More Punjabi Kahaniya  Posts
ਬਚਕਾਣੀ ਹਰਕਤ


ਨਿੱਕੇ ਹੁੰਦਿਆਂ ਦੀ ਗੱਲ..ਬੀਜੀ ਦੀ ਮੇਰੀ ਮਾਸੀ ਨਾਲ ਨਰਾਜਗੀ ਹੋ ਗਈ..ਬੋਲ ਚਾਲ ਬੰਦ ਹੋ ਗਿਆ..ਸਾਨੂੰ ਤਿੰਨਾਂ ਨੂੰ ਸਖਤ ਹਿਦਾਇਤ ਹੋ ਗਈ ਕੇ ਜੇ ਉਸ ਘਰੋਂ ਜੇ ਕੋਈ ਭਾਜੀ ਆਵੇ ਤਾਂ ਬਿਲਕੁਲ ਵੀ ਨਹੀਂ ਲੈਣੀ!
ਇੱਕ ਵਾਰ ਮਾਂ ਨੂੰ ਲਾਗਲੇ ਪਿੰਡ ਮਕਾਣੇ ਜਾਣਾ ਪੈ ਗਿਆ..ਉਸਨੇ ਤੁਰਦੀ ਹੋਈ ਨੇ ਓਹੀ ਹਿਦਾਇਤ ਇੱਕ ਵਾਰ ਫੇਰ ਦੁਰਹਾਈ!
ਓਹਨੀ ਦਿੰਨੀ ਮਾਂ ਜਦੋ ਵੀ ਕਿਸੇ ਕਾਰਨ ਦੂਰ ਨੇੜੇ ਜਾਂਦੀ ਤਾਂ ਅਸੀਂ ਤਿੰਨੇ ਭੈਣ ਭਾਈ ਸਲਾਹ ਕਰਕੇ ਘਰੇ ਕੋਈ ਨਾ ਕੋਈ ਚੀਜ ਜਰੂਰ ਬਣਾ ਲਿਆ ਕਰਦੇ..ਕਦੀ ਬੰਟੇ ਵਾਲੀ ਬੋਤਲ ਦਾ ਦੁੱਧ ਸੋਢਾ..ਕਦੀ ਗੋਬੀ ਦੇ ਪਕੌੜੇ ਤੇ ਕਦੀ ਪੈਸਿਆਂ ਦਾ ਜੁਗਾੜ ਕਰਕੇ ਅੱਡੇ ਵਾਲੇ ਹਲਵਾਈ ਦੀ ਤਾਜੇ ਵੇਸਣ ਵਾਲੀ ਬਰਫੀ!
ਅਜੇ ਸਲਾਹ ਬਣ ਹੀ ਰਹੀ ਸੀ ਕੇ ਅਚਾਨਕ ਬੂਹਾ ਖੜਕਿਆ..!
ਅਗਲੇ ਹੀ ਪਲ ਹੱਸਦੀ ਹੋਈ ਮਾਸੀ ਨੇ ਆਣ ਬਰੂਹਾਂ ਟੱਪੀਆਂ ਅਤੇ ਸਿਰ ਤੇ ਚੁੱਕੀ ਭਾਜੀ ਵਾਲੀ ਗਠੜੀ ਵੇਹੜੇ ਦੇ ਐਨ ਵਿਚਕਾਰ ਡਾਹੀ ਸਾਣੀ ਮੰਜੀ ਤੇ ਲਿਆ ਢੇਰੀ ਕੀਤੀ!
ਵੇਂਹਦਿਆਂ-ਵੇਂਹਦਿਆਂ ਹੀ ਸ਼ੱਕਰ-ਪਾਰਿਆਂ..ਮੋਤੀ ਚੂਰ ਦੇ ਲੱਡੂਆਂ ਬੂੰਦੀ ਜਲੇਬੀਆਂ ਅਤੇ ਸੇਵੀਆਂ ਵਾਲੀ ਲਹਿਰ ਬਹਿਰ ਲੱਗ ਗਈ!
ਏਨਾ ਕੁਝ ਇੱਕੋ ਵਾਰੀ ਅੱਖਾਂ ਸਾਂਹਵੇਂ ਢੇਰੀ ਹੋਇਆ ਪਿਆ ਵੇਖ ਕਮਲੇ ਹੋ ਗਏ ਤੇ ਸੁਵੇਰ ਵਾਲੀ ਦਿੱਤੀ ਹਿਦਾਇਤ ਭੁੱਲ ਭੁਲਾ ਗਈ..ਤਿੰਨਾਂ ਨੇ ਇੱਕ ਦੂਜੇ ਨੂੰ ਪੱਕੀਆਂ ਸਹੁੰਆਂ ਪਵਾ ਦਿੱਤੀਆਂ ਕੇ ਕਿਸੇ ਨੂੰ ਭਿਣਕ ਤੱਕ ਨਹੀਂ ਲੱਗਣ ਦੇਣੀ ਕੇ ਘਰੇ ਅੱਜ ਮਿੱਠੀਆਂ ਰਹਿਮਤਾਂ ਦੀ ਕੋਈ ਵਾਛੜ ਵੀ ਹੋਈ ਏ!
ਆਥਣੇ ਜਦੋਂ ਮਾਂ ਵਾਪਿਸ ਮੁੜੀ ਤਾਂ ਚੰਗੇਰ ਵਿੱਚ ਪਕਾ ਕੇ ਰਖਿਆ ਰੋਟੀਆਂ ਦਾ ਥੱਬਾ ਤੇ ਪਤੀਲੇ ਵਿੱਚ ਰਿੰਨੀ ਹੋਈ ਦਾਲ ਓੰਜ-ਦੀ-ਉਂਝ ਪਈ ਵੇਖ ਹੈਰਾਨ ਰਹਿ ਗਈ..ਪੁੱਛ ਪੁੱਛ ਕਮਲੀ ਹੋ ਗਈ ਪਰ ਸਹੁੰਆਂ ਪਵਾ ਪਵਾ ਪੱਕੇ ਕੀਤੇ ਬੁੱਤ ਹੀ ਬਣੇ ਰਹੇ..ਅਖੀਰ ਇਹ ਸੋਚ ਕੇ ਚੁੱਪ ਕਰ ਗਈ ਕੇ ਸ਼ਾਇਦ ਕੋਲ ਹੀ ਬੰਬੀ ਤੇ ਨਿੱਕਲਦਾ ਗੁੜ ਖਾ ਖਾ ਰੱਜ ਗਏ ਹੋਣਗੇ!
ਅੱਧੀ ਭਾਜੀ ਤਾਂ ਅਸਾਂ...

ਓਸੇ ਦਿਨ ਹੀ ਮੁਕਾ ਦਿੱਤੀ ਤੇ ਬਾਕੀ ਦੀ ਅਗਲੇ ਦਿਨ ਸਕੂਲ ਜਾਂਦਿਆਂ ਬਸਤਿਆਂ ਚ ਪਾਈ ਹੋਈ ਇੰਜ ਉੱਡ ਗਈ ਜਿੱਦਾਂ ਬੁਰਾ ਦਿਨ ਉੱਡਦਾ..!
ਦੋ ਚਾਰ ਦਿਨ ਬਾਅਦ ਚਿੱਤ ਚੇਤਾ ਭੁੱਲ ਗਿਆ..ਸਭ ਨੂੰ ਤਸੱਲੀ ਹੋ ਗਈ ਕੇ ਹੁਣ ਸਾਰਾ ਮਾਮਲਾ ਠੰਡਾ ਪੈ ਗਿਆ!
ਦੋ ਤਿੰਨ ਮਹੀਨਿਆਂ ਮਗਰੋਂ ਨਾਨਕੇ ਪਿੰਡ ਕਿਸੇ ਤੀਜੀ ਧਿਰ ਦੇ ਸਮਾਗਮ ਵਿਚ ਮਾਂ ਅਤੇ ਮਾਸੀ ਦਾ ਆਪੋ ਵਿੱਚ ਆਮੋਂ ਸਾਮਣਾ ਹੋ ਗਿਆ..ਮਾਸੀ ਨੇ ਆਉਂਦਿਆਂ ਹੀ ਮਾਂ ਨੂੰ ਜੱਫੀ ਪਾ ਲਈ ਕੇ ਭੈਣਾਂ ਭੈਣਾਂ ਦਾ ਕਿਹੜਾ ਕਿਹੜਾ ਕੋਈ ਗੁੱਸਾ ਗਿਲਾ ਹੁੰਦਾ..ਆਖਣ ਲੱਗੀ ਉਸ ਦਿਨ ਜੁਆਕਾਂ ਨੇ ਚੁੱਪ ਕਰਕੇ ਭਾਜੀ ਰੱਖ ਲਈ ਮੈਨੂੰ ਬੜਾ ਚੰਗਾ ਲੱਗਿਆ..ਨਾਲ ਪਤਾ ਲੱਗ ਲੱਗ ਗਿਆ ਮੇਰੀ ਭੈਣ ਦਿਲੋਂ ਮੇਰੇ ਨਾਲ ਬਿਲਕੁਲ ਵੀ ਗੁੱਸੇ ਨਹੀਂ ਹੈ..!
ਇਸ ਤੋਂ ਪਹਿਲਾਂ ਕੇ ਮਾਂ ਕੁਝ ਸਮਝ ਸਕਦੀ ਅਸੀਂ ਸਿਰਾਂ ਤੇ ਪੈਰ ਰੱਖ ਦੂਰ ਆਪੋ ਆਪਣੇ ਸੁਰਖਿਅਤ ਠਿਕਾਣਿਆਂ ਤੇ ਅੱਪੜ ਗਏ!
ਸਾਨੂੰ ਇਹ ਦੇਖ ਤੱਸਲੀ ਜਰੂਰ ਹੁੰਦੀ ਸੀ ਕੇ ਆਥਣ ਵੇਲੇ ਤੱਕ ਮਾਂ ਤੇ ਮਾਸੀ ਦੋਵੇਂ ਪਿੰਡ ਵਿੱਚ ਜਿਥੇ ਵੀ ਗਈਆਂ ਇਕੱਠੀਆਂ ਹੀ ਗਈਆਂ!
ਫੇਰ ਦਿਨ ਢਲੇ ਸਾਨੂੰ ਉਹ ਕੁੱਟ ਬਿਲਕੁਲ ਵੀ ਨਾ ਪਈ ਜਿਸਦੇ ਡਰ ਕਾਰਨ ਵਿਆਹ ਦਾ ਸਾਡਾ ਚਾਅ ਲਗਪਗ ਅੱਧਾ ਰਹਿ ਗਿਆ ਸੀ..!
ਦੋਸਤੋ ਅਕਸਰ ਹੀ ਆਖਿਆ ਜਾਂਦਾ ਏ ਕੇ ਦੋ ਧਿਰਾਂ ਵਿਚ ਪੈਦਾ ਹੋ ਗਏ ਕਿਸੇ ਵੱਡੇ ਤਕਰਾਰ ਦੀ ਅਸਲ ਵਜਾ ਕਈ ਵੇਰ ਨਿਆਣਿਆਂ ਤੋਂ ਸ਼ੁਰੂ ਹੋਈ ਕੋਈ ਨਿੱਕੀ ਮੋਟੀ ਲੜਾਈ ਹੀ ਹੁੰਦੀ ਏ ਪਰ ਉਸ ਦਿਨ ਦੀ ਸਾਡੀ ਇੱਕ ਬਚਕਾਣੀ ਹਰਕਤ ਨੇ ਦੂਰ ਹੋ ਗਈਆਂ ਦੋ ਸੱਕੀਆਂ ਭੈਣਾਂ ਪੱਕੇ ਪੈਰੀਂ ਹੀ ਆਪਸ ਵਿਚ ਫੇਰ ਮਿਲਵਾ ਦਿੱਤੀਆਂ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)