More Punjabi Kahaniya  Posts
(ਇੱਕ ਰਾਤ)


ਉਹ ਆਪਣੀ ਛੰਨ ਵਿੱਚ ਬਲਦੇ ਥਮਲੇ ਉੱਤੇ ਰੱਖੇ ਦੀਵੇ ਦੀ ਲਾਟ ਵੱਲ ਇੱਕ ਟੱਕ ਵੇਖ ਰਿਹਾ ਸੀ , ਸੁਸਤਾ ਰਿਹਾ ਸੀ , ਅੱਧਾ ਨੀਂਦ ਵਿੱਚ ਸੀ , ਦੀਵੇ ਦੀ ਬੱਤੀ ਡੀਕੋ – ਡੀਕ ਤੇਲ ਸੜਾਕੇ ਮਾਰ – ਮਾਰ ਪੀਂਦੀ ਹੋਈ ਆਪਣੀ ਮੰਜ਼ਿਲ ਵੱਲ ਵੱਧ ਰਹੀ ਸੀ ।ਦਰਿਆ ਦਾ ਕੰਢਾ ਹੋਣ ਕਰਕੇ ਉਹਦੀ ਛੰਨ ਦੇ ਛਤਾਅ ਵਾਲੀ ਫਰਸ਼ ਹਮੇਸ਼ਾ ਵਾਂਗੂੰ ਸਿੱਲ੍ਹੀ ਸੀ ।
ਸੱਜੇ ਹੱਥ ਬੇਅੰਤ ਅਥਾਹ ਪਾਣੀ ਦਾ ਏਨਾ ਫੈਲਾਅ ਸੀ ਕਿ ਵੇਖਦਿਆਂ – ਵੇਖਦਿਆਂ ਅੱਖਾਂ ਸੁੱਕ ਜਾਣ । ਖੱਬੇ ਪਾਸੇ ਪੁੱਲ ਟੱਪ ਕੇ ਪਿੰਡ ਸੀ । ਇਹ ਪੁੱਲ ਉਹਨੂੰ ਪਿੰਡ ਨਾਲ ਜੋੜਦਾ ਸੀ ਪਰ ਉਹ ਕਦੇ ਪਿੰਡ ਨਾਲ ਜੁੜਿਆ ਨਾ ।
ਪਹਿਲਾਂ ਪਿੰਡ ਨਾਲ ਉਹਦੀ ਸਾਂਝ ਸਿਰਫ ਹੱਟੀ ਤੋਂ ਆਟਾ ਲੈ ਕੇ ਆਉਣ ਤੱਕ ਦੀ ਸੀ ਪਰ ਇੱਕ – ਦੋ ਵਾਰੀ ਕਿਸੇ ਦੇ ਮੰਜਾ ਦਾ ਪਾਵਾ ਸੂਤ ਕਰ ਆਇਆ ਤੇ ਪਿੰਡ ਵਾਲੇ ਉਹਨੂੰ ਲੋੜ ਪੈਣ ਤੇ ਲੱਕੜ ਦਾ ਕੋਈ ਕੰਮ ਕਰਨ ਲਈ ਬੁਲਾ ਲੈਂਦੇ । ਪਿੰਡ ਵਾਲੇ ਉਹਨੂੰ ਤਾਰੂ ਕਹਿੰਦੇ ਉਹ ਰੁੱਖਾ – ਸੁੱਖਾ ਖਾਂਦਾ ਤੇ ਵਿਹਲੇ ਟਾਇਮ ਦਰਿਆ ਵਿੱਚ ਤੈਰਦਾ ਰਹਿੰਦਾ ਪਰ ਆਪ ਅੱਜ ਤੱਕ ਤਾਰੂ ਕਦੇ ਆਪਣੀ ਮੰਦਹਾਲੀ ਦੀ ਨਹਿਰ ‘ਤਰ’ ਨਾ ਸਕਿਆ ਉਂਝ ਉਹਨੇ ਬਥੇਰਿਆਂ ਨੂੰ ਤਰਨਾ ਸਿਖਾਇਆ ਤੇ ਕਈ ਡੁੱਬਦਿਆਂ ਦੇ ਪ੍ਰਾਣ ਬਚਾਏ ਸੀ ।
ਉਹ ਨੀਂਵੀਂ ਪਾਈ ਕਾਹਲੀ ਕਦਮੀ ਪਿੰਡ ‘ਚ ਵੜਦਾ ਤੇ ਆਟਾ ਲੈ ਕੇ ਘਰ ਪਰਤ ਆਉਂਦਾ । ਕਹਿਣ ਨੂੰ ਇਹ ਘਰ ਸੀ ਪਰ ਇਸ ਘਰ ਦਾ ‘ਘੱਗਾ’ ਉਹਦੀ ਮਾਂ ਦੇ ਜਾਣ ਨਾਲ ਤੁਰ ਗਿਆ ਤੇ ‘ਰਾਰਾ’ ਜਾਣੀ ਕਿ ਉਹ ਆਪਣੇ ਪਿਤਾ – ਪੁਰਖੀ ਧੰਦੇ ਨੂੰ ਧੂਹ ਰਿਹਾ ਸੀ । ਇਹ ਬੇੜੀ ਜਿਹੜੀ ਉਹਦੀ ਇੱਕੋ – ਇੱਕ ਜਾਇਦਾਦ ਸੀ ,ਉਹਦਾ ਗਰੂਰ ਸੀ , ਮਾਣ ਸੀ ਤੇ ਪਹਿਚਾਣ ਸੀ । ਉਹ ਦਰਿਆ ਵੇਖਣ ਆਏ ਲੋਕਾਂ ਨੂੰ ਬੇੜੀ ਤੇ ਘੁਮਾਉਂਦਾ । ਵੀਹ ਰੁਪਏ ਇੱਕ ਜਣੇ ਤੋਂ ਲੈਂਦਾ । ਦਰਿਆ ਨੇ ਆਪਣੀ ਛਤਰ ਹੇਠ ਉਹਦਾ ਸਰੀਰ ਸੋਹਣਾ ਗਠੀਲਾ ਕਰ ਦਿੱਤਾ । ਜਦੋ ਉਹ ਬੇੜੀ ਦੇ ਇੱਕ ਸਿਰੇ ਤੇ ਬੈਠ ਚੱਪੂ ਚਲਾਉਂਦਾ ਤਾਂ ਡੌਲਿਆਂ ਦੀਆਂ ਛੱਲੀਆਂ ਛਾਤੀ ਨਾਲ ਖਹਿ – ਖਹਿ ਮੁੜਦੀਆਂ । ਉਸ ਦਾ ਸਰੀਰ ਜਦੋਂ ਕੰਮ ਕਰਦਿਆਂ ਤਪ ਜਾਂਦਾ ਤਾਂ ਸੂਹੇ ਰੰਗਾ ਹੋ ਕੇ ਅੱਗ ਵਾਂਗੂੰ ਸੇਕ ਛੱਡਦਾ ।
ਕਮਲੀ ਜਿਹੀ ਬਰਸਾਤ ਨੇ ਵੱਡੇ ਤੜਕੇ ਉਹਦੀ ਅੱਖ ਛੱਤ ਦੇ ਚੋਅ ਨੇ ਖੋਲ੍ਹ ਦਿੱਤੀ । ਉਹਨੇ ਫੁਰਤੀ ਨਾਲ ਆਪਣਾ ਬਿਸਤਰਾ ਚੋਅ ਵਾਲੀ ਥਾਂ ਤੋਂ ‘ਕੱਠੀ ਕਰ ਦੂਜੀ ਨੁੱਕਰੀ ਟਿਕਾਇਆ ਤੇ ਪਾਣੀ ਦੀ ਬੇਲੋੜੀ ਚੌਧਰ ਨੂੰ ਰੋਕਣ ਲਈ ਇੱਕ ਚੱਪੂ ਹੇਠਾਂ ਰੱਖ ਦਿੱਤਾ । ਕਿੰਨੇ ਟੈਮ ਬਾਅਦ ਵੀ ਕੋਈ – ਕੋਈ ਕਣੀ ਦਗਾਬਾਜ਼ੀ ਕਰ ਉਹਦੇ ਉੱਤੇ ਆਣ ਡਿੱਗਦੀ ਤੇ ਉਹ ਮਨ ਹੀ ਮਨ ‘ਇਸ ਵਾਰ’ ਛੱਤੇ ਤੇ ਨਵੇਂ ਕਾਨੇ ਪਾਉਣ ਦੀ ਵਿਉਂਤ ਬਣਾਉਣ ਲੱਗ ਪੈਂਦਾ ਭਾਂਵੇ ਕਿ ਉਹਦਾ ਇਹ ‘ਇਸ ਵਾਰ’ ਕਿੰਨਿਆਂ ਸਾਲਾਂ ਤੋਂ ਆਇਆ ਨਹੀਂ ਸੀ ।
ਬਾਅਦ ਦੁਪਹਿਰ ਜਦੋਂ ਉਹ ਬੇੜੀ ਨੂੰ ਮੂਧੀ ਮਾਰ ਵਿੱਚੋਂ ਫਸਿਆ ਕੱਖ – ਕਾਨਾ ਕੱਢ ਰਿਹਾ ਸੀ ਤਾਂ ਇੱਕ ਗੱਡੀ ਪੁੱਲ ਟੱਪ ਕੇ ਸਿੱਧੀ ਉਹਦੀਆਂ ਬਰੂਹਾਂ ਤੇ ਆਣ ਢੁੱਕੀ ।
ਦੋ ਪੋਚਵੀਆਂ ਪੱਗਾਂ ਵਾਲੇ ਸਰਦਾਰ ਨੇ ਗੱਡੀ ਦੇ ਅੰਦਰ ਬੈਠੇ ਹੀ ਕੋਈ ਇੱਕ – ਦੂਜੇ ਵੱਲ ਵੇਖ ਕੋਈ ਗੱਲ ਕੀਤੀ । ਏਨੇ ਨੂੰ ਗੱਡੀ ‘ਚੋ ਤਿੰਨ – ਚਾਰ ਕੁੜੀਆਂ ਉੱਤਰ ਕੇ ਉਹਦੇ ਵੱਲ ਨੂੰ ਵਧੀਆਂ । ਗੱਡੀ ਚਲੀ ਗਈ , ਮੁਟਿਆਰਾਂ ਆ ਪਹੁੰਚੀਆਂ । ਇਤਰ ਦੀ ਮਹਿਕ ਨੇ ਦੱਸਿਆ ਕਿ ਕੀੜੀ ਦੇ ਘਰ ਹਾਥੀ ਆਣ ਲੱਥਾ ਸੀ ।
ਉਹ ਬੇੜੀ ਵਿੱਚ ਬੈਠੀਆਂ । ਉਹਨੇ ਦੋਏ ਹੱਥ ਜੋੜ ਦਰਿਆ – ਦੇਵਤੇ ਨੂੰ ਨਮਸਕਾਰ ਕੀਤਾ , ਚੱਪੂ ਚੱਲੇ , ਪਾਣੀ ਦੀ ਹਿੱਕ ਤੇ ਇੱਕ ਵੱਡੇ ਗੋਲ – ਘਤੇਰੇ ‘ਚੋਂ ਕਈ ਛੋਟੇ ਗੋਲ – ਘਤੇਰੇ ਨਿਕਲੇ ਤੇ ਬੇੜੀ ਟੁਰ ਪਈ । ਇੱਕ ਜਣੀ ਨੂੰ ਛੁੱਟ ਬਾਕੀ ਕੁੜੀਆਂ ਪਾਣੀ ਨਾਲ ਖੇਡਣ ਵਿੱਚ ਮਗਨ ਸਨ । ਉਹ ਬੁੱਕਾਂ ਵਿੱਚ ਪਾਣੀ ਭਰ ਇੱਕ – ਦੂਜੀ ਉੱਤੇ ਲੱਪ ਦੀ ਵਾਛੜ ਕਰ ਰਹੀਆਂ ਸਨ । ਕੁਝ ਇੱਕ ਛਿੱਟੇ ਉਹਦੇ ਉੱਤੇ ਵੀ ਪਏ ਪਰ ਉਹ ਆਪਣੇ ਧਿਆਨ ਚਾਲਕ ਦਾ ਕੰਮ ਕਰ ਰਿਹਾ ਸੀ ।
ਇਹੋ ਇੱਕ ਕੁੜੀ ਜੀਹਦੇ ਗੁਲਾਬੀ ਸੂਟ ਤੇ ਨਿੱਕੇ – ਨਿੱਕੇ ਜਾਮਣੀ ਰੰਗ ਦੇ ਮੋਰਾਂ ਦੀ ਕਢਾਈ ਸੀ , ਇੱਕ – ਟੱਕ ਉਹਦੇ ਵੱਲ ਵੇਖ ਰਹੀ ਸੀ । ਉਹਦਾ ਅੱਲੜ੍ਹ ਦਿਲ ਬੇੜੀ ਵਾਂਗ ਹਿਚਕੋਲੇ ਖਾਂਦਾ ਹੋਇਆ ਠਹਿਰ – ਠਹਿਰ ਚੱਲ ਰਿਹਾ ਸੀ । ਸਲੇਰਾ ਰੰਗ ਪੀਲਾ ਪੈ ਰਿਹਾ ਸੀ ਤੇ ਮੱਥੇ ਵਿੱਚ ਲੋਹੜੇ ਦਾ ਸੇਕ ਤੇ ਤ੍ਰੇਲੀਆਂ ਨੇ ਘੇਰਾਬੰਦੀ ਕਰ ਲਈ । ਖੈਰ , ਗੇੜਾ ਪੂਰਾ ਹੋਇਆ ।
” ਕਿੰਨੇ ਪੈਸੇ” ? , ਕੁੜੀਆਂ ਪੁੱਛਿਆ ।
” ਵੀਹ ” , “ਇੱਕ ਜਣੇ ਦੇ , ਇੱਕ ਜਣੀ ਦੇ ਵੀਹ” ।
ਉਹਨਾਂ ਪੈਸੇ ਦਿੱਤੇ । ਉਹੋ ਗੱਡੀ ਦੁਬਾਰਾ ਵਾਪਿਸ ਆਈ ਤੇ ਉਹਨਾਂ ਨੂੰ ਲੈ ਗਈ । ਕੁੜੀਆਂ ਨੇ ਬੜੇ ਧਿਆਨ ਨਾਲ ਆਪਣਾ ਸਾਰਾ ਸਮਾਨ ਬੇੜੀ ਵਿੱਚੋਂ ਚੁੱਕਿਆ ਪਰ ਉਸ ਕੁੜੀ ਦਾ ਦਿਲ ਤਾਰੂ ਦੇ ਚੱਪੂ ਨਾਲ ਖਹਿ ਬੇੜੀ ਵਿੱਚ ਕਿੱਧਰੇ ਡਿੱਗ ਪਿਆ ।
ਉਸ ਕੁੜੀ ਦਾ ਨਾਂ ਨੈਣੋ ਸੀ । ਛੋਟੀ ਹੁੰਦੀ ਦੀ ਮਾਂ ਤੁਰ ਗਈ । ਭਰਾ ਤੇ ਬਾਪ ਨੇ ਰਲ ਕੇ ਉਹਨੂੰ ਪਾਲਿਆ । ਉਹ ਵੱਡੇ ਸਰਦਾਰ ਸਨ , ਜੀਹਨਾਂ ਦੇ ਕੁੱਤਿਆਂ ਦੇ ਸੌਣ ਲਈ ਵੀ ਵੱਖ ਕਮਰੇ ਸਨ ।ਉਹ ਕਬੂਤਰ ਉੜਾਉਂਦੇ , ਸ਼ਿਕਾਰ ਖੇਡਦੇ , ਕੁੱਕੜ ਲੜਾਉੰਦੇ , ਕੁੱਤਿਆਂ ਦੀ ਦੌੜਾਂ ਕਰਾਉੰਦੇ । ਸਾਰੇ ਪਿੰਡ ਤੋਂ ਉੱਚਾ ਉਹਨਾਂ ਦਾ ਘਰ ਸੀ , ਇਸੇ ਕਰਕੇ ਸਭ ਉਹਨਾਂ ਨੂੰ ‘ਉੱਚੇ’ ਸੱਦਦੇ । ਦੌਲਤ ਮੁੱਖ ਦਰਵਾਜ਼ੇ ਤੱਕ ਖਿਲਰੀ ਰਹਿੰਦੀ । ਪਰ ਨੈਣੋ ਗੁੰਮਸੁੰਮ ਰਹਿੰਦੀ । ਉਹ ਕਿੰਨਾ – ਕਿੰਨਾ ਚਿਰ ਅੰਬਰ ਵਿੱਚ ਉੱਡਦੇ ਪਰਿੰਦਿਆਂ ਨੂੰ ਵੇਖਦੀ ਰਹਿੰਦੀ ।ਬਾਰ ਤੇ ਨਿਗ੍ਹਾ ਗੱਡ ਕੇ ਉੱਤੇ ਲੱਗੀ ਗਰਿੱਲ ਦੇ ਵਿੱਚ ਦੀ ਹਿਸਾਬ – ਕਿਤਾਬ ਲਾਉਂਦੀ ਕਿ ਬਾਹਰ ਦੀ ਦੁਨੀਆ ਕਿਹੋ – ਜਿਹੀ ਹੋਵੇਗੀ । ਵਣਜਾਰੇ ਦਾ ਹੋਕਾ ਉਹਦਾ ਦਿਲ ਚੀਰ ਕੇ ਲੰਘਦਾ , ਉਹਦੀ ਸੁੰਨੀ ਬਾਂਹ ਤੇ ਲੂੰ – ਕੰਡੇ ਖੜੇ ਹੋ ਜਾਂਦੇ । ਤੀਆਂ ਲੱਦੇ ਪਿੱਪਲਾਂ ਦੇ ਪੱਤੇ ਉਹਨੂੰ ਹਵਾ ਸੰਗ ਸੁਨੇਹੇ ਘੱਲਦੇ ਪਰ ਉਹ ਉਹਨੂੰ ਬੇਰੰਗ ਮੋੜ ਦਿੰਦੀ ਤੇ ਉਹ ਵੀ ਟਾਹਣੀਆਂ ਦੀ ਹਿੱਕੜੀ ਨਾਲ ਲੱਗੇ ਸਲਾਹਾਂ ਕਰਦੇ – ‘ਕਾਸ਼ ਇਹਦੀ ਮਾਂ ਜਿਊਂਦੀ ਹੁੰਦੀ’ । ਕੁੜੀ ਸੀਤ ਸੀ , ਸ਼ਾਂਤ , ਬਰਫ ਵਰਗੀ ਠੰਡੀ ।
ਸਾਲਾਂ ਤੋਂ ਚੱਲਦੇ ਕੇਸ ਦਾ ਫੈਸਲਾ ਅੱਜ ‘ਉੱਚਿਆਂ’ ਦੇ ਹੱਕ ਵਿੱਚ ਹੋਇਆ । ‘ਲੀ – ਇਨਫੀਲਡ’ ਰਫਲਾਂ ‘ਚੋਂ ਖਾਲੀ ਹੋ – ਹੋ ਡਿੱਗਦੇ ‘ਪਾਇੰਟ ਤਿੰਨ ਸੌ ਤਿੰਨ’ ਦਿਆਂ ਕਾਰਤੂਸਾਂ ਨੇ ਉਹਨਾਂ ਦੇ ਵਿਹੜੇ ਨੂੰ ਤਾਂਬੇ ਰੰਗ ਵਿੱਚ ਰੰਗ ਦਿੱਤਾ ।
ਪਿਉ ਨੇ ਨੈਣੋ ਨੂੰ ਪੁੱਛਿਆ – ‘ਮੰਗ ਕੀ ਮੰਗਦੀ ਏਂ’ ?
ਉਹਨੇ ਗੇਟ ਵੱਲ ਨੂੰ ਵੇਖਣ ਲਈ ਅਜੇ ਅੱਖ ਚੁੱਕੀ ਹੀ ਸੀ ਕਿ ਭਰਾ ਨੇ ਸੱਜੀ ਮੁੱਛ ਨੂੰ ਦੇ ਕੁੰਡਲ ਨੂੰ ਦੁਬਾਰਾ ਖੋਲ੍ਹ ਕੇ ਵੱਟ ਦਿੱਤਾ । ਪਰ ਉਹਦੇ ਪਿਉ ਨੇ ਘੁੱਟ ਕੇ ਉਹਨੂੰ ਆਪਣੇ ਨਾਲ ਲਾਇਆ ਕਿਹਾ – ‘ਚੰਗਾ , ਕੱਲ੍ਹ ਨੂੰ ਪੱਕਾ , ਬੇੜੀ ਤੇ ਝੂਟਾ ਲੈ ਲਈਂ।’
ਅੱਜ ਉਹ ਉਚੇਚਾ ਤਿਆਰ ਹੋਈ । ਆਪਣਾ ਮਨਪਸੰਦ ਮੋਰਾਂ ਦੀ ਕਢਾਈ ਵਾਲਾ ਸੂਟ ਪਾਇਆ । ਮੋਰ ਵੀ ਜਿਵੇਂ ਅੱਜ ਉਡਜੂੰ – ਉਡਜੂੰ ਕਰਦੇ ਸੀ । ਉਹਦੀ ਚਿਰਾਂ ਦੀ ਸੁੱਖਣਾ ਅੱਜ ਪੂਰੀ ਹੋਣੀ ਸੀ । ਉਹ ਤਿੰਨ ਹੋਰ ਕੁੜੀਆਂ ਨਾਲ ਗੱਡੀ ਵਿੱਚ ਬੈਠੀ ।ਉਹਦੇ ਜਾਚੇ ਜਿਵੇਂ ਸਾਰਾ ਕੁਝ ਅੱਜ ਹੀ ਉੱਗਿਆ ਸੀ , ਰੁੱਖ , ਖੰਭੇ , ਇਮਾਰਤਾਂ ਉਹ ਵੇਖਦੀ ਗਈ , ਹੈਰਾਨ ਹੁੰਦੀ ਗਈ । ‘ਦੁਨੀਆਂ ਕਿੰਨੀ ਸੋਹਣੀ ਤੇ ਵਡੇਰੀ ਹੈ’ , ‘ਬੱਦਲਾਂ ਦਾ ਫੈਲਾਅ ਤਾਂ ਮੇਰੇ ਘਰ ਤੋਂ ਕਿਤੇ ਵੱਡਾ ਹੈ’ , ‘ਲੋਕ ਕਿੰਨੀ ਆਜ਼ਾਦੀ ਨਾਲ ਤੁਰ – ਫਿਰ ਰਹੇ ਨੇ’ , ਉਹ ਸੋਚਦੀ ਗਈ , ਖੁਸ਼ੀ ਅਤੇ ਨਿਰਾਸ਼ਾ ਦੇ ਭਾਵ ਉਹਦੇ ਚਿਹਰੇ ਤੇ ਘੜਦੇ ਗਏ । ਅੱਗੇ ਬੈਠੇ ਭਰਾ ਤੇ ਪਿਉ ਆਪਣੀਆਂ ਗੱਲਾਂ ਵਿੱਚ ਰੁੱਝ ਗਏ । ਨੈਣੋ ਨੇ ਦਰਿਆ ਵੀ ਵੇਖਿਆ , ਝੂਟਾ ਵੀ ਲਿਆ , ਸਭ ਖਾਸ ਲੱਗਾ ਪਰ ਕੁਝ ਚੀਜ਼ਾਂ ਖਾਸ ਤੋਂ ਬਾਅਦ ਸ਼ੁਰੂ ਹੁੰਦੀਆਂ ਹਨ , ਤਾਰੂ ਉਹਨੂੰ ਇੰਝ ਹੀ ਲੱਗਾ ।ਆਪਣੇ ਰਿਜ਼ਕ ਵਿੱਚ ਮਸਤ । ਆਲੇ – ਦੁਆਲੇ ਤੋਂ ਬੇਖਬਰ , ਖੁਸ਼ੀ – ਗਮ ਤੋਂ ਮੁਕਤ , ਕਿਸੇ ਹਰੇ – ਮੈਦਾਨ ਦੇ ਕੇਂਦਰ ਵਿੱਚ ਲੱਗਿਆ ਹੋਇਆ ਪਾਣੀ ਦਾ ਫੁਹਾਰਾ ।
ਉਸ ਰਾਤ ਉਹ ਘਰ ਆ ਕੇ ਸੁੱਤੀ ਨਹੀਂ । ਅੱਖਾਂ ਬੰਦ ਕਰਦੀ ਤਾਂ ਤਾਰੂ ਦੀ ਸਿੱਲ੍ਹੀ ਬੇੜੀ ਦੀ ਲੱਕੜ ਦੀ ਖੁਸ਼ਬੋ ਉਹਨੂੰ ਯਾਦ ਆਉੰਦੀ , ਖੋਲ੍ਹਦੀ ਤੇ ਲੋਹੇ ਦੀ ਤਾਰ ਤੇ ਟਾਕੀ ਬੰਨ੍ਹ ਕੇ ਰਫਲ ਸਾਫ ਕਰਦਾ ਵੀਰਾ । ਜਿੱਦਾਂ – ਕਿੱਦਾਂ ਹਿੰਮਤ ਜੁਟਾ ਕੇ ਉਹਨੇ ਕੋਲ ਪਏ ਕਾਲੇ ਸ਼ੌਲ ਦੀ ਬੁੱਕਲ ਮਾਰੀ , ਸਿਰਫ ਉਹਦੀਆਂ ਅੱਖਾਂ ਹੀ ਨੰਗੀਆਂ ਸਨ । ਭੁਲੇਖਾ ਪਾਉਣ ਲਈ ਮਰਦਾਨਾ ਜੁੱਤੀ ਪਾ ਲਈ । ਕਾਹਲੀ – ਕਾਹਲੀ ਦਰਵਾਜ਼ੇ ਵੱਲ ਵਧੀ । ਹਜੇ ਕੁੰਡੇ ਨੂੰ ਹੱਥ ਪਾਇਆ ਹੀ ਸੀ ਕਿ ਉਹਦੇ ਸੱਜੇ ਮੋਢੇ ਨੂੰ ਚੀਰਦਾ ਹੋਇਆ ਫੈਰ...

ਟਿਕੀ ਰਾਤ ‘ਚ ਭੜਾਕਾ ਪਾ ਗਿਆ । ਉਹ ਭੁਆਂਟਣੀ ਖਾ ਕੇ ਜ਼ਮੀਨ ਤੇ ਡਿੱਗ ਪਈ…….।
ਉਹ ਉੱਠੀ , ਸਾਰੇ ਸਰੀਰ ਤੇ ਨੱਚਦੀਆਂ ਤਰੇਲੀਆਂ , ਧੱਕ – ਧੱਕ ਵੱਜ ਰਹੇ ਦਿਲ ਤੇ ਲੋਹੜੇ ਦੇ ਤਪਸ਼ ਨੂੰ ਨਕਾਰ ਉਹਨੇ ਆਪਣੇ – ਆਪ ਨੂੰ ਇਹ ਤਸੱਲੀ ਦਿੱਤੀ ਕਿ ਇਹ ਮਹਿਜ਼ ਇੱਕ ਸੁਪਨਾ ਸੀ ।ਉਹਨੇ ਖੇਸ ਮੂੰਹ ਤੇ ਲਿਆ ਤੇ ਸਹਿਮੀ ਹੋਈ ਸੌਂ ਗਈ ।
ਸਵੇਰੇ ਜਦੋਂ ਉਹਦੀ ਜਾਗ ਖੁੱਲ੍ਹੀ ਤਾਂ ਇੱਕ ਜਾਣੀ – ਪਛਾਣੀ ਮਹਿਕ ਨੇ ਉਹਨਾਂ ਦਾ ਵਿਹੜਾ ਮਹਿਕਾਇਆ ਹੋਇਆ ਸੀ । ਉਹ ਵਾਹੋ – ਦਾਹੀ ਕਮਰੇ ਦੇ ਦਰਵਾਜ਼ੇ ਵੱਲ ਨੂੰ ਦੌੜੀ । ਸਿਰ ਟੋਹਿਆ , ਚੁੰਨੀ ਨਹੀਂ ਸੀ , ਵਾਪਸ ਗਈ , ਚੁੰਨੀ ਸਿਰ ਤੇ ਸੁੰਵਰੀ ਤੇ ਦੋਏ ਹੱਥਾਂ ਦਾ ਭਾਰ ਬਨੇਰੇ ਤੇ ਪਾ ਅੱਖਾਂ ਤੇ ਕੰਨ ਆਵਾਜ਼ ਆਉਣ ਵਾਲੀ ਦਿਸ਼ਾ ਵੱਲ ਵਧਾਏ । ਉਹਦਾ ਪਿਉ ਕਿਸੇ ਨੂੰ ਘੋੜਿਆਂ ਦੀ ਖੁਰਾਕ ਲਈ ਲੱਕੜ ਦੀਆਂ ਖੁਰਲੀਆਂ ਬਣਾਉਣ ਲਈ ਹਦਾਇਤਾਂ ਦੇ ਰਿਹਾ ਸੀ । ਨੈਣੋ ਨੇ ਸੁਨਹਿਰੀ ਧੁੱਪ ਦੀ ਰੌਸ਼ਨੀ ਦੇ ਸੋਨੇ ਰੰਗੇ ਕਿਣਕਿਆਂ ਵਿੱਚ ਦੀ ਵੇਖਿਆ ਥੱਲ੍ਹੇ ਤਾਰੂ ਖੜਾ ਸੀ , ਉੱਪਰ ਨੈਣੋ ਤੇ ਵਿਚਕਾਰ ਅੱਧ – ਰਸਤੇ ਇੱਕੋ – ਜਿੰਨੀ ਉਹਨਾਂ ਦੀਆਂ ਚਾਰ – ਅੱਖਾਂ ਮਿਲਿਆਂ ।
ਨੈਣੋ ਬਨੇਰੇ ਤੋ ਪਿੱਛੇ ਹੱਟ ਗਈ , ਤਾਰੂ ਅੱਗੇ ਵੱਧ ਗਿਆ । ਉਹਨੇ ਲੱਕੜ ਦੀ ਹਾਲਤ ਵੇਖ ਕੇ ਘਰ ਦੇ ਮਾਲਕਾਂ ਨੂੰ ਲੋੜੀਂਦੇ ਸਾਜ਼ੋ – ਸਮਾਨ ਬਾਰੇ ਦੱਸਿਆ ਤੇ ਆਪਣੇ ਸੰਦ – ਸਲੇੜਿਆਂ ਨਾਲ ਲੱਕੜ ਦੇ ਖੁਰਦੁਰੇ ਮੁੱਢ ਨੂੰ ਛਿੱਲਣ ਲੱਗ ਪਿਆ ।
ਉਹਨੂੰ ਘਰ ਦੇ ਐਨ ਨਾਲ ਬਣੀ ਇੱਕ ਕੱਚੀ ਹਵੇਲੀ ਕੰਮ ਪੂਰਾ ਹੋਣ ਤੀਕਰ ਦੇ ਦਿੱਤੀ ਗਈ ।ਇੱਕ ਸੱਤ ਬਾਏ ਚਾਰ ਦਾ ਦਰਵਾਜ਼ਾ ਹਵੇਲੀ ਤੇ ਘਰ ਨੂੰ ਆਪਸ ਵਿੱਚ ਮਿਲਾਉਂਦਾ ਜੋ ਘਰ ਵੱਲ ਨੂੰ ਖੁੱਲ੍ਹਦਾ ਤੇ ਕੁੰਡੀ ਵੀ ਘਰ ਵਾਲੇ ਪਾਸੇ ਸੀ ।ਤਾਰੂ ਨੇ ਵੀ ਕੋਈ ਨਾਂਹ – ਨੁੱਕਰ ਨਾ ਕੀਤੀ । ਇਸ ਵਿੱਚ ਉਸਦਾ ਫਾਇਦਾ ਸੀ , ਇੱਕ ਰੋਟੀ ਪੱਕੀ – ਪਕਾਈ ਮਿਲਣੀ ਸੀ , ਦੂਜਾ ਆਉਣ – ਜਾਣ ਦਾ ਕੋਈ ਝੰਜਟ ਵੀ ਨਹੀਂ ।
ਸਾਢੇ ਪੰਜ ਵਾਲੀ ਚਾਹ ਆਉਣ ਤੱਕ ਉਹਨੇ ਮੁੱਢ ਨੂੰ ਸੋਹਣੀ ਤਰਾਂ ਛਿੱਲ ਕੇ ਸੱਕ ਲਾਹ ਛੱਡਿਆ ਸੀ ਤੇ ਦੋਵੇਂ ਪਾਸੇ ਲੱਤਾਂ ਪਸਾਰ ਮੁੱਢ ਤੇ ਬੈਠਾ ਝਰੀ – ਗੁੱਲੇ ਨਾਲ ਛੇਕ ਮਾਰ ਰਿਹਾ ਸੀ ।
ਨੈਣੋ ਦੇ ਕਮਰੇ ਤੋਂ ਤਾਰੂ ਦੀ ਪਿੱਠ ਦਿਸਦੀ ਸੀ । ਉਹਨੂੰ ਅੱਜ ਪਹਿਲੀ ਵੇਰ ਆਪਣਾ ਘਰ ਬਣਾਉਣ ਵਾਲੇ ਮਿਸਤਰੀਆਂ ਨਾਲ ਗਿਲਾ ਹੋਇਆ ਸੀ ਕਿ ‘ਕਾਸ਼ , ਉਹ ਕਮਰੇ ਦੀ ਬਾਰੀ ਦੂਜੇ ਬੰਨ੍ਹੇ ਰੱਖਦੇ , ਜਿੱਥੋਂ ਉਸਨੂੰ ਤਾਰੂ ਦਾ ਮੂੰਹ ਦਿਖਦਾ ਪਰ ਇੰਜ ਹੋ ਨਹੀਂ ਸੀ ਸਕਦਾ ।
ਸਾਹਮਣੇ ਸਟਰੀਟ ਲਾਈਟ ਜਿਹੜੀ ਸੜਕ ਕੰਢੇ ਉੱਗੇ ਰੁੱਖ ਦੇ ਐਨ ਵਿਚਾਲੇ ਤੋੰ ਆਪਣਾ ਸਿਰ ਕੱਢ ਰਹੀ ਸੀ , ਦਿਨੇ ਕੁਝ ਖਾਸ ਨਹੀਂ ਸੀ ਲੱਗੀ , ਪਰ ਰਾਤ ਪਏ ਤੋਂ ਜਦੋਂ ਉਹ ਇਕਦਮ ਝਪੱਕ ਦੇਣੀ ਜਗੀ ਤਾਂ ਉਸ ਰੁੱਖ ਦੇ ਪੱਤੇ ਬੇਜਾਨ ਪੱਤੇ ਜਗਮਗ – ਜਗਮਗ ਜਗਣ ਲੱਗੇ । ਇਹਨਾਂ ਪੀਲੇ ਪੱਤੇ ਜਿਹੜੇ ਸੂਰਜ ਦੀ ਰੌਸ਼ਨੀ ‘ਚ ਅੱਧਮਰੇ ਲਗਦੇ ਸੀ , ਹੁਣ ਲਾਈਟ ਦੀ ਰੌਸ਼ਨੀ ‘ਚ ਖਿੜ ਗਏ ਸਨ ।
ਅਜੇ ਹਨੇਰਾ ਲੱਥਣ ‘ਚ ਸਮਾਂ ਪਿਆ ਸੀ , ਅੱਜ ਸਾਰਾ ਦਿਨ ਬੱਦਲਾਂ ਦਾ ਰਾਜ ਰਿਹਾ ਸੀ , ਹੁਣ ਵੀ ਵੱਡ ਆਕਾਰੀ ਸੂਰਜ ਨਿੱਕੀ ਜਿਹੀ ਮੋਰ ਦੇ ਖੰਭ ਵਰਗੀ ਬੱਦਲੀ ਨੇ ਲੁਕੋਇਆ ਹੋਇਆ ਸੀ , ਉਹ ਜੇ ਆਪਣੀ ਜ਼ਿੱਦ ਛੱਡ ਦੇਵੇ ਤਾਂ ਫਿਰ ਤੋਂ ਥੋੜਾ – ਬਹੁਤਾ ਜਾਂਦੀ ਵਾਰ ਦਾ ਸੂਰਜ ਆਪਣੀ – ਇੱਕ ਅੱਧੀ ਬਚੀ ਹੋਈ ਕਿਰਨ ਧਰਤ ਵੱਲ ਚਲਾ ਸਕਦਾ ਸੀ , ਪਰ ਬੱਦਲੀ ਸੀ ਕਿ ਆਕੜ ਕੇ ਆਪਣੇ ਆਸੇ – ਪਾਸੇ ਵਾਲੇ ਬੱਦਲਾਂ ਨੂੰ ਵੀ ਆਪਣੇ ਨਾਲ ਜੋੜ ਰਹੀ ਸੀ ।
ਸਹਿਜੇ – ਸਹਿਜੇ ਵਡੇ ਨਾਢੂ ਖਾਂ ਸੂਰਜੇ ਦੀ ਹਸਤੀ ਮਿੱਟਦੀ – ਮਿੱਟਦੀ ਮਿੱਟ ਗਈ । ਨਿੱਕੇ – ਨਿੱਕੇ ਤਾਰੇ ਕਾਲੇ ਸ਼ਾਹ ਅੰਬਰ ਦੀ ਹਿੱਕੜੀ ਤੇ ਖੇਡਣ ਲੱਗੇ ।
ਤਾਰੂ ਆਪਣੇ ਕੰਮ ਵਿੱਚ ਮਗਨ ਸੀ , ਉਹਨੂੰ ਬਸ ਇਸ ਗੱਲ ਦਾ ਚਾਅ ਸੀ ਕਿ ਰੋਟੀ ਪੱਕੀ – ਪਕਾਈ ਮਿਲ ਜਾਣੀ ਸੀ । ਥੱਕੇ ਹੋਏ ਨੂੰ ਨੀਂਦ ਘੇਰਾ ਪਾਉਣ ਲੱਗੀ ਤੇ ਉੱਧਰੋਂ ਸਰਦਾਰਾਂ ਦੀ ਨੌਕਰਾਣੀ ਰੋਟੀ ਲੈ ਕੇ ਆ ਗਈ ।ਉਹਨੇ ਰੋਟੀ ਖਾਧੀ ਤੇ ਤਾਰਿਆਂ ਦੇ ਛਾਂ ਥੱਲ੍ਹੇ ਸੌਣ ਲਈ ਮੰਜੇ ਤੇ ਲੇਟ ਗਿਆ ,
ਨੈਣੋ ਨੇ ਸੌਣ ਤੋਂ ਪਹਿਲਾਂ ਇੱਕ ਨਜ਼ਰ ਹੋਰ ਹਵੇਲੀ ਵੱਲ ਮਾਰੀ ਪਰ ਹਨੇਰੇ ਨੇ ਉਹਦੀ ਪੇਸ਼ ਨਾ ਜਾਣ ਦਿੱਤੀ ਤੇ ਉਹ ਵੀ ਸਾਉਣ ਦੀ ਕੋਸ਼ਿਸ਼ ਕਰਨ ਲੱਗੀ ।
ਅੱਧੀ ਰਾਤ ਨੂੰ ਤਾਰੂ ਦੀ ਅੱਖ ਖੁੱਲ੍ਹੀ , ਉਹਨੂੰ ਦਰਿਆ ਦੀ ਯਾਦ ਆਈ , ਜਿਉਂ ਪੱਤਣ ਦੀਆਂ ਛੱਲਾਂ ਵੀ ਅਜੇ ਤਾਰੂ ਦੀ ਉਡੀਕ ਵਿੱਚ ਜਾਗ ਰਹੀਆਂ ਹੋਣ । ਉਹ ਆਪਣੇ ਮੰਜੇ ਤੋਂ ਉੱਠਿਆ ਤੇ ਕਾਹਲੀ ਨਾਲ ਆਪਣੀ ਛੰਨ ਵੱਲ ਨੂੰ ਹੋ ਤੁਰਿਆ । ਤੁਰੇ ਜਾਂਦੇ ਨੇ ਮੜਾਸੇ ਬੰਨ੍ਹਿਆ ਤੇ ਰਾਹ ‘ਚ ਆਉਂਦੀ ਟਾਹਲੀ ਦਾ ਡਾਹਣ ਅਹਤਿਆਤ ਵਜੋਂ ਤੋੜ ਲਿਆ । ਛੰਨ ਵਿੱਚ ਆ ਜ਼ਮੀਨ ਤੇ ਸੁੱਤਾ , ਟਿਕਾ ਆਇਆ ।
ਨੈਣੋ ਨੇ ਤਾਰੂ ਨੂੰ ਜਾਂਦੇ ਵੇਖਿਆ ਤੇ ਮਨ ਵਿੱਚ ਰੱਬ ਨੂੰ ਧਿਆਇਆ । ਹਵੇਲੀ ਨੂੰ ਜਾਂਦਾ ਬਾਰ ਹੌਲੀ – ਹੌਲੀ ਖੋਲ੍ਹਿਆ , ਮਤਾਂ ਕੁੰਡਾ ਜੰਗਾਲਿਆ ਹੋਣ ਕਰਕੇ ਖੜਕਾ ਨਾ ਕਰੇ ।
ਉੱਤੇ ਲਏ ਸ਼ੌਲ ਦੀ ਬੁੱਕਲ ਮਾਰ ਉਹ ਤਾਰੂ ਪਿੱਛੇ ਹੀ ਤੁਰ ਪਈ , ਤਾਰੂ ਨੂੰ ਇਸ ਗੱਲ ਦੀ ਜ਼ਰਾ ਵੀ ਭਿਣਕ ਨਹੀਂ ਸੀ ਲੱਗੀ ।
ਛੰਨ ਤੇ ਕੱਪੜੇ ਦਾ ਉਹਲਾ ਕਰਕੇ ਬਣਾਇਆ ਹੋਇਆ ਬੂਹਾ ਉਹਨੇ ਸੱਜੇ ਹੱਥ ਨਾਲ ਪਰੇ ਕੀਤਾ ਤੇ ਸਾਵਧਾਨੀ ਨਾਲ ਇੱਕ ਨੁੱਕਰ ਵਿੱਚ ਬੈਠ ਗਈ ,
ਉਹਦੇ ਸਾਹਮਣੇ ਤਾਰੂ ਖੱਬੀ ਬਾਂਹ ਆਪਣੇ ਸਿਰ ਥੱਲ੍ਹੇ ਲੈ ਕੇ ਘੂਕ ਸੁੱਤਾ ਹੋਇਆ ਸੀ ।ਉਹ ਆਪਣੇ ਇਸ਼ਕ ਦਾ ਚਿਹਰਾ ਹੁਣ ਸਾਹਮਣੇ ਤੋਂ ਵੇਖ ਰਹੀ ਸੀ । ਉਹਨੇ ਏਸੇ ਇਸ਼ਕ ਦੇ ਨਸ਼ੇ ‘ਚ ਅੱਜ ਆਪਣੇ ਘਰ ਦੀ ਦਹਿਲੀਜ਼ ਲੰਘੀ ਸੀ ਤੇ ਉਸਦੇ ਸਾਹਮਣੇ ਉਹ ਬੰਦਾ ਸੁੱਤਾ ਪਿਆ ਸੀ ਜਿਸਨੂੰ ਬਿਲਕੁਲ ਵੀ ਇਹ ਇਲਮ ਨਹੀਂ ਸੀ ਕਿ ਉਸਦੀ ਛੰਨ ਵਿੱਚ ਅੱਜ ਸਰਦਾਰਾਂ ਦੀ ਇੱਜ਼ਤ , ਇੱਕ ਅਣਗੌਲੇ ਸ਼ਖਸ ਨੂੰ ਵੇਖਦੇ – ਵੇਖਦੇ ਹੀ ਸੌਂ ਗਈ ।
ਸਵੇਰ ਹੋਈ ਤੋਂ ਸਰਦਾਰਾਂ ਦੇ ਘਰ ‘ਚ ਹਫੜਾ – ਦਫੜਾ ਮੱਚ ਗਈ । ਸ਼ਮਲਿਆਂ ਵਾਲੇ ਜੱਟਾਂ ਦੀ ਇਕਲੌਤੀ ਕੁੜੀ ਘਰੋਂ ਗਾਇਬ ਸੀ । ਘਰ ਦਾ ਇੰਚ – ਇੰਚ ਨੈਣੋ ਦੇ ਭਰਾ ਨੇ ਫਰੋਲਿਆ , ਉਹ ਕਿਤੇ ਵੀ ਨਹੀਂ ਸੀ । ਹਵੇਲੀ ਵਿੱਚ ਠਹਿਰਾਇਆ ਹੋਇਆ ਕਾਮਾ , ਤਾਰੂ ਵੀ ਕਿਤੇ ਚਲਾ ਗਿਆ ਸੀ ।
ਗਿਣਤੀ ਤੇ ਦਸ ਮਿੰਟ ਤੇ ਤਾਰੂ , ਨੈਣੋ ਦੇ ਭਰਾ ਦੇ ਪੈਰਾਂ ਵਿੱਚ ਗੋਡਿਆਂ ਭਾਰ ਲਿਟਾ ਦਿੱਤਾ ਗਿਆ ।
“ਕੁੱਤੀਏ ਜਾਤੇ , ਤੇਰੇ ‘ਚ ਏਨੇ ਦਾਣੇ ਕਿੱਥੋਂ ਆਗੇ ਕਿ ਸਾਡੀ ਇੱਜ਼ਤ ਨੂੰ ਉਧਾਲੇਂ?” – ਉਹਨੇ ਤਾਰੂ ਦੀ ਪੁੜਪੁੜੀ ਦੇ ਪੰਤਾਲੀ ਬੋਰ ਤਾਣਦਿਆਂ ਕਿਹਾ ।
ਇਸਤੋਂ ਪਹਿਲੋਂ ਨੈਣੋ ਦੀ ਕਿਸੇ ਨੇ ਵੀ ਨਾ ਸੁਣੀ , ਉਹ ਉੱਥੋ ਕਿਉਂ ਗਈ ਸੀ ਇਹ ਉਸ ਨੂੰ ਵੀ ਨਹੀਂ ਸੀ ਪਤਾ , ਪਰ ਉਹਦੇ ਉੱਥੇ ਜਾਣ ਕਰਕੇ ਇੱਕ ਰੱਬ ਦੇ ਜੀਅੜੇ ਦੇ ਸਿਰ ਤੇ ਉਹਦਾ ਭਰਾ ਯਮਦੂਤ ਬਣਕੇ ਖਲ੍ਹੋਤਾ ਹੋਇਆ ਸੀ ।
ਤਾਰੂ ਨੇ ਬਥੇਰੇ ਵਾਸਤੇ ਪਾਏ ਕਿ ਉਹਨੂੰ ਸਿਰਫ ਏਥੇ ਨੀਂਦ ਨਹੀਂ ਸੀ ਆਈ ਤੇ ਉਹ ਆਪਣੇ ਘਰ ਚਲਿਆ ਗਿਆ ਸੀ , ਨੈਣੋ ਉੱਥੇ ਕਿਉਂ ਤੇ ਕਿਵੇਂ ਆਈ ।ਇਹ ਉਹਦੀ ਜਾਣਕਾਰੀ ਵਿੱਚ ਨਹੀਂ ਸੀ , ਪਰ ਤਕੜਿਆਂ ਅੱਗੇ ਗਰੀਬ ਦਾ ਕੀ ਜ਼ੋਰ ਸੀ , ਉਹਨੂੰ ਸਾਰਾ ਦਿਨ ਛੱਲੀ ਵਾਂਗੂੰ ਕੁੱਟਿਆ ਗਿਆ ।
ਰਾਤ ਪੈਂਦੇ ਸਾਰ ਹੀ ਉਹਨੂੰ ਦਰਿਆ ਦੇ ਕੰਢੇ ਤੇ ਲਿਜਾ ਕੇ ਨੈਣੋ ਦੇ ਭਰਾ ਤੇ ਬਾਪੂ ਨੇ ਕੋਡਾ ਕਰ ਲਿਆ , ਭੂਰ ਪੈ ਰਹੀ ਸੀ । ਜੀਪ ਦੀਆਂ ਲਾਇਟਾਂ ਧਰਤੀ ਤੋਂ ਤਿੰਨ ਫੁੱਟ ਉੱਚੀਆਂ ਤਿੰਨਾਂ ਜਣਿਆਂ ਦੇ ਸਰੀਰ ‘ਚੋਂ ਲੰਘਦੀਆਂ ਹੋਈਆਂ ਪੱਤਣ ਵਿੱਚ ਜਜ਼ਬ ਹੋ ਰਹੀਆਂ ਸਨ ।
ਨੈਣੋ ਦੇ ਭਰਾ ਨੇ ਦੁਨਾਲੀ ਦਾ ਲੌਕ ਖੋਲ੍ਹ ਕੇ ਤਾਰੂ ਵੱਲ ਨੂੰ ਸਿੱਧੀ ਕੀਤੀ , ਗੜ੍ਹਕਵੀਂ ਬਿਜਲੀ ਲਿਸ਼ਕੀ , ਦੁਨਾਲੀ ਦੀ ਨਾਲੀ ਨਾਲ ਮੀਂਹ ਦੀਆਂ ਕਣੀਆਂ ਖਹਿ ਕੇ ਧਰਤ ਨਾਲ ਡਿੱਗਿਆਂ ਤੇ ਇੱਕਦਮ ਹੀ ਅਚਾਨਕ , ਦਰਿਆ ‘ਚੋਂ ਪਾਣੀ ਦੀ ਦੈਂਤੀਆ ਛੱਲ ਤਿੰਨਾਂ ਵੱਲ ਨੂੰ ਵਧੀ ਤੇ ਖਿੱਚ ਕੇ ਆਪਣੇ ਵਿੱਚ ਜਜ਼ਬ ਕਰ ਲੈ ਗਈ ,
ਰੱਬ ਦੀ ਕਰਨੀ ਐਸੀ ਹੋਈ ਕਿ ਇਸ ਵਾਰ ਤਾਰੂ ‘ਤਰ’ ਗਿਆ ਤੇ ਦੋਵੇਂ ਸਰਦਾਰ ਆਪਣੇ ਹੰਕਾਰ ਸਮੇਤ ਡੁੱਬ ਗਏ ।
ਤਾਰੂ ਨੇ ਪਾਣੀ ਵਿੱਚੋੰ ਬਾਹਰ ਆ ਪਿੱਛੇ ਮੁੜ ਦਰਿਆ ਵੱਲ ਵੇਖਿਆ , ਉਹ ਮੁੜ ਸ਼ਾਂਤ ਵਗ ਰਿਹਾ ਸੀ , ਜਿਵੇਂ ਕੁਝ ਹੋਇਆ ਹੀ ਨਾ ਹੋਵੇ , ਜੀਪ ਵੀ ਕਿੱਧਰੇ ਗਾਇਬ ਹੀ ਹੋਗੀ ਸੀ । ਸੀ ਤਾਂ ਬਸ ਉਸਦੀ ਛੰਨ ਦੀ ਛੱਤ ਦੇ ਕਾਨੇ , ਕੱਚਾ ਘੜਾ ਤੇ ਇਹ ਡਰਾਉਣਾ ਸੁਪਨਾ ਜਿਹੜਾ ਉਹਨੇ ਹੁਣੇ – ਹੁਣੇ ਵੇਖਿਆ ਸੀ…..।
~ਰਣਜੀਤ ਸੰਧੂ

...
...Related Posts

Leave a Reply

Your email address will not be published. Required fields are marked *

One Comment on “(ਇੱਕ ਰਾਤ)”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)