More Punjabi Kahaniya  Posts
ਜਦੋਂ ਨਵੇਂ ਨਵੇਂ ਬਾਹਰ ਆਏ ਸੀ….ਭਾਗ ਪਹਿਲਾ


ਜਦੋਂ ਨਵੇਂ ਨਵੇਂ ਬਾਹਰ ਆਏ ਸੀ….ਭਾਗ ਪਹਿਲਾ
ਅੱਜ 16 ਸਾਲ ਹੋ ਗਏ ਆਸਟ੍ਰੇਲੀਆ ਵਾਸਤੇ ਪਿੰਡ ਛੱਡਿਆਂ…
ਸੋਚਾਂ ਦੇ ਸਮੁੰਦਰੀਂ ਜਦ ਤਾਰੀ ਲਾਈਦੀ ਐ ਤਾਂ ਜਾਪਦਾ ਜਿਵੇਂ ਕੁਝ ਮਹੀਨੇ ਪਹਿਲਾਂ ਈ ਅਜੇ ਇਥੇ ਆਇਆਂ…. ਪੜਾਈ ਕਰਦਿਆਂ, ਪੱਕੇ ਹੁੰਦਿਆਂ, ਬਿੱਲ ਦਿੰਦਿਆਂ, ਕਿਸ਼ਤਾਂ ਲਾਹੁੰਦਿਆਂ, ਜੁਆਕ ਸਾਂਭਦਿਆਂ ਤੇ ਪਰਿਵਾਰਿਕ ਜਿਮੇਵਾਰੀਆਂ ਨਿਭਾਉਂਦਿਆਂ ‘ਚਿੱਟੇ’ ਆਉਣੇ ਸ਼ੁਰੂ ਹੋ ਚੱਲੇ…! ਕਦੇ ਕਦੇ ਸਭ ਕੁਝ ਇਕ ਸੁਪਨਾ ਜਿਹਾ ਪ੍ਰਤੀਤ ਹੁੰਦਾ..!!
ਰੱਬ ਦੀ ਮਿਹਰ ਸਦਕਾ ਇਹਨਾਂ ਬੀਤੇ ਵਰਿਆਂ ‘ਚ ਬਹੁਤ ਕੁਝ ਪਾਇਆ ਹੈ | ਬਿਗਾਨੀ ਕਹੀ ਜਾਣ ਵਾਲੀ ਧਰਤੀ ਤੇ ਅਨੇਕਾਂ ਸੁਪਨਿਆਂ ਦੀ ਪੂਰਤੀ ਹੋਈ ਹੈ, ਜਿੰਨਾਂ ਦੀ ਭਾਰਤ ਰਹਿੰਦਿਆਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ….!! ਪਰ…. ਇਸ ਸਭ ਦੇ ਬਾਵਜੂਦ ਬਹੁਤ ਕੁਝ ਗਵਾਇਆ ਵੀ ਹੈ… ਕਿੰਨੇ ਸਕੇ-ਸੋਦਰੇ, ਰਿਸ਼ਤੇਦਾਰ, ਦੋਸਤ ਹਜਾਰਾਂ ਮੀਲਾਂ ਦੇ ਫਾਸਲਿਆਂ ਕਰਕੇ ਮਿਲਣੋਂ ਅਸਮਰੱਥ ਨੇ.. ਕਰੀਬੀਆਂ ਦੇ ਕਿੰਨੇ ਵਿਆਹ, ਮੰਗਣੇ ਤੇ ਹੋਰ ਸਮਾਗਮ ਗੈਰਹਾਜਿਰੀ ‘ਚ ਹੀ ਨੇਪਰੇ ਚੜੇ… ਕਿੰਨੇ ਈ ਨੇੜਲੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਤੁਰ ਗਏ, ਪਰ ਅੰਤਿਮ ਸਮੇਂ ਮਜਬੂਰੀ ਵਸ ਉਹਨਾਂ ਦੇ ਮੂੰਹ ਵੇਖਣੇ ਵੀ ਨਸੀਬ ਨਹੀਂ ਹੋਏ…
ਖੇਤ, ਸੱਥ, ਸਕੂਲ, ਗੁਰਦੁਆਰੇ, ਆਂਡ-ਗੁਆਂਢ, ਟੂਰਨਾਮੈਂਟ, ਮੇਲੇ, ਸੰਗਰਾਂਦ , ਦੀਵਾਲੀਆਂ, ਲੋਹੜੀਆਂ, ਧਾਰਮਿਕ ਦੀਵਾਨ, ਪੜਾਈਆਂ, ਅਖਾੜੇ ਤੇ ਹੋਰ ਪਤਾ ਨਹੀਂ ਕੀ ਕੀ ਮਨ ਦੇ ਕਿਸੇ ਖੂੰਜੇ ਉਵੇਂ ਦੇ ਉਵੇਂ ਪਏ ਨੇ… ਮਨੁੱਖੀ ਮਨ ਜਿਹੜੀ ਚੀਜ ਤੋਂ ਜਿੰਨਾ ਦੂਰ ਹੁੰਦਾ , ਉਨਾਂ ਹੀ ਉਸਦਾ ਸਨੇਹ ਕਰਦਾ ਹੈ..
ਕਰਮ ਭੂਮੀਂ ਤੇ ਵਿਚਰਦਿਆਂ ਜਿਉਂ ਜਿਉਂ ਸਮਾਂ ਬੀਤਦਾ ਜਾਦਾਂ ਹੈ, ਜਨਮ ਭੂਮੀ ਦੀ ਖਿੱਚ ਉੱਨੀ ਈ ਤੀਬਰ ਹੁੰਦੀ ਜਾਂਦੀ ਹੈ…
ਸਮਾਂ ਆਪਣੀ ਚਾਲ ਚਲਦਾ ਜਾ ਰਿਹੈ ਤੇ ਇਸ ਸੋਹਣੇ ਮੁਲਕ ਚ ਰਹਿੰਦਿਆਂ, ਪਰਮਾਤਮਾ ਦੀਆਂ ਬਖਸ਼ਿਸ਼ਾਂ ਦਾ ਸ਼ੁਕਰ ਗੁਜਾਰ ਹਾਂ..!
ਅਸਟ੍ਰੇਲੀਆ ਆਉਣ ਤੇ ਸਾਡੇ ਨਾਲ ਵਾਪਰੇ ਹਾਸੇ ਠੱਠੇ ਵਾਲੇ ਵਰਤਾਰੇ ਜੋ ਇੱਕ ਸੁਹਾਣੀ ਯਾਦ ਵਜੋਂ ਦਿਲ ਦੇ ਵਿੱਚ ਸੱਜਣਾਂ ਵਾਂਗੂੰ ਵਸੇ ਹੋਏ ਨੇ…ਲਿਖਤੀ ਰੂਪ ਚ ਆਪ ਜੀ ਦੇ ਸਨਮੁੱਖ ਕਰ ਰਿਹਾ ਹਾਂ, ਉਮੀਦ ਐ ਤਹਾਨੂੰ ਵਧੀਆ ਲਗਣਗੇ..!!! ਸਿੱਖਣ ਨੂੰ ਭਾਵੇਂ ਕੁਝ ਨਾ ਮਿਲੇ ਪਰ ਹੱਸਣ ਨੂੰ ਮਿਲੂ ਇਹ ਵਾਅਦਾ..😂😄
...

#####
ਜਿਸ ਦਿਨ ਅਸੀਂ ਜਾਅਜੇ ਚੜਨਾ ਸੀ, ਦਿੱਲੀ ਏਅਰਪੋਟ ਤੇ ਈ 5-6 ਹੋਰ ਟੱਕਰਗੇ, ਇੱਥੇ ਹੋਰ ਕਾਲਜਾਂ ‘ਚ ਪੜਨ ਵਾਲੇ। ਮਬੈਲ ਤੇ ਨੰਬਰ ਤਾਂ ਅਜੇ ਜਾ ਕੇ ਲੈਣੇ ਸੀ। ਜਨਤਾ ਨੇ ਆਵਦੀਆਂ ਆਵਦੀਆਂ ‘ਯਾਹੂ ਡੌਟ ਕੌਮ ਡੌਟ ਇੰਨ’ ਵਾਲੀਆਂ ਮੇਲ ਆਈ ਡੀਆਂ ਇੱਕ ਦੂਜੇ ਨਾਲ ਪੱਗਾਂ ਅੰਗੂੰ ਵਟਾ ਲੀਆਂ।
ਜਦੋਂ ਜਹਾਜ ‘ਚ ਬੈਠੇ, ਯਕੀਨ ਜਿਆ ਨਾ ਹੋਵੇ। ਜਨਤਾ ਬੈਗ ਘੜੀਸਦੀ ਗਿੱਟੇ ਭੰਨਦੀ ਫਿਰੇ ਸੀਟ ਲੱਭਣ ਨੂੰ। ਮੇਰੇ ਮਾਮੇ ਦਾ ਮੁੰਡਾ ਵੀ ਮੇਰੇ ਕਾਲਜ ਦਾ ਈ ਵਿਦਿਆਰਥੀ ਸੀ ਤੇ ਅਸੀਂ ਜ਼ਿੰਦਗੀ ਦਾ ਪਹਿਲਾ ਹਵਾਈ ਸਫ਼ਰ ਇਕੱਠਿਆਂ ਕੀਤਾ ਸੀ। ਮਾਮੇ ਦੇ ਮੁੰਡੇ ਦੀ ਸੀਟ ਅੱਡ ਸੀ, ਕਹਿੰਦਾ, ‘ਥੋੜਾ ਉੱਡ ਪੈਣ ਦੇ ਫੇਰ ਬੈਅਨੇ ਆਂ ਕੱਠੇ” । ਪੁੱਛਣ ਆਲਾ ਹੋਵੇ ਭਲਾ ਅੱਧੀਆਂ ਸਵਾਰੀਆਂ ਤਲਵੰਡੀ ਆਲੇ ਬਾਈਪਾਸ ਤੇ ਉਤਰਨੀਆਂ ਬੀ ਸੀਟ ਖਾਲੀ ਹੋਜੂ ? ……ਖੈਰ ਟਿਕ ਟਿਕਾ ਜਿਆ ਹੋਇਆ। ਉੱਡਣ ਤੋਂ ਪੈਲਾਂ ਈ ਚਾਅ ਜਿਆ ਮਰ ਗਿਆ ਜਦੋਂ ਉਹ ਸੁਰੱਖਿਆ ਆਲੀ ਵੀਡਿਓ ਜੀ ਦਿਖਾਈ ਕਿ ਜੇ ਸਮੁੰਦਰ ਸਮੰਦਰ ਚ ਡਿੱਗ ਗੇ ਤਾਂ ਖੱਟੀ ਜੀ ਜਾਕਟ ਕਿਵੇਂ ਪੌਣੀ ਐਂ। …. ਮੇਰੇ ਨਾਲ ਬੈਠਾ ਸੀ ਜਿਹੜਾ , ਮੈਨੂੰ ਪੁੱਛੇ ,ਅਖੇ..’ਸਿਰੇ ਲਾਊ ਬਾਈ ਏਅ ? ਮੈਂਨੂੰ ਤਾਂ ਓਹ ਐਂ ਪੁਛਦਾ ਸੀ ਬੀ ਜਿਵੇਂ ਮੈਂ ਫਰੀਕੈਂਟ ਫਲੈਰ ਹੁੰਨਾਂ। ਬੈਲਟਾਂ ਨੂੜ ਨਾੜ ਕੇ ਜਦੋਂ ਰੇਸ ਦਿੱਤੀ ਪੈਲਟ ਨੇ ਰਨਵੇ ਤੇ ਅਜੇ ਜਹਾਜ ਨੇ ਚੁੰਝ ਜੀ ਮਾੜੀ ਜੀ ਤਾਹਾਂ ਚੱਕੀ ਸੀ, ਮਗਰਲੇ ਟੈਰ ਅਜੇ ਧਰਤੀ ਤੇ ਈ ਸੀ, ਚਾਰ ਕੁ ਸੀਟਾਂ ਮਗਰੋਂ ਕਿਸੇ ਨੇ ਜੋਰ ਦੇਣੇ ਕਿਹਾ ‘ਬੋਲੇ ਸੋ ਨਿਹਾਲ’ ਹੌਲੀ ਕੁ ਦੇਣੇ 10-15 ਕਹਿੰਦੇ ‘ਸਾਸਰੀਆ ਕਾਲ’…ਪਤੰਦਰ ਐਂ ਫੀਲਿੰਗ ਲੈਗੇ ਬੀ ਜਿਵੇਂ ਜੀਤ ਉੱਪਲ ਆਲੀ ‘ਐਲ ਪੀ’ ਹੋਲੇ ਮਹੱਲੇ ਤੇ ਚੱਲੀ ਹੁੰਦੀ ਐ !
…………ਚਲਦਾ
@ ਅਵਤਾਰ ਸਿੰਘ ਭੁੱਲਰ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)