ਢਲਦੇ ਸੂਰਜ ਦੀ ਟਿੱਕੀ..ਧੁੱਪ ਛਾਂ ਵਿਚਾਲੇ ਚੱਲਦੀ ਅਜੀਬ ਜਿਹੀ ਲੁਕਣਮੀਚੀ..ਖੁੱਲੇ ਵੇਹੜੇ ਬੈਠੇ ਰਿਸ਼ਤੇਦਾਰਾਂ ਅਤੇ ਪਿੰਡ ਵਾਲਿਆਂ ਦਾ ਇੱਕ ਵੱਡਾ ਇਕੱਠ!
ਕੋਲ ਪਏ ਨਵੇਂ ਨਕੋਰ ਅਟੈਚੀ..ਨਾਲ ਖਲੋਤੀ ਕਾਲੇ ਰੰਗ ਦੀ ਸਕੋਰਪਿਓ..ਸੀਟਾਂ ਤੇ ਲੱਗਾ ਨਵਾਂ ਨਕੋਰ ਪਲਾਸਟਿਕ..!
ਪਾਸੇ ਬੈਠਾ ਬਸੰਤ ਸਿੰਘ ਚਿਰਾਂ ਮਗਰੋਂ ਅਮਰੀਕਾ ਤੋਂ ਆਏ ਆਪਣੇ ਵੱਡੇ ਭਰਾ ਸੁੰਦਰ ਸਿੰਘ ਵੱਲ ਵੇਖੀ ਜਾ ਰਿਹਾ ਸੋਚ ਰਿਹਾ ਸੀ ਕਿੰਨਾ ਕਿਸਮਤ ਵਾਲਾ ਏ..ਦੋਵੇਂ ਮੁੰਡੇ ਚੰਗੀ ਤਰਾਂ ਸੈੱਟ..ਕਰੋੜਾਂ ਵਿਚ ਖੇਡਦੇ..ਇਥੇ ਬਣਾਈ ਕਿੰਨੀ ਸਾਰੀ ਪੈਲੀ..ਨਵੀਂ ਪਾਈ ਵੱਡੀ ਸਾਰੀ ਕੋਠੀ..ਪੈਸੇ ਧੇਲਾ ਸੁਖ ਸਹੂਲਤਾਂ ਸਭ ਕੁਝ..!
ਫੇਰ ਅਮਰੀਕਾ ਜਾਣ ਦੇ ਚੱਕਰ ਵਿਚ ਮੈਕਸੀਕੋ ਦੇ ਜੰਗਲਾਂ ਵਿਚ ਡੌਂਕੀ ਲਾਉਂਦੇ ਕਿਧਰੇ ਗਵਾਚ ਗਏ ਆਪਣੇ ਜਵਾਨ ਪੁੱਤ ਨੂੰ ਯਾਦ ਕਰ ਉਸਦੀਆਂ ਅੱਖੀਆਂ ਗਿਲਿਆਂ ਹੋ ਗਈਆਂ..!
ਨਾਲ ਹੀ ਚੋਰ ਅੱਖ ਨਾਲ ਉਸ ਵੱਲ ਵੇਖੀ ਜਾ ਰਿਹਾ ਬਾਹਰੋਂ ਆਇਆ ਸੁੰਦਰ ਸਿੰਘ ਵੀ ਰੋ ਪਿਆ..ਉਸਨੇ ਛੇਤੀ ਨਾਲ ਉੱਠ ਭਰਾ ਬਸੰਤ ਸਿੰਘ ਨੂੰ ਕਲਾਵੇ ਵਿਚ ਲੈ ਲਿਆ!
ਵੇਖਣ ਵਾਲੇ ਸੋਚ ਰਹੇ ਸਨ..ਸ਼ਾਇਦ ਚਿਰਾਂ ਬਾਅਦ ਮਿਲੇ ਦੋ ਭਰਾ...
ਮਨ ਹੌਲਾ ਕਰ ਰਹੇ ਪਰ ਦੋਵੇਂ ਪਾਸੇ ਅੰਦਰ ਲੱਗੀ ਇੱਕ ਵੱਡੀ ਅੱਗ ਕਿਸੇ ਨੂੰ ਨਹੀਂ ਸੀ ਦਿਸ ਰਹੀ!
ਬਸੰਤ ਸਿੰਘ ਵਾਲਾ ਏਨੀ ਘਾਲਣਾ ਮਗਰੋਂ ਵੀ ਅਮਰੀਕਾ ਨਾ ਅੱਪੜ ਸਕਿਆ ਤੇ ਸੁੰਦਰ ਸਿੰਘ ਦੇ ਦੋਵੇਂ ਪਿਛਲੇ ਪੈਂਤੀਆਂ ਸਾਲਾਂ ਵਿਚ ਇੱਕ ਵੇਰ ਵੀ ਅਮਰੀਕਾ ਤੋਂ ਪੰਜਾਬ ਨਹੀਂ ਸਨ ਆਏ..ਅਖ਼ੇ ਘੱਟਾ ਉੱਡਦਾ ਏ..ਗੋਹੇ ਦੀ ਬੋ ਆਉਂਦੀ!
ਦੋਸਤੋ ਇਥੇ ਹਰ ਬੰਦਾ ਜੰਗ ਲੜ ਰਿਹਾ..ਆਪਣੇ ਆਪ ਨਾਲ..ਖੁਦ ਦੀਆਂ ਅਧੂਰੀਆਂ ਰਹਿ ਗਈਆਂ ਖਵਾਹਿਸ਼ਾਂ ਨਾਲ..ਚਾਹੇ ਲੱਖਪਤੀ ਹੋਵੇ ਤੇ ਚਾਹੇ ਕੱਖਪਤੀ..!
ਜਿੱਤਦਾ ਸਿਰਫ ਓਹੀ ਜਿਹੜਾ ਦੂਜਿਆਂ ਤੋਂ ਆਸ ਰੱਖਣੀ ਬੰਦ ਕਰ ਮਨ ਵਿੱਚ ਏਨੀ ਗੱਲ ਵਸਾ ਲਵੇ ਕੇ ਸੌ ਫ਼ੀਸਦੀ ਸੱਧਰਾਂ ਸਿਰਫ ਉਸ ਦੀ ਸ਼ਰਨ ਵਿੱਚ ਆਇਆਂ ਹੀ ਪੂਰੀਆਂ ਹੋਣੀਆਂ!
(ਅਸਲ ਵਰਤਾਰੇ ਦਾ ਵਾਰਤਕ ਰੂਪ)
ਹਰਪ੍ਰੀਤ ਸਿੰਘ ਜਵੰਦਾ