More Punjabi Kahaniya  Posts
ਲੱਖ ਰੁਪਏ ਦੀ ਗੱਲ


ਲੱਖ ਰੁਪਏ ਦੀ ਗੱਲ
ਇੱਕ ਸਫਲ ਕਾਰੋਬਾਰੀ ਨੌਜਵਾਨ ਏਹ ਸੋਚਕੇ ਵਿਦੇਸ਼ ਚਲਾ ਗਿਆ ਕਿ ਬਹੁਤ ਸਾਰਾ ਧਨ ਕਮਾ ਕੇ ਅਮੀਰ ਹੋ ਮੁੜਾਂਗਾ । ਏਸੇ ਜਨੂਨ ਵਿੱਚ ਓਹ ਆਪਣੀ ਪਤਨੀ ਨੂੰ ਵੀ ਘਰੇ ਛੱਡ ਤੁਰ ਗਿਆ ਜੋ ਗਰਭਵਤੀ ਸੀ ਓਸ ਵਕਤ ।
ਵਿਦੇਸ਼ ਜਾ ਕੇ ਹੱਡ ਭੰਨਵੀ ਮਿਹਨਤ ਕੀਤੀ ,ਪਤਾ ਈ ਨਾ ਲੱਗਿਆ , ਮਾਇਆ ਇਕੱਠੀ ਕਰਦਿਆਂ ਕਦੋਂ ਪੰਦਰਾਂ ਸਾਲ ਬੀਤ ਗਏ । ਸ਼ਚਮੁੱਚ ਅੰਬਾਰ ਲਾ ਲਏ ਸਨ ਓਹਨੇ ਧਨ ਦੇ ।
ਅਖੀਰ ਓਹਨੇ ਵਤਨ ਦਾ ਰੁਖ ਕੀਤਾ , ਜਿੱਥੇ ਓਹਦਾ ਪਰਿਵਾਰ , ਓਹਦਾ ਆਲ੍ਹੀਸ਼ਾਨ ਘਰ ਸੀ । ਵਾਪਸੀ ਵੇਲੇ ਓਹ ਸਮੁੰਦਰੀ ਜਹਾਜ ਵਿੱਚ ਸਫਰ ਕਰ ਰਿਹਾ ਸੀ ਕਿ ਇੱਕ ਗਹਿਰ ਗੰਭੀਰ ਬੰਦੇ ਤੇ ਨਜ਼ਰ ਪਈ ਓਸਦੀ । ਉਤਸੁਕਤਾ ਵੱਸ ਓਹਨੇ ਪੁੱਛਿਆ ਕਿ ਭਾਈ ਸਾਹਬ , ਤੁਸੀਂ ਕਿਓਂ ਵੱਖਰੇ ਜਿਹੇ ਬੈਠੇ ਹੋ , ਕੋਈ ਗੱਲ-ਬਾਤ ਸੁਣਾਓ। ਵਕਤ ਗੁਜ਼ਰ ਜਾਵੇਗਾ ਸੌਖਿਆਂ ।
ਓਹ ਬੰਦਾ ਬੋਲਿਆ ,” ਮੈ ਸਿਆਣੀ ਗੱਲ ਕਰਦਾ ਰਿਹਾਂ ਸਾਰੀ ਉਮਰ , ਪਰ ਕਦੀ ਕਿਸੇ ਬੇਕਦਰੇ ਨੂੰ ਸਲਾਹ ਨਹੀਂ ਦਿੱਤੀ , ਨਾ ਬੇਲੋੜਾ ਬੋਲਦਾਂ ਮੈਂ ਕਦੀ । ਪਰ ਹੁਣ ਕੋਈ ਕਦਰਦਾਨ ਮਿਲੇ ਨੂੰ ਮੁੱਦਤਾਂ ਬੀਤ ਗਈਆਂ , ਮੇਰੀ ਨੇਕ ਸਲਾਹ ਦਾ ਕੋਈ ਗਾਹਕ ਈ ਨਹੀਂ ਮਿਲਿਆ ।
ਵਤਨ ਜਾ ਰਿਹਾ ਬੰਦਾ ਬੋਲਿਆ ,” ਮੈ ਪਾਵਾਂਗਾ ਮੁੱਲ ਤੇਰੀ ਗੱਲ ਦਾ , ਮੈਨੂੰ ਨੇਕ ਸਲਾਹ ਦੇ ਸਕਦਾ ਏਂ ਤਾਂ ਦੇਹ”
ਦੋਹਾਂ ਦਰਮਿਆਨ ਏਹ ਤੈਅ ਹੋ ਗਿਆ ਕਿ ਲੱਖ ਰੁਪਈਆ ਲਵੇਗਾ ਸਿਆਣਾ ਬੰਦਾ , ਸਿਰਫ ਇੱਕ ਗੱਲ ਕਰਨ ਬਦਲੇ ।
ਸਿਆਣੇ ਬੰਦੇ ਨੇ ਬੋਲਣਾ ਸ਼ੁਰੂ ਕੀਤਾ ,” ਮੇਰੀ ਗੱਲ ਲੜ ਬੰਨ੍ਹ ਕੇ ਰੱਖੀਂ , ਜਦੋਂ ਕਦੀ ਗ਼ੁੱਸੇ ਚ ਹੋਵੇਂ ਤਾਂ ਕੁਝ ਫੈਸਲਾ ਕਰਨ ਤੋਂ ਪਹਿਲਾਂ, ਕੁਝ ਬੋਲਣ ਤੋਂ ਪਹਿਲਾਂ , ਸੌ ਦੀ ਗਿਣਤੀ ਕਰੀਂ , ਫਿਰ ਕੁਝ ਕਰੀਂ ।
ਅਗਰ ਬੇਹੱਦ ਗ਼ੁੱਸਾ ਆਇਆ ਹੋਵੇ, ਨੌਬਤ ਮਰਨ ਮਾਰਨ ਦੀ ਆ ਜਾਵੇ ਤਾਂ ਹਜ਼ਾਰ ਤੱਕ ਮੂੰਹ ਚ ਗਿਣਤੀ ਕਰੀਂ, ਫਿਰ ਹੱਥ ਵਧਾਵੀਂ , ਓਨੀ ਦੇਰ ਮੂੰਹ ਨਾ ਖੋਲ੍ਹੀਂ , ਲੱਖ ਰੁਪਏ ਦੀ ਸਿਰਫ ਏਨੀ ਕੁ ਗੱਲ ਨੂੰ ਸੰਜੀਵਨੀ ਬੂਟੀ ਵਾਂਗੂੰ ਸੰਭਾਲ਼ ਕੇ ਰੱਖੀਂ , ਪਰ ਲੋੜ ਪੈਣ ਤੇ ਵਰਤਣਾ ਨਾ ਭੁੱਲੀਂ ”
ਵਾਅਦੇ ਮੁਤਾਬਿਕ ਅਦਾਇਗੀ ਹੋ ਗਈ । ਅਮੀਰ ਕਾਰੋਬਾਰੀ ਨੇ ਗੱਲ ਦੀ ਯਾਦ ਵਜੋਂ ਇੱਕ ਤਾਵੀਜ ਨੁਮਾ ਚੀਜ਼ ਮਜ਼ਬੂਤ ਧਾਗੇ ਚ ਪਰੋ ਕੇ ਸੱਜੇ ਡੌਲ਼ੇ ਨਾਲ ਬੰਨ੍ਹ ਲਈ ।
ਕਈ ਦਿਨਾਂ ਦੇ ਸਫਰ ਬਾਦ ਓਹ ਵਤਨ ਪੁੱਜਾ। ਜਿਸ ਦਿਨ ਘਰ ਪੁੱਜਾ ਤਾਂ ਮਨ ਚ ਵਿਚਾਰ ਆਇਆ ਕਿ ਕਿਓਂ ਨਾ ਚੁੱਪ-ਚਾਪ ਘਰੇ ਜਾ ਵੜਾਂ , ਵੇਖਾਂ , ਕਿੰਨਾ ਕੁ ਖੁਸ਼ ਹੋਵੇਗੀ ਬੀਵੀ ਤੇ ਪਰਿਵਾਰ ।
ਪੁੱਜਦਿਆਂ ਤੱਕ ਸ਼ਾਮ ਢਲ਼ ਗਈ ਸੀ , ਓਹਨੇ ਜਾਣ ਬੁੱਝ ਕੇ ਰਾਤ ਹੋ ਜਾਣ ਦਿੱਤੀ । ਸਰਦੀਆਂ ਦੇ ਦਿਨ ਸਨ , ਪਰਿਵਾਰ ਰੋਟੀ ਪਾਣੀ ਤੋਂ ਵਿਹਲਾ ਹੋ ਜਲਦੀ ਹੀ ਬਿਸਤਰਿਆਂ ਚ ਜਾ ਸੁੱਤਾ । ਓਸ ਅਮੀਰ ਬੰਦੇ ਨੇ ਘਰ ਦੇ ਕੋਲ ਜਾ ਕੇ ਵੇਖਿਆ , ਇੱਕ ਚੌਕੀਦਾਰ ਬੈਠਾ ਸੀ...

ਓਹਦੇ ਦਰਾਂ ਦੇ ਬਾਹਰ । ਓਹਨੇ ਹੌਲੀ ਦੇਣੇ ਓਹਨੂੰ ਆਪਣੇ ਬਾਰੇ ਦੱਸਿਆ , ਸਮਾਨ ਓਹਦੇ ਕੋਲ਼ ਟਿਕਾਇਆ ਤੇ ਜੁੱਤੀ ਲਾਹ ਕੇ ਨੰਗੇ ਪੈਰੀਂ ਓਸ ਕਮਰੇ ਵੱਲ ਚਲਾ ਗਿਆ ਜਿੱਥੇ ਓਹਦੀ ਪਤਨੀ ਸੌਦੀ ਸੀ ।
ਓਹਨੇ ਮਲਕੜੇ ਜਿਹੇ ਦਰਵਾਜ਼ਾ ਖੋਲ੍ਹ ਲਿਆ , ਲਾਲਟੈਣ ਜਗ ਰਹੀ ਸੀ । ਓਹਦੀ ਪਤਨੀ ਬਿਸਤਰੇ ਵਿੱਚ ਪਈ ਸੌ ਰਹੀ ਸੀ ਤੇ ਓਹਦੇ ਨਾਲ ਇੱਕ ਪੰਦਰਾਂ ਸੋਲ਼ਾਂ ਸਾਲ ਦਾ ਖ਼ੂਬਸੂਰਤ ਗੱਭਰੂ ਸੁੱਤਾ ਪਿਆ ਸੀ ਸਿਰ ਤੇ ਪਰਨਾ ਬੰਨ੍ਹ ਕੇ । ਵੇਖਕੇ ਓਸ ਬੰਦੇ ਦੀ ਹੋਸ਼ ਉੱਡ ਗਈ , ਮਨ ਸ਼ੰਕੇ ਨਾਲ਼ ਭਰ ਗਿਆ । ਪਤਨੀ ਦੀ ਬੇਵਫ਼ਾਈ ਬਾਰੇ ਸੋਚ ਮਨ ਕ੍ਰੋਧ ਚ ਉਬਾਲ਼ੇ ਖਾਣ ਲੱਗਾ । ਹੱਥ ਕਮਰ ਨਾਲ ਬੰਨ੍ਹੀ ਕਟਾਰ ਨੂੰ ਪਾ ਲਿਆ , ਜਦ ਓਹ ਆਪਣੀ ਪਤਨੀ ਦੀ ਧੌਣ ਲਾਹ ਦੇਣ ਦਾ ਮਨ ਬਣਾ ਚੁੱਕਾ ਸੀ ਤਾਂ ਲੱਖ ਰੁਪਏ ਵਾਲੀ ਗੱਲ ਚੇਤੇ ਆ ਗਈ । ਕਟਾਰ ਨੂੰ ਮੁੱਠ ਵਿੱਚ ਘੁੱਟ ਓਹ ਮੂੰਹ ਵਿੱਚ ਗਿਣਤੀ ਕਰਨ ਲੱਗਾ ਕਾਹਲ਼ੀ ਨਾਲ । ਹਾਲੇ ਪੰਜ ਕੁ ਸੌ ਦੀ ਗਿਣਤੀ ਤੀਕਰ ਪੁੱਜਾ ਸੀ ਕਿ ਕਟਾਰ ਹੱਥੋਂ ਛੁੱਟ ਕੇ ਥੱਲੇ ਜਾ ਡਿੱਗੀ । ਖੜਾਕ ਸੁਣ ਓਹਦੀ ਪਤਨੀ ਜਾਗ ਪਈ ਤੇ ਪਤੀ ਨੂੰ ਅਚਾਨਕ ਸਰ੍ਹਾਣੇ ਖੜਾ ਵੇਖ ਹੈਰਾਨੀ ਤੇ ਖੁਸ਼ੀ ਵਿੱਚ ਅੱਵਾਕ ਰਹਿ ਗਈ । ਫਿਰ ਸੰਭਲ਼ੀ , ਸਿਰ ਦਾ ਪੱਲੂ ਸਹੀ ਕੀਤਾ , ਉੱਠ ਕੇ ਪਤੀ ਦੇ ਪੈਰ ਛੂਹੇ । ਪਤੀ ਦੇਵ ਨੇ ਗੁੱਸੇ ਤੇ ਕਾਬੂ ਪਾ ਕੇ ਪੁੱਛਿਆ ਕਿ ਏਹ ਕੌਣ ਏ ਜੋ ਤੇਰੇ ਕੋਲ਼ ਪਿਆ ਏ । ਪਤਨੀ ਨੇ ਦੱਸਿਆ ਕਿ ਓਹ ਕੋਈ ਹੋਰ ਨਹੀਂ , ਓਹਦੀ ਬੇਟੀ ਏ , ਜੀਹਨੂੰ ਓਹਨੇ ਪੁੱਤਰਾਂ ਵਾਂਗ ਪਾਲ਼ਿਆ ਏ , ਪੱਗ ਬੰਨ੍ਹਦੀ ਏ ਓਹਦੀ ਬੇਟੀ , ਤਾ ਕਿ ਪਿਤਾ ਦੀ ਗੈਰ ਮੌਜੂਦਗੀ ਚ ਮਰਦ ਬਣ ਕੇ ਵਿਚਰ ਸਕੇ ।
ਹੁਣ ਤੱਕ ਓਹਦੀ ਬੇਟੀ ਵੀ ਜਾਗ ਚੁੱਕੀ ਸੀ , ਪਹਿਲੀ ਵਾਰੀ ਆਪਣੇ ਪਿਤਾ ਨੂੰ ਵੇਖਿਆ ਤਾਂ ਗਦ ਗਦ ਹੋ ਉੱਠੀ । ਪਿਤਾ ਦੇ ਗਲ਼ ਨੂੰ ਚੁੰਬੜ ਗਈ ਵੇਲ ਵਾਂਗਰਾਂ । ਪਿਤਾ ਮਨ ਹੀ ਮਨ ਪਛਤਾ ਰਿਹਾ ਸੀ ਕਿ ਅਗਰ ਓਹ ਨਾ ਸੰਭਲ਼ਦਾ ਤਾਂ ਕੀ ਅਨਰਥ ਕਰ ਬੈਠਦਾ । ਪਰ ਹੁਣ ਖੁਸ਼ੀ ਦੇ ਹੰਝੂ ਸਨ ਓਹਦੀਆਂ ਪਲਕਾਂ ਚ , ਲੱਖ ਰੁਪਏ ਦੀ ਗੱਲ ਸਹੀ ਵਕਤ ਤੇ ਕੰਮ ਜੁ ਆ ਗਈ ਸੀ ।
ਗ਼ੁੱਸਾ ਅਕਲ ਦੇ ਬੂਹੇ ਬੰਦ ਕਰ ਦਿੰਦਾ ਏ , ਚੰਗਿਆੜੀ ਬਣ ਉਮਰਾਂ ਦੀ ਕਮਾਈ ਨੂੰ ਰਾਖ ਕਰ ਦਿੰਦਾ ਏ , ਘਰ , ਪਰਿਵਾਰ , ਸਮਾਜ ਚ ਤਬਾਹੀ ਲੈ ਆਉਂਦਾ ਏ ਕ੍ਰੋਧ । ਪਰ ਸਹੀ ਵਕਤ ਤੇ ਬ੍ਰੇਕ ਤੇ ਰੱਖਿਆ ਪੈਰ ਜ਼ਿੰਦਗੀ ਦੀ ਗੱਡੀ ਨੂੰ ਹਨੇਰੀ ਖੱਡ ਵਿੱਚ ਡਿੱਗਣੋ ਰੋਕ ਲੈੰਦਾ ਏ , ਇਨਸਾਨ ਫਿਰ ਤੋਂ ਤੁਰ ਪੈਂਦਾ ਏ ਆਪਣੇ ਸੁਪਨਿਆਂ ਦੀ ਮੰਜਿਲ ਨੂੰ ਸਰ ਕਰਨ । ਤੇ ਫਿਰ, ਕਿਸੇ ਸਿਆਣੇ ਦੀ ਆਖੀ ਗੱਲ , ਲੱਖ ਦੀ ਨਹੀਂ ਕਰੋੜਾਂ ਦੀ ਹੋ ਨਿੱਬੜਦੀ ਏ ।
✍️Davinder Singh Johl
6/1/22

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)