ਕਹਾਣੀ:: ਛੱਤ
ਵਰਦੇ ਮੀਂਹ ‘ਚ ਕਿਸੇ ਨੇ ਆਵਾਜ਼ ਮਾਰੀ,”ਤਾਰੀ,ਓਏ ਤਾਰੀ,ਛੇਤੀ- ਛੇਤੀ ਘਰ ਜਾਹ,ਥੋਡੇ ਘਰ ਦੀ ਛੱਤ ਡਿੱਗਪੀ ।”ਤਾਰੀ ਵਾਹੋ ਦਾਹੀ ਘਰ ਵੱਲ ਨੂੰ ਭੱਜਿਆ ।ਦੇਖਿਆ ਇੱਕੋ- ਇੱਕ ਕਮਰਾ,ਜਿਹੜਾ ਕਿ ਬੇਬੇ ਤੇ ਉਹਦਾ ਘਰ ਸੀ,ਦੀ ਸਾਰੀ ਛੱਤ ਡਿੱਗ ਚੁੱਕੀ ਸੀ ਉਹ ਸੋਚੀਂ ਪੈ ਗਿਆ ਕਿ ਕੀ ਕਰਾਂ,ਮਲਬਾ ਹਟਾਉਣਾ ਸ਼ੁਰੂ ਕਰਾਂ ਕਿ ਬੇਬੇ ਦੇ ਘਰ ਵਾਪਸ ਆਉਣ ਦੀ ਉਡੀਕ ਕਰਾਂ। ਫੇਰ ਸੋਚਿਆ ਛੱਡ ਪਰਾਂ,ਕੌਣ ਖਪੂ,ਬੇਬੇ ਸਰਦਾਰਾਂ ਦੇ ਘਰੋਂ ਕੰਮ ਕਰ ਕੇ ਮੁੜ ਆਵੇ,ਨਾਲੇ ਮੀਂਹ ਹਟ ਜੂ,ਰਲ ਕੇ ਈ ਮਲਬਾ ਹਟਾਲਾਂਗੇ। ਉਹ ਦੋਸਤ ਦੇ ਘਰ ਵਾਪਸ ਚਲਾ ਗਿਆ ।
ਸ਼ਾਮ ਨੂੰ ਮੀਂਹ ਬੰਦ ਹੋਣ ਉਪਰੰਤ ਘਰ ਆਇਆਂ ਤਾ ਉਸਨੂੰ ਬੇਬੇ ਕਿੱਧਰੇ ਨਾ ਦਿਸੀ।ਸਰਦਾਰਾਂ ਦੇ ਘਰ ਫੋਨ ਕਰਨ ਤੇ ਪਤਾ ਲੱਗਾ ਕਿ ਅਜ ਬੇਬੇ ਦੀ ਤਬੀਅਤ ਠੀਕ ਨਾ ਹੋਣ ਕਾਰਨ ਉਹ ਕੰਮ ਕਰਨ ਨਹੀਂ ਗਈ ਸੀ।ਉਹ ਸੋਚੀਂ ਪੈ ਗਿਆ,ਫੇਰ ਉਸਨੂੰ ਧਿਆਨ ਆਇਆ ਕਿ ਸੱਚ ਬੇਬੇ ਤਾਂ ਦਵਾਈ ਲੈ ਕੇ ਅੰਦਰ ਸੁੱਤੀ ਪਈ ਸੀ,ਉਸਦਾ ਦਿਲ ਕੰਬ ਗਿਆ ਕਿ ਕਿਧਰੇ ਕੋਈ ਅਣਹੋਣੀ ਤਾਂ ਨੀ ਵਾਪਰ ਗਈ।ਉਸਨੇ ਕਾਹਲੀ ਨਾਲ ਮਲਬਾ ਹਟਾਉਣਾ ਸ਼ੁਰੂ ਕੀਤਾ ਤਾਂ ਦੇਖਿਆ ਕਿ ਬੇਬੇ ਤਾਂ ਮਲਬੇ ਹੇਠ ਦੱਬ ਕੇ ਕਦ...
ਦੀ ਪ੍ਰਾਣ ਤਿਆਗ ਚੁੱਕੀ ਸੀ।ਤਾਰੀ ਧਾਹਾਂ ਮਾਰ ਰੋਣ ਲੱਗਾ।ਹੁਣ ਉਸ ਨੂੰ ਰਹਿ- ਰਹਿ ਕੇ ਆਵਦੀ ਆਲਸ ਕਰਨ ਵਾਲੀ ਆਦਤ ਤੇ ਪਛਤਾਵਾ ਹੋ ਰਿਹਾ ਸੀ ਕਿ ਕਿਉਂ ਨਾ ਮੈਂ ਬੇਬੇ ਦੇ ਵਾਰ- ਵਾਰ ਕਹਿਣ ਤੇ ਵੀ ਸਮਾਂ ਰਹਿੰਦੇ ਛੱਤ ਦੇ ਸਿਉਂਕ ਖਾਧੇ ਬਾਲੇ ਨਾ ਬਦਲਵਾਏ। ਬੇਬੇ ਨੇ ਕਿੰਨੇ ਵਾਰੀ ਕਿਹਾ ਸੀ ਕਿ ਮੀਂਹਾਂ ਦੀ ਰੁੱਤ ਆਉਣ ਵਾਲੀ ਐ ।ਹੋ ਸਕਦੈ ਜੇ ਮੈਂ ਉਦੋਂ ਈ ਮਲਬਾ ਹਟਾਉਣਾ ਸ਼ੁਰੂ ਕਰਦਾ ਤਾਂ ਬੇਬੇ ਜਿਉਂਦੀ ਹੀ ਨਿਕਲ ਆਉਂਦੀ,ਤੇ ਇਲਾਜ ਕਰਵਾਉਣ ਨਾਲ ਬਚ ਜਾਂਦੀ।ਹੁਣ ਸਿਵਾਏ ਪਛਤਾਵੇ ਦੇ ਉਸਦੇ ਹੱਥ-ਪੱਲੇ ਕੁਝ ਵੀ ਨਹੀਂ ਸੀ। ਘਰ ਦੀ ਛੱਤ ਦੇ ਨਾਲ ਹੀ ਮਾਂ ਰੂਪੀ ਛੱਤ ਵੀ ਹੁਣ ਉਸਦੇ ਸਿਰ ਉੱਪਰ ਨਹੀਂ ਰਹੀ ਸੀ । ਐਡੀ ਵੱਡੀ ਦੁਨੀਆਂ ‘ਚ ਇਕੱਲਾ ਰਹਿ ਗਿਆ ਤੇ ਕੋਈ ਉਸਨੂੰ ਮੋਹ ਤੇ ਮਮਤਾ ਭਰੇ ਸ਼ਬਦਾਂ ‘ਚ ,”ਵੇ ਪੁੱਤ ਤਾਰੀ,ਆਜਾ ਤੱਤੀ- ਤੱਤੀ ਰੋਟੀ ਖਾ ਲੈ” ਕਹਿਣ ਵਾਲਾ ਨਾ ਬਚਿਆ ।
ਸੁਖਬੀਰ ਕੌਰ ਮਨੂਰ