ਕੋਈ ਤੀਹ ਵਰੇ ਪਹਿਲਾਂ ਵਾਲਾ ਮਾਹੌਲ..
ਬੇਰਿੰਗ ਕਾਲਜ ਬਟਾਲੇ ਪੜਦਿਆਂ ਬਾਪੂ ਹੋਰਾਂ ਦਾ ਚੇਤਕ ਸਕੂਟਰ ਹਫਤੇ ਵਿਚ ਸਿਰਫ ਇੱਕ ਦਿਨ ਹੀ ਮਿਲਿਆ ਕਰਦਾ..!
ਬਾਕੀ ਦੇ ਦਿਨ ਸਾਈਕਲ ਤੇ ਹੀ..ਨਵੇਂ ਨਕੋਰ ਸਾਈਕਲ ਦੀ ਟੌਹਰ ਹੀ ਵੱਖਰੀ ਹੁੰਦੀ ਸੀ..!
ਐਟਲਸ ਹੀਰੋ ਅਤੇ ਏਵੋਨ ਨਾਮ ਦੇ ਸਾਈਕਲਾਂ ਦੇ ਤਿੰਨ ਬਰੈਂਡ ਹੀ ਆਮ ਤੌਰ ਤੇ ਮਸ਼ਹੂਰ ਹੋਇਆ ਕਰਦੇ ਸਨ..!
ਛੇ ਸੱਤ ਸੋ ਵਿਚ ਨਵਾਂ ਸਾਈਕਲ ਆ ਜਾਇਆ ਕਰਦਾ ਸੀ..!
ਦਰਿਆ ਬਿਆਸ ਦੇ ਕੰਢੇ ਤੇ ਵੱਸਿਆ ਨਾਨਕਿਆਂ ਦਾ ਪਿੰਡ ਬਟਾਲਿਓਂ ਕੋਈ ਛੱਤੀ ਕੂ ਕਿਲੋਮੀਟਰ ਦੂਰ ਹੋਵੇਗਾ..!
ਕਈ ਵਾਰ ਸੁਵੇਰੇ ਹੀ ਘਰੇ ਦੱਸ ਜਾਣਾ ਕੇ ਅੱਜ ਆਥਣੇ ਉਡੀਕ ਨਾ ਰਖਿਓ..ਕਾਲਜੋਂ ਸਿੱਧਾ ਹੀ ਪਿੰਡ ਨੂੰ ਤੁਰ ਜਾਣਾ ਏ..ਓਥੋਂ ਸੁਨੇਹਾ ਜੂ ਆਇਆ ਹੁੰਦਾ ਕੇ ਗੁੜ ਤੇ ਤਿੱਲਾਂ ਵਾਲੇ ਲੱਡੂ ਤਿਆਰ ਨੇ..ਆ ਕੇ ਲੈ ਜਾਵੋ!
ਕਾਦੀਆਂ ਵਾਲੀ ਚੁੰਗੀ..ਵਡਾਲਾ ਗ੍ਰੰਥੀਆਂ ਤੋਂ ਥੋੜਾ ਪਹਿਲਾਂ ਰੁੱਖਾਂ ਵਿਚ ਲੁਕੀ ਚਿੱਟੀ ਕੋਠੀ..ਇੰਝ ਲੱਗਦਾ ਕਿਸੇ ਮਹਾਰਾਜੇ ਦਾ ਮਹਿਲ ਹੋਵੇ..ਅੱਗੇ ਵਡਾਲਾ ਗ੍ਰੰਥੀਆਂ..ਅੱਜ ਵਾਲਾ ਰਣਜੀਤ ਬਾਵਾ ਸ਼ਾਇਦ ਕਿਸੇ ਭੰਗੂੜੇ ਵਿਚ ਖੇਡਦਾ ਹੋਵੇ..!
ਅੱਗੇ ਨਹਿਰ ਦੇ ਪੁਲ ਤੇ ਉੱਗਿਆ ਵੱਡਾ ਸਾਰਾ ਰੁੱਖ ਤੇ ਹੇਠਾਂ ਬਣੇ ਪੈਂਚਰਾਂ ਵਾਲੇ ਖੋਖੇ ਤੇ ਪੈਂਚਰ ਲਵਾਉਣ ਵਾਲਿਆਂ ਦੀ ਲੱਗੀ ਭੀੜ ਅਤੇ ਉਸ ਵੇਲੇ ਦੇ ਗਰਮ ਮਾਹੌਲ ਤੇ ਅਜੀਤ ਅਖਬਾਰ ਵਿਚ ਲੱਗੀਆਂ ਖਬਰਾਂ ਪੜ੍ਹਦੀ ਕਿੰਨੀ ਸਾਰੀ ਖਲਕਤ..!
ਫਰਵਰੀ ਦੇ ਅਖੀਰ ਵਿਚ ਪੂਰੀ ਗਰਮੀ ਹੋ ਜਾਇਆ ਕਰਦੀ ਸੀ..!
ਦਸ ਕਿਲੋਮੀਟਰ ਸਾਈਕਲ ਚਲਾਉਣ ਮਗਰੋਂ ਸਟੈਂਡ ਤੇ ਲਾ ਕੇ ਬੁੱਕ ਨਾਲ ਪੀਤਾ ਹੋਇਆ ਨਲਕੇ ਦਾ ਠੰਡਾ ਸੀਤ ਪਾਣੀ ਕਿਸੇ ਕ੍ਰਿਸ਼ਮੇ ਰਾਹੀ ਫੁੱਟੇ ਹੋਏ ਚਸ਼ਮੇ ਤੋਂ ਘੱਟ ਨਾ ਲੱਗਦਾ..!
ਕਾਹਲਵਾਂ ਪਿੰਡ ਕੋਲੋਂ ਦਿਸਦੇ ਮਿਰਜੇ ਦੀਆਂ ਕਾਦੀਆਂ ਦੇ ਉਚੇ ਬੁਰਜ ਲਾਹੌਰ ਸ਼ਹਿਰ ਦਾ ਭੁਲੇਖਾ ਪਾਉਂਦੇ!
ਰਾਹ ਵਿਚ ਜੇ ਕਿਤੇ ਗੁੜ ਨਿਕਲਦਾ ਹੋਣਾ ਤਾਂ ਕਿਲੋਮੀਟਰਾਂ ਤੱਕ ਫੈਲੀ ਇਸਦੀ ਖੁਸ਼ਬੋ ਨਾਲ ਰੂਹ ਰੁਸ਼ਨਾ ਜਾਇਆ ਕਰਦੀ ਸੀ..!
ਨਿੱਕਲਦੀ ਭਾਫ..ਬਲਦੀ ਹੋਈ ਕਮਾਦ ਦੀ ਖੋਰੀ ਅਤੇ ਗੰਨੇ ਦਾ ਚੂਰਾ..ਸਾਈਕਲ ਖੜਾ ਕਰ ਓਥੇ ਹੀ ਚੁੰਬੇ ਲਾਗੇ ਬੈਠ ਅਧਰਕ ਵਾਲੀ ਰਹੁ ਪੀ ਲੈਣੀ ਤੇ ਮਗਰੋਂ ਗੁੜ ਕੱਢਦੇ ਬਜ਼ੁਰਗਾਂ ਨਾਲ ਦੋ ਚਾਰ ਗੱਲਾਂ ਵੀ ਮਾਰ ਲੈਣੀਆਂ..ਅਗਲਿਆਂ ਪਾੜੂ ਜਿਹਾ ਮੁੰਡਾ ਦੇਖ ਚੰਗੀ ਆਓ ਭਗਤ ਕਰਨੀ..ਕਿਹੜਾ ਪਿੰਡ..ਕਿੰਨਾ ਵੱਲ ਜਾਣਾ..ਫੇਰ ਰਿਸ਼ਤੇਦਾਰੀ ਅਤੇ ਵਾਕਫ਼ੀ ਨਿੱਕਲਣੀ ਸੁਭਾਵਿਕ ਹੀ ਹੁੰਦੀ..!
ਨਕਲੀ ਹਾਸੇ ਨਹੀਂ ਸਨ ਹੱਸੇ ਜਾਂਦੇ..ਖੁੱਲ ਕੇ ਹੱਸਿਆ ਕੁਦਰਤੀ ਹਾਸਾ ਮਾਹੌਲ ਵਿਚ ਤਾਜਗੀ ਬਖੇਰ ਦਿੰਦਾ..ਲੀੜੇ ਮੈਲੇ ਸਨ ਪਰ ਦਿਲ ਸਾਫ..ਤੁਰੇ ਜਾਂਦੇ ਅਣਜਾਣ ਨੂੰ ਵੀ ਖਹਿੜੇ ਪੈ ਕੇ ਰੋਟੀ ਪਾਣੀ ਖੁਆਇਆ ਜਾਂਦਾ ਸੀ..ਨਾ ਸੋਚ ਵਿਚ ਤੇ ਨਾ ਹਵਾਂ ਪਾਣੀ ਵਿਚ ਜਹਿਰ ਮਿਲਿਆ ਹੁੰਦਾ ਸੀ..ਹਵਾ ਸਾਫ..ਟਾਵੀਂ ਟਾਵੀਂ ਕਾਰ..ਦੁੱਧ ਦੇ ਦੋਹਣਿਆਂ ਵਾਲੇ ਦੋਝੀ..ਡੰਗਰਾਂ ਦੇ ਗੱਲ...
ਪਾਏ ਘੁੰਗਰੂ..ਵਿਆਹ ਵਾਲੇ ਘਰਾਂ ਦੇ ਕੋਠਿਆਂ ਤੇ ਲੱਗਾ ਸਪੀਕਰ..ਲੱਗਦਾ ਸੀ ਸਭ ਕੁਝ ਸਦੀਵੀਂ ਹੀ ਰਹਿਣਾ..ਪਰ..!
ਸੈੱਲ ਫੋਨਾਂ ਬਾਰੇ ਕਿਸੇ ਨੇ ਸੁਫ਼ਨੇ ਵਿਚ ਵੀ ਨਹੀਂ ਸੀ ਸੋਚਿਆ..ਤਾਂ ਹੀ ਸ਼ਾਇਦ ਹਰੇਕ ਇੱਕ ਦੂਜੇ ਨੂੰ ਸ਼ਕਲੋਂ ਹੀ ਪਛਾਣਿਆਂ ਕਰਦਾ..ਰਿੜਕੀ ਹੋਈ ਲੱਸੀ ਨੂੰ ਮੁੱਲ ਵੇਚਣਾ ਇੱਕ ਬਹੁਤ ਹੀ ਬੁਰੀ ਗੱਲ ਮੰਨੀ ਜਾਂਦੀ ਸੀ..ਰਹੁ ਦੀ ਖੀਰ ਅਤੇ ਦਾਲ ਫੁਲਕੇ ਦਾ ਵਗਦੀ ਸੜਕ ਤੇ ਲੱਗਿਆ ਹੋਇਆ ਲੰਗਰ ਅਕਸਰ ਹੀ ਸ਼ਹਿਰੋਂ ਦਿਹਾੜੀ ਲਾ ਕੇ ਪਿੰਡਾਂ ਵੱਲ ਨੂੰ ਨਿਕਲੇ ਭੁੱਖੇ ਢਿਡਾਂ ਦੀ ਅੱਗ ਬੁਝਾਉਣ ਲਈ ਕਾਫੀ ਹੁੰਦਾ ਸੀ..ਅਕਸਰ ਹੀ ਥੋੜੀ ਦੇਰ ਰੁੱਖਾਂ ਦੀ ਗੂੜੀ ਛਾਵੇਂ ਬੈਠ ਮੁੜ ਸਾਈਕਲ ਤੋਰ ਲੈਣਾ..ਘਰ ਦੀ ਸਵਾਰੀ ਨਾ ਪੈਟਰੋਲ ਦੀ ਟੈਨਸ਼ਨ..!
ਰਾਹ ਵਿਚ ਕਈਆਂ ਰੇਸਾਂ ਵੀ ਲਾ ਲੈਣੀਆਂ..ਫੇਰ ਥੱਕ ਜਾਣ ਤੇ ਜਦੋਂ ਕੋਲੋਂ ਤੁਰੀ ਜਾਂਦੀ ਗੰਨਿਆਂ ਦੀ ਟਰਾਲੀ ਦੇ ਗੰਨੇ ਨੂੰ ਹੱਥ ਪਾ ਲੈਣਾ ਤਾਂ ਘਰੇ ਖਲੋਤੇ ਸਕੂਟਰ ਦਾ ਚੇਤਾ ਤੱਕ ਭੁੱਲ ਜਾਇਆ ਕਰਦਾ ਸੀ..!
ਇਹਨਾਂ ਰੰਗ ਤਮਾਸ਼ਿਆਂ ਵਿਚ ਪਤਾ ਹੀ ਨਾ ਲੱਗਣਾ ਕਦੋਂ ਨਾਨਕ ਪਿੰਡ ਥੋੜੀ ਦੂਰ ਹੀ ਰਹਿ ਗਿਆ..!
ਕਿਸੇ ਕੋਲ ਦੀ ਲੰਘਦੇ ਹੋਏ ਨੇ ਪਹਿਲਾਂ ਹੀ ਜਾ ਦੱਸਣਾ ਕੇ ਭਾਈ ਤੁਹਾਡਾ ਦੋਹਤਾ ਤੁਰਿਆ ਆਉਂਦਾ ਜੇ ਖਿੱਚ ਲਵੋ ਤਿਆਰੀਆਂ..!
ਪਿੰਡ ਪਹੁੰਚ ਕੇ ਜਦੋ ਕੋਲ ਹੀ ਚੱਲਦੇ ਹੋਏ ਟਿਊਬਵੈੱਲ ਦੇ ਚੁਬੱਚੇ ਦੇ ਠੰਡੇ ਕੋਸੇ ਪਾਣੀ ਵਿਚ ਤਾਰੀ ਲਾਉਂਣੀ ਤਾਂ ਜੋ ਸਕੂਨ ਅਤੇ ਠੰਡ ਪਿਆ ਕਰਦੀ ਸ਼ਾਇਦ ਲਫਜਾਂ ਵਿਚ ਬਿਆਨ ਕਰਨੀ ਸੰਭਵ ਨਾ ਹੋਵੇਂ..!
ਨਾਲ ਹੀ ਅੰਦਰੋਂ ਵਾਜ ਪੈ ਜਾਂਦੀ ਕੇ ਰੋਟੀ ਤਿਆਰ ਏ ਪੁੱਤਰਾ..!
ਤੇ ਫੇਰ ਮੰਜੇ ਤੇ ਪਈ ਥਾਲੀ ਵਿਚ ਪ੍ਰੋਸੀਆਂ ਹੋਈਆਂ ਕਈ ਤਰਾਂ ਦੀਆਂ ਅਣਮੁੱਲੀਆਂ ਵੰਨਗੀਆਂ ਦੇਖ ਦੋ ਘੰਟੇ ਮਾਰੇ ਪੈਡਲਾਂ ਦਾ ਥਕੇਵਾਂ ਖੰਬ ਲਾ ਕੇ ਫੁਰੱਰ ਹੋ ਜਾਇਆ ਕਰਦਾ!
ਫੇਰ ਸਿਲਸਿਲਾ ਸ਼ੁਰੂ ਹੁੰਦਾ ਪਿੰਡ ਦੇ ਲੋਕਾਂ ਦਾ ਉਚੇਚਾ ਮਿਲਣ ਆਉਣ ਦਾ ਸਿਲਸਿਲਾ..!
ਇੱਕ ਘਰ ਦਾ ਦੋਹਤਾ ਸਾਰੇ ਪਿੰਡ ਦਾ ਦੋਹਤਾ ਹੁੰਦਾ ਸੀ..ਫੇਰ ਦੇਰ ਰਾਤ ਤੱਕ ਕੋਠਿਆਂ ਤੇ ਡੱਠੀਆਂ ਮੰਜੀਆਂ ਤੇ ਪਿਆਂ ਉੱਪਰ ਵਿਛੀ ਤਾਰਿਆਂ ਦੀ ਚਾਦਰ ਵੇਖਦਿਆਂ ਕਦੋਂ ਨੀਂਦਰ ਪੈ ਜਾਣੀ ਉਹ ਫੇਰ ਕਦੀ ਸਾਂਝਾ ਕਰਾਂਗਾ ਪਰ ਹੁਣ ਸਿਰਫ ਏਨਾ ਹੀ ਕੇ..ਜਿੱਧਰ ਗਈਆਂ ਬੇੜੀਆਂ ਓਧਰ ਗਏ ਮਲਾਹ..ਆਪਹੁਦਰੀ ਦੇ ਦੌਰ ਵਿਚ ਹੁਣ ਮੰਨੇ ਕੌਣ ਸਲਾਹ..ਵਾਕਿਆ ਹੀ ਹੁਣ ਉਸ ਵੇਲੇ ਦੀਆਂ ਗੱਲਾਂ ਸੁਫਨਾ ਲੱਗਦੀਆਂ..ਉਹ ਸੁਫਨਾ ਜਿਹੜਾ ਬੱਸ ਕਦੀ ਕਦਾਈਂ ਹੀ ਵੇਖਣਾ ਨਸੀਬ ਹੁੰਦਾ!
ਹਰਪ੍ਰੀਤ ਸਿੰਘ ਜਵੰਦਾ