ਅਜ਼ਾਦੀ ਤੋਂ ਬਾਅਦ ਪੰਜਾਬ ਦੇ ਉਜੜੇ ਲੋਕਾਂ ਦਾ ਵਸੇਵਾ ਕਰਾਉਣ ਦਾ ਜਿੰਮਾ ਮਹਿਕਮਾ ਮਾਲ ਪਾਸ ਸੀ।ਪੰਜਾਬ ਦੇ ਬਹੁਤੇ ਲੋਕ ਅਨਪੜ ਸਨ।ਪਾਕਿਸਤਾਨ ਤੋਂ ਉਜੜ ਕੇ ਆਏ ਲੋਕਾਂ ਨੂੰ ਜਮੀਨ ਦੀ ਅਲਾਟਮੈਂਟ ਕਰਨ ਦੀ ਜੁਮੇਵਾਰੀ ਮਾਲ ਮਹਿਕਮੇ ਦੀ ਹੀ ਸੀ।ਉਸ ਵੇਲੇ ਦੇ ਤਹਿਸੀਲਦਾਰ ਪਟਵਾਰੀਆਂ ਦਾ ਉਜੜੇ ਲੋਕਾਂ ਦੇ ਮਨਾਂ ਵਿੱਚ ਬਹੁਤ ਸਤਿਕਾਰ ਹੁੰਦਾ ਸੀ।ਹੌਲੀ ਹੌਲੀ ਸਾਡੇ ਸਰਕਾਰੀ ਮਹਿਕਮੇ ਲੀਡਰਾਂ ਦੇ ਕਮਾਊ ਪੁੱਤ ਬਣਕੇ ਕੰਮ ਕਰਨ ਲੱਗੇ।ਪੁਲਿਸ ਥਾਣਿਆਂ,ਸਬ ਰਜਿਸਟਰਾਰ ਤੇ ਜਿਆਦਾ ਕਮਾਈ ਵਾਲੇ ਦਫਤਰਾਂ ਦੀਆਂ ਬੋਲੀਆਂ ਲੱਗਣ ਲੱਗੀਆਂ।ਮੁਲਾਜਮਾਂ ਦੀਆਂ ਯੁਨੀਅਨਾਂ ਬਣ ਗਈਆਂ,ਕੋਈ ਮੁਲਾਜਮ ਗਲਤ ਕਰਦਾ ਹੈ ਤਾਂ ਵੀ ਯੂਨੀਅਨ ਉਸ ਦੇ ਹੱਕ ਹੀ ਖੜ੍ਹਦੀ ਹੈ ਅਜਿਹਾ ਹੀ ਮੇਰੇ ਆਪਣੇ ਕਿੱਤੇ ਵਿੱਚ ਵੀ ਹੈ।ਸਹੀ ਕੰਮ ਕਰਨ ਵਾਲੇ ਮੁਲਾਜਮਾਂ ਦੀਆਂ ਝੂਠੀਆ ਸ਼ਿਕਾਇਤਾਂ ਕਰਾਈਆ ਜਾਂਦੀਆ ਹਨ।
ਅਰਸਾ ਦਰਾਜ ਪਹਿਲਾਂ ਸ ਨੇੜਲੇ ਪਿੰਡ ਵਿੱਚ ਦੋ ਸਕੇ ਭਰਾ ਸੰਤ ਸਿੰਘ ਤੇ ਬੰਤ ਸਿੰਘ ਰਹਿੰਦੇ ਸਨ।ਸੰਤ ਸਿੰਘ ਨਾਮ ਵਾਲਾ ਭਰਾ ਸੁਭਾਅ ਪੱਖੋਂ ਵੀ ਸੰਤ ਹੀ ਸੀ।ਉਸ ਨੇ ਆਪਣੇ ਹੱਥੀ ਬਲਦਾਂ ਨਾਲ ਖੇਤੀ ਕਰਕੇ ਖੁਦ ਕੁਝ ਜਮੀਨ ਖਰੀਦ ਕੀਤੀ ਸੀ। ਮੇਰੇ ਕੋਲ ਉਹ ਵਿਅਕਤੀ ਫਰਦ ਵਿੱਚੋ ਆਪਣੀ ਜਮੀਨ ਦਾ ਪਤਾ ਕਰਾਉਣ ਆਇਆ ਸੀ।ਰਿਕਾਰਡ ਦੀ ਘੋਖ ਕਰਨ ਤੇ ਪਤਾ ਲੱਗਾ ਕਿ ਮਾਲ ਮਹਿਕਮੇ ਵੱਲੋਂ ਚਾਰ ਸਾਲਾ ਬਣਾਉਣ ਸਮੇਂ ਇੱਕ ਅੱਖਰ(ਸੱਸਾ ਤੋਂ ਬੱਬਾ)ਦਾ ਹੇਰ ਫੇਰ ਕਰਕੇ ਬੰਤ ਸਿੰਘ ਫਿੱਟ ਕਰ ਦਿੱਤਾ ਗਿਆ ਸੀ।ਪਿਤਾ ਤੇ ਦਾਦੇ ਦਾ ਨਾਮ ਮਿਲਦਾ ਹੋਣ ਕਰਕੇ ਬੰਤ ਸਿੰਘ ਰਿਕਾਰਡ ਮਾਲ ਵਿੱਚ ਮਾਲਕ ਕਾਬਜ ਜਾਹਰ ਕਰ ਦਿੱਤਾ ਗਿਆ ਸੀ।ਇਸ ਤੋਂ ਉਪਰੰਤ ਬੰਤ ਸਿੰਘ ਨੇ ਆਪਣੇ ਪੁੱਤਰ ਦੇ ਨਾਮ ਤੇ ਤਬਦੀਲ ਮਲਕੀਅਤ ਕਰਵਾ ਕੇ ਉਸ ਨੂੰ ਮਾਲਕ ਬਣਾ ਦਿੱਤਾ ਸੀ।ਰਿਕਾਰਡ ਮਾਲ ਵਿੱਚ ਬੰਤ ਸਿੰਘ ਦਾ ਲੜਕਾ ਮਾਲਕ ਕਾਬਜ ਜਾਹਰ ਹੋ ਗਿਆ ਸੀ।
ਅਸੀਂ ਪੁਲਿਸ ਮਹਿਕਮੇ ਕੋਲ ਅਪਰਾਧਿਕ ਮਾਮਲਾ ਦਰਜ ਕਰਾਉਣ ਲਈ ਪਹੁੰਚ ਕੀਤੀ।ਪਰ ਕੋਈ ਕਾਰਵਾਈ ਨਹੀ ਹੋਈ।ਮਾਲ ਵਿਭਾਗ ਕੋਲ ਰਿਕਾਰਡ ਦਰੁਸਤ ਕਰਨ ਦੀ ਪਹੁੰਚ ਕੀਤੀ ਤਾਂ ਉਹ ਵੀ ਨਹੀ ਕੀਤਾ ਗਿਆ।ਉਸ ਤੋਂ ਬਾਅਦ ਦੀਵਾਨੀ ਦਾਵਾ ਦਾਇਰ ਕੀਤਾ ਗਿਆ।ਮੁਢਲੀ ਨਜਰੇ ਹੀ ਰਿਕਾਰਡ ਮਾਲ ਮੁਦਈ ਧਿਰ ਦੇ ਹੱਕ ਵਿੱਚ ਸੀ।ਪਰ ਜਿਵੇਂ ਕਹਾਵਤ ਅਨੁਸਾਰ ਕਹਿੰਦੇ ਹਨ ਕਿ ਇੱਕ ਵਾਰ ਜੰਗਲ ਵਿੱਚ ਮੱਝ ਭੱਜੀ ਜਾ ਰਹੀ ਸੀ ਰਸਤੇ ਵਿੱਚ ਕਿਸੇ ਜਾਨਵਰ ਨੇ ਉਸ ਨੂੰ ਪੁਛਿਆ ਕਿ ਕਿਉਂ ਭੱਜ ਰਹੀ ਹੈਂ ਉਸ ਦਾ ਜਵਾਬ ਸੀ ਕਿ ਜੰਗਲ ਵਿੱਚ ਪੁਲਿਸ ਆਈ ਹੈ...
ਤੇ ਹਾਥੀ ਨੂੰ ਲੱਭ ਰਹੀ ਹੈ ਉਹ ਜਾਨਵਰ ਅੱਗੋਂ ਕਹਿੰਦਾ ਹੈ ਕਿ ਪਰ ਤੂੰ ਤਾਂ ਮੱਝ ਹੈਂ ਪੁਲਿਸ ਤਾਂ ਹਾਥੀ ਲੱਭ ਰਹੀ ਹੈ ਉਸ ਨੇ ਆਖਿਆ ਕਿ ਮੈਨੂੰ ਇਹ ਸਾਬਤ ਕਰਨ ਤੇ ਵੀਹ ਸਾਲ ਲੱਗ ਜਾਣਗੇ ਕਿ ਮੈ ਹਾਥੀ ਨਹੀ ਮੱਝ ਹਾਂ।ਅਦਾਲਤ ਵੱਲੋਂ ਸਾਨੂੰ ਹੁਕਮ ਬੰਦੀ ਮੁਦਾਲਾ ਖਿਲਾਫ ਦੇ ਦਿੱਤਾ ਗਿਆ।ਪਰ ਬਾਅਦ ਵਿੱਚ ਤੋੜ ਵੀ ਦਿੱਤਾ ਗਿਆ।ਚਾਰ ਸਾਲ ਦੀ ਖੱਜਲ ਖੁਆਰੀ ਮਗਰੋਂ ਆਖਿਰ ਅਸੀ ਕੇਸ ਜਿੱਤ ਲਿਆ ਢੇਰ ਸਾਰੀਆ ਗਵਾਹੀਆ ਕਰਾਉਣੀਆ ਪਈਆਂ।ਅਸੀਂ ਸਮੇਤ ਪਟਵਾਰੀ ਦੋਸ਼ੀ ਵਿਅਕਤੀਆਂ ਖਿਲਾਫ ਇਸਤਗਾਸਾ ਵੀ ਦਾਇਰ ਕੀਤਾ।ਜਿਸ ਵਿੱਚ ਸਾਰੇ ਦੋਸ਼ੀਆਨ ਨੂੰ ਸੰਮਨ ਹੋ ਗਏ।ਆਖਿਰਕਾਰ ਪਟਵਾਰੀ ਵੱਲੋਂ ਕੇਸ ਦਾ ਖਰਚਾ ਮੁਦਈ ਧਿਰ ਨੂੰ ਦੇ ਕੇ ਸੰਮਨ ਹੁਕਮ ਹਾਈਕੋਰਟ ਤੋਂ ਰੱਦ ਕਰਾਏ ਗਏ।ਮਾਲ ਮਹਿਕਮੇ ਵਾਸਤੇ ਪਹਿਲੀ ਵਾਰ ਉਲਟੀ ਗੰਗਾ ਵਹਿੰਦੀ ਦੇਖੀ।ਕਾਬਲੇ ਗੌਰ ਹੈ ਕਿ ਮੁਦਈ ਦੇ ਗਲ ਜੋ ਮੁਸੀਬਤ ਬੈਠੇ ਬਿਠਾਏ ਪਈ ਸੀ ਉਸ ਨੂੰ ਮਾਲ ਮਹਿਕਮਾ ਸਮਾਂ ਰਹਿੰਦੇ ਦਰੁਸਤ ਕਰ ਸਕਦਾ ਸੀ ਪਰ ਮਹਿਕਮੇ ਵੱਲੋਂ ਬਿਨਾ ਵਜਾ ਆਪਣੇ ਕਰਮਚਾਰੀਆਂ ਨੂੰ ਬਚਾਉਣ ਲਈ ਪੀੜਿਤ ਧਿਰ ਨੂੰ ਮੁਕੱਦਮਿਆਂ ਵਿੱਚ ਥਕਾਉਣ ਦੀ ਕੋਸ਼ਿਸ ਕੀਤੀ ਗਈ।ਹੱਕ ਤਾਂ ਮੁਦਈ ਹਾਸਲ ਕਰ ਗਿਆ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਧੱਕੇ ਨਾਲ ਗਲ ਪਈ ਮੁਸੀਬਤ ਦਾ ਕਾਨੂਨੀ ਹੱਲ ਵਧੀਆ ਨਹੀ ਸੀ ਜਿਵੇ ਕਿ ਫਰਾਡ ਦੇ ਕੇਸਾਂ ਵਿੱਚ ਹੁੰਦਾ ਹੈ ਦੋਸ਼ੀ ਨੂੰ ਸਜਾ ਭਾਵੇ ਹੋ ਜਾਵੇ ਪਰ ਮੁਦਈ ਧਿਰ ਨੂੰ ਕੀ ਹਾਸਲ ਹੁੰਦਾ ਹੈ।ਪੰਜਾਬ ਵਿੱਚ ਮਸ਼ਹੂਰ ਕੰਪਨੀ ਦਾ ਇੱਕ ਡਾਇਰੈਕਟਰ ਜੇਲ ਚਲਾ ਗਿਆ ਪਰ ਪੀੜਿਤ ਪਰਿਵਾਰਾਂ ਦੇ ਘਰ ਬਰਬਾਦ ਹੋ ਗਏ।ਬਹੁਤ ਸਾਰੇ ਆਰਥਿਕ ਠੱਗੀ ਵਾਲੇ ਕੇਸਾਂ ਵਿੱਚ ਪੀੜਿਤ ਧਿਰਾਂ ਨੂੰ ਕੁਝ ਵੀ ਹਾਸਲ ਨਹੀਂ ਹੁੰਦਾ।ਦੋਸ਼ੀ ਨੂੰ ਸਜ਼ਾ ਹੋਣ ਦੇ ਨਾਲ ਨਾਲ ਪੀੜਿਤ ਧਿਰ ਦਾ ਸਰਮਾਇਆ ਮੁੱਢਲੀ ਸਟੇਜ ਤੇ ਹੀ ਵਾਪਸ ਕਰਨ ਸੰਬੰਧੀ ਕਾਨੂੰਨ ਬਣਾਉਣਾ ਚਾਹੀਦਾ ਹੈ।
ਸੱਤਪਾਲ ਸਿੰਘ ਦਿਉਲ ਐਡਵੋਕੇਟ
9878170771