ਨੇਤਾ ਦਾ ਜਨਮ
ਪਿੰਡ ਵਿੱਚ ਇੱਕ ਕਿਸਾਨ ਦੇ ਦੋ ਪੁੱਤ ਸਨ, ਬਿਸ਼ਨਾ ਅਤੇ ਛਿੰਦਾ।ਬਿਸ਼ਨਾ ਵੱਡਾ ਹੋਣ ਕਰਕੇ ਛੋਟੀ ਉਮਰੇ ਹੀ ਪਿਉ ਨਾਲ ਖੇਤਾਂ ਵਿੱਚ ਕੰਮ ਕਰਨ ਲੱਗ ਪਿਆ ਜਿਸ ਕਾਰਨ ਉਸ ਨੂੰ ਦੁਨੀਆਂਦਾਰੀ ਦੀ ਜਿਆਦਾ ਸਮਝ ਨਹੀਂ ਸੀ।ਛਿੰਦਾ ਲਾਡਲਾ ਹੋਣ ਕਰਕੇ ਮੌਜ ਹੀ ਕਰਦਾ ਸੀ, ਪੜ੍ਹਾਈ ਵੱਲੋਂ ਹੀ ਹੱਥ ਤੰਗ ਹੀ ਸੀ।ਛਿੰਦੇ ਦਾ ਉੱਠਣ-ਬੈਠਣ ਪਿੰਡ ਦੀ ਪਾਰਲੀਮੈਂਟ ਯਾਨੀ ਸੱਥ ਵਿੱਚ ਪੂਰਾ ਸੀ, ਛੇਤੀ ਹੀ ਉਹ ਵਾਦੜੀਆੱ-ਛਾਦੜੀਆਂ ਕਰਨੀਆਂ ਸਿੱਖ ਗਿਆ।ਛਿੰਦੇ ਦੇ ਇਸ ਤਰ੍ਹਾਂ ਵਿਹਲਾ ਰਹਿਣ ਕਰਕੇ ਲੋਕਾਂ ਨੇ ਬਿਸ਼ਨੇ ਨੂੰ ਮੱਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ।ਇੱਕ ਦਿਨ ਉਹ ਕਲੇਸ਼ ਪਾ ਕੇ ਬੈਠ ਗਿਆ ਕਿ ਛਿੰਦਾ ਵਿਹਲਾ ਰਹਿੰਦਾ ਮੈਂ ਸਾਰੀ ਦਿਹਾੜੀ ਧੰਦ ਪਿੱਠਦਾਂ..।ਪਿਉ ਨੇ ਛਿੰਦੇ ਨੂੰ ਬੁਲਾ ਸਾਰੀ ਗੱਲ ਕੀਤੀ, ਉਸ ਨੇ ਬੜੇ ਠਰੰਮੇ ਨਾਲ ਕਿਹਾ,”ਖੇਤ ਦਾ ਕੰਮ ਮੈਂ ਕਰਦਾਂ, ਤੂੰ ਘਰ ਦੇ ਕੰਮ ਸੰਭਾਲ।ਆਪਣੀਆਂ ਪਰਾਤਾਂ ਖੁਸ਼ਕ ਹੋਈਆਂ ਪਈਆਂ,ਤੂੰ ਉਨ੍ਹਾਂ ਨੂੰ ਦੇਸੀ ਘਿਉ ਨਾਲ ਥਿੰਦਾ ਕਰਵਾ ਲਿਆਵੀਂ ,ਮੈਂ ਖੇਤ ਵਾਹ ਕੇ ਆਵਾਂਗਾ।” ਫੈਸਲਾ ਹੋਣ ਤੇ ਦੋਵੇਂ ਭਰਾ ਅਗਲੇ ਦਿਨ ਆਪਣੇ ਆਪਣੇ ਕੰਮ ਲਈ ਨਿਕਲ ਪਏ।ਬਿਸ਼ਨਾ ਪਰਾਤਾਂ ਚੱਕ ਘਰ ਘਰ ਗਿਆ ਪਰ ਕੋਈ ਘਿਉ ਨਾਲ ਕਿਵੇਂ ਚੋਪੜੇ।ਲੋਕ ਮੂਰਖ ਕਹਿ ਹੱਸਣ।ਛਿੰਦਾ ਸੱਥ ਵਿਚੋਂ ਲੰਘਦੇ ਲੰਬੜਾਂ ਦੇ ਟਰੈਕਟਰ ਤੇ ਬੈਠ ਗਿਆ,”ਵਾਹ ਬਈ,ਬੜਾ ਸੋਹਣਾ ਟਰੈਕਟਰ ਹੈ, ਪੂਰਾ ਸ਼ੇਰ।” ਲੰਬੜਾਂ ਦੇ ਮੁੰਡੇ ਨੂੰ ਫੂਕ ਛਕਾਉਂਦਿਆਂ ਵਡਿਆਈ ਕੀਤੀ।ਲੰਬੜਾਂ ਦੇ ਮੁੰਡੇ ਨੇ ਟਰੈਕਟਰ ਦੀਆਂ ਸਿਫਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।ਛਿੰਦੇ ਨੇ ਮੌਕਾ ਲੱਗਦਿਆਂ ਹੀ ਕਿਹਾ,”ਯਾਰ ਮੈਂ ਵੀ ਟਰੈਕਟਰ ਲੈਣ ਦੀ...
ਸੋਚ ਰਿਹਾਂ,ਇਸ ਦੀ ਵਹਾਈ ਵੇਖਣੀ ਸੀ।”ਮੁੰਡੇ ਨੇ ਛਿੰਦੇ ਕੇ ਦੋ ਕਿੱਲੇ ਵਾਹ ਧਰੇ।ਛਿੰਦੇ ਨੇ ਥਾਪੀ ਦੇ ਟਰੈਕਟਰ ਤੇ ਮੁੰਡਾ ਤੋਰ ਦਿੱਤੇ।
ਸ਼ਾਮ ਨੂੰ ਬਿਸ਼ਨਾ ਨਮੋਸ਼ੀ ਦਾ ਮਾਰਿਆ ਚੁੱਪ ਚਾਪ ਬੈਠਾ ਸੀ।ਛਿੰਦੇ ਨੇ ਉਸ ਨੂੰ ਹੌਸਲਾ ਦਿੰਦਿਆਂ ਕਿਹਾ ਕੱਲ੍ਹ ਨੂੰ ਵੇਖੀਂ।ਸਵੇਰੇ ਹੀ ਛਿੰਦਾ ਭਰਾ ਨੂੰ ਘਰੇ ਬੈਠਾ ਨਾਜਰ ਸਿੰਘ ਦੇ ਘਰੇ ਜਾ ਵੜਿਆ,”ਤਾਇਆ ਤੁਹਾਡੇ ਘਿਉ ਦੀ ਬੜੀ ਸਿਫਤ ਸੁਣੀ ਹੈ, ਮੈਨੂੰ ਵੀ ਦਿਓ।”ਦੋਵਾਂ ਪਰਾਤਾਂ ਵਿੱਚ ਘਿਉ ਪਵਾ ਲਿਆ।ਜਦੋਂ ਭਾਅ ਦੀ ਗੱਲ ਚੱਲੀ ਤਾਂ,”ਓਹ ਯਾਰ ਤਾਇਆ, ਮੈਂ ਤਾਂ ਸੋਚਿਆ ਹੀ ਨਹੀਂ ਸੀ ਘਿਉ ਐਨਾ ਮਹਿੰਗਾ, ਚੰਗੀ ਚੀਜ਼ ਦਾ ਮੁੱਲ ਤਾਂ ਹੁੰਦਾ ਪਰ ਮੇਰੇ ਕੋਲ ਤਾਂ ਐਨੇ ਪੈਸੇ ਨਹੀਂ।”ਗੱਲ ਕੀ ਜੀ, ਖੁਸ਼ੀ ਖੁਸ਼ੀ ਵਿੱਚ ਘਿਉ ਵਾਪਿਸ ਕਰ ਆ ਪਰਾਤਾਂ ਥਿੰਦੀਆਂ ਕਰਾ ਘਰੇ ਆ ਫੜਾਈਆਂ।
ਪਿਉ ਅਤੇ ਭਰਾ ਸਿਰ ਫੜ ਬੈਠ ਗਏ, ਬਿਸ਼ਨਾ ਕਹੀ ਚੱਕ ਖੇਤ ਨੂੰ ਤੁਰ ਪਿਆ।”ਇਹ ਨੇਤਾ ਬਣੂਂ, ਸਰਪੰਚ ਬਣਾ ਦਿਓ।”ਪਿਉ ਨੇ ਖਿੱਝੇ ਹੋਏ ਨੇ ਕਿਹਾ।”ਸਰਪੰਚੀ ਤਾਂ ਵੱਟ ਤੇ ਪਈ ਹੈ, ਐਮ.ਐਲ.ਏ ਨੇ ਕਹਿ ਛੱਡਿਆ ਪਰ ਮੇਰੀ ਨਿਗਾਹ ਤਾਂ ਉੱਚੀ ਕੁਰਸੀ ਤੇ ਹੈ, ਕੋਈ ਮੰਤਰੀ ਸ਼ੰਤਰੀ ਬਣਾਂ।”ਛਿੰਦੇ ਨੇ ਆਪਣੀ ਮਨ ਦੀ ਕੀਤੀ।”ਭਾਈ ਬਣ ਜਾਵੇਂਗਾ, ਜਿਹੋ ਜਿਹੀਆਂ ਆਦਤਾਂ।” ਪਿਉ ਨੇ ਆਖਰੀ ਤੋੜਾ ਝਾੜਿਆ।
ਗੁਰਮੀਤ ਸਿੰਘ ਮਰਾੜ੍ਹ