ਮੈਨੂੰ ਮੇਰੇ ਪੁਰਖਿਆਂ ਦਾ ਨਾਂ ਸੁਣ ਅਕਸਰ ਹੀ ਖਿਝ ਚੜਦੀ ਤੇ ਹਰ ਵਾਰ ਮੱਥੇ ਤੇ ਤਿਊੜੀ ਪੈ ਜਾਦੀ ਸ਼ਾਇਦ ਮੈਨੂੰ ਖੁਦ ਦੇ ਵਜੂਦ ਤੋਂ ਵੀ ਨਫ਼ਰਤ ਸੀ ਕਿੳਕਿ ਮੈਂ ਸਾਰੀ ਉਮਰ ਨਜ਼ਾਇਜ ਹੀ ਰਿਹਾ, ਮੇਰੀ ਬਦਕਿਸਮਤੀ ਕਿ ਮੇਰੀ ਮਾਂ ਨੇ ਜਵਾਨੀ ਵੇਲੇ ਅਣਗਾਹੇ ਰਾਹਾਂ ਉੱਤੇ ਲੰਮਾ ਸਫ਼ਰ ਕਰਨ ਲਈ ਜਿਸ ਬਾਰੇ ਸੋਚਿਆ ਸੀ, ਉਹ ਸਫ਼ਰ ਸਾਰੀ ਉਮਰ ਰਹਿਣ ਵਾਂਗ ਨਹੀ ਸੀ, ਉਹ ਇਨਸਾਨ ਚੰਦ ਕੁ ਰਾਤਾਂ ਬਾਅਦ ਉਹਨੂੰ ਪੇਕੇ ਦੀਆਂ ਬਰੂਹਾਂ ਤੇ ਹੀ ਛੱਡ ਖੌਰੇ ਕਿਹੜੇ ਵੇਲੇ ਅੱਖੋਂ ਪਰੋਖੇ ਹੋ ਗਿਆ ਤੇ ਮੈਂ ਨਾਨਕਿਆਂ ਵੱਲੋਂ ਦੁਬਾਰਾ ਬੋਝ ਨੂੰ ਗਲ਼ੋ ਲਾਉਣ ਲਈ ਕੀਤੇ ਗਏ ਵਿਆਹ ‘ਚੋ ਉਪਜੀ ਸੰਤਾਨ ਸੀ ਜਾ ਪਹਿਲੇ ਬਾਪ ਦੀ…..ਇਹ ਰਾਜ਼ ਮੇਰੀ ਮਾਂ ਆਪਦੇ ਬਲਦੇ ਸਿਵੇ ਨਾਲ ਹੀ ਲੈ ਗਈ।
ਬਚਪਨ ਤੋਂ ਜਵਾਨੀ ਤੱਕ ਆਉਦਿਆਂ ਮੇਰੀਆਂ ਸਾਰੀਆ ਰੀਝਾਂ ਤੇ ਖੁਆਬ ਉੱਧੜ ਚੁੱਕੇ ਸਨ ਪਰ ਲਾਣੇਦਾਰਨੀ ਨੇ ਜਦ ਮੇਰੇ ਬਰੂਹੇ ਪੈਰ ਧਰਿਆ ਤਾਂ ਮੇਰੀ ਧਰਤੀ ਤੇ ਡਿੱਗੀ ਜਿੰਦਗੀ ਹੁਣ ਅਸਮਾਨੀ ਪਤੰਗ ਤਰ੍ਹਾ ਝੂਮਣ ਲੱਗੀ, ਤਾਅਨੇ ਦੇਣ ਵਾਲੀਆਂ...
ਪਿੰਡ ਦੀਆਂ ਜਨਾਨੀਆਂ ਮੇਰੀ ਲਾਣੇਦਾਰਨੀ ਦੀਆਂ ਸਿਆਣਪਾਂ ਦਾ ਗੁਣਗਾਨ ਕਰਨੋਂ ਭੋਰਾ ਵੀ ਗ਼ੁਰੇਜ ਨਹੀ ਕਰਦੀਆ ਸਨ, ਮੇਰੇ ਮਰ ਚੁੱਕੇ ਅਹਿਸਾਸ ਬਹਾਰ ਰੁੱਤ ਦੀ ਤਰ੍ਹਾ ਖਿੜਨ ਲੱਗੇ। ਨਾਲਦੀ ਹਰ ਕੰਮ ‘ਚ ਨਿਪੁੰਨ ਸੀ….ਦਰੀਆਂ ਖੇਸ ਬੁਣਨੇ, ਬੰਬਲ ਵੱਟਣੇ, ਚੁੱਲ੍ਹੇ ਲਿੱਪਣੇ, ਕੋਟੀਆਂ ਦੀਆਂ ਬੁਣਤੀਆਂ ਤੇ ਹੋਰ ਪਤਾ ਨਹੀ ਕੀ ਕੁਝ……ਇੰਞ ਲੱਗਣ ਲੱਗਾ ਕਿ ਰਹਿੰਦੀ ਜਿੰਦਗੀ ਦਾ ਸਫ਼ਰ ਸੁਖਾਵਾਂ ਲੰਘੇਗਾ, ਉਹਦੇ ਮੈਨੂੰ ਲੈ ਕੇ ਨਿੱਕੇ-ਨਿੱਕੇ ਜਿਹੇ ਫ਼ਿਕਰ ਮੈਨੂੰ ਖੁਦ ਪ੍ਰਤੀ ਅਵੇਸਲਾ ਕਰ ਦਿੰਦੇ, ਮੇਰਾ ਰਾਖ ਬਣ ਚੁੱਕਿਆ ਮਕਾਨ ਉਹਦੀ ਛੋਹ ਨਾਲ ਹਸਦਾ-ਵਸਦਾ ਘਰ ਬਣ ਗਿਆ…..ਅੱਜ ਵੀ ਬੁੱਢੇ-ਵਾਰੇ ਜਦ ਉਹਦੇ ਹੱਥ ਦੇ ਬੁਣੇ ਸੂਤ ਦੇ ਮੰਜੇ ਤੇ ਪੋਤੇ ਨਾਲ ਬੈਠ ਸਾਗ ਤੇ ਮੱਕੀ ਦੀ ਰੋਟੀ ਖਾਦਾਂ ਹਾਂ ਤਾਂ ਸ਼ੁਕਰਾਨੇ ਵਜੋ ਦਾਤੇ ਅੱਗੇ ਹੱਥ ਜੁੜ ਮੂੰਹੋ ਵਾਹਿਗੁਰੂ ਨਿਕਲਦਾ ਏ।
ਕਮਲ ਕੌਰ