ਓਹਨੀ ਦਿੰਨੀ ਮੈਂ ਅਕਸਰ ਹੀ ਕੋਠੇ ਤੇ ਬਣੇ ਇਕਾਂਤ ਜਿਹੇ ਕਮਰੇ ਵਿਚ ਬੈਠ ਇੰਟਰਵਿਊ ਦੀ ਤਿਆਰੀ ਕਰਦਾ ਹੁੰਦਾ ਸਾਂ..
ਇੱਕ ਦਿਨ ਬੈਠੇ ਬੈਠੇ ਹੀ ਧਿਆਨ ਬਾਹਰ ਨੂੰ ਗਿਆ ਤਾਂ ਉਹ ਆਪਣੀ ਬਾਲਕੋਨੀ ਵਿਚ ਖਲੋਤੀ ਉੱਪਰ ਵੱਲ ਨੂੰ ਕੁਝ ਦੇਖ ਨਿੰਮਾਂ-ਨਿੰਮਾਂ ਮੁਸਕੁਰਾ ਰਹੀ ਸੀ..
ਬੱਸ ਦੇਖਦਾ ਹੀ ਰਹਿ ਗਿਆ..ਕੁਦਰਤੀ ਸੁਹੱਪਣ ਅਤੇ ਸਧਾਰਨ ਜਿਹੇ ਲਿਬਾਸ ਵਿਚ ਉਹ ਮੈਨੂੰ ਕਾਇਨਾਤ ਨਾਲ ਇੱਕ ਮਿੱਠੀ ਜਿਹੀ ਸਾਂਝ ਪਾਉਂਦੀ ਹੋਈ ਲੱਗੀ..
ਫੇਰ ਮੈਂ ਉਸਨੂੰ ਰੋਜ ਓਹਲੇ ਜਿਹੇ ਹੋ ਕੇ ਦੇਖਣਾ ਸ਼ੁਰੂ ਕਰ ਦਿੱਤਾ..ਉਹ ਨਵੇਂ ਨਵੇਂ ਹੀ ਸਾਮਣੇ ਵਾਲੇ ਘਰ ਦੇ ਉੱਪਰਲੇ ਹਿੱਸੇ ਵਿਚ ਕਿਰਾਏ ਤੇ ਸ਼ਿਫਟ ਹੋਏ ਸਨ..ਕਦੀ ਕਦੀ ਉਹ ਓਥੇ ਨਹੀਂ ਵੀ ਹੁੰਦੀ ਤਾਂ ਵੀ ਉਸਦਾ ਝੌਲਾ ਜਿਹਾ ਪੈਣ ਲੱਗਦਾ..!
ਇੱਕ ਦਿਨ ਦਿਨ ਢਲੇ ਦੁੱਧ ਦਾ ਗਿਲਾਸ ਦੇਣ ਆਈ ਮਾਂ ਨੇ ਮੈਨੂੰ ਲਗਾਤਾਰ ਬਾਹਰ ਤੱਕਦੇ ਹੋਏ ਨੂੰ ਦੇਖ ਲਿਆ..ਫੇਰ ਹੱਸਦੀ ਹੋਈ ਪੁੱਛਣ ਲੱਗੀ ਕੇ ਤੇਰਾ ਧਿਆਨ ਕਿੱਧਰ ਨੂੰ ਏ ਕਾਕਾ..?
ਮੈਨੂੰ ਲੱਗਾ ਮੈਂ ਰੰਗੇ ਹੱਥੀਂ ਫੜਿਆ ਗਿਆ ਹੋਵਾਂ..ਹੋਰ ਤੇ ਕੋਈ ਗੱਲ ਨਾ ਸੁੱਝੀ..ਬੱਸ ਕਾਹਲੀ ਵਿਚ ਏਨਾ ਆਖ ਦਿੱਤਾ ਕੇ ਬੀਜੀ ਬਾਹਰ ਅਸਮਾਨ ਤੇ ਟਿਕੇ ਹੋਏ ਇੱਕ”ਚੰਦ” ਨੂੰ ਤੱਕ ਰਿਹਾ ਸਾਂ..ਨਾਲ ਹੀ ਮੈਂ ਬਾਰੀ ਬੰਦ ਕਰ ਦਿੱਤੀ..ਫੇਰ ਵੀ ਇੰਝ ਲੱਗਾ ਜਿੱਦਾਂ ਬੰਦ ਬਾਰੀ ਦੀ ਝੀਥ ਥਾਣੀ ਉਸਨੇ ਕੁਝ ਦੇਖ ਲਿਆ ਹੋਵੇ..
ਮੇਰੀ ਰਗ ਰਗ ਤੋਂ ਵਾਕਿਫ ਨੂੰ ਸ਼ਾਇਦ ਅਸਲ ਗੱਲ ਵੀ ਸੁੱਝ ਗਈ ਸੀ..ਫੇਰ ਏਨੀ ਗੱਲ ਆਖਦੀ ਹੋਈ ਹੇਠਾਂ ਉੱਤਰ ਗਈ ਕੇ ਪੁੱਤ ਡੱਟ ਕੇ ਤਿਆਰੀ ਕਰ ਲੈ..ਜਿੰਦਗੀ ਦੀ ਔਖੀ ਮੰਜਿਲ ਸਰ ਕਰ ਲਈ ਤਾਂ ਅਰਸ਼ ਦੀਆਂ ਸਾਰੀਆਂ ਚੰਨ-ਚਾਨਣੀਆਂ ਤੇਰੇ ਕਦਮਾਂ ਵਿਚ ਢੇਰੀ ਹੋ ਜਾਣਗੀਆਂ..
ਮੈਂ ਅਕਸਰ ਹੈਰਾਨ ਹੋ ਜਾਇਆ ਕਰਦਾ ਕੇ ਕੋਰੀ ਅਨਪੜ ਮੇਰੀ ਮਾਂ ਦੀ ਕਲਪਨਾ ਦੀ ਉਡਾਣ ਕਈ ਵਾਰ ਕਿੰਨੀ ਉਚੀ ਹੁੰਦੀ..
ਫੇਰ ਮੇਰੀ ਸਿਲੈਕਸ਼ਨ ਹੋ ਗਈ ਅਤੇ ਮੈਨੂੰ ਦਸਾਂ ਮਹੀਨਿਆਂ ਦੀ ਟਰੇਨਿੰਗ ਲਈ ਬੰਗਲੌਰ ਜਾਣਾ ਪਿਆ..
ਵਾਪਿਸ ਮੁੜਿਆ ਤਾਂ ਬਹਾਨੇ ਜਿਹੇ ਨਾਲ ਕੋਠੇ ਤੇ ਜਾ ਚੜਿਆ ਤੇ ਓਹੀ ਬਾਰੀ ਖੋਲ ਦਿੱਤੀ..ਪਰ ਹੁਣ ਓਸੇ...
ਬਾਲਕੋਨੀ ਵਿਚ ਨਿੱਕੇ ਨਿੱਕੇ ਬਾਲ ਖੇਡ ਰਹੇ ਸਨ..ਮਗਰੇ ਹੀ ਆਣ ਪਹੁੰਚੀ ਮਾਂ ਆਖਣ ਲੱਗੀ ਕੇ ਇਹ ਪਰਿਵਾਰ ਹੁਣੇ ਹੁਣੇ ਹੀ ਨਵਾਂ ਆਇਆ ਏ..
ਪੁਰਾਣਿਆਂ ਬਾਰੇ ਪੁੱਛਿਆ ਤਾਂ ਆਖਣ ਲੱਗੀ ਕੇ ਸ਼ਾਇਦ ਆਪਣੀ ਕੁੜੀ ਦਾ ਵਿਆਹ ਕਰਨ ਪਿੰਡ ਚਲੇ ਗਏ ਨੇ..!
ਮਨ ਇਕਦਮ ਹੀ ਮਸੋਸਿਆ ਜਿਹਾ ਗਿਆ ਤੇ ਮੈਂ ਨਿਰਾਸ਼ਾ ਦੇ ਆਲਮ ਵਿਚ ਜਾ ਵੜਿਆ ਆਪਣਾ ਵਜੂਦ ਚੁੱਕੀ ਹੌਲੇ ਕਦਮੀਂ ਹੇਠਾਂ ਉੱਤਰ ਆਇਆ..!
ਓਹਨਾ ਜ਼ਮਾਨਿਆਂ ਵਿਚ ਚੰਗੀ ਨੌਕਰੀ ਮਿਲਦਿਆਂ ਹੀ ਵਿਚੋਲੇ ਫੇਰੇ ਮਾਰ ਮਾਰ ਘਰ ਦੀਆਂ ਬਰੂਹਾਂ ਤੱਕ ਘਸਾ ਦਿਆ ਕਰਦੇ ਸਨ..
ਇਕ ਦਿਨ ਓਸੇ ਬਾਲਕੋਨੀ ਵੱਲ ਤੱਕਦਾ ਹੋਇਆ ਆਪਣੇ ਆਪ ਨਾਲ ਗੱਲਾਂ ਕਰ ਰਿਹਾਂ ਸਾਂ ਕੇ ਮਾਂ ਨੇ ਦੁੱਧ ਦੇ ਗਲਾਸ ਨਾਲ ਲਫਾਫੇ ਵਿਚ ਬੰਦ ਇੱਕ ਫੋਟੋ ਵੀ ਕੋਲ ਹੀ ਲਿਆ ਰੱਖੀ..
ਆਖਣ ਲੱਗੀ ਕੇ ਇੱਕ ਵਾਰ ਦੇਖ ਲਵੀਂ..ਪਾਂਧਾਂ ਰਿਸ਼ਤਾ ਲਈ ਕੇ ਆਇਆ..ਕੁੜੀ ਲੈਕਚ੍ਰਰਰ ਲੱਗੀ ਏ..ਸਾਨੂੰ ਤੇ ਪਸੰਦ ਏ ਤੇ ਤੂੰ..”
ਦੁੱਧ ਪੀ ਕੇ ਖਾਲੀ ਗਲਾਸ ਟੇਬਲ ਤੇ ਰੱਖਣ ਲੱਗਾ ਤਾਂ ਸਹਿ ਸੁਭਾ ਹੀ ਕੋਲ ਪਿਆ ਲਫਾਫਾ ਖੋਲ ਲਿਆ..
ਫੋਟੋ ਵੇਖੀ ਤਾਂ ਬੁੜਕ ਕੇ ਕੁਰਸੀ ਤੋਂ ਹੇਠਾਂ ਜਾ ਪਿਆ..ਕਿਸੇ ਵੇਲੇ ਸਾਮਣੇ ਵਾਲੀ ਬਾਲਕੋਨੀ ਵਿਚੋਂ ਝਾਤੀ ਮਾਰ ਮੇਰੀ ਰੂਹ ਨੂੰ ਸ਼ਰਸ਼ਾਰ ਕਰਦੀ ਹੋਈ ਓਹੀ ਸੂਹੇ ਰੰਗੀ ਰੋਸ਼ਨੀ ਅੱਜ ਪੂਰਨ ਮਾਸ਼ੀ ਦਾ ਚੰਨ ਬਣ ਮੇਰੇ ਵੇਹੜੇ ਉੱਤਰਨ ਲਈ ਮੈਥੋਂ ਇਜਾਜਤ ਜੂ ਮੰਗ ਰਹੀ ਸੀ!
ਸੋ ਦੋਸਤੋ ਇਹ ਸੀ ਓਹਨਾ ਸਰਲ ਸਪਸ਼ਟ ਜ਼ਮਾਨਿਆਂ ਦੀਆਂ ਪਾਕ ਪਵਿੱਤਰ ਮੁਹੱਬਤਾਂ ਦੇ ਅਣਮੁੱਲੇ ਸਰੂਪ ਦੀ ਇੱਕ ਸੱਚੀ-ਸੁੱਚੀ ਦਾਸਤਾਨ..ਫੇਸਬੂਕਾਂ ਫੋਨ ਅਤੇ ਵਟ੍ਸ-ਐਪਾਂ ਤੇ ਬੇਸ਼ੱਕ ਨਹੀਂ ਹੋਇਆ ਕਰਦੀਆਂ ਪਰ ਉਸ ਸੱਚੇ ਰੱਬ ਦੀਆਂ ਸਿਰਜੀਆਂ ਹੋਈਆਂ ਓਹਨਾ ਵੇਲਿਆਂ ਦੀਆਂ ਅਨਪੜ ਮਾਵਾਂ ਆਪਣੇ ਢਿੱਡੋਂ ਜਨਮਿਆਂ ਦੀਆਂ ਗੁੱਝੀਆਂ ਰਮਜਾਂ ਪਛਾਨਣ ਵਿਚ ਕਦੇ ਵੀ ਕੋਈ ਗਲਤੀ ਨਹੀਂ ਸਨ ਕਰਿਆ ਕਰਦੀਆਂ..!
ਹਰਪ੍ਰੀਤ ਸਿੰਘ ਜਵੰਦਾ
ਜਗਪਿੰਦਰ ਸਿੰਘ
ਜੀ ਬਿਲਕੁਲ ਬਹੁਤ ਵਧੀਆ ਸਟੋਰੀ