੇ ਸਾਰ ਬਾਹਰ ਆ ਗਿਆ। ਪਰ ਕਾਲੀ ਬਾਹਰ ਨਾ ਆਈ। ਕਾਲੀ ਦੇ ਓਥੇ ਹੋਣ ਬਾਰੇ ਪਠਾਨ ਕੁੱਛ ਨਹੀਂ ਸੀ ਜਾਣਦਾ। ਅਮਰ ਨੂੰ ਦੇਖ ਪਠਾਨ ਉਸਦੇ ਗਲ ਲੱਗ ਗਿਆ।
“ਡਰ ਨਾ ਯਾਰ!! ਮੈਂ ਇੱਥੇ ਤੈਨੂੰ ਗ੍ਰਿਫ਼ਤਾਰ ਕਰਨ ਨਹੀਂ ਆਇਆ!” ਪਠਾਨ ਨੇ ਅਮਰ ਨੂੰ ਕਿਹਾ।
“ਫੇਰ ਕਿਓਂ ਆਏ ਹੋ ਇੰਸਪੈਕਟਰ ਸਾਹਿਬ? ਤੇ ਤੁਹਾਨੂੰ ਮੇਰੇ ਬਾਰੇ ਪਤਾ ਕਿਵੇਂ ਚੱਲਿਆ?” ਅਮਰ ਨੇ ਪੁੱਛਿਆ।
“ਮੈਂ ਇੰਨੇ ਸਾਲਾਂ ਤੋਂ ਉਸ ਠੱਗਣੀ ਦੇ ਪਿੱਛੇ ਆ! ਤੈਨੂੰ ਕੀ ਲੱਗਦਾ ਮੇਰੇ ਹੱਥ ਕੁੱਛ ਨੀ ਲੱਗਿਆ ਹੋਣਾ!?” ਪਠਾਨ ਬੋਲਿਆ, “ਜਿਸ ਦਿਨ ਮੈਂ ਇਸ ਸ਼ਹਿਰ ਚ ਆਇਆ ਸੀ ਉਸੇ ਦਿਨ ਪੰਮੇ ਨੇ ਮੈਨੂੰ ਤੇਰੀ ਤਸਵੀਰ ਦਿਖਾ ਤੀ ਸੀ! ਕਿ ਇਹ ਉਸ ਔਰਤ ਦਾ ਪਤੀ ਹੈ ਜੋ ਉਸ ਲਈ ਸ਼ਿਕਾਰ ਲੱਭਕੇ ਲਿਆਂਓਦਾ ਹੈ। ਜੈਲੇ ਮਗਰ ਵੀ ਤੂੰ ਹੀ ਆਇਆ ਸੀ ਨਾ ਇਸ ਪਿੰਡ ਚ!?”
ਅਮਰ ਪਠਾਨ ਦੀ ਗੱਲ ਸੁੱਣਦਾ ਰਿਹਾ।
“ਪੰਮੇ ਨੇ ਮੈਨੂੰ ਤੇਰੀ ਫੋਟੋ ਇਸ ਲਈ ਦਿਖਾਈ ਸੀ ਤਾਂ ਜੋ ਮੈਂ ਤੇਰੇ ਪਿੱਛੇ ਪੈ ਜਾਵਾਂ ਤੇ ਓਹ ਆਪਣੀ ਸ਼ਿਵਾਨੀ ਨਾਲ ਇਸ ਮੁਲਕ ਚੋਂ ਫਰਾਰ ਹੋ ਜਾਏ!!” ਪਠਾਨ ਬੋਲਿਆ, “ਮੈਂ ਤੇਰੇ ਮਗਰ ਪੈ ਵੀ ਜਾਂਦਾ!! ਜੇ ਕਿਤੇ ਅੱਜ ਮੈਂ ਸ਼ਿਲਪਾ ਨੂੰ ਮਿਲਣ ਨਾ ਗਿਆ ਹੁੰਦਾ! ਸ਼ਿਲਪਾ ਨੇ ਮੈਨੂੰ ਉਸ ਔਰਤ ਦੇ ਅਸਲ ਪਤੀ ਦੀ ਫੋਟੋ ਦਿਖਾਈ!”
“ਓਹ ਪੰਮਾ ਹੈ!! ਓਹੀ ਜਾਸੂਸ ਜੋ ਤੁਹਾਡੇ ਨਾਲ….” ਜੈਲਾ ਬੋਲਿਆ।
“ਮੈਨੂੰ ਸਭ ਪਤਾ ਚੱਲ ਗਿਆ ਹੈ। ਮੈਂ ਜੇਲ ਚ ਅਮਰ ਦੇ ਪਿਤਾ ਨੂੰ ਵੀ ਮਿਲ ਕੇ ਆਇਆਂ!” ਪਠਾਨ ਬੋਲਿਆ।
“ਪਰ ਮੈਂ ਜੈਲੇ ਦੇ ਘਰ ਹੋਊਂਗਾ ਥੋਨੂੰ ਇਹ ਕਿਵੇਂ ਪਤਾ ਲੱਗਿਆ?” ਅਮਰ ਬੋਲਿਆ
“ਆਪਣਾ ਮੇਲ ਤਾ ਕੁਦਰਤੀ ਹੋ ਗਿਆ! ਜਦੋਂ ਅੱਜ ਤੂੰ ਆਪਣੀ ਮਾਂ ਨੂੰ ਮਿਲਕੇ ਜੇਲ ਚੋਂ ਨਿੱਕਲ ਰਿਹਾ ਸੀ ਤਾਂ ਮੈਂ ਤੈਨੂੰ ਦੇਖ ਲਿਆ ਸੀ। ਐਥੇ ਤਾਂ ਮੈਂ ਜੈਲੇ ਨੂੰ ਮਿਲਣ ਆਇਆ ਸੀ। ਤੇਰਾ ਮੋਟਰਸਾਈਕਲ ਦੇਖਿਆ ਤਾਂ ਸਮਝ ਗਿਆ ਕਿ ਤੂੰ ਵੀ ਐਥੇ ਈ ਆ”। ਪਠਾਨ ਨੇ ਦੱਸਿਆ।
“ਸਾਡੇ ਤੋਂ ਕੀ ਚਾਹੁੰਦੇ ਓ!?” ਜੈਲਾ ਬੋਲਿਆ।
“ਉਸ ਔਰਤ ਦੀ ਮੌਤ!!” ਪਠਾਨ ਬੋਲਿਆ, “ਤੁਹਾਡੀ ਤਰਾਂ ਮੈਂ ਵੀ ਓਨੂੰ ਮਾਰਨਾ ਈ ਚਾਹੁੰਨਾ!! ਓਨੇ ਤੈਨੂੰ ਕਿਹਾ ਕੀ ਆ ਜੈਲੇ?”
“ਓਦੇ ਕੋਲ ਮੇਰੀ ਇਕ ਵੀਡੀਓ ਆ! ਕਹਿੰਦੀ ਆ ਮੈਂ ਤੇਰੇ ਤੇ ਰੇਪ ਦਾ ਝੂਠਾ ਇਲਜਾਮ ਲਗਾਦੂੰ! ਤੇ ਪੰਮੇ ਨੇ ਜਿਹੜੀ ਪਸਤੌਲ ਨਾਲ ਮੇਰੇ ਦੋਸਤਾਂ ਨੂੰ ਮਾਰਿਆ ਓਦੇ ਤੇ ਮੇਰੀਆਂ ਉਂਗਲਾ ਦੇ ਨਿਸ਼ਾਨ ਨੇ!” ਜੈਲਾ ਬੋਲਿਆ, “ਹੁੱਣ ਮੈਥੋਂ ਪੰਜ ਕਰੋੜ ਮੰਗਦੀ ਆ!”
“ਪੰਜ ਕਰੋੜ!” ਪਠਾਨ ਬੋਲਿਆ, “ਪਰ ਤੂੰ ਇੰਨੇ ਪੈਸੇ ਲਿਆਵੇਂਗਾ ਕਿੱਥੋਂ?”
“ਆਪਣੀ ਸਾਰੀ ਜਮੀਨ ਵੇਚ ਕੇ!” ਜੈਲਾ ਬੋਲਿਆ।
“ਠੀਕ ਆ! ਤੂੰ ਪੈਸਾ ਇਕੱਠਾ ਕਰ ਲੈ! ਪਰ ਮੈਂ ਵਾਅਦਾ ਕਰਦਾ ਤੈਨੂੰ ਇਹ ਪੈਸਾ ਦੇਣ ਦੀ ਲੋੜ ਨੀ ਪਏਗੀ!” ਪਠਾਨ ਬੋਲਿਆ।
“ਇੰਸਪੈਕਟਰ ਸਾਹਿਬ ਇਨੂੰ ਜਮੀਨ ਵੇਚਣ ਦੀ ਲੋੜ ਵੀ ਕਿਓਂ ਪਵੇ!? ਤੁਸੀਂ ਇਦੀ ਕਾਨੂੰਨੀ ਤੌਰ ਤੇ ਮੱਦਦ ਕਰੋ! ਹੁੱਣ ਤਾਂ ਤੁਸੀਂ ਸਾਰੀ ਸੱਚਾਈ ਜਾਣਦੇ ਓ!” ਅਮਰ ਬੋਲਿਆ।
“ਮੇਰੇ ਸੱਚ ਜਾਣਨ ਨਾਲ ਕੀ ਹੁੰਦਾ!! ਸਾਰੇ ਸਬੂਤ ਜੈਲੇ ਦੇ ਖਿਲਾਫ ਨੇ! ਪੈਸਾ ਤਾਂ ਓਨੂੰ ਦਿਖਾਓਣਾ ਈ ਪੈਣਾ! ਪੈਸੇ ਕਰਕੇ ਤਾਂ ਓਨੇ ਆਪਣੀ ਬਿੱਲ ਚੋਂ ਬਾਹਰ ਨਿਕਲਣਾ!! ਦੋ ਦਿਨ ਤੋਂ ਤਾਂ ਪੰਮਾ ਨੀ ਮਿਲਿਆ ਮੈਨੂੰ! ਤੇ ਨਾ ਓਦਾ ਫੋਨ ਮਿਲ ਰਿਹਾ!!” ਪਠਾਨ ਨੇ ਕਿਹਾ, “ਤੇ ਕਾਨੂੰਨ ਦੀ ਕਾਹਦੀ ਮੱਦਦ ਅਮਰ!? ਜੇ ਕਾਨੂੰਨ ਉਪਰ ਤੈਨੂੰ ਭਰੋਸਾ ਹੁੰਦਾ ਤਾਂ ਤੂੰ ਐਥੇ ਜੈਲੇ ਕੋਲ ਥੋੜੀ ਆਓਣਾ ਸੀ! ਪੁਲਸ ਕੋਲ ਜਾਣਾ ਸੀ!! ਐਥੇ ਤੂੰ ਵੀ ਤਾਂ ਕਤਲ ਦੀ ਸਾਜਿਸ਼ ਬਣਾਓਣ ਈ ਆਇਆ ਸੀ ਨਾ!?”
ਅਮਰ ਚੁੱਪ ਕਰ ਗਿਆ।
ਜੈਲੇ ਦੇ ਘਰ ਤੋਂ ਨਿਕਲਣ ਤੋਂ ਬਾਅਦ ਇੰਸਪੈਕਟਰ ਪਠਾਨ ਦੇ ਦਿਮਾਗ ਵਿੱਚ ਓਹ ਪੰਜ ਕਰੋੜ ਵਾਲੀ ਗੱਲ ਹੀ ਘੁੰਮਦੀ ਰਹੀ। ਉਸਨੇ ਸੋਚ ਲਿਆ ਸੀ ਕਿ ਆਪਣੇ ਭਰਾ ਦਾ ਬਦਲਾ ਤਾਂ ਓਹ ਲਵੇਗਾ ਹੀ! ਪਰ ਨਾਲ ਦੀ ਨਾਲ ਪੰਜ ਕਰੋੜ ਵੀ ਉਸੇ ਦੇ ਹੋਣਗੇ!!
ਤਾਂ ਹੁੱਣ ਇਹ ਤੈਅ ਹੋ ਗਿਆ ਸੀ ਕਿ ਸ਼ਿਵਾਨੀ ਅਤੇ ਪੰਮੇ ਨੂੰ ਕਤਲ ਕਰ ਦੈਣਾ ਹੈ। ਅਮਰ, ਜੈਲਦਾਰ ਤੇ ਇੰਸਪੈਕਟਰ ਪਠਾਨ ਸ਼ਿਵਾਨੀ ਨੂੰ ਮਾਰਨ ਵਾਲੇ ਸਨ। ਪਰ ਅਮਰ ਨੂੰ ਓਹ ਪੰਜ ਕਰੋੜ ਵੀ ਚਾਹੀਦਾ ਸੀ। ਜੈਲਾ ਆਪਣੀ ਦੌਲਤ ਜਾਣ ਨਹੀਂ ਸੀ ਦੇਣਾ ਚਾਹੁੰਦਾ। ਅਤੇ ਇੰਸਪੈਕਟਰ ਪਠਾਨ ਵੀ ਓਹ ਪੰਜ ਕਰੋੜ ਆਪਣੇ ਕਬਜ਼ੇ ਵਿੱਚ ਲੈਣੇ ਚਾਹੁੰਦਾ ਸੀ।
ਦੇਖੋ! ਕੀ ਬਣਦਾ ਹੈ
ਗੁਰਪ੍ਰੀਤ ਸਿੰਘ ਭੰਬਰ ਵੱਲੋਂ