ਕੈਨੇਡਾ ਆਕੇ ਥੋੜੇ ਦਿਨ ਦੋਸਤਾਂ ਦੇ ਘਰ ਰਹਿਕੇ ਬੇਸਮੈਂਟ ਲੱਭਣੀ ਸ਼ੁਰੂ ਕੀਤੀ।ਬੜਾ ਕੁਝ ਵੇਖਣਾ ਪੈਂਦਾ ਕਿ ਸਾਰੀਆਂ ਸਹੂਲਤਾਂ walking distance ਤੇ ਹੋਣ ਕਿਉਂਕਿ ਆਪਣਾ ਵਾਹਨ ਤਾਂ ਹੁੰਦਾ ਨੀ। ਇੱਕ ਘਰ ਚ ਇੱਕ 12 ਕੁ ਸਾਲ ਦੇ ਮੁੰਡੇ ਨੇ ਦਰਵਾਜ਼ਾ ਖੋਲ ਉਪਰੋ-ਥੱਲੀ ਕਈ ਸਵਾਲ ਕਰ ਦਿੱਤੇ
-ਕਿੰਨੇ ਜਣਿਆਂ ਨੇ ਰਹਿਣਾ?
– ਕੰਮ ਕੀ ਕਰਦੇ ਉ?
– ਰਾਤ ਦਾ ਕਿ ਦਿਨ ਦਾ?
ਅਸੀਂ ਕਿਹਾ ਕਾਕਾ ਕੰਮ ਤਾਂ ਹਾਲੇ ਲਭਣਾ। ਜਿਹੜਾ ਮਿਲਿਆ ਕਰਨਾ ਪੈਣਾ। ਕਿਰਾਇਆ ਪਰ ਵਕਤ ਸਿਰ ਦਿਆਂਗੇ। ਕਿਸੇ ਵੱਡੇ ਨੂੰ ਬੁਲਾ ਗੱਲ ਕਰੀਏ
ਉਹਨੇ ਤੁਰੰਤ ਉੱਤਰ ਦਿਤਾ
“ਮੰਮੀ ਵੀ ਕੰਮ ਤੇ ਆ, ਰਾਤ ਨੂੰ ਆਣਾ। ਡੈਡੀ ਟਰੱਕ ਲੈਕੇ ਅਮਰੀਕਾ ਜਾਂਦਾ, 2-3 ਹਫਤੇ ਬਾਅਦ ਮੁੜਦਾ। ਅਸੀਂ ਫਾਰਮਾਂ ਚ ਕੰਮ ਕਰਨ ਵਾਲਿਆਂ ਨੂੰ ਨੀ ਦਿੰਦੇ। ਲਿਬੜ-ਲੁਬੜ ਕੇ ਆਂਦੇ, ਪਾਣੀ ਬਹੁਤ ਵਰਤਦੇ। ਫਿਰ ਬਿੱਲ ਬਹੁਤ ਆਂਦਾ। ਮੈਂ ਹੀ ਗਲ ਕਰਦਾ ਹੁੰਦਾ।”
ਮੇਰੇ ਪੁੱਛਣ ਤੇ ਕਿ ਉੱਤੇ ਘਰ ਚ ਕੌਣ ਫਿਰ ਰਹੇ?
ਉਹਦਾ ਜੁਆਬ ਸੀ
” ਮੇਰੀ ਨਾਨੀ ਤੇ 2 ਮਾਮੇ ਆ। 6 ਮਹੀਨੇ ਹੋਏ ਇੰਡੀਆ ਤੋਂ ਮੰਮੀ ਨੇ ਪੱਕੇ ਬੁਲਾਏ ਆ”
ਅਸੀਂ ਉੱਥੇ 6-7 ਮਹੀਨੇ ਰਹੇ ਤੇ ਉਹਦੇ ਡੈਡੀ ਨੂੰ ਇਕ ਵਾਰੀ ਦੇਖਿਆ। ਸੋਹਣਾ-ਸੁੱਨਖਾ ਮਿੱਠ ਬੋਲੜਾ ਤੇ ਬੜੀ ਹਲੀਮੀ ਨਾਲ ਗੱਲ ਕਰਨ ਵਾਲਾ ਜਵਾਨ।
ਇਕ ਦਿਨ ੳਹ ਬੱਚਾ ਕਹਿਣ ਆਇਆ ਕਿ ਕਿਰਾਇਆ 2 ਮਹੀਨੇ ਦਾ ਇਕੱਠਾ ਦੇ ਦਿਓ। ਸਾਰਿਆਂ ਇੰਡੀਆ ਜਾਣਾ ਮਾਮਿਆਂ ਦੇ ਵਿਆਹ ਕਰਨ।
“ਕਿਸੇ ਨੇ ਨੀ ਹੋਣਾ ਇੱਥੇ ?” ਮੇਰਾ ਸੁਆਲ ਸੀ
“ਡੈਡੀ ਹੋਉਗਾ। ਮੁੜਕੇ ਆਵਾਂਗੇ ਤਾਂ ਫੈਸਲਾ ਹੋਊ”
ਇਹ ਇਕ ਸੁਆਲ ਜਿਹਾ ਬਣ ਗਿਆ ਮੇਰੇ ਲਈ।
ੳਹਨਾ ਦੇ ਜਾਣ ਤੋਂ ਬਾਅਦ ਡੈਡੀ ਨੇ ਟਰੱਕ ਲਿਆ ਜਦੋਂ ਖੜਾ ਕੀਤਾ ਤਾਂ ਅਸੀ ਸਰਸਰੀ ਜਹੀ ਰੋਟੀ ਲਈ ਪੁੱਛਿਆ...
ਤਾਂ ਇੱਕਦਮ ਅੰਦਰ ਆ ਗਿਆ।
ਮੇਰੇ ਇਸ ਸੁਆਲ ਤੇ ਕਿ ਐਨੇ ਐਨੇ ਦਿਨ ਘਰੋਂ ਬਾਹਰ ਰਹਿਕੇ ਕਮਾਈਆਂ ਕਰਕੇ ਘਰ ਦਾ ਸੁੱਖ ਤਾਂ ਮਾਣ ਨੀ ਹੁੰਦਾ।
” ਭੈਣ ਜੀ! ਸੁੱਖ ਕਰਮਾ ਦਾ ਹੁੰਦਾ। ਭਰ ਜਵਾਨੀ ਚ ਘਰ ਦੀ ਗਰੀਬੀ ਦੂਰ ਕਰਨ ਲਈ ਘਰੋਂ ਪੈਰ ਪੁੱਟਿਆ ਸੀ। ਧੱਕੇ ਧੋੜੇ ਖਾ ਅਮਰੀਕਾ ਦਾ ਬਾਰਡਰ ਟੱਪ ਕੈਨੇਡਾ ਵੜਿਆ। 3 ਸਾਲ ਲੱਗ ਗਏ ਪੱਕੇ ਹੋਣ ਨੂੰ। ਜੋ ਕਮਾਉਂਦਾ ਵਕੀਲ ਨੂੰ ਦੇ ਦਿੰਦਾ। ਫਿਰ ਭੈਣ ਦੇ ਵਿਆਹ ਤੇ ਖਾਲੀ ਹੱਥ ਗਿਆ। ਨਾਲ ਮੇਰਾ ਵੀ ਧਰ ਦਿੱਤਾ ਕਿ ਰਿਸ਼ਤੇਦਾਰਾਂ ਨੇ ਖਾਨਦਾਨੀ ਪੜ੍ਹੀ-ਲਿਖੀ ਕੁੜੀ ਦੀ ਦੱਸ ਪਾਈ ਆ। ਸੋਚਿਆ ਚਲੋ ਰਲਕੇ ਕੰਮ ਕਰਾਂਗੇ ਤਾਂ ਸਾਰੇ ਧੋਣੇ ਧੋਤੇ ਜਾਣਗੇ। ਫੀਸਾਂ ਭਰ ਇਧਰ ਮੈਂ ਉਹਨੂ ਕੋਰਸ ਕਰਾਇਆ, ਕੰਮ ਤੇ ਲੱਗ ਗਈ।ਮੈਂ ਸਲਾਹ ਦਿੱਤੀ ਕਿ ਮੈਂ ਹੁਣ ਆਪਣੀ ਗਹਿਣੇ ਰੱਖੀ ਜਮੀਨ ਛਡਾ ਲਵਾਂ।
ਪਰ ਉਹਦੀ ਜਿੱਦ ਸੀ ਕਿ ਪਹਿਲਾਂ ਮੈਂ ਆਪਣੀ ਮਾਂ ਤੇ ਭਰਾਵਾਂ ਨੂੰ ਬੁਲਾਣਾ। ਇਕ ਦੋ ਵਾਰੀ ਘਰ ਚ ਕਲੇਸ਼ ਵੀ ਹੋਇਆ। domestic violence ਦਾ ਕੇਸ ਬਣਾਕੇ ਮੈਨੂੰ ਥਾਣੇ ਵੀ ਭੇਜਤਾ।
Divorce ਦਾ ਹੁਣ ਕੇਸ ਚਲਦਾ। ਘਰ ਪਹਿਲਾਂ ਹੀ ਉਹਨੇ ਆਪਣੇ ਨਾਂ ਕਰਾਇਆ ਸੀ। ਬਾਕੀ ਵੀ ਸਾਰਾ ਲੈ ਜਾਊ—–”
ਸੁਣਦੀ ਸੁਣਦੀ ਨੇ ਧਿਆਨ ਮਾਰਿਆ ਤਾ ਉਹਦਾ ਸਾਰਾ ਸਾਫਾ ਹੰਝੂਆਂ ਨਾਲ ਗਿੱਲਾ ਹੋਇਆ ਪਿਆ ਸੀ।
ਮੈਨੂੰ ਖਿਆਲ ਆਇਆ ਕਿ ਮੈਂ ਤਾਂ ਲਾਚਾਰ-ਬੇਬਸ, ਗੁਲਾਮ ਔਰਤਾਂ ਦੀਆਂ ਕਹਾਣੀਆਂ ਹੀ ਲਿਖਦੀ ਰਹੀ। ਇਹੋ ਜਹੇ ਮਰਦਾਂ ਦੀ ਜਿੰਦਗੀ ਨੂੰ ਕਿਉਂ ਨੀ ਮੈਂ ਟਟੋਲਿਆ।
ਹਰਜੀਤ ਸੈਣੀ