ਕਹਾਵਤ ਕੇ ਸ਼ਰਾਰਤ”
ਇਕ ਕਹਾਵਤ ਹੈ ਕਿ “ਕੁੱਬੇ ਦੇ ਕਿਸੇ ਨੇ ਲੱਤ ਮਾਰੀ ਉਹਦਾ ਕੁੱਬ ਨਿਕਲ ਗਿਆ” ਇਸ ਤਰ੍ਹਾਂ ਦੀ ਇਕ ਸੱਚੀ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਉਮੀਦ ਕਰਦਾ ਹਾਂ ਕਿ ਆਪ ਸਭ ਨੂੰ ਪਸੰਦ ਆਵੇਗੀ।
ਦਸਵੀਂ ਕਰਨ ਤੋਂ ਬਾਅਦ ਮੈਂ ਬਸੀ ਪਠਾਣਾਂ ਟਾਈਪ ਸਿੱਖਣੀ ਸ਼ੁਰੂ ਕਰ ਦਿੱਤੀ ਕਿਉਕਿ ਦਫਤਰ ਵਿੱਚ ਬਾਬੂ ਲੱਗਣ ਲਈ ਟਾਈਪ ਜਰੂਰੀ ਸੀ ਅਤੇ ਨਾਲੇ ਘਰ ਦੇ ਕੰਮ ਤੋਂ ਬਚਣ ਦਾ ਵਧੀਆ ਤਰੀਕਾ ਸੀ ਪਰ ਇਹ ਵੀ ਕੁੱਬੇ ਦੇ ਮਾਰੀ ਲੱਤ ਵਾਲਾ ਹੀ ਕੰਮ ਸਿੱਧ ਹੋਇਆ।
ਕਿਉਂਕਿ ਟਾਈਪ ਸਿੱਖਦਿਆਂ ਉਥੇ ਦੋ ਤਿੰਨ ਗੂੜ੍ਹੇ ਮਿੱਤਰ ਬਣ ਗਏ ਜਿੱਥੇ ਵੀ ਟਾਈਪ ਦਾ ਟੈਸਟ ਦੇਣਾਂ ਇਕੱਠਿਆਂ ਹੀ ਦੇਣ ਜਾਣਾਂ। ਚੰਡੀਗੜ੍ਹ ਫਿਲਮ ਵੇਖਣ ਜਾਣਾ ਤਾਂ ਵੀ ਇਕੱਠਿਆਂ ਹੀ ਜਾਣਾਂ। ਇਕੱਠਿਆਂ ਹੀ ਐਸ. ਐਸ.ਐਸ ਬੋਰਡ ਦਾ ਚੰਡੀਗੜ੍ਹ ਟਾਈਪ ਟੈਸਟ ਦਿੱਤਾ ਤੇ ਪਾਸ ਵੀ ਹੋ ਗਏ। ਪਰ ਤਿੰਨਾਂ ਨੂੰ ਵੱਖ ਵੱਖ ਮਹਿਕਮਿਆਂ ਵਿੱਚ ਨੌਕਰੀ ਮਿਲੀ।ਇਕ ਦੂਜੇ ਨੂੰ ਚਿੱਠੀ ਪੱਤਰ ਪਾਉਣੀ ਸ਼ੁਰੂ ਹੋ ਗਈ। ਪਰ ਇਕ ਦੋਸਤ ਜੋ ਅੱਜ ਦੁਨੀਆਂ ਤੇ ਵੀ ਨਹੀਂ ਹੈ ਨੇ ਮੇਰੇ ਦੂਜੇ ਦੋਸਤ ਨੂੰ ਕੁੜੀ ਬਣ ਚਿੱਠੀ ਪਾ ਦਿੱਤੀ...
ਕਿ ਆਪਾਂ ਚੰਡੀਗੜ੍ਹ ਫਿਲਮਾਂ ਵੇਖੀਆਂ ਕਿਨ੍ਹੇ ਅੱਛੇ ਦਿਨ ਗੁਜਾਰੇ ਅਤਿ ਆਦਿ। ਦੂਸਰੇ ਦੋਸਤ ਨੇ ਵੀ ਉਸਦਾ ਜਵਾਬ ਕੁੜੀ ਬਣ ਦਿਤਾ ਤੇ ਚਿੱਠੀ ਪਾ ਦਿੱਤੀ ਜਦੋਂ ਇਹ ਚਿੱਠੀ ਉਸਦੇ ਘਰ ਪੁੱਜੀ ਤਾਂ ਉਹ ਘਰ ਨਹੀਂ ਸੀ ਕੁਦਰਤੀਂ ਉਸਦੀ ਭਰਜਾਈ ਨੇ ਚਿੱਠੀ ਪੜ੍ਹ ਲਈ ਕਿ ਇਹ ਤਾਂ ਕੁੜੀ ਦੀ ਚਿੱਠੀ ਹੈ। ਬਸ ਫੇਰ ਕੀ ਸੀ ਮਾਂ ਨੂੰ ਪਤਾ ਲੱਗਾ ਤਾਂ ਮਾਂ ਨੇ ਚਿੱਠੀ ਲੈ ਗੱਲ ਕਿਸੇ ਨਾਲ ਸਾਂਝੀ ਨਾ ਕਰਨ ਲਈ ਉਸ ਨੂੰ ਹਦਾਇਤ ਕਰ ਦਿੱਤੀ। ਬਸ ਫਿਰ ਮਾਂ ਨੇ ਆਪਣੇ ਪੇਂਕੀ ਗੱਲ ਕੀਤੀ ਉਹਨਾਂ ਦੇਰ ਨਾ ਕੀਤੀ ਰਿਸਤੇਦਾਰੀ ਚੋਂ ਮੰਗਣੀ ਕਰ ਦਿੱਤੀ ਅਤੇ ਦੋ ਕੁ ਸਾਲ ਬਾਅਦ ਜਦੋਂ ਅਸੀਂ ਸਾਰੇ ਦੋਸਤ ਉਸਦੇ ਵਿਆਹ ਤੇ ਇਕੱਠੇ ਹੋਏ ਤਾਂ ਗੱਲ ਦਾ ਪਤਾ ਲੱਗਾ। ਮੈਂ ਕਿਹਾ ਕਿ ਇਹ ਤਾਂ ਉਹ ਗੱਲ ਹੋਈ ਕਿ ਕਿਸੇ ਨੇ ਕੁੱਬੇ ਦੇ ਮਾਰੀ ਲੱਤ ਉਸ ਦਾ ਕੁੱਬ ਨਿੱਕਲ ਗਿਆ”। ਸਾਰੇ ਹੱਸ ਹੱਸ ਦੂਹਰੇ ਹੋ ਗਏ।
“ਧੰਨਵਾਦ ਜੀ”
“ਜਸਵੰਤ ਸਿੰਘ ਢੀਂਡਸਾ” ੩੦.੪.੨੨