ਪੂਨਮ ਇਕਲੌਤੇ ਭਰਾ ਦੇ ਵਿਆਹ ਤੇ ਚਾਈਂ ਚਾਈਂ ਗਈ ਸੀ ..।
ਭਰਾ ਦੇ ਵਿਆਹ ਦਾ ਗੋਡੇ ਗੋਡੇ ਚਾਅ ਚੁੱਕੀ ਫਿਰਦੀ ਕਦੇ ਵਰੀ ਬਣਾਉਂਦੀ , ਕਦੇ ਸ਼ਗਨਾਂ ਦਾ ਸਮਾਨ ਇਕੱਠਾ ਕਰਦੀ ਭੱਜੀ ਫਿਰਦੀ ਸੀ ।
ਮਾਈਆਂ ਲੱਗਣ ਵੇਲੇ ਨੂੰ ਆਵਦੇ ਪਤੀ ਨਾਲ ਸੱਜ ਧੱਜ ਕੇ ਭਰਾ ਦੇ ਵਿਆਹ ਤੇ ਗਈ ਸੀ । ਸਰਦਾਰ ਸਿਹੁੰ ਨੂੰ ਵੀ ਸਹੁਰੇ ਘਰ ਪਹਿਲਾ ਵਿਆਹ ਸੀ ਉਹ ਦੋਵੇਂ ਬਹੁਤ ਖੁਸ਼ ਸਨ ।
ਬੜੀ ਸ਼ਾਨ ਵਾਲਾ ਸਰਦਾਰ ਹੈ ਮੇਰਾ .. ਪੂਨਮ ਆਵਦੀਆਂ ਸਹੇਲੀਆਂ ਨੂੰ ਦੱਸਦੀ ਫਿਰਦੀ ਸੀ .. !
ਪਿੰਡ ਵਿੱਚੋਂ ਸ਼ਰੀਕੇ ਭਾਈਚਾਰੇ ਦੇ ਮੁੰਡੇ ਖੁੰਡੇ ਹੱਸਦੇ ਖੇਡਦੇ ਪੂਨਮ ਦੇ ਭਰਾ ਦੇ ਵਿਆਹ ਵਿੱਚ ਕੰਮ ਕਰ ਰਹੇ ਸਨ ।
ਉਹ ਪਾਸੇ ਬੈਠਾ ਵਿਆਹ ਵਿੱਚ ਸ਼ਾਮਿਲ ਹੋਏ ਰਿਸ਼ਤੇਦਾਰਾਂ ਨਾਲ ਗੱਲਾਂਬਾਤਾਂ ਕਰਦਾ ਤੇ ਅੱਖ ਵਿਆਹ ਵਿੱਚ ਫਿਰਦੀ ਪੂਨਮ ਵੱਲ ਵੀ ਰੱਖ ਰਿਹਾ ਸੀ ।
ਉਹ ਅੱਲੜ੍ਹ ਜਿਹੀ , ਚੰਚਲ ਸੁਭਾਅ ਦੀ ਮੁਸਕਰਾਹਟਾਂ ਬਿਖੇਰਦੀ ਫੁੱਲ ਵਾਂਗ ਖਿੜੀ ਰਾਤ ਨੂੰ ਗਿੱਧਾ ਪਾਉਣ ਲਈ ਸਾਰੀਆਂ ਔਰਤਾਂ ਨੂੰ ਇਕੱਠੀਆਂ ਕਰ ਲਿਆਈ । ਸਾਰੀਆਂ ਬੋਲੀਆਂ ਪਾ ਪਾ ਕੇ ਨੱਚਣ ਲੱਗੀਆਂ ਤੇ ਦਿਉਰਾਂ , ਜੇਠਾਂ , ਜੀਜਿਆਂ ਨੂੰ ਮਸ਼ਕਰੀਆਂ ਕਰਦੀਆਂ ਆਨੰਦ ਮਾਣ ਰਹੀਆਂ ਸਨ । ਸ਼ਰੀਕੇ ਵਿੱਚੋਂ ਕੰਮ ਤੇ ਸੱਦੇ ਮੁੰਡੇ ਵੀ ਗਿੱਧੇ ਵਿੱਚ ਨੱਚਣ ਕੁੱਦਣ ਲੱਗੇ ।
“ਸਹੁਰੇ ਕੈਦ ਹੋਈ , ਨਾ ਡਾਕਾ ਨਾ ਚੋਰੀ
ਟੁੱਟੀਆਂ ਮੁਹੱਬਤਾਂ ਨੂੰ , ਤੱਕੀਏ ਚੋਰੀ ਚੋਰੀ “
ਜਿਉਂ ਹੀ ਬੋਲੀ ਪਾ ਕੇ ਪੂਨਮ ਨੱਚਣ ਲੱਗੀ ਤਾਂ ਪੂਨਮ ਦੀ ਆਵਾਜ ਸੁਣ ਸਰਦਾਰ ਸਿਹੁੰ ਵੀ ਉੱਠ ਖੜਾ ਗਿੱਧਾ ਵੇਖਣ ਲੱਗਾ ..।
ਸ਼ਰੀਕੇ ਚੋਂ ਚਾਚੇ ਦਾ ਪੁੱਤ ਲੱਗਦਾ ਮੁੰਡਾ ਪੂਨਮ ਨਾਲ ਨੱਚਣ ਲੱਗਾ । ਜਿਉ ਹੀ ਸਰਦਾਰ ਸਿਹੁੰ ਨੇ ਬੋਲੀ ਸੁਣੀ ਤੇ ਪੂਨਮ ਨਾਲ ਨੱਚਦੇ ਮੁੰਡੇ ਨੂੰ ਤੱਕਿਆ ਤਾਂ ਬੋਲ ਤੀਰ ਵਾਂਗੂੰ ਸਿੱਧੇ ਸਰਦਾਰ ਸਿਹੁੰ ਨੂੰ ਛੱਲਣੀ ਕਰ ਗਏ । ਚਿਹਰਾ ਭਖ ਗਿਆ ..ਪਰ ਸਹਿਜ ਨਾਲ ਪੂਨਮ ਨੂੰ ਤੱਕਦਾ ਰਿਹਾ ।
ਰਾਤ ਨੂੰ ਮਨ ਦੇ ਵਲਵਲੇ ਅਜੀਬੋ ਗਰੀਬ ਤੂਫਾਨ ਵਾਂਗ ਉੱਠਣ ਲੱਗੇ । ਪਰ ਬਿੱਲਕੁਲ ਨਾ ਕੁਸਕਿਆ । ਮੁੱਛ ਡਿੱਗੀ ਮਹਿਸੂਸ ਕਰਨ ਲੱਗਾ ..।
ਸ਼ਾਇਦ ਵਿਆਹ ਵਿੱਚ ਰੰਗ ਵਿੱਚ ਭੰਗ ਨਹੀਂ ਪਾਉਣਾ ਚਾਹੁੰਦਾ ਸੀ ।
ਅਗਲੇ ਦਿਨ ਬਰਾਤ ਲਈ ਸਾਰੇ ਤਿਆਰ ਹੋ ਰਹੇ ਸਨ ਤਾਂ ਪੂਨਮ ਕੋਲ ਆਪਣੇ ਕੱਪੜੇ ਲੈਣ ਆਇਆ ਤਾਂ ਉਸੇ ਮੁੰਡੇ ਕੋਲ ਪੂਨਮ ਨੂੰ ਗੱਲਾਂ ਕਰਦੀ ਖੜੇ ਵੇਖ ਫਿਰ ਜਰ ਗਿਆ ।
ਤਿਆਰ ਹੋ ਕੇ ਬਰਾਤ ਗਿਆ , ਸਾਰੇ ਸ਼ਗਨ ਵਿਹਾਰ ਕਰਦਾ ਕਲਪਦੇ ਖਿਆਲਾਂ ਦੇ ਗਹਿਰੇ ਸਮੁੰਦਰ ਵਿੱਚ ਡੁੱਬਿਆ ਚੁੱਪ-ਚਾਪ ਰਿਹਾ ।
ਵਿਆਹ ਤੋਂ ਅਗਲੇ ਦਿਨ ਸਭ ਤੋਂ ਵਿਦਾਈ ਲੈ ਆਪਣੇ ਘਰ ਪਹੁੰਚ ਗਿਆ ਪੂਨਮ ਨੂੰ ਨਾਂਹੀ ਨਾਲ ਜਾਣ ਨੂੰ ਕਿਹਾ ਤੇ ਨਾ ਰਹਿਣ ਨੂੰ ਕਿਹਾ।
ਘਰ ਜਾ ਕੇ ਆਵਦੇ ਪਿਉ ਨੂੰ ਸਾਰੀ ਗੱਲ ਦੱਸ ਦਿੱਤੀ ..।
ਪੂਨਮ ਨੇ ਸਮਝਿਆ ਵਿਆਹ ਕਰਕੇ ਪੇਕਿਆਂ ਘਰ ਛੱਡ ਗਿਆ ਹੈ ।
“ਹੱਦੋਂ ਵੱਧ ਕੀਤਾ ਪਿਆਰ ਅਤੇ ਲਾਡ ਕਈ ਵਾਰ ਗਲਤੀਆਂ ਨੂੰ ਪਹਿਲ ਦਿੰਦੇ ਅਤੇ ਪ੍ਰਵਾਹ ਰਹਿਤ ਹੋ ਜਾਂਦੇ ਹਨ “
ਜਦੋਂ ਵਿਆਹ ਨੂੰ ਦੱਸ ਦਿਨ ਬੀਤ ਗਏ ਤਾਂ ਸਰਦਾਰ ਸਿਹੁੰ ਪੂਨਮ ਨੂੰ ਲੈਣ ਨਾ ਗਿਆ । ਉਡੀਕ ਤੋਂ ਬਾਅਦ ਪੂਨਮ ਆਪਣੇ ਪਿਉ ਦੇ ਨਾਲ ਸਹੁਰੇ ਘਰ ਆ ਗਈ ।
ਉਸ ਨੂੰ ਕੁਂਝ ਯਾਦ ਚੇਤਾ ਵੀ ਨਹੀਂ ਸੀ । ਜਿਉ ਹੀ ਸਰਦਾਰ ਸਾਹਿਬ ਨੇ ਪੂਨਮ ਨੂੰ ਆਈ ਵੇਖਿਆ, ਚੁੱਪ ਰਿਹਾ , ਉਸਦੀ ਕਿਸੇ ਗੱਲ ਦਾ ਹੁੰਗਾਰਾ ਨਾ ਭਰਿਆ ਘਰ ਵਿੱਚ ਪਾਸੇ ਟਲਣ ਲੱਗਾ ।
ਸਿਆਣੇ ਮਰਦ ਘੱਟ ਬੋਲਣ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਮੌਕਾ ਵੇਖ ਗੱਲ ਕਰਦੇ ਹਨ ..।
ਚਿਹਰੇ ਦੀ ਉਦਾਸੀ ਤੋਂ ਪੂਨਮ ਨੇ ਭਾਂਪ ਲਿਆ ਸੀ ਕੇ ਜਰੂਰ ਕੁਝ ਗੱਲਤ ਹੋਣ ਵਾਲਾ ਹੈ ।
“ਇਹ ਜਿੰਦਗੀ ਕਿੱਥੇ ਐਡੀ ਵਫਾ ਹੁੰਦੀ ਹੈ ..ਹਰ ਕਦਮ ਫੂਕ ਫੂਕ ਕੇ ਰੱਖਣਾ ਪੈਂਦਾ ਹੈ ..। “
ਪੂਨਮ ਨੇ ਬਹੁਤ ਮਿੰਨਤਾਂ ਤਰਲਿਆਂ ਰਾਹੀਂ ਉਦਾਸੀ ਦੀ ਵਜ਼ਾ ਪੁੱਛਣੀ ਚਾਹੀ ..ਪਰ ਉਹ ਖਾਮੋਸ਼ ਰਿਹਾ ।
ਕਈ ਦਿਨ ਇੱਕ ਦੂਜੇ ਨੂੰ ਬਿਨ ਬੁਲਾਏ ਲੰਘ ਗਏ ।
ਜਦੋੰ ਪੂਨਮ ਰੋਣ ਕੁਰਲਾਉਣ ਲੱਗੀ ਤਾਂ ਸਰਦਾਰ ਸਿਹੁੰ ਨੇ ਸਾਫ ਸ਼ਬਦਾਂ ਵਿੱਚ ਪੂਨਮ ਨੂੰ ਕਹਿ ਦਿੱਤਾ ਕਿ “ਇਹ ਮੇਰਾ ਅੰਤਿਮ ਫੈਸਲਾ ਹੈ ..
ਮੈਂ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ …ਤੇਰੀ ਅਤੇ ਮੇਰੀ ਮੱਤ ਵਿੱਚ ਬਹੁਤ ਫਰਕ ਹੈ ..।”
“ਅਕਲਾਂ ਬਹੁਤ ਗਹਿਰੀਆਂ ਵੀ ਹੁੰਦੀਆਂ ਹਨ ਅਤੇ ਹੋਛੀਆਂ ਵੀ ਹੁੰਦੀਆਂ ਹਨ ਇਹਨਾਂ ਵਿਚਕਾਰ ਸੰਤੁਲਨ ਬਣਾਉਣਾ ਬਹੁਤ ਔਖਾ ਹੈ ਕਹਿ ਥੋੜ੍ਹਾ ਬੇਬਾਕ ਹੋਇਆ ..”
“ਮੈਂ ਤੈਨੂੰ ਆਵਦਾ ਪਹਿਲਾ...
ਪਿਆਰ ਸਮਝ ਆਪਾਂ ਸਮਰਪਣ ਕੀਤਾ ਸੀ …ਜਿੰਦਗੀ ਦੀ ਰਾਣੀ ਬਣਾਇਆ ਸੀ ਪਰ ਤੁਸੀਂ…”
ਤੁਸੀਂ ਔਰਤਾਂ ਐਨੀ ਔਕਾਤ ਦੀਆਂ ਮਾਲਿਕ ਕਦੋਂ ਹੁੰਦੀਆਂ ..ਜਿਹੜੀਆਂ ਆਵਦੇ ਪਿਛਲੇ ਯਾਰਾਂ ਨੂੰ ਭੁੱਲ ਜਾਵੋ , ਭਾਵੇਂ ਮਰਦ ਪੱਟ ਦਾ ਮਾਸ ਖਵਾ ਦੇਵੇ ..?? “
“ਤੇਰੀ ਵਜਾ ਨਾਲ ਮੇਰੀ ਮੁੱਛ ਨੀਵੀਂ ਹੋਈ ਹੈ ਮੈਂ ਕਦੇ ਬਰਦਾਸ਼ਿਤ ਨਹੀਂ ਕਰ ਸਕਦਾ …”
ਜਦੋਂ ਪੂਨਮ ਨੇ ਹੋਣ ਵਾਲੇ ਬੱਚੇ ਬਾਰੇ ਪੁੱਛਿਆ ਤਾਂ ਸਰਦਾਰ ਸਿਹੁੰ ਨੇ ਸਾਫ ਇਨਕਾਰ ਕਰ ਦਿੱਤਾ ਕਿ ਮੇਰੀ ਤੇਰੇ ਤੇ ਇਸ ਬੱਚੇ ਨਾਲ ਕੋਈ ਸਾਂਝ ਨਹੀਂ ਹੈ ।
ਘਰ ਵਿੱਚ ਕਲ ਕਲੇਸ਼ ਵੱਧ ਗਿਆ , ਪੰਚਾਇਤਾਂ ਹੋਈਆਂ ਪਰ ਸਰਦਾਰ ਸਿਹੁੰ ਇੱਕ ਫੈਸਲੇ ਤੇ ਬਜਿੱਦ ਰਿਹਾ ।
ਅੰਤ ਪੂਨਮ ਪੇਕੇ ਘਰ ਚਲੀ ਗਈ ..ਕਈ ਮਹੀਨੇ ਰਹੀ । ਮੁੰਡੇ ਨੇ ਜਨਮ ਲਿਆ । ਨਾ ਸਰਦਾਰ ਸਿਹੁੰ ਵੇਖਣ ਗਿਆ ਅਤੇ ਨਾਂ ਹੀ ਕਿਸੇ ਪਰਿਵਾਰਿਕ ਮੈਂਬਰ ਨੂੰ ਜਾਣ ਦਿੱਤਾ ।
ਜਦੋਂ ਮੁੰਡਾ ਦੋ ਮਹੀਨੇ ਦਾ ਹੋਇਆ ਤਾਂ ਪੂਨਮ ਫਿਰ ਆਪਣੇ ਪਿਉ ਨਾਲ ਸਹੁਰੇ ਘਰ ਆ ਗਈ ।
ਸਰਦਾਰ ਸਿਹੁੰ ਨੂੰ ਉਸ ਦੇ ਪਿਉ ਨੇ ਬਹੁਤ ਸਮਝਾਇਆ, “ ਕਿ ਪੁੱਤਰਾਂ ..!
“ ਸਾਡੇ ਖਾਨਦਾਨ ਨੂੰ ਕਿਸੇ ਧੀ-ਭੈਣ ਨੂੰ ਛੱਡਣਾ ਸ਼ੋਭਾ ਨਹੀਂ ਦਿੰਦਾ, ਮੈਂ ਅਜਿਹਾ ਨਹੀਂ ਕਰ ਸਕਦਾ ..”
ਸਰਦਾਰ ਸਿਹੁੰ ਨੇ ਆਪਣੇ ਪਿਉ ਨੂੰ ਜਵਾਬ ਦਿੱਤਾ ਕਿ ਮੈਂ ਗੁਨਾਹ ਨਹੀਂ ਮਾਫ ਕਰ ਸਕਦਾ ..” ਦੋਨਾਂ ਵਿਚਾਲੇ ਜਿੱਦ ਦੀ ਕੰਧ ਹੋਰ ਉੱਚੀ ਹੋ ਗਈ …ਦੋਵੇਂ ਆਪਣੇ ਆਪਣੇ ਵਿਚਾਰਾਂ ਉੱਤੇ ਬਜਿੱਦ ਰਹੇ ..।
ਸਰਦਾਰ ਸਿਹੁੰ ਹੱਦੋਂ ਵੱਂਧ ਸੁਨੱਖਾ , ਸਹਿਜ ਵਾਲਾ ਪੜ੍ਹਿਆ , ਲਿਖਿਆ ਅਂਣਂਖੀ ਸਿਆਣਾ ਮਰਦ ਸੀ ਆਪਣੇ ਹਾਣ ਦੀ ਕੁੜੀ ਲੱਭਦਿਆਂ ਪੈਂਤੀ ਵਰ੍ਹਿਆਂ ਦਾ ਹੋ ਗਿਆ ਸੀ .. ਜਦੋਂ ਪੂਨਮ ਦਾ ਰਿਸ਼ਤਾ ਕਰਨ ਪੂਨਮ ਦਾ ਪਿਉ , ਭਰਾ ਅਤੇ ਵਿਚੋਲਾ ਆਏ ਸਨ ਤਾਂ ਸਰਦਾਰ ਸਿਹੁੰ ਹੁਰਾਂ ਨੇ ਆਵਦੇ ਪੱਖ ਬੇਝਿਜਕ ਮੂਹਰੇ ਰੱਖ ਦਿੱਤੇ ਸਨ ।
ਸਾਰੀ ਗੱਲ ਖੋਲ੍ਹ ਲਈ ਸੀ ਕਿ ਘੱਟ ਪੜਾਈ ਮਨਜੂਰ ਹੈ ਪਰ ਘਰ ਦੀ ਸ਼ਾਨ ਸਮਝਣ ਵਾਲੀ ਕੁੜੀ ਹੋਣੀ ਚਾਹੀਦਾ ਹੈ ..ਬਿਨ ਲਾਲਚਾਂ ਪੂਨਮ ਨਾਲ ਵਿਆਹ ਤਹਿ ਹੋਇਆ ਸੀ … . ।
ਜਦੋਂ ਸਰਦਾਰ ਸਿਹੁੰ ਦੇ ਪਿਉ ਨੇ ਆਵਦੀ ਬੇਵਸੀ ਦਾ ਵਾਸਤਾ ਪਾਇਆ ਤਾਂ ਪੂਨਮ ਨੂੰ ਸਾਰੀ ਗੱਲ ਸਮਝਾ ਕੇ ਘਰੇ ਰੱਖ ਲਿਆ ।
“ਕਈ ਵਾਰੀ ਬੇਵਿ਼ਸਵਾਸ਼ੀਆਂ , ਗੁਨਾਹਾਂ ਦੀ ਸਜਾ ਨਵ-ਜਨਮਿਆਂ ਨੂੰ ਵਿਰਸੇ ਵਿੱਚੋਂ ਮਿਲਦੀ ਐ.. ਸਾਰੀ ਉਮਰਾਂ ਦੇ ਲਈ ਉਹ ਮਾਸੂਮ ਮਨਹੂਸ ਹੋ ਜਾਂਦੇ ਹਨ ..”
ਕੁਝ ਕੁ ਦਿਨਾਂ ਬਾਅਦ ਸਰਦਾਰ ਸਿਹੁੰ ਨੇ ਆਪਣੇ ਪਿਉ ਤੋਂ ਆਪਣੇ ਹਿੱਸੇ ਦੀ ਜਮੀਨ ਵੰਡਵਾ ਲਈ ।
ਕੁਝ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਪੂਨਮ ਨਾਲ ਤਲਾਕ ਲਿਖ ਲਿਆ .. ਆਵਦੇ ਹਿੱਸੇ ਦੀ ਅੱਧੀ ਜਮੀਨ ਪਿਉ ਨੂੰ ਦੇ ਗਿਆ ..ਜੋ ਪੂਨਮ ਦੇ ਹਿੱਸੇ ਦੀ ਸੀ .. ਤੇ ਆਪ ਸਰਦਾਰ ਸਿਹੁੰ ਪਿੰਡ ਛੱਡ ਦੂਰ ਅਣਦੱਸੀ ਥਾਂ ਚਲਾ ਗਿਆ ..।
ਹੁਣ ਪੂਨਮ ਤੇ ਉਸਦਾ ਪੁੱਤ ਦੋਵੇਂ ਸਹੁਰੇ ਦੇ ਸਹਾਰੇ ਸਹੁਰੇ ਘਰ ਰਹਿਣ ਲੱਗੇ ..।
ਵਕਤ ਬੀਤਦਾ ਗਿਆ ..ਪੂਨਮ ਦੀ ਉਦਾਸੀ ਇਕੱਲਤਾ ਦੇ ਸਾਏ ਹੇਠ ਪਛਤਾਵਾ ਗੁਨਾਹ ਬਣ ਦੁਆਲੇ ਘੁੰਮਣ ਲੱਗੀ..।
ਬੱਚਾ ਪਿਉ ਦੇ ਪਿਆਰ ਤੋਂ ਵਿਰਵਾ ਰਿਹਾ ।
ਮਾਂ ਦੀ ਅਣਜਾਣ ਪੁਣੇ ਦੀ ਗਲਤੀ ਪੁੱਤ ਲਈ ਸਜਾ ਹੋ ਗਈ ।
ਸਰਦਾਰ ਸਿਹੁੰ ਸਾਲ ਬਾਅਦ ਪਿੰਡ ਆਉਦਾ ..ਠੇਕੇ ਦੇ ਪੈਸੇ ਲੈਂਦਾ ਤੇ ਵਾਪਿਸ ਚਲਾ ਜਾਂਦਾ ।
ਘਰਦਿਆਂ ਤੋਂ ਦੂਰ ਨੂੰ ਹੋ ਕੇ ਉੱਥੇ ਉਸਨੇ ਵਿਆਹ ਹੋਰ ਕਰਵਾ ਲਿਆ ..ਉੱਧਰ ਸਰਦਾਰ ਸਿਹੁੰ ਦੇ ਪਿਉ ਨੇ ਆਪਣੇ ਹਿੱਸੇ ਨੂੰ ਪੋਤੇ ਤੇ ਨੂੰਹ ਦੇ ਨਾਮ ਕਰਵਾ ਦਿੱਤਾ ।
ਪੂਨਮ ਦੀ ਜੱਗ ਜਾਹਿਰ ਹੋਈ ਗਲਤੀ , ਜਿਸ ਨੂੰ ਸਰਦਾਰ ਸਿਹੁੰ ਬੇਵਫਾਈ ਕਹਿ ਰਿਹਾ ਸੀ ..ਨੇ ਕਈ ਜਿੰਦਗੀਆਂ ਦੇ ਸਜਾਏ ਸੁਫਨਿਆਂ ਦੇ ਮਹਿਲਾਂ ਨੂੰ ਪਲਾਂ ਵਿੱਚ ਤਹਿਸ ਨਹਿਸ ਕਰ ਦਿੱਤਾ ਸੀ । ਪੂਨਮ ਦੀ ਗਲਤੀ ਦਾ ਸੇਕ ਕਈ ਜ਼ਿੰਦਗੀਆਂ ਨੂੰ ਸਹਿਣ ਕਰਨਾ ਪਿਆ ..।
“ਮਰਦਾਂ ਦੇ ਦਿ੍ਰੜ ਇਰਾਦੇ ਨਾਂਹੀ ਗਲਤੀ ਕਰਨ ਦੀ ਗੁੰਜਾਇਸ਼ ਰੱਖਦੇ ਹਨ ਅਤੇ ਨਾ ਹੀ ਗਲਤੀ ਮੁਆਫ ਕਰਦੇ ਹਨ “
“ਅਣਖੀ ਮਰਦਾਂ ਲਈ ਇਹ ਚੰਚਲ ਸੁਭਾਅ ਦੀਆਂ ਔਰਤਾਂ ਚੁਣੌਤੀ ਬਣ ਜਾਂਦੀਆਂ ਨੇ .. ਅਣਖੀਲਾ ਮਰਦ ਕਿਵੇਂ ਉਹਨਾਂ ਔਰਤਾਂ ਦੀਆਂ ਗਲਤੀਆਂ ਨਾਲ ਨਿਬੜਦਾ ਹੈ .. ਇਹ ਉਸਦੀ ਅਣਖ ਨਾਲ ਖੜ੍ਹੀ ਮੁੱਛ ਹੀ ਤਹਿ ਕਰਦੀ ਹੈ .. ? “