More Punjabi Kahaniya  Posts
ਇਤਿਹਾਸ ਫੇਰ ਦੁਰਹਾਇਆ ਗਿਆ


ਵੀਹ ਸਾਲ ਦਾ ਮਾਝੇ ਦਾ ਸੁਖਬੀਰ ਸਿੰਘ..ਦੱਸਦੇ ਪਾਰੋਂ ਆਈ ਗੋਲੀ ਦਾ ਸ਼ਿਕਾਰ ਹੋ ਗਿਆ..
ਸਬੱਬ ਵੇਖੋ..ਬਾਪ ਕੁਲਵੰਤ ਸਿੰਘ ਦਿੱਲੀ ਬੈਠਾ ਪਾਣੀ ਦੀਆਂ ਬੌਛਾਰਾਂ ਖਾਂਦਾ ਹੋਇਆ ਸੋਚ ਰਿਹਾ ਹੋਣਾ..”ਸਾਨੂੰ ਜੰਗ ਨਵੀਂ ਪੇਸ਼ ਹੋਈ..ਸਾਡਾ ਸਾਰਾ ਪਾਣੀ ਲੁੱਟ ਕੇ ਤੇਰੀ ਦਿੱਲੀ ਦਰਵੇਸ਼ ਹੋਈ..”
ਜਦੋ ਖਬਰ ਮਿਲੀ ਹੋਣੀ ਤਾਂ ਜਰੂਰ ਆਖ ਉਠਿਆ ਹੋਣਾ..
“ਵੇਲਾ ਹੋਇਆ..ਟੱਲ ਖੜਕਿਆ..ਮਿਟਗੇ ਨਾ ਸਿਰਨਾਵੇਂ..ਹਰ ਸ਼ੈਅ ਵਿਚੋਂ ਨਜਰੀ ਆਏ ਗੋਬਿੰਦ ਦੇ ਪਰਛਾਵੇਂ..”
ਓਸੇ ਦਿੱਲੀ ਦੀ ਗੱਲ ਹੋ ਰਹੀ ਜਿਹੜੀ ਅਕਸਰ ਆਖ ਦਿੰਦੀ..”ਕੀ ਹੋਇਆ ਗੋਲੀ ਵੱਜ ਗਈ ਤਾਂ..ਇਹ ਤਾਂ ਭਰਤੀ ਹੀ ਗੋਲੀ ਖਾਣ ਖਾਤਿਰ ਕੀਤੇ ਗਏ ਸਨ..”
ਜੇ ਸੰਤਾਲੀ ਫੜੀ ਇਸ ਮੁੱਛ ਫੁੱਟ ਦੇ ਸਿਰ ਤੇ ਕੇਸਰੀ ਸਾਫਾ ਤੇ ਗਲ਼ ਕੁੜਤਾ ਪਜਾਮਾਂ ਹੁੰਦਾ ਤਾਂ ਜਰੂਰ ਮੁਕਾ ਦਿੱਤਾ ਜਾਂਦਾ..ਫੇਰ ਚੈਨਲਾਂ ਕਮਲੇ ਹੋ ਜਾਣਾ ਸੀ..”ਪਾਰੋਂ ਆਇਆ ਇੱਕ ਖਤਰਨਾਕ ਹਲਾਕ”
ਅਜੇ ਇਸਦੀ ਸ਼ਕਲ ਵੱਲ ਵੇਖ ਹੀ ਰਿਹਾ ਸਾਂ ਕੇ ਮੈਸੇਂਜਰ ਕਾਲ ਆਈ..
ਅਖ਼ੇ ਜੋ ਕੁਝ ਦਿੱਲੀ ਹੋ ਰਿਹਾ ਉਹ ਰੋਸ ਘੱਟ ਹੁੱਲੜਬਾਜੀ ਜਿਆਦਾ ਲੱਗਦੀ..ਬਹੁਤੇ ਚੇਹਰਿਆਂ ਤੇ ਸੰਜੀਦਗੀ ਦੀ ਘਾਟ ਏ..ਜੇ ਧੱਕਾ ਹੋ ਵੀ ਗਿਆ ਸੀ ਤਾਂ ਆਪਣੇ ਚੇਹਰੇ ਤਾਂ ਸੋਗਮਈ ਬਣਾਈ ਰਖਣੇ ਚਾਹੀਦੇ ਸਨ..ਸ਼ਾਇਦ ਹਾਕਮਾਂ ਦਾ ਹਿਰਦਾ ਪਸੀਜ ਜਾਂਦਾ!
ਮੈਥੋਂ ਅਗਲੀ ਗੱਲ ਨਾ ਸੁਣੀ ਗਈ..
ਆਪ ਮੁਹਾਰੇ ਆਖ ਉਠਿਆ..ਭਰਾਵਾ ਸੋਗਮਈ ਚੇਹਰੇ ਵੇਖ ਕੇ ਤਾਂ ਭਿੱਖਿਆ ਦਾਨ ਦਕ੍ਸ਼ਿਣਾ ਮਿਲਿਆ ਕਰਦੀ ਏ ਇਹ ਤੇ ਆਪਣੇ ਹੱਕਾਂ ਦੀ ਲੜਾਈ ਏ..ਨਾਲੇ ਇਹ ਕੱਲਾ ਖੇਤੀ ਕਨੂੰਨਾਂ ਦੇ ਖਿਲਾਫ ਗੁੱਸਾ ਥੋੜੀ ਏਂ..ਇਹ ਤਾਂ ਕਦੇ ਦਾ ਅੰਦਰ ਡੱਕਿਆ ਹੋਇਆ ਗੁਬਾਰ ਏ..ਸਮੂਹਕ ਧੋਖਿਆਂ ਬੇਇਨਸਾਫੀਆਂ ਜ਼ੁਲਮ ਤਸ਼ੱਦਦ ਅਤੇ ਹੁਣ ਤੱਕ ਹੋਈਆਂ ਅਣਗਿਣਤ ਧੱਕੇਸ਼ਾਹੀਆਂ ਦੇ ਖਿਲਾਫ ਇੱਕ ਸਮੂਹਕ ਪ੍ਰਤੀਕਰਮ..!
ਪੰਜਾਬੀ ਗੁੜ ਦੀ ਰੋੜੀ ਦੇ ਦਿੰਦੇ ਪਰ ਗੰਨਾ ਨੀ ਭੰਨਣ ਦਿੰਦੇ..ਬੋਤਾ ਗਰਜਾ ਸਿੰਘ ਦੀ ਸਿੱਧ ਪੱਧਰੀ ਸੋਚ ਦੇ ਵਾਲੀ ਵਾਰਿਸ..
ਸਿੱਖੀ ਫਲਸਫੇ ਵਿਚ ਰੋਣ ਪਿੱਟਣ ਅਤੇ ਵਿਰਲਾਪ ਦੀ ਕੋਈ ਥਾਂ ਨਹੀਂ..!
ਇਤਿਹਾਸ ਦੱਸਦਾ..ਜਲੰਧਰ ਦੀ ਮਹਾਸ਼ਾ ਪ੍ਰੈਸ ਨੇ ਇੱਕ ਵਾਰ ਖਬਰ ਲਾ ਦਿੱਤੀ..ਅਖ਼ੇ ਸ਼ਹੀਦ ਦਾ ਸਰੀਰ ਵੇਖ ਤੀਰ ਵਾਲਾ ਫੁੱਟ ਫੁੱਟ ਕੇ ਰੋ ਪਿਆ..
ਅਗਲੇ ਦਿਨ ਮੰਜੀ ਸਾਬ ਲਲਕਾਰ...

ਕੇ ਆਖਣ ਲੱਗਾ..ਵੇਲੇ ਆਏ ਤੇ ਜੇ ਮਰ ਗਿਆ ਤਾਂ ਪੰਜ ਭੂਤਕ ਭਾਵੇਂ ਜਿੱਦਾਂ ਮਰਜੀ ਖਿੱਚੀ ਫਿਰਿਓ..ਪਰ ਜਿਉਂਦੇ ਦੇ ਮੂਹੋਂ ਇੱਕ ਵਾਰ “ਸੀ”ਕਢਵਾ ਕੇ ਤਾਂ ਵਿਖਾਇਓ!
ਹੋਰ ਵਰਕੇ ਫਰੋਲ ਲਵੋ..ਟੀਸੀ ਦੇ ਬੇਰ ਲਾਹੁਣ ਵਾਲੇ ਕਿੰਨੇ ਸਾਰੇ ਅਖੀਰ ਤੱਕ ਜੈਕਾਰੇ ਹੀ ਛੱਡਦੇ ਰਹੇ..
ਦੱਸਦੇ ਪੈਂਹਠ ਦੀ ਜੰਗ ਵੇਲੇ ਦਿੱਲੀਓਂ ਆਡਰ ਹੋ ਗਿਆ..
ਦੂਜੇ ਪਾਸਿਓਂ ਵੱਡੇ ਟੈਂਕ ਬ੍ਰਿਗੇਡ ਦਾ ਹਮਲਾ ਹੋ ਗਿਆ..ਇਸ ਲਈ ਫੌਜ ਅਮ੍ਰਿਤਸਰ ਬੇਸ ਛੱਡ ਦਰਿਆ ਬਿਆਸ ਦੇ ਚੜ੍ਹਦੇ ਕੰਢੇ ਨੂੰ ਆਪਣਾ ਕੈਂਪ ਬਣਾ ਲਵੇ..!
ਮਹਾਰਾਜੇ ਰਣਜੀਤ ਸਿੰਘ ਦੇ ਨਾਨਕੇ ਪਿੰਡ ਬੱਡਰੂਖੇ ਵਿਚ ਜੰਮਿਆ ਅਤੇ ਪੱਛਮੀਂ ਕਮਾਂਡ ਦਾ ਉਸ ਵੇਲੇ ਦਾ ਮੁਖੀ ਲੇਫ਼ਟੀਨੇੰਟ ਜਨਰਲ ਹਰਬਖਸ਼ ਸਿੰਘ ਅੱਗਿਓਂ ਡਟ ਗਿਆ..
ਆਖਣ ਲੱਗਾ ਨਨਕਾਣਾ ਅਤੇ ਪੰਜਾ ਸਾਹਿਬ ਤੇ ਪਹਿਲਾ ਹੀ ਗੁਆ ਆਏ ਹਾਂ ਹੁਣ ਦਰਬਾਰ ਸਾਹਿਬ ਗਵਾਉਣ ਦੀ ਹਿੰਮਤ ਹੈਨੀ..ਫੌਜ ਪਿੱਛੇ ਨਹੀਂ ਹਟੂ..!
ਗੁਰੂ ਦੀ ਓਟ ਆਸਰੇ ਅਧੀਨ ਡੇਰੇ ਰਮਸਾਸ ਸੈਕਟਰ ਤੇ ਡਟਿਆ ਰਿਹਾ..ਅਮ੍ਰਿਤਸਰ ਵੀ ਬਚਾਇਆ ਤੇ ਸਿੱਖ ਫੌਜ ਲਾਹੌਰ ਸ਼ਹਿਰ ਦੀ ਜੂਹ ਤੱਕ ਅੱਪੜ ਵੀ ਗਈ ਸੀ!

ਇਸ ਵਾਰ ਮਨਪ੍ਰੀਤ ਸਿੱਧਾ ਦਿੱਲੀ ਨੂੰ ਸੰਬੋਧਨ ਹੁੰਦਾ ਇਹ ਆਖਦਾ ਜਾਪਦਾ ਏ..
“ਬਰਛੇ ਪਰਖ ਲੋ ਰੰਬੀਆਂ ਤੇਜ ਕਰਲੋ..ਪਹਿਰੇ ਗੱਡ ਦਿਓ ਭਾਵੇਂ ਹਰ ਗਲੀ ਉੱਤੇ..ਓਹਦੇ ਸਿਦਕ ਨੂੰ ਫੈਲਣੋਂ ਰੋਕੋਗੇ ਕੀ..ਜਿਹੜਾ ਰੱਖੀ ਆਉਂਦਾ ਸਿਰ ਤਲੀ ਉਤੇ..!
ਸਾਡੀ ਸੂਰਤ ਚ ਉੱਸਰੇ ਅਨੰਦ ਪੁਰ ਨੂੰ..ਕਿਹੜੇ ਤੋਪ ਦੇ ਗੋਲੇ ਨਾਲ ਢਾਓਗੇ ਵੇ..ਜਿਹੜਾ ਵੱਸਦਾ ਤਰਿਓਂ ਪਾਰ ਖੋਪੜ..ਉਸਨੂੰ ਵੱਢ ਕੇ ਕਿਥੇ ਲਿਜਾਓਗੇ ਵੇ!
ਵਾਕਿਆ ਹੀ ਜਿਹੜੀ ਕੌਮ ਸੂਲੀ ਤੇ ਚੜ ਕੇ ਵੀ ਹੱਸਣਾ ਜਾਣਦੀ ਹੋਵੇ ਉਸਨੂੰ ਪਾਣੀ ਦੀਆਂ ਧਾਰਾਂ ਤੋਂ ਕਾਹਦਾ ਡਰ..
ਸ਼ੁਕਰ ਏ ਸਾਡੇ ਜਿਉਂਦਿਆਂ ਜੀ ਇਤਿਹਾਸ ਫੇਰ ਦੁਰਹਾਇਆ ਗਿਆ..ਨਹੀਂ ਤੇ ਭੁਲੇਖਾ ਹੀ ਰਹਿਣਾ ਸੀ ਕੇ ਪਤਾ ਨੀ ਚਮਕੌਰ ਅਤੇ ਗੁਰਦਾਸ ਨੰਗਲ ਦੀਆਂ ਗੜੀਆਂ ਵਿਚਲਾ ਮਾਹੌਲ ਕਿੱਦਾਂ ਦਾ ਹੁੰਦਾ ਹੋਵੇਗਾ!

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਇਤਿਹਾਸ ਫੇਰ ਦੁਰਹਾਇਆ ਗਿਆ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)