ਕਹਿਣੀ ਤੇ ਕਰਨੀ
ਨੀਤਾ ਔ ਨੀਤਾ ਪਤਾ ਨਹੀਂ ਕਿੱਥੇ ਮਰ ਗਈ ਕੰਜ਼ਰੀ ਜਦੋਂ ਦੇਖੋ ਪਤਾ ਨਹੀਂ ਕਿਹੜੇ ਕੰਜਰ ਨੂੰ ਰੋਂਦੀ ਰਹਿੰਦੀ ਹੈ,ਸ਼ਿੰਦਰ ਨੇ ਸਤਿਸੰਗ ਤੋਂ ਆਉਂਦੇ ਹੀ ਆਪਣੀ ਨੂੰਹ ਨੀਤਾ ਤੇ ਗਾਲ੍ਹਾਂ ਦੀ ਬਰਸਾਤ ਕਰ ਦਿੱਤੀ, ਸ਼ਿੰਦਰ ਆਪਣੀ ਨੂੰਹ ਨੀਤਾ ਨੂੰ ਭੋਰਾ ਪਸੰਦ ਨਹੀਂ ਸੀ ਕਰਦੀ ਹਮੇਸ਼ਾਂ ਉਸ ਨੂੰ ਗਾਲ੍ਹਾਂ ਦਿੰਦੀ ਆਪਣੇ ਪੁੱਤ ਭਾਵ ਨੀਤਾ ਦੇ ਪਤੀ ਸੇਵਕ ਨੂੰ ਉਸ ਖ਼ਿਲਾਫ਼ ਭੜਕਾਉਂਦੀ ਰਹਿੰਦੀ,ਸੇਵਕ ਵੀ ਪੂਰਾ ਮਾਂ ਦੇ ਲਾਈਲੱਗ ਜਿੱਧਰ ਮਾਂ ਮੋਡ਼ਦੀ ਉਧਰ ਹੀ ਮੁੜ ਜਾਂਦਾ, ਮਾਂ ਦੇ ਆਖੇ ਲੱਗ ਨੀਤਾ ਨਾਲ ਲੜਦਾ ਉਸ ਦੀ ਮਾਰ ਕੁਟਾਈ ਕਰਦਾ।
ਆਪਣੀ ਸੱਸ ਦੀ ਆਵਾਜ਼ ਸੁਣ ਕੋਠੇ ਤੇ ਕੱਪੜੇ ਸੁੱਕਣੇ ਪਾਉਣ ਗਈ ਨੀਤਾ ਫਟਾਫਟ ਹੇਠਾਂ ਨੂੰ ਭੱਜੀ ਤੇ ਪੌੜੀਆਂ ਉਤਰਦੀ ਦਾ ਪੈਰ ਮੁੜ ਗਿਆ,ਦਰਦ ਨਾਲ ਚੀਕ ਉਸੇ ਪੌੜੀ ਤੇ ਬਹਿ ਗਈ ਉਸ ਦੀ ਚੀਕ ਸੁਣਕੇ ਸ਼ਿੰਦਰ ਬੋਲੀ ਚੱਲ ਹੁਣ ਆ ਕੇ ਹੇਠਾਂ ਚਾਹ ਕਰਕੇ ਦੇ ਮੈਨੂੰ ਨਾਲੇ ਇਹ ਖੇਖਣ ਜਿਹੇ ਕਰਕੇ ਮੈਨੂੰ ਨਾ ਦਿਖਾਇਆ ਕਰ,ਮੈਂ ਤਾਂ ਉਸ ਘੜੀ ਨੂੰ ਕੋਸਦੀ ਹਾਂ ਜਦੋਂ ਤੈਨੂੰ ਚੰਦਰੀ ਨੂੰ ਵਿਆਹ ਕੇ ਲਿਆਈ ਸੀ,ਨੀਤਾ ਨੂੰ ਕੋਸਦੀ ਸ਼ਿੰਦਰ ਆਪਣੇ ਕਮਰੇ ਵਿੱਚ ਚਲੀ ਗਈ।
ਨੀਤਾ ਦਰਦ ਨਾਲ ਸਿਸਕਦੀ ਹੌਲੀ ਹੌਲੀ ਪੌੜੀਆਂ ਤੋਂ ਹੇਠਾਂ ਉਤਰ ਰਸੋਈ ਵਿੱਚ ਚਲੀ ਗਈ ਸੱਸ ਲਈ ਚਾਹ ਧਰਦੀ ਨੇ ਸੋਚਿਆ ਚੱਲ ਆਪਣੇ ਲਈ ਵੀ ਇੱਕ ਕੱਪ ਬਣਾ ਲੈਂਦੀ ਹਾਂ ਥੋੜਾ ਬੈਠ ਕੇ ਚਾਹ ਪੀ ਲਵਾਂਗੀ ਤਾਂ ਸ਼ਾਇਦ ਪੈਰ ਦਾ ਦਰਦ ਵੀ ਕੁਝ ਠੀਕ ਹੋ ਜਾਵੇ,ਇਨ੍ਹਾਂ ਸੋਚ ਨੀਤਾ ਨੇ ਆਪਣੇ ਲਈ ਵੀ ਚਾਹ ਨਾਲ ਬਣਾ ਲਈ,ਚਾਹ ਨੂੰ ਅਜੇ ਕੱਪਾਂ ਵਿਚ ਪਾਇਆ ਹੀ ਸੀ ਕਿ ਗੇਟ ਦੀ ਬੈੱਲ ਵੱਜੀ ਤੇ ਦੇਖਿਆ ਉਨ੍ਹਾਂ ਦੀ ਗੁਆਂਢਣ ਮਹਿੰਦਰ ਜਿਸ ਦੀ ਕਿ ਉਸ ਦੀ ਸੱਸ ਸ਼ਿੰਦਰ ਨਾਲ ਪੂਰੀ ਬਣਦੀ ਸੀ ਦੋਵੇਂ ਸਤਸੰਗ ਵੀ ਇਕੱਠਿਆਂ ਹੀ ਜਾਂਦੀਆਂ ਸਨ ਅੰਦਰ ਆਈ ਤੇ ਆਉਂਦੀ ਨੇ ਹੀ ਆਖਿਆ ਨੀਤਾ ਆਪਣੀ ਸੱਸ ਦੀ ਜੇ ਚਾਹ ਬਣਾਉਣ ਲੱਗੀ ਏਂ ਤਾਂ ਨਾਲ ਮੇਰੀ ਵੀ ਬਣਾ ਲਈ ਇੰਨਾ ਆਖ ਉਹ ਸ਼ਿੰਦਰ ਦੇ ਕਮਰੇ ਵਿੱਚ ਚਲੀ ਗਈ।
ਨੀਤਾ ਨੇ ਚਾਹ ਦੇ ਕੱਪ ਟਰੇਅ ਵਿੱਚ ਰੱਖਦੀ ਨੇ ਸੋਚਿਆ ਮੇਰੀ ਕਿਸਮਤ ਵਿੱਚ ਚਾਹ ਨਹੀਂ ਸੀ ਅੰਦਰ ਦੇ ਆਉਂਦੀ ਹਾਂ ਮੈਂ ਆਪਣੇ ਲਈ ਹੋਰ ਬਣਾ ਲਵਾਂਗੀ,ਨੀਤਾ ਚਾਹ ਲੈ ਆਪਣੀ ਸੱਸ ਸ਼ਿੰਦਰ ਦੇ ਕਮਰੇ ਵਿੱਚ ਲੰਗੜਾਉਂਦੀ ਹੋਈ ਗਈ,ਉਸ ਨੂੰ ਇਸ ਤਰ੍ਹਾਂ ਤੁਰਦਾ ਦੇਖ ਮਹਿੰਦਰ ਕੌਰ ਬੋਲੀ ਨੀ ਕੁੜੇ ਨੀਤਾ ਕੀ ਹੋ ਗਿਆ ਤੈਨੂੰ ਇਸ ਤਰ੍ਹਾਂ ਕਿਉਂ ਤੁਰ ਰਹੀ ਏਂ,ਨੀਤਾ ਕੋਈ ਜਵਾਬ ਦਿੰਦੀ ਇਸ ਤੋਂ ਪਹਿਲਾਂ ਹੀ ਸ਼ਿੰਦਰ ਬੋਲੀ ਕੁਝ ਨੀ ਕੁੜੇ ਸਭ ਚੋਚਲੇ ਨੇ ਇਸ ਦੇ ਕੰਮ ਨਾ ਕਰਨ ਦੇ,ਮਹਿੰਦਰ ਨੇ...
ਵੀ ਸੱਚ ਜਾਣੇ ਬਿਨਾਂ ਹੀ ਹਾਂ ਵਿੱਚ ਹਾਂ ਮਿਲਾਉਂਦੇ ਹੋਏ ਬੋਲੀ ਠੀਕ ਕਿਹਾ ਤੂੰ ਸ਼ਿੰਦਰ ਅੱਜਕੱਲ੍ਹ ਦੀਆਂ ਨੂੰਹਾਂ ਤੇ ਕੰਮ ਕਰਕੇ ਰਾਜ਼ੀ ਹੀ ਨਹੀਂ ਹੁੰਦੀਆਂ ਜਦੋਂ ਦੇਖੋ ਕੰਮ ਤੋਂ ਬਚਣ ਦੇ ਬਹਾਨੇ ਹੀ ਲੱਭਦੀਆਂ ਰਹਿੰਦੀਆਂ ਨੇ ਨੀਤਾ ਵਾਂਗ,ਚੱਲ ਤੂੰ ਛੱਡ ਪਰ੍ਹਾਂ ਇਨ੍ਹਾਂ ਪਿੱਛੇ ਆਪਣਾ ਮੂਡ ਕਿਉਂ ਖ਼ਰਾਬ ਕਰਨਾ,ਮੇਰੀ ਵੀ ਤੇਰੇ ਆਲੀ ਵਰਗੀ ਐ ਜਮਾ ਮਹਿੰਦਰ ਨੇ ਆਪਣੀ ਨੂੰਹ ਤੇ ਵੀ ਨਾਲ ਦੀ ਨਾਲ ਤਵਾ ਲਾ ਦਿੱਤਾ।
ਚੱਲ ਹੁਣ ਛੱਡ ਇਨ੍ਹਾਂ ਨੂੰਹਾਂ ਦਾ ਖਹਿੜਾ ਆਪਾਂ ਆਪਣਾ ਮੂਡ ਠੀਕ ਕਰਨ ਲਈ ਸਤਿਸੰਗ ਵਿਚ ਹੋਏ ਪ੍ਰਵਚਨ ਦੀਆਂ ਗੱਲਾਂ ਕਰਦੇ ਹਾਂ ਸ਼ਿੰਦਰ ਨੇ ਆਖਿਆ,ਹਾਂ ਅੱਜ ਸਤਿਸੰਗ ਵਿੱਚ ਕਿੰਨਾ ਵਧੀਆ ਲੱਗਿਆ ਗੁਰੂ ਜੀ ਨੇ ਕਿੰਨਾ ਵਧੀਆ ਸਮਝਾਇਆ ਸੀ ਨਾ ਕਿ ਆਪਾਂ ਨੂੰ ਕਿਸੀ ਦਿਲ ਬੁਰਾਈ ਨਹੀਂ ਕਰਨੀ ਚਾਹੀਦੀ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ ਸਭ ਦੀ ਮਦਦ ਕਰਨੀ ਚਾਹੀਦੀ ਹੈ, ਸੱਚਮੁੱਚ ਗੁਰੂ ਜੀ ਪ੍ਰਵਚਨ ਬਹੁਤ ਵਧੀਆ ਕਰਦੇ ਨੇ ਆਖਦੇ ਸੀ ਘਰ ਵਿੱਚ ਸੁੱਖ ਸ਼ਾਂਤੀ ਤਾਂ ਹੀ ਰਹਿ ਸਕਦੀ ਹੈ ਜੇ ਆਪਾਂ ਇੱਕ ਦੂਜੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੀਏ ਮਿੱਠਾ ਬੋਲੀਏ,ਨੀਤਾ ਦੋਵਾਂ ਨੂੰ ਚਾਹ ਦੇ ਕੇ ਸੱਸ ਦੇ ਗੰਦੇ ਕੱਪੜੇ ਚੁੱਕਣ ਲੱਗੀ ਕਿ ਕੱਪੜੇ ਧੋ ਹੀ ਰਹੀ ਹਾਂ ਤਾਂ ਮੰਮੀ ਦੇ ਜਿਹੜੇ ਕੱਪੜੇ ਰਹਿ ਗਏ ਉਨ੍ਹਾਂ ਨੂੰ ਵੀ ਹੁਣੇ ਹੀ ਧੋ ਦਿੰਦੀ ਹਾਂ,ਪੈਰ ਵਿਚ ਦਰਦ ਹੋਣਾ ਕਰਕੇ ਨੀਤਾ ਹੌਲੀ ਹੌਲੀ ਕੱਪੜੇ ਚੁੱਕ ਰਹੀ ਸੀ ਤਾਂ ਉਸ ਦੀ ਸੱਸ ਸ਼ਿੰਦਰ ਖਿੱਝ ਕੇ ਬੋਲੀ ਫਟਾਫਟ ਚੱਕ ਕੱਪੜੇ ਤੇ ਮੇਰੇ ਕਮਰੇ ਵਿੱਚੋਂ ਦਫ਼ਾ ਹੋ ਜਾ,ਸਾਡੀਆਂ ਗੱਲਾਂ ਦਾ ਚਸਕਾ ਲੱਗਾ ਤੈਨੂੰ ਤੇਰੇ ਤੇ ਕਿਹੜਾ ਇਨ੍ਹਾਂ ਪ੍ਰਵਚਨਾਂ ਦਾ ਅਸਰ ਹੋਣਾ ਹੈ ਤੂੰ ਕੀ ਜਾਣੇ ਗੁਰੂਆਂ ਦੀਆਂ ਗੱਲਾਂ ਨੂੰ ਪਤਾ ਨਹੀਂ ਕਿੱਥੋਂ ਚੰਦਰੀ ਜਿਹੀ ਸਾਡੇ ਪੱਲੇ ਪੈ ਗਈ,ਸੱਸ ਦੀ ਗੱਲਾਂ ਸੁਣ ਨੀਤਾ ਦੀਆਂ ਅੱਖਾਂ ਭਰ ਆਈਆਂ ਤੇ ਫਟਾਫਟ ਕੱਪਡ਼ੇ ਚੱਕ ਕਮਰੇ ਵਿੱਚੋਂ ਬਾਹਰ ਆ ਗਈ ਤੇ ਸੋਚਣ ਲੱਗੀ ਕਿੰਨਾ ਫ਼ਰਕ ਹੈ ਇਨ੍ਹਾਂ ਲੋਕਾਂ ਦੀ ਕਹਿਣੀ ਤੇ ਕਰਨੀ ਵਿੱਚ,ਕੀ ਫ਼ਾਇਦਾ ਇਨ੍ਹਾਂ ਦੇ ਸਤਿਸੰਗ ਦਾ ਜੋ ਕਹਿਣੀ ਤੇ ਕਰਨੀ ਵਿੱਚ ਫ਼ਰਕ ਵੀ ਨਾ ਸਿਖਾ ਸਕਿਆ,ਸੋਚਾਂ ਵਿੱਚ ਡੁੱਬੀ ਨੀਤਾ ਕੱਪੜੇ ਧੋਂਦੀ ਰਹੀ ਤੇ ਆਪਣੇ ਪੈਰ ਤੇ ਦਰਦ ਨੂੰ ਹਮੇਸ਼ਾ ਦੀ ਤਰਾਂ ਹੋਣ ਵਾਲੇ ਦਰਦ ਤਰ੍ਹਾਂ ਅਣਗੋਲਿਆ ਕਰ ਦਿੱਤਾ।
ਮਨਿੰਦਰ ਕੌਰ ਬੇਦੀ