More Punjabi Kahaniya  Posts
ਪਰਾਈ


ਬਚਪਨ ‘ਚ ਕਹਿੰਦੀ ਸੀ,ਮੇਰਾ ਘਰ ਸਭ ਤੋਂ ਪਿਆਰਾ।ਹਰੇਕ ਨਿੱਕੀ ਨਿੱਕੀ ਚੀਜ਼ ਨਾਲ਼ ਮੋਹ..।ਸਜਾਉਣ ਲਈ ਹਜ਼ਾਰਾਂ ਵਸਤਾਂ ਕੱਠੀਆਂ ਕਰਨੀਆਂ,ਕਦੇ ਸਾਫ਼ ਸਫ਼ਾਈ ‘ਚ ਕਮੀ ਨਾ ਆਉਣ ਦੇਣੀ।ਪਿੰਡ ਦੀ ਮਿੱਟੀ ਦੀ ਮਹਿਕ ਜਿਵੇਂ ਸਾਹਾਂ ‘ਚ ਵਸੀ ਹੋਣੀ।ਆਹ ਵੀ ਮੇਰਾ,ਅੌਹ ਵੀ ਮੇਰਾ..ਕਰਦੀ ਕਰਦੀ ਪਤਾ ਨੀੰ ਲੱਗਿਆ ਕਦੋਂ ਵਿਹੜੇ ਬਰਾਤ ਆਣ ਢੁਕੀ।
ਚਾਚੀਆਂ ਤਾਈਆਂ ਕਹਿਣ,”ਲੈ ਕੁੜੇ!ਅੱਜ ਤਾਂ ਪਰਾਈ ਹੋ ਗੀ ਤੂੰ ..”
“ਨਾ ਤਾਈ ਪਰਾਈ ਕਿਉਂ ?ਮੇਰੇ ਤੋਂ ਸਗੋਂ ਦੋ ਘਰ ਹੋ ਗੇ ।ਮੇਰਾ ਤਾਂ ਸਰੀਰ ਚੱਲਿਆ ਦੂਜੇ ਘਰੇ।ਰੂਹ ਤਾਂ ਇੱਥੇ ਹੀ ਰਹੂ।”
ਸਹੁਰੇ ਘਰ ਨੂੰ ਪਿਆਰ ਨਾਲ਼ ਅਪਣਾਇਆ ਪਰ ਮੈਂ ਪਰਾਈ ਨਾ ਹੋਈ।ਸੁਰਤ ਮਾਂ ਬਾਬਲ ‘ਚ ਰਹਿੰਦੀ ।ਪੇਕੇ ਜਾਣ ਦਾ ਚਾਅ ਸਾਂਭਿਆ ਨਾ ਜਾਂਦਾ।
ਵੀਰ ਵਿਆਹ ਲਿਆ।ਸੋਚਿਆ ਮਾਪਿਆਂ ਦਾ ਫ਼ਿਕਰ ਕਰਨ ਵਾਲ਼ੀ ਆ ਗਈ। ਮੇਰੀ ਚਿੰਤਾ ਘਟ ਜੂ ਹੁਣ।
ਪੇਕੇ ਘਰ ਦੀ ਮੇਰੀ ਅਲਮਾਰੀ…।ਹਜ਼ਾਰਾਂ ਯਾਦਾਂ ਸਾਂਭੀਆਂ ਸੀ ਉਸ ਵਿੱਚ।ਇੱਕ ਦਿਨ ਪਤਾ ਲੱਗਾ ਕਿ ਓਹਨਾਂ ਨੂੰ ਅਲਮਾਰੀ ਦੀ ਲੋੜ ਹੈ।ਪੁੱਛਣ ਤੇ ਕਹਿ ਦਿੱਤਾ ਕਿ ਖਾਲੀ ਕਰ ਦਿਓ।ਬੇਜਾਨ ਵਸਤਾਂ ਨਾਲ਼ ਭਲਾ ਕਾਹਦਾ ਪਿਆਰ।?ਜਿਉਂਦੇ ਜਾਗਦਿਆਂ ਦੀ ਫ਼ਿਕਰ ਕਰੀਦੀ ਹੁੰਦੀ।ਇੱਕ ਅਲਮਾਰੀ ਖਾਲੀ ਹੋਣ ਨਾਲ਼ ਮੈਂ ਪਰਾਈ ਥੋੜ੍ਹਾ ਹੋਣਾ ਸੀ।
ਪੇਕੇ ਗਈ ਨੂੰ ਮਾਂ ਨੇ ਕਿੰਨੇ ਸਾਰੇ ਸੂਟ ਲੈ ਦੇਣੇ।ਨਾਂਹ ਨਾਂਹ ਕਰਦਿਆਂ ਬਾਪ ਨੇ ਹੱਥ ਕਿੰਨੇ ਸਾਰੇ ਰੁਪਏ ਫੜਾ ਦੇਣੇ।
ਭਰਜਾਈ ਤੋਂ ਬਰਦਾਸ਼ਤ ਨੀੰ ਹੋਇਆ ਸ਼ਾਇਦ।
ਕਹਿੰਦੀ, “ਭੈਣੇ ਘਰ ਦੀ ਹਾਲਤ ਠੀਕ ਨਹੀੰ।ਸਮਾਨ ਘੱਟ ਲੈ ਕੇ ਜਾਇਆ ਕਰ”
ਤਾਂ ਵੀ ਸਿਰਫ਼ ਏਨਾ ਕਿਹਾ,”ਚੰਗਾ..”
ਸੋਚਿਆ ਸੱਚੀੰ ਕੋਈ ਮਜਬੂਰੀ ਹੋਣੀ,ਜੋ ਓਹਨੂੰ ਇਹ ਕਹਿਣਾ ਪਿਆ।
ਨਾਲ਼ੇ ਮੈੰ ਸਮਾਨ ਤੋਂ ਕੀ ਲੈਣਾ।ਮੈਂ ਪਿਆਰ ਦੀ ਮਾਰੀ ਆਉਨੀੰ।ਚੱਲ ..ਅੱਗੇ ਤੋਂ ਕੋਈ ਬਹਾਨਾ ਮਾਰ ਦਿਆ ਕਰੂੰ ।”
ਪਰ ਮੈਂ ਪਰਾਈ ਨਾ ਹੋਈ।
ਫ਼ੇਰ ਇੱਕ ਦਿਨ ਸੁਨੇਹਾ ਆਇਆ ਬਾਬਲ ਦੇ ਤੁਰ ਜਾਣ ਦਾ। ਵੱਡਾ ਸਹਾਰਾ ਤੁਰ ਗਿਆ ਪਰ ਸੋਚਿਆ ਮਾਂ,ਭਰਾ,ਭਰਜਾਈ ਨਾਲ਼ ਵੀ ਪੇਕੇ ਹੁੰਦੇ ।ਜ਼ਿੰਦਗੀ ਹੌਲ਼ੀ ਹੌਲ਼ੀ ਲੀਹ ਤੇ ਲਿਆਂਦੀ ਤੇ ਮੈਂ ਪਰਾਈ ਨਾ ਹੋਈ।
ਭਤੀਜੀ ਦੇ ਜਨਮ ਤੇ ਚਾਅ ਚੜ ਗਿਆ।ਢੇਰਾਂ ਸੁਪਨੇ ਲੈ ਲਏ..ਇੰਝ ਖਡਾਊੰ..ਆਹ ਕਰੂੰ ..ਔਹ ਕਰੂੰ ਤੇ ਸੋਹਣਾ ਜਾ ਨਾਂ ਰੱਖੂੰ..”
ਮਾਂ ਨੂੰ ਚਾਅ ਨਾਲ਼ ਫ਼ੋਨ ਲਾਇਆ...

,”ਨਾਂ ਕੀ ਰੱਖਣਾ ਫੇਰ?”
“ਨਾਂ ਤਾਂ ਪੁੱਤ ਰੱਖ ਲਿਆ..”
“ਅੱਛਾ?ਚੱਲ ਵਧੀਆ ਹੋਇਆ..” ਕਹਿ ਕੇ ਫ਼ੋਨ ਰੱਖ ਦਿੱਤਾ।ਮਨ ‘ਚ ਚੀਸ ਤਾਂ ਉੱਠੀ ਕਿ ਇੱਕ ਵਾਰੀ ਪੁੱਛ ਤਾਂ ਲੈਂਦੇ ।ਪਰ ਮੈਂ ਪਰਾਈ ਨਾ ਹੋਈ।ਹਜ਼ਾਰਾਂ ਦੁਆਵਾਂ ਦਿੱਤੀਆਂ ਓਹਨੂੰ।
ਇੱਕ ਵਾਰ ਪੇਕੇ ਗਈ ਤਾਂ ਮਾਹੌਲ ਕੁਝ ਤਲਖ ਜਿਹਾ ਲੱਗਿਆ।ਪੁੱਛਿਆ ਤਾਂ ਮਾਂ ਨੇ ਕਿਹਾ,”ਇਹ ਸਾਡੇ ਘਰ ਦਾ ਮਾਮਲਾ।ਆਪੇ ਸੁਲਝਾ ਲਾਂ ਗੇ।ਤੂੰ ਫ਼ਿਕਰ ਨਾ ਕਰ।”
ਮਨ ‘ਚ ਸੋਚਿਆ,” ਮਤਲਬ ਮੇਰਾ ਘਰ ਨੀਂ ਇਹ?ਊੰ ਤਾਂ ਮਾਂ ਨੇ ਸਿਆਣੀ ਗੱਲ ਕੀਤੀ।ਮੇਰੇ ਦਖਲ ਨਾਲ਼ ਮਾਮਲਾ ਵਿਗੜ ਵੀ ਸਕਦਾ ਸੀ।ਮੇਰਾ ਆਪਣਾ ਪਰਿਵਾਰ ਹੀ ਆ।” ਤੇ ਓਦੋੰ ਵੀ ਮੈਂ ਪਰਾਈ ਨਾ ਹੋਈ।
ਨਿੱਕੀਆਂ ਨਿੱਕੀਆਂ ਗੱਲਾਂ ਕਦੇ ਦਿਲ ਤੇ ਨਾ ਲਾਈਆਂ।ਹੱਸਦੇ ਖੇਡਦੇ ਪੰਦਰਾਂ ਵਰੇ ਲੰਘ ਗਏ।ਪੇਕੇ ਜਾਣਾ ਤਾਂ ਸਾਰੇ ਟੱਬਰ ਨੇ ਭੱਜੇ ਫਿਰਨਾ।ਮਾਂ ਤੋਂ ਚਾਅ ਨਾ ਸਾਂਭਿਆ ਜਾਣਾ ਦੋਹਤੇ ਦੋਹਤੀਆਂ ਦਾ।ਵੀਰ ਨੇ ਖੁਸ਼ੀ ‘ਚ ਖੀਵੇ ਹੋਏ ਫਿਰਨਾ।ਕਦੇ ਆਹ ਫ਼ਰਮਾਇਸ਼ ,ਕਦੇ ਔਹ ਫ਼ਰਮਾਇਸ਼ ਖਾਣ ਪੀਣ ਦੀ। ਸੌਹਰਾ ਘਰ ਏਨਾ ਚੰਗਾ ਪਰ ਲਗਦਾ ਸੀ ਰੂਹ ਏਥੇ ਹੀ ਰਹੂ ਸਾਰੀ ਉਮਰ।
ਇੱਕ ਦਿਨ ਪੇਕੇ ਮਿਲਣ ਗਈ ਦਾ ਜੀਅ ਕੀਤਾ ਕਿ ਬਚਪਨ ਦੀਅਾਂ ਕੁਝ ਯਾਦਾਂ ਨਾਲ਼ ਲੈ ਜਾਵਾਂ।ਇੱਕ ਪਿਆਰਾ ਜਾ ਫ਼ੁੱਲਦਾਨ ਜੋ ਬਚਪਨ ‘ਚ ਮੇਲੇ ਤੋਂ ਖਰੀਦਿਆ ਸੀ ਤੇ ਕੁਝ ਹੋਰ ਨਿੱਕਸੁੱਕ ਇਕੱਠਾ ਕਰ ਲਿਆ।
ਫ਼ੁੱਲਦਾਨ ਦੇਖ ਕੇ ਭਰਜਾਈ ਬੋਲੀ,”ਭੈਣ ਆਹ ਨਾ ਲੈ ਕੇ ਜਾਈੰ।ਇਹ ਮੈਂ ਰੱਖਣਾ..।”ਏਨਾ ਕਹਿ ਕੇ ਓਹ ਤੁਰ ਗਈ।
ਮੈਂ ਫ਼ੁੱਲਦਾਨ ਓਥੇ ਹੀ ਰੱਖ ਦਿੱਤਾ ਤੇ ਹੰਝੂ ਲੁਕਾ ਲਏ।
ਏਨੇ ਵਿੱਚ ਮੇਰੇ ਨਿਆਣਿਆਂ ਦਾ ਪਿਓ,ਜੋ ਨੇੜੇ ਬੈਠਾ ਸਭ ਕੁਝ ਦੇਖਦਾ ਸੀ ,ਮੇਰੇ ਕੋਲ਼ ਆਇਆ ਤੇ ਕਹਿੰਦਾ,”ਚੱਲ . ਸਮਾਨ ਚੱਕ ਤੇ ਚੱਲੀਏ।”
“ਕਿੱਥੇ?”ਮੈਂ ਹੰਝੂਆਂ ਨੂੰ ਲੁਕਾਉਣ ਦੀ ਅਸਫਲ ਕੋਸ਼ਿਸ਼ ਕਰਦਿਆਂ ਕਿਹਾ।
“ਆਪਣੇ ਘਰ..ਹੋਰ ਕਿੱਥੇ?ਅੱਜ ਮੈੰ ਤੇਰੀ ਰੂਹ ਵੀ ਲੈ ਹੀ ਜਾਣੀ ਇੱਥੋਂ ।”
“ਹਾਂ ..ਚੱਲੋ..”
ਤੇ ਸੱਚਮੁੱਚ ਅੱਜ ਮੈਂ ਪਰਾਈ ਹੋ ਗਈ।
ਦੀਪ ਵਿਰਕ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)