More Punjabi Kahaniya  Posts
ਜਜ਼ਬਾਤੀ ਰਿਸ਼ਤੇ


ਜਜ਼ਬਾਤੀ ਰਿਸ਼ਤੇ
“ਸੁਰਜੀਤ ਮਾਮੇ ਬਾਕੀ ਤਾ ਠੀਕ ਆ ਪਰ ਆਪਾਂ ਨੂੰ ਦੋ ਹਫ਼ਤੇ ਹੋ ਗਏ ਮੋਹਾਲੀ ਆ ਕੇ ਡਾਕਟਰ/ਇੰਜੀਨੀਅਰ ਬਣਨ ਲਈ ਕੋਚਿੰਗ ਲੈੰਦਿਆ ਨੂੰ ਪਰ ਆਹ ਕੁੜੀ ਕਦੇ ਕਿਸੇ ਨਾਲ ਬੋਲਦੀ ਨਹੀਂ ਸੁਣੀ?” ਮੈ ਕੁੜੀ ਵੱਲ ਅੱਖਾਂ ਨਾਲ ਇਸ਼ਾਰਾ ਕਰਕੇ ਸੁਰਜੀਤ ਬੜਾ ਪਿੰਡੀਏ (ਨੇੜੇ ਗੁਰਾਇਆਂ) ਨੂੰ ਕਿਹਾ, ਜਿਸਦਾ ਹਰ ਵੱਡੇ ਛੋਟੇ ਨੂੰ ਬੁਲਾਉਣ ਲਈ “ਮਾਮਾ” ਤਕੀਆ ਕਲਾਮ ਹੁੰਦਾ ਸੀ ਤੇ ਅਸੀਂ ਉਸਨੂੰ ਹੀ ਪੱਕਾ ਮਾਮਾ ਕਹਿਣ ਲੱਗ ਗਏ ਸੀ। ਉਹ ਮਸੋਸੀ ਜਿਹੀ ਅਵਾਜ ਚ ਬੋਲਿਆ”ਸੰਗਰੂਰੀਆ ਅਸੀਂ ਇਕੱਠੇ ਹੀ ਪੜ੍ਹੇ ਹਾਂ ਫਗਵਾੜੇ, ਇਸਦਾ ਨਾਂ ਰਾਣੀ ਹੈ ਅਤੇ ਇਹ ਖੋਥੜਾਂ ਰੋਡ ਫਗਵਾੜੇ ਰਹਿੰਦੀ ਹੈ” ਫਿਰ ਹੌਕਾ ਜਿਹੇ ਲੈ ਕੇ ਕਹਿੰਦਾ “ਇਹ ਕਿਸੇ ਨਾਲ ਗੱਲ ਨਹੀਂ ਕਰਦੀ। ਇਸ ਨੂੰ ਦੇਖ ਕੇ ਇੰਝ ਲਗਦਾ ਜਿਵੇ ਕਈ ਵਾਰ ਨਵੀਆਂ ਫੁੱਟਦੀਆਂ ਕਰੂੰਬਲ਼ਾਂ ਨੂੰ ਤੇਜ ਝੱਖੜ ਇਸ ਤਰਾਂ ਝੰਬ ਦਿੰਦੇ ਕਿ ਨਾਂ ਉਹ ਟੁਟਕੇ ਡਿਗਦੀਆਂ ਅਤੇ ਨਾਂ ਹੀ ਉਹਨਾਂ ਤੇ ਕਦੇ ਫੁੱਲ ਲੱਗਦੇ ਬੱਸ ਉਵੇਂ ਹੀ ਇਹ ਵਿਚਾਰੀ ਵੀ ਝੱਖੜ ਦੀ ਝੰਬੀ ਹੋਈ ਹੈ”। ਮੈ ਅਜੇ ਅੱਗੇ ਕੁਝ ਪੁੱਛਣ ਹੀ ਲੱਗਾ ਸੀ ਕਿ ਕੈਮਿਸਟਰੀ ਦੀ ਕਲਾਸ ਸ਼ੁਰੂ ਹੋ ਗਈ। ਜਦੋਂ ਵੀ ਬਾਹਰ ਮੁੰਡੇ ਕੁੜੀਆਂ ਨੇ ਚਾਹ ਪੀਣ ਜਾਂ ਮੈਸ ਚ ਰੋਟੀ ਖਾਣ ਜਾਣਾ ਤਾ ਸਭ ਨੇ ਖ਼ੂਬ ਹੱਲਾ ਗੁੱਲਾ ਕਰਨਾ ਪਰ ਉਸਦੀਆ ਅੱਖਾਂ ਧਰਤੀ ਵੱਲ ਹੀ ਰਹਿਣੀਆਂ ਜਿਵੇ ਧਰਤੀ ਤੇ ਉਸਦਾ ਕੁਝ ਬਹੁਤ ਕੀਮਤੀ ਗੁਆਚ ਗਿਆ ਹੋਵੇ ਅਤੇ ਨਾਂ ਲੱਭ ਪਾਉਣ ਕਰਕੇ ਅੰਦਰੋ ਅੰਦਰੀ ਹੀ ਤੜਫ ਰਹੀ ਹੋਵੇ ਬਿਲਕੁਲ ਓਦਾਂ ਹੀ ਜਿਵੇ ਹਿਰਨ ਕਸਤੂਰੀ ਲਈ ਤੜਫਦਾ ਹੈ। ਇਕ ਐਤਵਾਰ ਜਦੋਂ ਮੈ ਸਵੇਰੇ ਉੱਠਕੇ ਤੀਜੀ ਮੰਜਿਲ ਤੇ ਆਪਣੇ ਕਮਰੇ ਦੀ ਖਿੜਕੀ ਵਿੱਚੋਂ ਥੱਲੇ ਲਾਅਨ ਚ ਝਾਕਿਆ ਤਾ ਮੈਨੂੰ ਉਹੀ ਕੁੜੀ ਕਿਸੇ ਨਾਲ ਬੈਠੀ ਦੀਆਂ ਅੱਖਾਂ ਚ ਚਮਕ, ਬੁਲਾਂ ਤੇ ਹਾਸਾ, ਚਿਹਰੇ ਤੇ ਰੌਣਕ ਅਤੇ ਉਸਦੀ ਮੱਧਮ ਅਵਾਜ ਸੁਣਾਈ ਦਿੱਤੀ ਤਾ ਮੈ ਨਾਲ ਦੇ ਕਮਰੇ ਚ ਮਾਮੇ ਨੂੰ ਜਾ ਕੇ ਉਨ੍ਹਾਂ ਵੱਲ ਇਸ਼ਾਰਾ ਕੀਤਾ ਤਾ ਉਹ ਬੋਲਿਆ “ਮੈਨੂੰ ਪਤਾ ਉਸਦੀ ਵੱਡੀ ਭੈਣ ਮਿਲਣ ਆਈ ਹੈ ਫਗਵਾੜੇ ਤੋ ਜੋ ਉਥੇ ਕਿਸੇ ਪ੍ਰਾਈਵੇਟ ਸਕੂਲ ਚ ਪੜਾ ਕੇ ਇਸਦੀ ਪੜਾਈ ਅਤੇ ਨਾਲ ਮਾਂ ਦਾ ਵੀ ਧਿਆਨ ਰੱਖਦੀ ਹੈ”। ਮੈ ਮਾਮੇ ਦੇ ਬੈਂਡ ਤੇ ਬੈਠਦੇ ਨੇ ਉਸਦੀਆਂ ਅੱਖਾਂ ਚ ਝਾਕਿਆ ਤਾ ਉਹ ਫਿਰ ਬੋਲਿਆ “ਯਾਰ ਇਹ ਦੋ ਇੱਟਾਂ ਬਾਲੇ ਦੇ ਪੁਰਾਣੇ ਕਮਰਿਆਂ ਚ ਗੁਜ਼ਾਰਾ ਕਰਦੀਆਂ ਕਿਉਂਕਿ ਜਦੋਂ ਰਾਣੀ ਛੇ ਮਹੀਨੇ ਦੀ ਸੀ ਤਾ ਇਸਦਾ ਪਾਪਾ ਇੰਗਲੈਂਡ ਗਿਆ ਸੀ ਅਤੇ ਉੱਥੇ ਪਹੁੰਚਣ ਤੋ ਥੋੜੇ ਸਮੇਂ ਬਾਦ ਤੋ ਕਿਸੇ ਨੂੰ ਕੁਝ ਨਹੀਂ ਪਤਾ ਉਹਨਾਂ ਬਾਰੇ ਬਈ ਜਿਉਂਦੇ ਨੇ ਜਾਂ …., ਇਸ ਲਈ ਇਹ ਚੁੱਪ ਰਹਿੰਦੀ ਤੇ ਮੈਨੂੰ ਦੱਸਦੀ ਸੀ ਬਈ ਮੇਰੇ ਲਈ ਦੁਨੀਆ ਦਾ ਮਤਲਬ ਵੱਡੀ ਭੈਣ ਹੈ, ਪਰ ਤੂੰ ਕਦੇ ਕੋਈ ਗੱਲ ਨਾਂ ਕਰੀ...

ਇਸ ਬਾਰੇ”। ਇਕ ਦਿਨ ਜਦੋਂ ਸ਼ਾਮ ਨੂੰ ਸਾਰੇ ਇਕੱਠੇ ਹੋ ਕੇ ਮਾਰਕੀਟ ਜਾ ਰਹੇ ਸੀ ਤਾ ਮੈ ਉਸਨੂੰ ਰਾਣੀ “ਭੈਣ” ਕਹਿ ਕੇ ਕੁਝ ਪੁੱਛਿਆ ਤਾ ਉਸਦੀਆਂ ਅੱਖਾਂ ਚਾਹ ਕੇ ਵੀ ਹੰਝੂ ਨਹੀਂ ਸਨ ਰੋਕ ਸਕੀਆਂ. ਦੋ ਗੋਲੀਆਂ ਭਾਵੇ ਇੱਕ ਰੰਗ ਤੇ ਸਾਇਜ ਦੀਆਂ ਹੋਣ ਪਰ ਜੇ ਇਕ (ਜ਼ਹਿਰ) ਕਿਸੇ ਜਾਨ ਲੈ ਸਕਦੀ ਹੈ ਤਾਂ ਦੂਸਰੀ(ਦਵਾਈ) ਕਿਸੇ ਦੀ ਜਾਨ ਬਚਾ ਵੀ ਸਕਦੀ ਹੈ ਬਿਲਕੁਲ ਓਦਾਂ ਹੀ ਜਿਵੇ ਤੁਹਾਡੇ ਬੋਲ ਜੇ ਕਿਸੇ ਦਾ ਦਿਲ ਤੋੜ ਸਕਦੇ ਹਨ ਤਾਂ ਅਪਣੱਤ ਦੇ ਬੋਲ ਕਿਸੇ ਦੇ ਅੱਖਾਂ ਪਿਛੇ ਬਣੇ ਹੰਝੂਆ ਦੇ ਦਰਿਆ ਦਾ ਕਿਨਾਰਾ ਤੋੜ ਪਾਣੀ ਖੁਣੋ ਵੀਰਾਨ ਪਏ ਦਿਲ ਨੂੰ ਸਿੰਜ ਕੇ ਫਿਰ ਤੋ ਹਰਿਆ ਭਰਿਆ ਵੀ ਤਾ ਕਰ ਸਕਦੇ ਹਨ. ਉਸ ਤੋ ਬਾਦ ਤਾ ਉਸਨੇ ਆਪਣਾ ਹਰ ਦੁੱਖ ਸੁੱਖ ਮੇਰੇ ਨਾਲ ਸਕੇ ਭਰਾਵਾਂ ਵਾਂਗ ਸਾਂਝਾ ਕੀਤਾ ਅਤੇ ਦੱਸਿਆ ਕਿਵੇ ਉਸਦੀ ਮਾਂ ਆਪਣੀ ਸਾਰੀ ਜ਼ਿੰਦਗੀ ਇਹ ਹੀ ਫੈਸਲਾ ਨਹੀਂ ਕਰ ਸਕੀ ਕਿ “ਛੱਲੇ” ਦੇ ਵਲੈਤ ਜਾਣ ਤੋ ਬਾਦ ਉਹ ਵਿਆਹੀ ਹੋਈ ਹੈ ਜਾਂ ਵਿਧਵਾ. ਉਹ ਦੋਵੇਂ ਭੈਣਾਂ ਭੱਜ ਕੇ ਬਾਹਰ ਆ ਕੇ ਘਰ ਉੱਪਰੋਂ ਲੰਘਦੇ ਜਹਾਜ਼ ਵੱਲ ਬਿਨਾ ਅੱਖ ਝਪਕੇ ਦੇਖਦੀਆਂ ਰਹਿੰਦੀਆਂ ਸਨ ਜਦੋਂ ਤੱਕ ਉਹ ਉੱਚੇ ਉੱਚੇ ਦਰੱਖਤਾਂ ਦੇ ਉਹਲੇ ਨਾਂ ਹੋ ਜਾਂਦਾ ਕਿਉਕਿ ਸਾਨੂੰ ਹਮੇਸ਼ਾ ਇਹੀ ਲੱਗਦਾ ਸੀ ਕਿ ਕਿਤੇ ਸਾਡੇ ਪਾਪਾ ਜਹਾਜ਼ ਵਿਚੋ ਹੱਥ ਹਿਲਾਉਣ ਤੇ ਸਾਨੂੰ ਪਤਾ ਹੀ ਨਾਂ ਲੱਗੇ. ਫਿਰ ਇਕ ਦਿਨ ਜਦੋਂ ਮੈ ਘਰਦੇ ਖ਼ਰਚੇ ਬਾਰੇ ਪੁੱਛਿਆ ਤਾ ਉਹ ਕਮਲ਼ੀ ਜਿਹੀ ਛਿੱਟੇ ਕਪਾਹ ਦੀ ਫੁੱਟੀ ਵਰਗੇ ਬੱਦਲ਼ਾਂ ਨੂੰ ਨਿਹਾਰਦੀ ਹੋਈ ਬੋਲੀ “ਆਪੇ ਰੋਗ ਲਾਉਣੇ ਆਪੇ ਦੇਣੀਆਂ ਦੁਆਵਾਂ” ਗਾਣੇ ਵਾਂਗ ਨਾਂ ਤਾਂ ਕਿਸੇ ਨੇ ਸਾਡੀ ਮੱਦਦ ਕੀਤੀ ਤੇ ਨਾਂ ਹੀ ਮਾਂ ਨੂੰ ਨੌਕਰੀ ਕਰਨ ਦਿੱਤੀ ਤਾਂ ਹੀ ਤਾਂ ਵੱਡੀ ਭੈਣ ਨੇ ਆਪਣਾ ਡਾਕਟਰ ਬਣਨ ਦਾ ਸਪਨਾ ਤਿਆਗ ਮੇਰਾ ਸਪਨਾ ਪੂਰਾ ਕਰਨ ਲਈ ਸਕੂਲ ਚ ਨੌਕਰੀ ਕਰਨ ਲੱਗ ਗਈ. ਉਸ ਤੋ ਕਈ ਸਾਲ ਬਾਦ ਤੱਕ ਮੈ ਰੱਖੜੀ ਬੰਨਵਾਉਣ ਵੀ ਜਾਂਦਾ ਰਿਹਾ ਜਦੋਂ ਉਹ ਪੰਜਾਬ ਐਗਰੀਕਲਚਰ ਯੁਨੀਵਰਸਿਟੀ, ਲੁਧਿਆਣੇ ਡੰਗਰਾਂ ਦੇ ਡਾਕਟਰ ਦੀ ਪੜਾਈ ਕਰਦੀ ਸੀ. ਰੱਖੜੀ ਵਾਲੇ ਦਿਨ ਫੇਸਬੁੱਕ ਤੇ ਇਕ ਇਹੋ ਜਿਹੀ ਹੀ ਸਟੋਰੀ ਦੇਖ ਅਤੇ “ਛੱਲਾ ਮੁੜਕੇ ਨੀ ਆਇਆ” ਫਿਲਮ ਨੇ ਉਹ ਸਤਾਈ ਸਾਲ ਪੁਰਾਣੀ ਯਾਦ ਫਿਰ ਤੋ ਤਾਜ਼ਾ ਕਰ ਦਿੱਤੀ. ਮੈ ਸੋਚ ਰਿਹਾ ਸੀ ਕਿ ਇਕ ਭੈਣ ਸ਼ਬਦ ਅਤੇ ਰੱਖੜੀ ਦੇ ਕੱਚੇ ਧਾਗੇ ਚ ਕਿੰਨੀ ਤਾਕਤ ਸੀ ਜਿਸਨੇ ਉਸ ਕੁੜੀ ਨੂੰ ਆਪਣਾ ਦਿਲ ਕਿਸੇ ਅਣਜਾਣ ਕੋਲ ਫਰੋਲਣ ਦੀ ਹਿੰਮਤ ਬਖ਼ਸ਼ ਦਿੱਤੀ ਸੀ
ਬਲਜੀਤ ਫਰਵਾਲੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)