More Punjabi Kahaniya  Posts
ਕਾਰੋਬਾਰ


ਨਹੀਂ ਨਹੀਂ ਮੈਂ ਹੋਰ ਵਿਆਹ ਨਹੀਂ ਕਰਵਾਉਣਾ।
ਜਿੰਨਾ ਸਾਥ ਮੇਰੀ ਕਿਸਮਤ ਚ ਲਿਖਿਆ ਸੀ ਮੈਂ ਨਿਭਾ ਲਿਆ ਆ।ਹੁਣ ਮੈਂ ਓਹਦੀ ਯਾਦ ਤੇ ਆਪਣੇ ਪੁੱਤ ਦੇ ਨਾਲ ਜ਼ਿੰਦਗੀ ਕੱਢ ਲੈਣੀ ਆ।
ਗੁਰਬਾਣੀ ਦਾ ਬੇਟਾ ਹਜੇ 13 ਸਾਲ ਦਾ ਸੀ ਜਦੋਂ ਓਹਦੇ ਪਤੀ ਦੀ ਇੱਕ ਸੜਕ ਐਕਸੀਡੈਂਟ ਚ ਮੌਤ ਹੋ ਗਈ।ਓਹਦੀ ਉਮਰ ਵੇਖਦਿਆਂ ਸੋਹਰੇ ਵਾਲੇ ਆਖ ਰਹੇ ਸੀ ਕਿ ਛੋਟੇ ਦੇ ਬੈਠ ਜਾ ਤੇ ਮਾਪੇ ਕਹਿ ਰਹੇ ਸੀ ਤੂੰ ਆਪਣੇ ਪੁੱਤ ਨੂੰ ਛੱਡਕੇ ਸਾਡੇ ਨਾਲ ਚੱਲ ਪੈ।
ਸਾਰਿਆਂ ਨੇ ਬਹੁਤ ਜ਼ੋਰ ਲਾਇਆ ਕਸਮਾਂ ਤੱਕ ਦਿੱਤੀਆਂ ਪਰ ਗੁਰਬਾਣੀ ਨੇ ਕਿਸੇ ਦੀ ਇੱਕ ਨਾ ਮੰਨੀ ਤੇ ਆਪਣੇ ਪੁੱਤ ਨੂੰ ਨਾਲ ਲੈਕੇ ਆਪਣੇ ਸੋਹਰੇ ਘਰ ਚ ਹੀ ਰਹਿਣਾ ਸ਼ੁਰੂ ਕਰ ਦਿੱਤਾ।
ਓਹਨੂੰ ਉਮੀਦ ਸੀ ਕਿ ਓਹਦੇ ਵੀਰ ਓਹਦਾ ਸਾਥ ਦੇਣਗੇ ਤੇ ਹਰ ਮੁਸ਼ਕਿਲ ਚ ਓਹਦੇ ਨਾਲ ਕੰਧ ਬਣ ਕੇ ਖੜੇ ਹੋ ਜਾਵਣਗੇ।ਹੋਇਆ ਵੀ ਇਸ ਤਰਾਂ ਹੀ ਪਰ ਉਦੋਂ ਤੱਕ ਜਦੋਂ ਤੱਕ ਗੁਰਬਾਣੀ ਦੇ ਬੈਂਕ ਅਕਾਊਂਟ ਚ ਪੈਸੇ ਸੀ।
ਜਦੋਂ ਤੱਕ ਗੁਰਬਾਣੀ ਕੋਲ ਪੈਸੇ ਸੀ ਓਹਨੇ ਕਦੇ ਆਪਣੇ ਮਾਪਿਆਂ ਨੂੰ ਕਿਸੇ ਚੀਜ਼ ਲਈ ਤੰਗ ਪਰੇਸ਼ਾਨ ਨਾ ਕੀਤਾ।ਸਗੋਂ ਕਿੰਨੀ ਵਾਰ ਓਹਦੇ ਵੀਰ ਹੱਥ ਉਧਾਰ ਮੰਗ ਕੇ ਲੈ ਗਏ ਸੀ।
ਕੁਝ ਅਰਸਾ ਗੁਜ਼ਰਿਆ ਗੁਰਬਾਣੀ ਦਾ ਅਕਾਊਂਟ ਖਾਲੀ ਹੋਇਆ ਤਾਂ ਓਹਦੇ ਵੀਰਾਂ ਦਾ ਆਉਣਾ ਜਾਣਾ ਪਹਿਲਾਂ ਨਾਲੋਂ ਘੱਟ ਹੋ ਗਿਆ।
ਹੌਲੀ ਹੌਲੀ ਫੋਨ ਆਉਣਾ ਵੀ ਘੱਟ ਹੋ ਗਿਆ ਤੇ ਇੱਕ ਦਿਨ ਬੰਦ ਹੀ ਹੋ ਗਿਆ।ਗੁਰਬਾਣੀ ਦੀ ਆਰਥਿਕ ਹਾਲਤ ਮਾੜੀ ਹੋ ਗਈ ਤੇ ਮਾਪੇ ਸੋਹਰੇ ਦੋਵਾਂ ਨੇ ਹੱਥ ਖੜ੍ਹੇ ਕਰ ਦਿੱਤੇ।
ਕੌਨਵੈਂਟ ਸਕੂਲ ਦੇ ਖਰਚੇ ਨਾ ਚੁੱਕ ਹੋਣ ਕਰਕੇ ਓਹਦੇ ਬੇਟੇ ਨੂੰ ਲੋਕਲ ਸਕੂਲ ਤੱਕ ਆਉਂਦਿਆ ਬਾਹਲਾ ਵਕਤ ਨਾ ਲੱਗਿਆ।
ਓਹਨੇ ਆਪਣੇ ਵੀਰਾਂ ਤੇ ਸੱਸ ਸੋਹਰੇ ਅੱਗੇ ਬੜੀਆਂ ਮੰਗਾ ਰੱਖੀਆਂ। ਵੀਰਾਂ ਵਲੋਂ ਭਾਬੀਆਂ ਨੇ ਜਵਾਬ ਦੇ ਦਿੱਤੇ ਤੇ ਸਹੁਰਿਆਂ ਨੇ ਆਖ ਦਿੱਤਾ ਅਗਰ ਛੋਟੇ ਦੇ ਬੈਠ ਜਾਂਦੀ ਤਾਂ ਚੰਗੀ ਨਾ ਰਹਿੰਦੀ।ਮਤਲਬੀ ਰਿਸ਼ਤਿਆਂ ਨੂੰ ਸਮਝਦਿਆਂ ਗੁਰਬਾਣੀ ਨੂੰ ਬਾਹਲਾ ਵਕਤ ਨਾ ਲੱਗਿਆ।
ਓਹਨੇ ਆਪਣੇ ਲਈ ਜੌਬ ਵੇਖਣੀ ਸ਼ੁਰੂ ਕਰ ਦਿੱਤੀ ਤੇ ਓਹਦੀ ਉਮਰ ਤੇ ਹੁਸਨ ਵੇਖਦਿਆਂ ਇੱਕ ਕੰਪਨੀ ਚ ਰੀਸੈਪਸ਼ਨ ਤੇ ਜੌਬ ਮਿਲ ਗਈ।ਰੀਸੈਪਸ਼ਨ ਤੇ ਹਰ ਇਕ ਆਇਆ ਗਿਆ ਆਪਣਾ ਨੰਬਰ ਰੱਖ ਜਾਂਦਾ ਸੀ।ਕਲਰਕ ਤੋਂ ਲੈਕੇ ਕੰਪਨੀ ਦੇ ਮਾਲਕ ਤੱਕ ਓਹਨੂੰ ਆਫਰਾਂ ਕਰਨ ਲੱਗ ਗਏ। ਪਰ ਓਹਨੇ ਮਰਹੂਮ ਪਤੀ ਦੀ ਮੁਹੱਬਤ ਫਿੱਕੀ ਨਾ ਪੈਣ ਦਿੱਤੀ। ਓਹਨੇ ਜੌਬ ਹੀ ਛੱਡ ਦਿੱਤੀ।ਫੇਰ ਓਹਨੇ ਇੱਕ ਬਜੁਰਗ ਦੀ ਦੇਖਭਾਲ ਦੀ ਨੌਕਰੀ ਸ਼ੁਰੂ ਕਰ ਦਿੱਤੀ।
ਓਥੇ ਓਹਨੂੰ ਮਹਿਸੂਸ ਹੋਇਆ ਕਿ ਓਹ ਆਪਣੇ ਪਿਓ ਦੀ ਦੇਖਭਾਲ ਕਰਦੀ ਆ। ਪਰ ਓਹ ਬਜੁਰਗ ਨੇ ਵੀ ਓਹਦੀ ਇੱਜ਼ਤ ਨੂੰ ਹੱਥ ਪਾਉਂਦਿਆਂ ਜਿਆਦਾ ਵਕਤ ਨਾ ਲਗਾਇਆ।
ਦੇਰ-ਜੇਠ ਗਲੀ ਦੀ ਬੰਦੇ,ਮੁਹੱਲੇ ਦੇ ਮੁੰਡੇ ਹਰ ਕੋਈ ਗੁਰਬਾਣੀ ਦੀ ਇੱਕ ਅਵਾਜ਼ ਤੇ ਸਾਥ ਦੇਣਾ ਚਾਹੁੰਦੇ ਸੀ। ਪਰ ਬਦਲੇ ਚ ਗੁਰਬਾਣੀ ਤੋਂ ਵੀ ਕੁਝ ਚਾਹੁੰਦੇ ਸੀ।ਬਜੁਰਗ ਦੀ ਹਰਕਤ ਤੋਂ ਬਾਅਦ ਓਹਨੇ ਆਪਣੇ ਆਲੇ ਦੁਆਲੇ ਸਭ ਮਰਦਾਂ ਤੋਂ ਖੌਫ ਖਾਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਆਪ ਨੂੰ ਘਰ ਦੇ ਅੰਦਰ ਬੰਦ ਕਰ ਲਿਆ।
ਓਹ ਹਰ ਵਕਤ ਪਾਠ ਕਰਦੀ ਰਹਿੰਦੀ ਸੀ ਤੇ ਆਪਣੇ ਪੁੱਤ ਦੇ ਜਵਾਨ ਹੋਣ ਦੀ...

ਉਡੀਕ ਕਰਦੀ ਰਹਿੰਦੀ ਸੀ।ਓਹਨੂੰ ਸਿਰਫ ਆਪਣੇ ਪੁੱਤ ਤੇ ਉਮੀਦ ਸੀ ਕਿ ਮੇਰਾ ਪੁੱਤ ਹੀ ਮੇਰੇ ਦੁੱਖਾਂ ਨੂੰ ਕੱਟੇਗਾ।
ਜ਼ਿੰਦਗੀ ਗੁਜ਼ਾਰਨ ਲਈ ਤੇ ਬੱਚੇ ਦੀਆਂ ਲੋੜਾਂ ਲਈ ਪੈਸਾ ਵੀ ਜ਼ਰੂਰੀ ਸੀ।ਫੇਰ ਓਹਨੇ ਆਪਣੀ ਮਾਂ ਨਾਲ ਗੱਲ ਕਰਕੇ ਆਪਣੀ ਮਾਂ ਨੂੰ ਆਪਣੇ ਕੋਲ ਬੁਲਾ ਲਿਆ ਕਿ ਸ਼ਾਇਦ ਮੇਰੀ ਮਾਂ ਦੇ ਡਰ ਕਰਕੇ ਹੀ ਭੇੜੀਏ ਵਰਗੇ ਲੋਕਾਂ ਦੀਆਂ ਨਜ਼ਰਾਂ ਮੇਰੇ ਤੋਂ ਹਟ ਜਾਣਗੀਆਂ।
ਮਾਂ ਨੂੰ ਘਰ ਬੱਚੇ ਕੋਲ ਛੱਡ ਕੇ ਇੱਕ ਵਾਰ ਫੇਰ ਤੋਂ ਓਹਨੇ ਨੌਕਰੀ ਲੱਭਣੀ ਸ਼ੁਰੂ ਕੀਤੀ ਤੇ ਇਸ ਵਾਰ ਨੌਕਰੀ ਇੱਕ ਫੈਕਟਰੀ ਚ ਅਕਾਊਂਟ ਆਫਿਸ ਚ ਮਿਲੀ। ਦਸ ਹਜ਼ਾਰ ਤਨਖਾਹ ਦੀ ਗੱਲ ਹੋਈ ਤੇ ਹਫਤੇ ਬਾਅਦ ਹੀ ਮੈਨੇਜਰ ਨੇ ਬੋਨਸ ਦੇ ਨਾਮ ਤੇ 5 ਹਜਾਰ ਰੁਪਏ ਫੜਾ ਦਿੱਤੇ ਤੇ ਅਗਲੇ ਦਿਨ ਲੰਚ ਦੀ ਆਫਰ ਕਰ ਦਿੱਤੀ।
ਪੰਜ ਹਜ਼ਾਰ ਟੇਬਲ ਤੇ ਪਿਆ ਛੱਡ ਆਈ ਤੇ ਘਰ ਆ ਕੇ ਆਪਣੀ ਮੰਮੀ ਦੇ ਮੋਢੇ ਤੇ ਸਿਰ ਰੱਖ ਕੇ ਓਹ ਦੁੱਖ ਵੀ ਦੱਸ ਦਿੱਤੇ ਜਿਹੜੇ ਕਦੇ ਆਪਣੇ ਪਤੀ ਦੇ ਹੁੰਦਿਆਂ ਵੀ ਨਾ ਦੱਸੇ ਸੀ।
ਫੇਰ ਓਹਦੀ ਮੰਮੀ ਨੇ ਆਪਣੇ ਪੁੱਤਾਂ ਨੂੰ ਗੁਰਬਾਣੀ ਦੀ ਮਾਲੀ ਮਦਦ ਕਰਨ ਲਈ ਕਿਹਾ ਤਾਂ ਅੱਗਿਓਂ ਕੋਈ ਜਵਾਬ ਨਾ ਮਿਲਿਆ।
ਫੇਰ ਮਾਵਾਂ ਧੀਆਂ ਨੇ ਰਲਕੇ ਲੁਧਿਆਣੇ ਦੀ ਇੱਕ ਵੱਡੀ ਫੈਕਟਰੀ ਅੱਗੇ ਖੜੇ ਹੋ ਕੇ ਰੋਟੀ ਦੇ ਪਾਰਸਲ ਵੇਚਣੇ ਸ਼ੁਰੂ ਕਰ ਦਿੱਤੇ।ਗੁਰਬਾਣੀ ਪਾਰਸਲ ਬਣਾਇਆ ਕਰਦੀ ਸੀ ਤੇ ਓਹਦੀ ਅੰਮੀ ਤੇ ਬੇਟਾ ਫੈਕਟਰੀ ਦੇ ਬਾਹਰ ਖੜੇ ਹੋ ਕੇ ਵੇਚਿਆ ਕਰਦੇ ਸੀ।
ਫੈਕਟਰੀ ਅੱਗੇ ਟੇਬਲ ਤੇ ਖਾਣਾ ਵੇਚਣ ਤੋਂ ਲੈਕੇ ਫੈਕਟਰੀ ਦੇ ਅੰਦਰ ਕੰਟੀਨ ਮਿਲਣ ਚ ਓਹਨਾ ਨੂੰ ਬਾਹਲਾ ਵਕਤ ਨਾ ਲੱਗਿਆ।
ਫੇਰ ਬਾਬੇ ਨਾਨਕ ਨੇ ਐਸਾ ਹੱਥ ਪਕੜਿਆ ਗੁਰਬਾਣੀ ਦੀ ਗੱਡੀ ਲੀਹ ਤੇ ਆ ਗਈ ਤੇ ਬੈਂਕ ਦਾ ਅਕਾਊਂਟ ਫੇਰ ਤੋਂ ਭਰਨਾ ਸ਼ੁਰੂ ਹੋ ਗਿਆ ਤੇ ਜ਼ਿਦੰਗੀ ਦੇ ਬਦਲਦੇ ਤੌਰ ਤਰੀਕਿਆਂ ਨੂੰ ਵੇਖ ਕੇ ਰਿਸ਼ਤੇਦਾਰਾਂ ਦਾ ਤਾਂਤਾ ਫੇਰ ਤੋਂ ਲਗਣਾ ਸ਼ੁਰੂ ਹੋ ਗਿਆ ਤੇ ਦੋਵਾਂ ਮਾਵਾਂ ਧੀਆਂ ਨੂੰ ਕਰੈਕਟਰ ਸਰਟੀਫਿਕੇਟ ਵੀ ਮਿਲਣ ਲੱਗ ਗਏ।
ਪਰ ਮਿਲਦੀਆਂ ਔਫਰਾਂ ਤੇ ਸਰਟੀਫਿਕੇਟਾਂ ਦਾ ਬਾਣੀ ਦੀ ਸਿਹਤ ਤੇ ਕੋਈ ਅਸਰ ਨਾ ਹੋਇਆ ਤੇ ਓਹਨੇ ਆਪਣੇ ਪੁੱਤ ਨੂੰ ਦੁਬਾਰਾ ਵਧੀਆ ਸਕੂਲ ਚ ਲਗਾਇਆ ਤੇ ਖੁਦ ਲੁਧਿਆਣੇ ਚੌੜੇ ਬਜਾਰ ਚ ਇੱਕ ਛੋਟਾ ਜਿਹਾ ਢਾਬਾ ਖੋਲ ਲਿਆ।
ਅੱਜ ਓਹ ਛੋਟਾ ਜਿਹਾ ਢਾਬਾ ਇੱਕ ਵੱਡੇ ਰੈਸਟੋਰੈਂਟ ਦਾ ਰੂਪ ਧਾਰਨ ਕਰ ਚੁੱਕਿਆ ਆ ਤੇ ਹਰ ਕੰਮ ਲਈ ਅਲੱਗ ਅਲੱਗ ਬੰਦੇ ਰੱਖੇ ਹੋਏ ਆ।
ਓਹਦਾ ਪੁੱਤ ਵਕਾਲਤ ਦੀ ਡਿਗਰੀ ਖਤਮ ਕਰਕੇ ਜੱਜ ਦੇ ਪੇਪਰ ਦੀਆਂ ਤਿਆਰੀਆਂ ਕਰ ਰਿਹਾ ਆ ਜਿਹੜਾ ਵੀ ਮਾਂ ਪੁੱਤ ਨੂੰ ਇਕੱਠਿਆਂ ਵੇਖਦਾ ਆ ਤਾਂ ਓਹਨਾ ਨੂੰ ਭੈਣ ਭਰਾ ਹੀ ਸਮਝਦਾ ਆ।
ਗੁਰਬਾਣੀ ਦੀ ਮਾਂ ਨੇ ਬੇਸ਼ੱਕ ਪੈਸੇ ਵਜੋਂ ਆਪਣੀ ਧੀ ਦਾ ਸਾਥ ਨਾ ਦਿੱਤਾ ਪਰ ਮਿਹਨਤ ਦੇ ਬਲਬੂਤੇ ਤੇ ਆਪਣੀ ਧੀ ਨੂੰ ਵੱਡਾ ਕਾਰੋਬਾਰ ਖੜਾ ਕਰਕੇ ਦੇ ਦਿੱਤਾ ਤੇ ਜ਼ਿੰਦਗੀ ਜਿਊਣ ਦਾ ਬਲ ਸਿਖਾ ਦਿੱਤਾ।
ਧੰਨਵਾਦ,
ਜਸਕਰਨ ਬੰਗਾ।।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)