ਵਲੈਤ ਵਿੱਚ ਜਦੋਂ ਕਦੇ ਵੀ ਪੰਜਾਬ ਦੀ ਗੱਲ ਚੱਲਦੀ ਤਾਂ ਸਾਡਾ ਇਲਾਕਾ ਏਨੀ ਗੱਲ ਆਖ ਅਕਸਰ ਹੀ ਨਕਾਰ ਦਿੱਤਾ ਜਾਂਦਾ ਕੇ ਲੋਕ ਪੜਾਈ,ਰਹਿਣ ਸਹਿਣ ਅਤੇ ਸੋਚ ਪੱਖੋਂ ਅਜੇ ਵੀ ਕਾਫੀ ਪੱਛੜੇ ਹੋਏ ਨੇ..!
ਮੈਂ ਬਹੁਤੀ ਬਹਿਸ ਨਾ ਕਰਦੀ ਅਤੇ ਛੇਤੀ ਹੀ ਪਾਸੇ ਹੋ ਜਾਂਦੀ!
ਪਰ ਜਦੋਂ ਵੀ ਮੇਰਾ ਪੰਜਾਬ ਦਾ ਚੱਕਰ ਲੱਗਦਾ ਤਾਂ ਹਮੇਸ਼ਾਂ ਏਹੀ ਕੋਸ਼ਿਸ਼ ਰਹਿੰਦੀ ਕੇ ਅੰਮ੍ਰਿਤਸਰੋਂ ਛੀਨੇ ਤੱਕ ਦਾ ਸਫ਼ਰ ਰੇਲ ਗੱਡੀ ਵਿੱਚ ਹੀ ਕੀਤਾ ਜਾਂਵੇ..!
ਮੈਂ ਇਹ ਵੀ ਸੁਣ ਰੱਖਿਆ ਸੀ ਕੇ ਅੱਜ ਕੱਲ ਰਿਕਸ਼ੇ ਅਤੇ ਕੁੱਲੀ ਆਮ ਹੀ ਮਿਲ ਜਾਂਦੇ ਨੇ!
ਉਸ ਦਿਨ ਵੀ ਰੇਲਵੇ ਸਟੇਸ਼ਨ ਤੇ ਉੱਤਰਦਿਆਂ ਹੀ ਮੈਂ ਆਸੇ ਪਾਸੇ ਦੌੜਾਈ..ਮੇਰੇ ਨਾਲ ਹੀ ਹੇਠਾਂ ਉੱਤਰੀ ਇੱਕ ਹੋਰ ਸਵਾਰੀ ਤਾਂ ਓਸੇ ਵੇਲੇ ਹੀ ਡੰਡੀਓਂ-ਡੰਡੀ ਹੋ ਕੇ ਆਪਣੇ ਰਾਹ ਪੈ ਗਈ..ਪਰ ਕੁੱਲੀ ਲੱਭਦੀ ਮੈਂ ਕੱਲੀ ਰਹਿ ਗਈ!
ਮੇਰੇ ਕੋਲ ਦੋ ਅਟੈਚੀ ਅਤੇ ਦੋ ਵੱਡੇ ਬੈਗ ਸਨ..ਅਲੂਣੀ ਜਿਹੀ ਉਮਰ ਦਾ ਮੁੰਡਾ ਕੋਲ ਭੱਜਾ ਆਇਆ..ਮੋਢੇ ਟੰਗੇ ਪਰਨੇ ਨਾਲ ਮੂੰਹ ਪੂੰਝਦੇ ਹੋਏ ਨੇ ਸਤਿ ਸ੍ਰੀ ਅਕਾਲ ਬੁਲਾ ਦਿੱਤੀ!
ਮੇਰੇ ਬਾਰੇ ਪੁੱਛ ਆਖਣ ਲੱਗਾ ਜੀ ਪੰਜਾਹ ਰੁਪਈਏ ਦੇ ਦਿਓ ਜੀ..ਪਿੰਡ ਤੱਕ ਛੱਡ ਆਵਾਂਗੇ..!
ਮਨ ਵਿਚ ਸੋਚਿਆ “ਸਿਰਫ ਪੰਜਾਹ”..ਓਸੇ ਵੇਲੇਂ ਹਾਂ ਕਰ ਦਿੱਤੀ..!
ਉਸ ਨੇ ਓਹੀ ਪਰਨਾ ਸਿਰ ਤੇ ਬੰਨ ਲਿਆ ਤੇ ਨਾਲ ਹੀ ਥੋੜੀ ਦੂਰ ਰੁੱਖ ਹੇਠ ਬੈਠੇ ਇੱਕ ਹੋਰ ਬਜ਼ੁਰਗ ਨੂੰ ਵੀ ਵਾਜ ਮਾਰ ਕੋਲ ਸੱਦ ਲਿਆ..ਆਖਣ ਲੱਗਾ ਚਾਚਾ ਇਹ ਦੋ ਬੈਗ ਤੂੰ ਚੁੱਕ ਲੈ..!
ਉਸਦੀ ਇਹ ਹਰਕਤ ਮੈਨੂੰ ਬਹੁਤ ਅਜੀਬ ਅਤੇ ਭੈੜੀ ਲੱਗੀ ਤੇ ਮੈਂ ਆਪਮੁਹਾਰੇ ਹੀ ਆਖ ਉਠੀ..”ਭਲਾ ਆਹ ਕੀ ਗੱਲ ਹੋਈ..ਗੱਲ ਸਿਰਫ ਤੇਰੇ ਨਾਲ ਹੀ ਹੋਈ ਸੀ ਤੇ ਤੂੰ ਉਸ ਨੂੰ ਵੀ ਵਾਜ ਮਾਰ ਲਈ..ਮੈਂ ਤੇ...
ਨੀ ਦੇਣੇ ਕੋਈ ਵੱਖਰੇ ਪੈਸੇ..!
ਮੇਰੀ ਗੱਲ ਵਿੱਚੇ ਹੀ ਟੋਕਦਾ ਹੋਇਆ ਆਖਣ ਲੱਗਾ ਸਾਨੂੰ ਗਲਤ ਨਾ ਸਮਝਿਓ..ਤੁਹਾਥੋਂ ਪੰਜਾਹ ਹੀ ਲਵਾਂਗੇ ਪਰ ਆਪਸ ਵਿਚ ਅੱਧੇ ਅੱਧੇ ਵੰਡ ਲਵਾਂਗੇ..!
ਫੇਰ ਉਸ ਬਾਬੇ ਦੀ ਕਹਾਣੀ ਛੋਹ ਲਈ..!
ਅਖ਼ੇ ਮੈਂ ਰਿਹਾ ਛੜਾ ਸ਼ਟਾਂਗ..ਭੁੱਖਾ ਵੀ ਰਹਿ ਲਊਂ ਕਿਹੜਾ ਫਰਕ ਪੈ ਜਾਣਾ ਪਰ ਇਹ ਚਾਚੇ ਦਾ ਆਰ ਪਰਿਵਾਰ ਤੇ ਬੜਾ ਲੰਮਾ ਚੌੜਾ ਏ..ਤਿੰਨ ਚਾਰ ਦੋਹਤੇ ਪੋਤਰੀਆਂ ਦੀ ਜੁੰਮੇਵਾਰੀ ਇਸਦੇ ਸਿਰ ਤੇ ਹੀ ਏ..!
ਨਿੱਕੇ ਨਿੱਕੇ ਨਿਆਣਿਆਂ ਕੋਲੋਂ ਭੁੱਖ ਵੀ ਕਿਥੇ ਜਰੀ ਜਾਂਦੀ ਏ..ਉੱਤੋਂ ਹਾਅ ਉਮਰ..ਨਾ ਇਸਦਾ ਮੁੰਡਾ ਪੂਰਾ ਹੁੰਦਾ ਤੇ ਨਾ ਇਸਨੂੰ ਇਸ ਉਮਰੇ ਕੰਮ ਕਰਨਾ ਪੈਂਦਾ!
ਦੋ ਗੱਡੀਆਂ ਲੰਘ ਗਈਆਂ..ਕੋਈ ਸਵਾਰੀ ਨੀ ਉੱਤਰੀ..ਦਿਲ ਛੱਡੀ ਬੈਠਾ ਸੀ..ਆਖਦਾ ਸੀ ਕੇ ਅੱਜ ਤੇ ਆਟਾ ਵੀ ਹੈਨੀ ਆਥਣੇ ਪਕਾਉਣ ਨੂੰ..!
ਸਾਰਾ ਸਮਾਨ ਚੁੱਕੀ ਤੁਰਿਆ ਜਾਂਦਾ ਉਹ ਲਗਾਤਾਰ ਬੋਲਦਾ ਹੀ ਜਾ ਰਿਹਾ ਸੀ ਤੇ ਪਰਲ ਪਰਲ ਵਗੀ ਜਾਂਦੇ ਹੰਝੂਆਂ ਦੀ ਵੱਡੀ ਸਾਰੀ ਬਸੰਤ ਬਹਾਰ ਲੁਕਾਉਂਦੀ ਹੋਈ ਨੂੰ ਬਾਬੇ ਨਾਨਕ ਦੀ “ਵੱਸਦੇ ਰਹੋ ਤੇ ਉੱਜੜ ਜਾਓ” ਵਾਲੀ ਓਹੀ ਪੂਰਾਣੀ ਸਾਖੀ ਪਤਾ ਨੀ ਕਿਓਂ ਵਾਰ ਵਾਰ ਚੇਤੇ ਆਈ ਜਾ ਰਹੀ ਸੀ..!
ਮੁੜ-ਮੁੜ ਦਰਬਾਰ ਸਾਬ ਅੰਮ੍ਰਿਤਸਰ ਵੱਲ ਨੂੰ ਮੂੰਹ ਕਰ ਮੇਰੇ ਧੁਰ ਅੰਦਰੋਂ ਬੱਸ ਇੱਕੋ ਅਰਦਾਸ ਨਿੱਕਲ ਰਹੀ ਸੀ..ਹੇ ਵਾਹਿਗੁਰੂ ਪਦਾਰਥਵਾਦ ਦੇ ਘੋੜੇ ਤੇ ਚੜੀ ਜਾਂਦੀ ਇਹ ਦੁਨੀਆਂ ਭਾਵੇਂ ਜਿੰਨੀ ਮਰਜੀ ਤਰੱਕੀ ਕਰ ਲਵੇ ਪਰ ਮਾਝੇ ਦੀ ਪੱਛੜੀ ਆਖੀ ਜਾਂਦੀ ਇਹ ਸੋਚ ਆਪਣਾ ਮੁਹਾਂਦਰਾਂ ਕਦੇ ਵੀ ਨਾ ਬਦਲੇ!
ਹਰਪ੍ਰੀਤ ਸਿੰਘ ਜਵੰਦਾ