ਨਿੱਕਿਆਂ ਹੁੰਦਿਆ ਹੀ ਮਾਂ ਤੇ ਮੈਂ ਆਪਣੇ ਨਾਨਕੇ ਆ ਗਏ ਕਾਰਨ ਇੱਕ ਹੀ ਸੀ ….ਮੇਰੀ ਮਾਂ ਉਸ ਘਰ ਨੂੰ ਪੁੱਤ, ਵਾਰਿਸ ਵਜੋਂ ਨਾ ਦੇ ਸਕੀ ਤੇ ਬਾਪੂ ਜੀ ਨੇ ਦੂਸਰਾ ਵਿਆਹ ਕਰਵਾ ਲਿਆ ਤੇ ਮੇਰੀ ਨਾਨੀ ਮੈਨੂੰ ਤੇ ਮਾਂ ਨੂੰ ਆਪਣੇ ਨਾਲ ਪਿੰਡ ਲੈ ਆਈ, ਮੇਰੀ ਮਾਂ ਕੱਲੀ ਧੀ ਸੀ ਪਰ ਫੇਰ ਵੀ ਧੀਆਂ ਨੂੰ ਕਦ ਕਿਸੇ ਨੇ ਘਰ ਰੱਖਿਆ।
ਮਾਂ ਲਈ ਰਿਸ਼ਤੇ ਆਉਦੇ ਪਰ ਮੇਰੀ ਵਜ੍ਹਾ ਕਰਕੇ ਰੁਕ ਜਾਦੇ ਅੰਤ ਨੂੰ ਨਾਨੀ ਨੇ ਫ਼ੈਸਲਾ ਲਿਆ ਕਿ ਮੈਨੂੰ ਕੱਲੀ ਨੂੰ ਨਾਨੀ ਘਰ ਛੱਡ ਮਾਂ ਨਵੇ ਘਰ ਜਾਊ ਜਦ ਮਾਂ ਨੇ ਦੱਸਿਆ ਤੇ ਮੇਰੀ ਭੁੱਬ ਨਿਕਲ ਗਈ ਪਰ ਮਾਂ ਕੋਲ ਕਿੱਦਾ ਰੋ ਸਕਦੀ ਸੀ ਮੈਂ ???? ਮੈਂ ਚੁੱਪਚਾਪ ਮਾਂ ਨੂੰ ਪਰਾਏ ਹੁੰਦਿਆ ਦੇਖਿਆ ਤੇ ਮਾਂ ਦੀਆ ਜਾਦੇ ਵਖ਼ਤ ਮਾਰੀਆ ਧਾਹਾਂ ਅੱਜ ਤਕ ਮੇਰੇ ਦਿਮਾਗ ਤੇ ਬਹੁਤੀ ਵਾਰ ਰਾਤ ਨੂੰ ਘੁੰਮਦੀਆ ਰਹਿੰਦੀਆ ਨੇ।
ਸਮਾਂ ਕਦ ਕਿਸੇ ਨੇ ਫੜਿਆ ਏ, ਇਹ ਤਾਂ ਸਦਾ ਹੀ ਚੱਲਦਾ ਰਹਿੰਦਾ ਏ ….ਨਾਨੀ ਦੱਸਦੀ ਹੁੰਦੀ ਏ ਕਿ ਮਾਂ ਨੇ ਉਸਦੇ ਨਵੇਂ ਘਰ ਤਿੰਨ ਪੁੱਤਰਾ ਨੂੰ ਜਨਮ ਦਿੱਤਾ ਏ, ਸਿਰਫ਼ ਕੱਲੀ ਨਾਨੀ ਹੀ ਮਾਂ ਕੋਲ ਜਾ ਆਉਦੀ ਕਿਉਕਿ ਮੈਨੂੰ ਉੱਥੇ ਜਾਣ ਦੀ ਮਨਾਹੀ ਸੀ। ਮਾਂ ਨੇ ਮੁੜ ਸਾਰੀ ਉਮਰ ਮੇਰਾ ਮੂੰਹ ਨਾ ਵੇਖਿਆ ਪਰ ਹਰ ਵਾਰ ਮੈਨੂੰ ਕੁਝ ਨਾ ਕੁਝ ਹੱਥੀ ਬੁਣਿਆ ਭੇਜਦੀ ਤੇ ਉਸਨੂੰ ਪਾ ਕੇ ਇੰਞ ਲੱਗਦਾ ਕਿ ਮਾਂ ਨੇ...
ਗਲਵੱਕੜੀ ਪਾ ਲਈ ਹੋਵੇ।
ਜਦ ਮੈਂ ਜੁਆਨ ਹੋਈ ਤਾਂ ਰਿਸ਼ਤੇ ਆਉਣ ਲੱਗੇ ਪਰ ਇਕੱਲੀ ਹੋਣ ਕਰਕੇ ਮੁੜ ਜਾਦੇ ਕਿਉਕਿ ਉਹਨਾਂ ਵੇਲਿਆਂ ‘ਚ ਸਾਂਝੇ ਘਰਾ ਦਾ ਰਿਵਾਜ ਸੀ ਤੇ ਇਹੀ ਮੰਨਿਆ ਜਾਦਾ ਸੀ ਕਿ ਜੋ ਇਕੱਠ ‘ਚ ਨਹੀ ਰਹਿੰਦੇ ਭਾਵ ਸ਼ਰੀਕੇ ਨਾਲ ਨਹੀ ਵਰਤਦੇ ਉਹ ਹੋਰਾਂ ਨਾਲ ਕੀ ਵਰਤਣਗੇ ???
ਮੇਰੇ ਲਈ ਮੇਰੇ ਸਿਰ ਦਾ ਸਾਈ ਰੱਬ ਬਣ ਬਹੁੜਿਆ ਜਿਸਨੂੰ ਮੇਰੇ ਵਜੂਦ ਤੇ ਮੇਰੇ ਅਤੀਤ ਤੋਂ ਕੋਈ ਵੀ ਪ੍ਰੇਸ਼ਾਨੀ ਨਹੀ ਸੀ ਸ਼ਾਇਦ ਮੇਰੀ ਤਰ੍ਹਾਂ ਉਹ ਵੀ ਯਤੀਮ ਸੀ। ਨਾਨੀ ਨੇ ਬੜੇ ਤਰਲੇ ਪਾਏ ਕਿ ਮਾਂ ਮੇਰੇ ਵਿਆਹ ਤੇ ਮੈਨੂੰ ਆਸ਼ੀਰਵਾਦ ਦੇਣ ਆਉਣ ਪਰ ਉਹ ਆ ਨਹੀ ਸਕੀ, ਮੈਨੂੰ ਉਹਨਾਂ ਨਾਲ ਕੋਈ ਗਿਲਾ ਨਹੀ ਕਿਉਕਿ ਉਹ ਵੀ ਤਾ ਹੁਕਮ ਦੀ ਬੱਧੀ ਸੀ…ਇੱਕ ਕਠਪੁਤਲੀ ਵਾਂਗ ਜੋ ਸਿਰਫ਼ ਆਪਣੇ ਮਾਲਕ ਦੀਆਂ ਉਗਲਾਂ ਤੇ ਚੱਲ ਰਹੀ ਸੀ।
ਮਾਲਕ ਦੀ ਕਿਰਪਾ ਨਾਲ ਸਹੁਰੇ ਘਰ ਸਭ ਕੁਝ ਸੀ ਪਰ ਮਾਂ ਦੀ ਘਾਟ ਸਾਰੀ ਉਮਰ ਰੜਕਦੀ ਰਹੀ। ਬਸ ਇਹੀ ਦੁਆ ਏ ਰੱਬ ਅੱਗੇ ਕਿ ਕਿਸੇ ਵੀ ਧੀ ਤੋਂ ਉਹਦੀ ਮਾਂ ਦਾ ਪਿਆਰ ਨਾ ਖੋਹੀ ਕਿਉਕਿ ਸੜ ਜਾਦੀਆ ਨੇ ਉਹ ਧੀਆਂ ਜਿੰਨ੍ਹਾ ਸਿਰ ਮਾਵਾਂ ਵਰਗੇ ਰੁੱਖ ਨਹੀ ਹੁੰਦੇ।
ਕਮਲ ਕੌਰ