ਹੁਣ ਸਕੂਟੀ ਚੁੱਕ ਕੇ ਕਿੱਥੇ ਨੂੰ ਚੱਲ ਪਏ?”
ਮੈਨੂੰ ਸਕੂਟੀ ਤੇ ਬੈਠੇ ਨੂੰ ਵੇਖਕੇ ਉਸ ਨੇ ਪਿੱਛੋਂ ਆਵਾਜ਼ ਮਾਰੀ।
“ਬਜ਼ਾਰ ਚੱਲਿਆ ਹਾਂ।” ਮੈਂ ਸੰਖੇਪ ਜਿਹਾ ਜਬਾਬ ਦਿੱਤਾ।
“ਵਰ੍ਹੇ ਦਿਨ ਦਿਨ ਆਇਸ ਵੇਲੇ। ਇੰਨੀ ਭੀੜ ਹੈ ਬਾਜ਼ਾਰ ਵਿਚ। ਕੀ ਲੈਣ ਜਾਣਾ ਹੈ।” ਥੋੜੀ ਤਲਖੀ ਸੀ ਉਸਦੇ ਬੋਲਾਂ ਵਿੱਚ।
“ਦੀਵੇ …..।” ਮੈਂ ਕਿਹਾ।
“ਦੀਵੇ ਤਾਂ ਮੈਂ ਕੱਲ ਹੀ ਖਰੀਦ ਲਏ ਸਨ ਵਾਧੂ। ਓਧਰ ਵੀ ਭੇਜ ਦਿੱਤੇ।” ਉਸਨੇ ਸਮਝਾਇਆ।
“ਹੋਰ ਲੈਣੇ ਹਨ।” ਕਹਿਕੇ ਮੈਂ ਸਕੂਟੀ ਤੋਰ ਲਈ। ਬਜ਼ਾਰ ਵਿਚ ਗੇੜਾ ਮਾਰਿਆ। ਲੋਕ ਖਰੀਦਦਾਰੀ ਵਿਚ ਮਸਤ ਸਨ। ਡ੍ਰਾਈ ਫਰੂਟ, ਤਾਜ਼ਾ ਫਲ, ਮਿਠਾਈਆਂ, ਰੰਗੋਲੀ ਵਾਲੇ ਰੰਗ। ਦੁਕਾਨਾਂ ਤੇ ਲੋਕਾਂ ਦੀ ਭੀੜ ਸੀ। ਜੇ ਸ਼ਾਂਤ ਸਨ ਤਾਂ ਉਹ ਗਰੀਬ ਜੋ ਭੁੰਜੇ ਜਮੀਨ ਤੇ ਬੈਠੇ ਸਨ। ਆਪਣਾ ਨਿੱਕ ਸੁੱਕ ਵੇਚਣ ਲਈ। ਕਈਆਂ ਕੋਲ ਥੋੜੇ ਥੋੜੇ ਦੀਵੇ ਬਚੇ ਸਨ ਤੇ ਉਹ ਜਲਦੀ ਫਾਰਗ ਹੋਣ ਨੂੰ ਉਤਾਵਲੇ ਸਨ। ਇੱਕ ਮਾਈ ਤੇ ਉਸਦਾ ਛੋਟਾ ਜਿਹਾ ਪੁੱਤ ਯ ਪੋਤਾ...
ਕੋਈ ਸੋ ਕ਼ੁ ਦੀਵਾ ਲਈ ਗ੍ਰਾਹਕ ਦੇ ਇੰਤਜ਼ਾਰ ਵਿਚ ਬੈਠੇ ਸਨ।
“ਕਿਵੇਂ ਲਾਏ?” ਮੈਂ ਪੁੱਛਿਆ।
“ਦਸ ਰੁਪਏ ਦੇ ਦਸ ਬਾਊ ਜੀ।” ਇੰਨਾ ਲੇਟ ਕੋਈ ਗ੍ਰਾਹਕ ਵੇਖਕੇ ਉਹਨਾਂ ਦੀਆਂ ਅੱਖਾਂ ਵਿੱਚ ਚਮਕ ਆ ਗਈ।
“ਚੰਗਾ ਸੋ ਰੁਪਏ ਦੇ ਦੇਂਦੇ।” ਕਹਿਕੇ ਮੈਂ ਸੋ ਦਾ ਨੋਟ ਉਸਦੇ ਹੱਥ ਫੜਾ ਦਿੱਤਾ। ਪੰਜ ਪੰਜ ਦੀਵੇ ਗਿਣਕੇ ਉਸਨੇ ਦੋ ਲਿਫਾਫੇ ਮੇਰੇ ਹੱਥ ਫੜਾ ਦਿੱਤੇ। ਹੁਣ ਉਹਨਾਂ ਦਾ ਸਟਾਕ ਨਿੱਲ ਸੀ ਤੇ ਚੇਹਰੇ ਤੇ ਖੁਸ਼ੀ ਸੀ।
ਮੈਂ ਆਪਣਾ ਮਿਸ਼ਨ ਫਤਹਿ ਕਰਕੇ ਘਰੇ ਆ ਗਿਆ। ਮੇਰੇ ਮਨ ਨੂੰ ਖੁਸ਼ੀ ਹੋਈ। ਭਾਵੇਂ ਘਰੇ ਆਕੇ ਮੈਨੂੰ ਆਪਣਾ ਮਕਸਦ ਸਮਝਾਉਣ ਵਿੱਚ ਕਾਫੀ ਸਮਾਂ ਲੱਗਿਆ। ਮੈਨੂੰ ਲੱਗਿਆ ਮੈਂ ਦੀਵੇ ਨਹੀਂ ਖੁਸ਼ੀ ਖਰੀਦ ਕੇ ਲਿਆਇਆ ਸੀ। ਤੇ ਖੁਸ਼ੀ ਵੰਡਕੇ ਵੀ ਆਇਆ ਸੀ।
ਰਮੇਸ਼ਸੇਠੀਬਾਦਲ