(ਤਾਲੇ)
ਤਾਲਿਆਂ ਦੀ ਵੀ ਬੜੀ ਅਜੀਬ ਦਾਸਤਾਨ ਹੈ। ਇਹ ਮਕਾਨਾਂ ਅਤੇ ਚੀਜ਼ਾਂ ਨੂੰ ਤਾਂ ਲੱਗਦੇ ਹੀ ਹਨ, ਪਰ ਇਹ ਕਦੀ-ਕਦੀ, ਕਿਸੇ-ਕਿਸੇ ਇਨਸਾਨ ਨੂੰ ਵੀ ਮਜਬੂਰੀ ਵੱਸ ਲਾਉਂਣੇ ਪੈਂਦੇ ਹਨ। ਤਾਲੇ (ਜਿੰਦਰੇ) ਲੱਗ ਹੀ ਜਾਂਦੇ ਹਨ, ਕਦੀ ਘਰਾਂ ਨੂੰ, ਕਦੀ ਜ਼ੁਬਾਨਾਂ ਨੂੰ ਤੇ ਕਦੀ ਰੂਹਾਂ ਨੂੰ, ਪਰ ਕਈ ਵਾਰ ਆਪ ਵੀ ਲਾ ਲੈਂਦੇ ਹਾਂ ਇਹ ਤਾਲੇ! ਕਦੀ ਕਿਸੇ ਡਰ ਕਰਕੇ, ਕਦੀ ਆਪਣਾ ਆਪ ਬਚਾਉਣ ਕਰਕੇ, ਕਦੀ ਆਪਣਾ ਘਰ ਬਚਾਉਣ ਕਰਕੇ। ਜਦੋਂ ਇਹ ਵਕਤ ਸਿਰ ਖੁੱਲ੍ਹਦੇ ਨਹੀਂ ਹਨ, ਤਾਂ ਬਹੁਤ ਨੁਕਸਾਨ ਕਰਦੇ ਹਨ। ਕਦੀ ਰੂਹਾਂ ਨੂੰ ਸ਼ਾਤ ਕਰ ਦਿੰਦੇ ਹਨ, ਕਦੀ ਘਰਾਂ ਨੂੰ ਵੀਰਾਨ ਕਰ ਦਿੰਦੇ ਹਨ ਇਹ ਤਾਲੇ!
ਸਿਆਣੇ ਅਤੇ ਬਜ਼ੁਰਗਾਂ ਦੀ ਅਸੀਂ ਘਰਾਂ ਦੇ ਤਾਲਿਆਂ ਨਾਲ ਤੁਲਨਾ ਕਰਦੇ ਹਾਂ। ਇਹ ਜੀਉਂਦੇ ਜਾਗਦੇ ਤਾਲੇ ਬੜੇ ਕੀਮਤੀ ਹੁੰਦੇ ਹਨ। ਇਹ ਅਮੁੱਲ ਹੁੰਦੇ ਹਨ। ਇਹ ਘਰਾਂ ਦੀਆਂ ਵੀਰਾਨਗੀ ਨੂੰ ਦੂਰ ਕਰਦੇ ਹਨ। ਇਹਨਾਂ ਨੂੰ ਹਰ ਚੰਗੇ ਮਾੜੇ ਦੀ ਪਛਾਣ ਹੁੰਦੀ ਹੈ।ਇਹ ਤਜਰਬਿਆਂ ਵਿੱਚ ਗੜੁੱਚ ਹੁੰਦੇ ਹਨ।
ਕਈ ਵਾਰ ਮਜਬੂਰੀ ਵੱਸ ਵੀ ਲਾਉਂਣੇ ਪੈਂਦੇ ਹਨ ਇਹ ਤਾਲੇ। ਕਦੀ ਆਪਣਿਆਂ ਤੋਂ ਬਚਣ ਲਈ ਅਤੇ ਕਦੀ ਆਪਣਿਆਂ ਨੂੰ ਬਚਾਉਣ ਲਈ। ਇਹਨਾਂ ਦੀ ਵਰਤੋਂ ਹਰ ਇੱਕ ਨੇ ਕੀਤੀ ਹੋਵੇਗੀ। ਜਦੋਂ ਤਾਲੇ ਦੀ ਚਾਬੀ ਗਵਾਚ ਜਾਂਦੀ ਹੈ ਤਾਂ ਇਹ ਪ੍ਰੇਸ਼ਾਨ ਵੀ ਬੜਾ ਕਰਦੀ ਹੈ। ਚਾਬੀ ਬਿਨਾਂ ਤਾਲਾ ਬੇਕਾਰ ਲੱਗਦਾ ਹੈ, ਇਵੇਂ ਹੀ ਸਾਡੀ ਰੂਹ ਦੀ ਚਾਬੀ ਰੂਪੀ ਉਹ ਇਨਸਾਨ ਜੋ ਸਾਨੂੰ ਬੜਾ ਅਜ਼ੀਜ਼ ਹੋਵੇ, ਜਦੋਂ ਦੂਰ ਚਲਾ ਜਾਵੇ ਜਾਂ ਛੱਡ ਕੇ ਚਲਾ ਜਾਵੇ, ਤਾਂ ਚਾਬੀ ਬਗ਼ੈਰ ਤਾਲੇ ਵਾਂਗ ਅਸੀਂ ਵੀ ਆਪਣੇ ਆਪ ਨੂੰ ਬੇਕਾਰ ਹੀ ਸਮਝਦੇ ਹਾਂ।
ਉਂਝ ਇਹ ਬੜੇ ਕਮਾਲ ਦੇ ਹੁੰਦੇ ਹਨ, ਕਿਸੇ ਦੀ ਰੱਖਿਆ ਕਰਦੇ ਹਨ ਅਤੇ ਕਿਸੇ ਦੀ ਅਜ਼ਾਦੀ ਖੋਹ ਲੈਂਦੇ ਹਨ। ਕਦੀ-ਕਦੀ ਇਹ ਸਵਾਰਥੀ ਵੀ ਬਣ ਜਾਂਦੇ ਹਨ। ਕੋਰੋਨਾ ਕਾਲ ਸਮੇਂ ਜਦੋਂ ਇਹ ਲੱਗੇ ਸਨ, ਤਾਂ ਇੰਝ ਲੱਗਿਆ ਜਿਵੇਂ ਪੂਰੀ ਦੁਨੀਆਂ ਹੀ ਕੈਦ ਹੋ ਗਈ ਹੋਵੇ। ਫਿਰ ਹੌਲੀ-ਹੌਲੀ ਖੁੱਲ੍ਹੇ ਤਾਂ ਇਨਸਾਨ ਨੇ ਸੁੱਖ ਦਾ ਸਾਹ ਲਿਆ।
ਕਈਆਂ ਦੇ ਪਿਆਰੇ ਤੁਰ ਗਏ, ਪਿੱਛੇ ਕੱਲੇ ਕਾਰੇ ਰਹਿ ਗਏ, ਕੋਈ ਆਪਣਾ ਆਖ਼ਰੀ ਵਕਤ ਸਿਵਿਆਂ ਤੱਕ ਪਹੁੰਚ ਹੀ ਨਾ ਸਕਿਆ। ਤਾਲਿਆਂ ਨੇ ਜੋ ਰੋਕ ਰੱਖਿਆ ਸੀ! ਸਿਮਟ ਕੇ ਰਹਿ ਗਈ ਸੀ ਜ਼ਿੰਦਗੀ! ਜਿਵੇਂ ਅੱਧੀ- ਅਧੂਰੀ ਹੋਵੇ, ਤੜਫਦੀ, ਵਿਲਕਦੀ, ਚੁੱਪ, ਗੁੰਮ, ਵੀਰਾਨ ਜਹੀ ਹੋ ਗਈ ਹੋਵੇ ਇਹ ਜ਼ਿੰਦਗੀ!
ਇਹਨਾਂ ਦੇ ਬਿੰਨਾਂ ਸਾਡਾ ਸਰਦਾ ਵੀ ਨਹੀਂ ਹੈ। ਘਰਾਂ ਨੂੰ ਲਾਉਣੇ ਪੈਂਦੇ ਹਨ। ਦੂਰ ਦੂਰਾਡੇ ਨੌਕਰੀ ਕਰਨ ਸਮੇਂ, ਕਾਰੋਬਾਰ ਕਰਨ ਸਮੇਂ, ਕਿਸੇ ਆਪਣੇ ਨੂੰ ਮਿਲਣ ਗਿਲਣ ਲਈ ਤਾਂ ਜਾਣਾ ਹੀ ਪੈਦਾ ਹੈ। ਉਸ ਵਕਤ ਵੀ ਸਾਡੀਆਂ ਕੀਮਤੀ ਚੀਜ਼ਾਂ ਦੀ ਰਾਖ਼ੀ ਤਾਂ ਕਰਦੇ...
ਹੀ ਹਨ ਇਹ ਤਾਲੇ। ਜਦੋਂ ਕੋਈ ਇਹਨਾਂ ਨੂੰ ਤੋੜ ਕੇ ਸਾਡਾ ਕੀਮਤੀ ਸਰਮਾਇਆ ਲੈ ਜਾਂਦਾ ਹੈ, ਤਾਂ ਮਗਰੋਂ ਕਿੰਨਾਂ ਚਿਰ ਵਿਗੋਚੇ ਵਿੱਚ ਗਵਾਚੇ ਰਹਿੰਦੇ ਹਾਂ। ਸਾਲਾਂ ਦੀ ਮਿਹਨਤ ਝੱਟਕੇ ਵਿੱਚ ਤਬਾਹ ਹੋ ਜਾਂਦੀ ਹੈ।
ਘਰਾਂ ਦੇ ਤਾਲੇ ਤੋੜਨ ਨਾਲੋਂ ਜਿੰਦਾਂ ਨੂੰ ਲੱਗੇ ਤਾਲੇ ਤੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਤਾਂ ਕਿ ਕਿਸੇ ਦੀ ਕੀਮਤੀ ਜ਼ਿੰਦਗੀ ਨੂੰ ਮਾਨਸਿਕ ਪ੍ਰੇਸ਼ਾਨੀ ਤੋਂ ਬਚਾਇਆ ਜਾ ਸਕੇ। ਕਿਸੇ ਦੇ ਚਿਹਰੇ ‘ਤੇ ਮੁਸਕੁਰਾਹਟ ਲਿਆਦੀ ਜਾ ਸਕੇ। ਦੋ ਪਲ ਦੀ ਖੁਸ਼ੀ ਕਿਸੇ ਨੂੰ ਦੇਖ ਕੇ ਤਾਂ ਵੇਖੋ, ਇਵੇਂ ਮਹਿਸੂਸ ਹੋਵੇਗਾ ਜਿਵੇਂ ਰੂਹ ਨੂੰ ਸਕੂਨ ਮਿਲ ਗਿਆ ਹੋਵੇ। ਸਾਰੀ ਦੁਨੀਆਂ ਭਰੀ ਹੋਈ ਅਤੇ ਨਰੋਈ ਲੱਗੇਗੀ। ਆਪਣਾ ਆਪ ਹੋਲਾ ਫੁੱਲ ਮਹਿਸੂਸ ਹੋਵੇਗਾ।
ਜਿੰਦ ਦੇ ਤਾਲੇ ਖੋਲ੍ਹ ਕੇ ਜਦੋਂ ਕੋਈ ਵਿਅਕਤੀ ਚਲਾ ਜਾਵੇ, ਤਾਂ ਇਹ ਬੁੱਤ ਫਿਰ ਬੇਜਾਨ ਜਿਹਾ ਬਣ ਕੇ ਰਹਿ ਜਾਂਦਾ ਹੈ। ਆਪਣੇ ਪਿਆਰੇ ਦੇ ਦੂਰ ਚਲੇ ਜਾਣ ‘ਤੇ ਵੀ ਰੂਹ ਉਦਾਸ ਹੋ ਜਾਂਦੀ ਹੈ। ਕਈਆਂ ਦੇ ਸਾਹ ਤਾਂ ਚਲਦੇ ਹਨ,ਪਰ ਬੁੱਤ ਸੱਖਣੇ ਹੀ ਰਹਿ ਜਾਂਦੇ ਹਨ। ਉਮਰਾਂ ਤਾਂ ਬੀਤਦੀਆਂ ਹਨ, ਪਰ ਰੀਝਾਂ ਤੋਂ ਕੋਰੀਆਂ ਰਹਿ ਜਾਂਦੀਆਂ ਹਨ। ਇਹ ਜਿੰਦ ਦੇ ਤਾਲੇ ਖਾਮੋਸ਼ ਕਰ ਦਿੰਦੇ ਹਨ। ਕਈਆਂ ਦੀ ਜ਼ਿੰਦਗੀ ਬਣਾ ਦਿੰਦੇ ਹਨ ਅਤੇ ਕਈਆਂ ਨੂੰ ਮਾਨਸਿਕ ਤੌਰ ‘ਤੇ ਬਿਮਾਰ ਕਰ ਦਿੰਦੇ ਹਨ। ਉਹਨਾਂ ਦੀ ਸਾਰੀ ਜ਼ਿੰਦਗੀ ਗੁੰਮਨਾਮੀ ਦੇ ਹਨ੍ਹੇਰੇ ਵਿਚ ਲੰਘ ਜਾਂਦੀ ਹੈ।
ਇਹਨਾਂ ਦੀ ਕੀਮਤ ਵੀ ਵੱਖੋ-ਵੱਖ ਹੁੰਦੀ ਹੈ। ਇਹ ਬੜੇ ਮੁੱਲਵਾਨ ਵੀ ਹੁੰਦੇ ਹਨ ਅਤੇ ਆਮ ਲੋਕਾਂ ਦੀ ਲੋੜ ਅਨੁਸਾਰ ਘੱਟ ਮੁੱਲ ਵਾਲੇ ਵੀ ਹੁੰਦੇ ਹਨ।ਇਹਨਾਂ ਦੀ ਕੀਮਤ ਵੀ ਇਹਨਾਂ ਦੇ ਰੁਤਬੇ ਦੇ ਹਿਸਾਬ ਨਾਲ ਹੁੰਦੀ ਹੈ। ਅਮੀਰਾਂ ਲਈ ਮੁੱਲਵਾਨ ਅਤੇ ਗ਼ਰੀਬਾਂ ਲਈ ਸਸਤੀ ਹੁੰਦੀ ਹੈ।
ਹੁਣ ਜਦੋਂ ਦੇਸ਼ਾਂ ਵਿੱਚ ਲੱਗੇ ਸਰਹੱਦਾਂ ਰੂਪੀ ਤਾਲੇ ਟੁੱਟਦੇ ਹਨ ਤਾਂ ਸਭ ਕੁਝ ਤਬਾਹ ਕਰ ਦਿੰਦੇ ਹਨ। ਆਮ ਲੋਕਾਂ ਦੇ ਘਰ ਤਬਾਹ ਹੋ ਜਾਂਦੇ ਹਨ। ਜੀਵਨ ਬੇਗਾਨੇ ਦੇਸ਼ਾਂ ਵਿੱਚ ਪਨਾਹ ਲੈਣ ਲਈ ਇੱਧਰ ਉੱਧਰ ਵਿਲਕਦਾ ਫਿਰਦਾ ਹੈ। ਇਨਸਾਨ ਦਾ ਕੋਝਾ ਰੂਪ ਸਾਹਮਣੇ ਆਉਂਦਾ ਹੈ। ਚਲਦੇ ਫਿਰਦੇ ਬੁੱਤਾਂ ਨੂੰ ਸਕਿੰਟਾਂ ਵਿਚ ਸਦਾ ਲਈ ਤਾਲੇ ਲੱਗ ਜਾਂਦੇ ਹਨ। ਕੁਝ ਸਦਾ ਲਈ ਅਪਾਹਜ ਹੋ ਜਾਂਦੇ ਹਨ। ਇਹ ਤਾਲੇ ਵੀ ਬੜੇ ਅਜੀਬ ਹੁੰਦੇ ਹਨ ਦੋਸਤੋ! ਪਤਾ ਨਹੀਂ ਕਦੋਂ, ਕਿੱਥੇ ਅਤੇ ਕਿਵੇਂ ਲੱਗ ਜਾਂਦੇ ਹਨ?
(ਪਰਵੀਨ ਕੌਰ ਸਿੱਧੂ)
8146536200