ਬੜੀ ਪੁਰਾਣੀ ਗੱਲ ਹੈ ਅਸੀਂ ਨਿੱਕੇ ਨਿੱਕੇ ਹੁੰਦੇ ਸਾਂ, ਜਦੋਂ ਸਕੂਲੋਂ ਛੁੱਟੀਆਂ ਹੋਣੀਆਂ ਤਾਂ ਛੁੱਟੀਆਂ ਵਿੱਚ ਅਸੀਂ ਨਾਨਕੇ ਜਾਣਾ, ਤਾਂ ਨਾਨਕਿਆਂ ਨੂੰ ਚਾਅ ਚੜ ਜਾਂਦਾ ਸੀ। ਮਾਮਿਆਂ ਘਰ ਰੌਣਕਾਂ ਲੱਗ ਜਾਂਦੀਆਂ ਸਨ। ਮਾਮਿਆਂ ਨੇ ਵਾਰੀ ਵਾਰੀ ਰੋਜ ਸਾਨੂੰ ਪਿੰਡ ਵਾਲੀ ਹੱਟੀ ‘ਤੇ ਲੈ ਕੇ ਜਾਣਾ। ਕਿਸੇ ਨੇ ਉਂਗਲ ਫੜਣੀ, ਕਿਸੇ ਨੇ ਮੋਢਿਆਂ ‘ਤੇ ਚੁੱਕ ਕੇ ਲੈ ਕੇ ਜਾਣਾ। ਅਸੀਂ ਜੋ ਮੰਗਣਾ ਮਾਮਿਆਂ ਨੇ ਉਹੀ ਲੈਕੇ ਦੇਣਾ। ਰਾਤ ਹੁੰਦਿਆਂ ਹੀ ਨਾਨੀ ਨੇ ਸਾਨੂੰ ਆਪਣੇ ਕੋਲ ਬੁਲਾ ਬਾਤਾਂ ਸੁਣਾਨੀਆਂ।
ਕੱਚੇ ਘਰ ਹੁੰਦੇ ਸਨ, ਬੜਾ ਮਜ੍ਹਾ ਆਉਂਦਾ ਹੁੰਦਾ ਸੀ ਖੇਡਣ-ਕੁੱਦਣ ਦਾ। ਖੁੱਲ੍ਹੇ ਵੇਹੜੇ ਹੁੰਦੇ ਸਨ, ਖੁੱਲ੍ਹੀਆਂ ਹਵਾਵਾਂ, ਜਦੋਂ ਕਿਤੇ ਹਨ੍ਹੇਰੀ ਆਉਣੀ ਤਾਂ ਵੇਹੜੇ ‘ਚ ਲੱਗੇ ਰੁੱਖ ਝੂਲਣੇ, ਅਸੀਂ ਭੱਜ-ਭੱਜ ਰੁੱਖਾਂ ਤੇ ਚੜ੍ਹਣਾ, ਟਾਹਣਿਆਂ ਨਾਲ ਝੂਟਣਾ, ਖੂਬ ਮੌਜ-ਮਸਤੀ ਕਰਨੀ। ਫਿਰ ਰੁੱਖਾਂ ਤੋਂ ਥੱਲੇ ਉੱਤਰਨਾ। ਥੱਲੇ ਉੱਤਰ ਕੇ ਰੁੱਖਾਂ ਨਾਲੋਂ ਟੁੱਟੇ ਪੱਤਿਆਂ ਨਾਲ ਖੇਡਣਾ। ਜਦੋਂ ਹਨ੍ਹੇਰੀ ਤੇਜ਼ ਹੋਣੀ ਫਿਰ ਉਹੀ ਪੱਤੇ ਸਾਡੇ ਮੂੰਹ ਤੇ ਚਪੇੜਿਆਂ ਵਾਂਗ ਵੱਜਣੇ। ਤੇ ਸਾਨੂੰ ਪੱਤਿਆਂ ਦੀ ਸਰਸਰ ਦੀ ਅਵਾਜ ਸੁਣਨ ਦਾ ਬਹੁਤ ਮਜ੍ਹਾ ਆਉਂਦਾ ਹੁੰਦਾ ਸੀ।
ਅਗਲੇ ਦਿਨ ਜਦੋਂ ਸਵੇਰੇ-ਸਵੇਰੇ ਮਾਮੇ ਨੇ ਡੰਗਰਾਂ ਲਈ ਖੇਤ ਪੱਠੇ ਲੈਣ ਜਾਣਾ ਤਾਂ ਸਾਨੂੰ ਵੀ ਅਵਾਜ ਮਾਰ ਲੈਣੀ,
‘ਓਏ ਮੰਨੂੰ, ਜੰਟੇ, ਮਿੰਟੂ ਆਜੋ ਪੱਠੇ ਲੈਣ ਚੱਲੀਏ।’
ਸਾਨੂੰ ਚਾਅ ਚੜ ਜਾਣਾ, ਕਿ ਬੈਲ-ਗੱਡੇ ‘ਤੇ ਝੂਟਾ ਮਿਲੂ, ਚਲੋ-ਚਲੋ ਛੇਤੀ ਚੱਲੀਏ। ਅਸੀਂ ਭੱਜੇ-ਭੱਜੇ ਗੱਡੇ ‘ਤੇ ਚੜ ਜਾਣਾ ਅਤੇ ਉਧਰੋਂ ਮਾਮੇ ਨੇ ਦਾਤੀ,ਪੱਲੀ(ਪੱਠੇ ਬੰਨਣ ਲਈ) ਚੁੱਕ ਗੱਡੇ ‘ਤੇ ਆ ਰੱਖਣੀ ਤੇ ਘਰੋਂ ਤੁਰ ਪੈਣਾ। ਮਾਮੇ ਨੇ ਰਾਸਤੇ ‘ਚ ਗੀਤ ਗਾਉਂਦੇ ਜਾਣਾ…..
ਗੱਡੀ ਜਾਂਦੀ ਏ ਛਲਾਂਗਾਂ ਮਾਰਦੀ,
ਮੈਨੂੰ ਯਾਦ ਆਵੇ ਮੇਰੇ ਯਾਰਦੀ..!!
ਅਸੀਂ ਪਿੱਛੇ ਬੈਠਿਆਂ ਇੱਕ ਦੂਜੇ ਨਾਲ ਪੰਗੇ ਲੈਣੇ। ਖੇਤ ਪਹੁੰਚ ਕੇ ਅਸੀਂ ਗਿੱਲੇ ਪੱਠਿਆਂ ਵਿੱਚ ਲੁਕਣ-ਮਿਚੀ ਖੇਡਣਾ। ਤੇ ਜਦੋਂ ਪੱਠੇ ਵੱਢੇ ਜਾਣੇ ਮਾਮੇ ਨੇ ਸਾਨੂੰ ਅਵਾਜ਼ਾਂ ਮਾਰ-ਮਾਰ ਲੱਭਣਾ, ਜਦੋਂ ਅਸੀਂ ਲੱਭ ਜਾਣਾ ਫਿਰ ਸਾਨੂੰ ਪੱਠਿਆਂ ਦੀਆਂ ਪੰਡਾਂ ਉੱਪਰ ਬੈਠਾ ਦੇਣਾ। ਫਿਰ ਮਾਮੇ ਨੇ ਗੱਡੇ ‘ਤੇ ਬੈਠ ਬੈਲ ਦੇ ਸੋਟੀ ਮਾਰਨੀ ਤੇ ਕਹਿਣਾ, ‘ਚੱਲ ਓਏ ਬੱਗਿਆ’
ਥੋੜੀ ਦੇਰ ਨੂੰ ਅਸੀਂ ਘਰ ਪਹੁੰਚ ਜਾਣਾ। ਤੇ ਪੱਠੇ ਵਾਲੀਆਂ ਪੰਡਾਂ ਤੋਂ ਜਿਦੋ-ਜਿਦੀ ਛਾਲਾਂ ਮਾਰਨੀਆਂ। ਫਿਰ ਮਾਮੇ ਨੇ ਪੱਠੇ ਵਾਲੀਆਂ ਪੰਡਾਂ ਲਾਹ ਕੇ ਟੋਕੇ ਕੋਲ ਸੁੱਟ ਦੇਣੀਆਂ। ਉਸਤੋਂ ਬਾਅਦ ਮਾਮੇ ਨੇ ਸਾਨੂੰ ਪੰਡਾਂ ਖੋਲ ਦੇਣੀਆਂ, ਤੇ ਨਾਲ ਹੀ ਕਹਿ ਦੇਣਾ, ਲੱਗ ਜੂ ਪਤਾ ਅੱਜ ਪਹਿਲਾਂ ਕਿਹੜਾ...
ਰੁੱਗ ਲਾਉਂਦਾ? ਅਸੀਂ ਛੇਤੀ-ਛੇਤੀ ਪੱਠੇ ਚੁੱਕਣੇ, ਜਿੰਨ੍ਹੇ ਕੂ ਹੱਥ ਆਉਣੇ ਟੋਕੇ ‘ਚ ਪਾਈ ਜਾਣੇ। ਜਦੋਂ ਪੱਠੇ ਕੁੱਤਰੇ ਜਾਣੇ, ਫਿਰ ਅਸੀਂ ਟੋਕਰੇ ਲੱਭ ਆਪ ਮਾਮੇ ਨੂੰ ਕੁੱਤਰੇ ਪੱਠਿਆਂ ਨਾਲ ਭਰ-ਭਰ ਦੇਣੇ। ਉਸਤੋਂ ਬਾਅਦ ਮਾਮੇ ਨੇ ਡੰਗਰਾਂ ਨੂੰ ਤੂੜੀ ਰਲਾ ਪੱਠੇ ਪਾਉਣੇ।
ਜਦੋਂ ਆਉਣੀ ਰੋਟੀ ਖਾਣ ਦੀ ਵਾਰੀ ਫਿਰ ਅਸੀਂ ਮਾਮੇ ਦੇ ਦੁਆਲੇ ਹੋ ਜਾਣਾ। ਨਾਨੀ ਦੀਆਂ ਬਣਾਈਆਂ ਵੱਡੀਆਂ-ਵੱਡੀਆਂ ਰੋਟੀਆਂ ਦੇਸੀ ਘਿਓ ਨਾਲ ਚੋਪੜੀਆਂ, ਸਬਜੀ, ਨਾਲ ਲੱਸੀ ਦਾ ਵੱਡਾ ਗਿਲਾਸ ਹੋਣਾ। ਅਸੀਂ ਤਾਂ ਇਕ ਨਾਲ ਹੀ ਰੱਜ ਜਾਂਦੇ ਸੀ। ਪਰ ਖੁਰਾਕਾਂ ਖੁੱਲ੍ਹੀਆਂ ਸਨ। ਅਸੀਂ ਜਦੋਂ ਵੀ ਨਾਨਕੇ ਜਾਣਾ ਮੋਟੇ ਹੋ ਕੇ ਆਉਂਦੇ ਸਾਂ।
ਜੇ ਕਿਤੇ ਨਾਨਕੇ ਪਿੰਡ ਮੇਲਾ ਆ ਜਾਣਾ ਤਾਂ ਫਿਰ ਹੋਰ ਵੀ ਸੁਆਦ ਆਉਂਦਾ ਹੁੰਦਾ ਸੀ। ਮਾਮਿਆਂ ਨਾਲ ਸਾਰਾ ਮੇਲਾ ਘੁੰਮਣਾ, ਪਕੌੜੇ-ਜਲੇਬੀਆਂ ਖਾਣੀਆਂ। ਜਿਹੜੀ ਚੀਜ ਨੂੰ ਦਿਲ ਕਰਨਾ ਉੱਧਰ ਨੂੰ ਉਂਗਲ ਕਰ ਦੇਣੀ ਤੇ ਮਾਮਿਆਂ ਨੇ ਉਹਦੋਂ ਹੀ ਲੈ ਦੇਣੀ। ਕਦੇ ਕਿਸੇ ਚੀਜ ਦੀ ਘਾਟ ਨਹੀਂ ਰਹਿਣ ਦਿੱਤੀ। ਅਸੀਂ ਵੀ ਮਾਮੇ ਦੀਆਂ ਉਂਗਲਾਂ ਫੜ ਜਾਂ ਗਦੇੜੇ ਚੜ ਪੂਰਾ ਛੂਕਲ- ਮੇਲਾ ਕਰਦੇ ਹੁੰਦੇ ਸੀ।
ਕਿੰਨ੍ਹਾਂ ਵਧੀਆ ਮਹੋਲ ਹੁੰਦਾ ਸੀ। ਹੁਣ ਸਾਰਾ ਕੁੱਝ ਬਦਲ ਗਿਆ। ਸਾਰੇ ਮਾਮੇ ਵਿਆਹੇ ਗਏ। ਪਹਿਲਾਂ ਇਕੋ ਘਰਾਣਾ ਸੀ। ਹੁਣ ਸਾਰੇ ਮਾਮੇ ਅੱਡ-ਅੱਡ ਹੋ ਗਏ। ਪਹਿਲਾਂ ਵਾਲਾ ਚਾਅ ਨਹੀਂ ਰਿਹਾ। ਹੁਣ ਸਾਰੇ ਰਿਸ਼ਤੇ ਫੋਰਮੈਲਟੀਆਂ ‘ਚ ਬਦਲ ਗਏ। ਜਿਹਦੇ ਘਰ ਜਾਈਏ ਉਹ ਕੱਲੀ ਚਾਹ ਪਿਆ ਕੇ ਤੋਰਨ ਦੀ ਕਰਦਾ, ਕਿਤੇ ਰੋਟੀ ਨਾ ਲਾਉਣੀ ਪੈ ਜਾਵੇ। ਇਸੇ ਕਰਕੇ ਉਹ ਹੁਣ ਰੋਟੀ ਦੀ ਸੁਲਾ ਵੀ ਨਹੀਂ ਮਾਰਦੇ। ਨਾ ਹੁਣ ਪਹਿਲਾਂ ਵਾਲੇ ਖੁੱਲ੍ਹੇ ਵਿਹੜੇ ਰਹੇ, ਨਾ ਉਹ ਵੱਡੇ-ਵੱਡੇ ਰੁੱਖ, ਨਾ ਹੀ ਠੰਡੀਆਂ ਛਾਵਾਂ, ਜਿੰਨ੍ਹਾਂ ਦਾ ਛੋਟੇ ਹੁੰਦੇ ਅਨੰਦ ਮਾਣਦੇ ਸੀ। ਹੁਣ ਤਾਂ ਭੋਰਾ-ਭੋਰਾ ਕਮਰੇ ਨੇ, ਜਦੋਂ ਕਿਸੇ ਘਰ ਜਾਈਦਾ ਇੰਝ ਲੱਗਦਾ ਜਿਵੇਂ ਕਿਸੇ ਗੁਫਾ ‘ਚ ਆ ਗਏ ਹਾਂ। ਛੇਤੀ-ਛੇਤੀ ਬਾਹਰ ਜਾਣ ਨੂੰ ਦਿਲ ਕਰਦਾ। ਨਾ ਹੁਣ ਓਹ ਮੋਹ-ਪਿਆਰ ਰਿਹਾ, ਨਾ ਹੀ ਓਹ ਰਿਸ਼ਤੇ।
ਮੇਰਾ ਬੜਾ ਦਿਲ ਕਰਦਾ ਆਪਣੇ ਮਾਮਿਆਂ ਦੇ ਗਦੇੜੇ ਚੜਣ ਨੂੰ, ਮਾਮਿਆਂ ਨਾਲ ਘੁੰਮਣ ਨੂੰ, ਮਾਮਿਆਂ ਨੂੰ ਮਾਮੂ ਕਹਿਣ ਨੂੰ।
….. ਕੀ ਹੁਣ ਓਹ ਪਿਆਰ ਮੈਨੂੰ ਦੁਬਾਰਾ ਮਿਲ ਸਕਦਾ, ਜਿਹੜਾ ਮੈਂਨੂੰ ਨਾਨਕਿਆਂ ਦਿੱਤਾ ਸੀ???
ਧੰਜਲ ਜ਼ੀਰਾ।
+91-98885-02020
Submitted By:- ਧੰਜਲ ਜ਼ੀਰਾ