ਢਾਈ ਦਹਾਕੇ ਪਹਿਲੋਂ ਗੱਡੀਓਂ ਉੱਤਰਦਾ ਤਾਂ ਸਿੱਧਾ ਦਰਬਾਰ ਸਾਬ ਵੱਲ ਨੂੰ ਹੋ ਤੁਰਦਾ..ਸ੍ਰੀ ਅਕਾਲ ਤਖ਼ਤ ਦੇ ਮਗਰ ਢਲਦੇ ਸੂਰਜ ਦੀ ਟਿੱਕੀ..ਰਾਤੀਂ ਪਰਿਕਰਮਾ ਦਾ ਠੰਡਾ ਫਰਸ਼..ਤਾਰਿਆਂ ਦੀ ਲੋਅ ਹੇਠ ਸੁੱਤੇ ਪਿਆਂ ਕਈ ਵੇਰ ਅੱਧੀ ਰਾਤ ਬਿੜਕ ਹੋਇਆ ਕਰਦੀ..!
ਮੱਸੇ ਰੰਘੜ ਨਾਲ ਹਿਸਾਬ ਕਰਨ ਆਏ ਸੁੱਖਾ ਸਿੰਘ ਮਹਿਤਾਬ ਸਿੰਘ..ਘੋੜੀਆਂ ਇਥੋਂ ਕੋਲ ਹੀ ਤਾਂ ਬਝੀਆਂ ਸਨ..ਬਾਬਾ ਗੁਰਬਖਸ਼ ਸਿੰਘ ਅਤੇ ਦੀਪ ਸਿੰਘ ਜੀ ਦੀ ਵਾਹੀ ਲਕੀਰ..ਫੇਰ ਅੱਧੀ ਰਾਤ ਝੌਲਾ ਜਿਹਾ ਪੈਂਦਾ..ਜੈਕਾਰੇ ਛੱਡਦਾ ਵੱਡਾ ਸਾਰਾ ਜਥਾ ਛੇਤੀ ਨਾਲ ਪੌੜੀਆਂ ਉੱਤਰ ਕੋਲੋਂ ਦੀ ਲੰਘ ਜਾਂਦਾ..!
ਇੱਕ ਬੁੱਧੀਜੀਵੀ ਸਮਝਾਉਂਦਾ..ਇਹ ਮਨਘੜਤ ਕਹਾਣੀਆਂ ਘੜਦਾ ਇਸਨੂੰ ਕਿਸੇ ਸਿਆਣੇ ਨੂੰ ਵਿਖਾਓ..ਨਹੀਂ ਤੇ ਖਰਾਬ ਕਰੂ!
ਵਿਸਕੀ ਦਾ ਮੋਟਾ ਸਾਰਾ ਪੈਗ ਅੰਦਰ ਲੰਘਾਉਂਦਾ ਹੋਇਆ ਆਖਦਾ ਉਸਨੂੰ ਹਥਿਆਰ ਲੈ ਕੇ ਅੰਦਰ ਨਹੀਂ ਸੀ ਜਾਣਾ ਚਾਹੀਦਾ..ਫੇਰ ਬਹਿਸ ਹੋ ਜਾਂਦੀ..ਤੇ ਮਗਰੋਂ ਲੜਾਈ!
ਫੇਰ ਓਸੇ ਰਾਤ ਬਾਬਾ ਜੀ ਸੁਫ਼ਨੇ ਵਿੱਚ ਆਉਂਦਾ ਤੇ ਦੱਸਦਾ..ਦਿੱਲੀ ਬੈਠੀ ਪਟਰਾਣੀ ਸੁਫ਼ਨੇ ਲੈਂਦੀ ਸੀ ਕੇ ਟੈਂਕਾਂ ਤੋਪਾਂ ਮਸ਼ੀਨਗੰਨਾਂ ਦੀ ਗੜਗਾਹਤ ਵੇਖ ਅੰਦਰ ਬੈਠੇ ਉਹ ਸਾਰੇ ਕਬੂਤਰ ਵਾਂਙ ਅੱਖੀਆਂ ਮੀਟ ਲੈਣਗੇ..ਮੈਂ ਧੌਣੋਂ ਫੜ ਬਾਕੀ ਮੁਲਖ ਨੂੰ ਵਿਖਾਵਾਂਗੀ..ਵੋਟਾਂ ਲਵਾਂਗੀ..ਪਰ ਦਸਮ ਪਿਤਾ ਦੀ ਅਪਾਰ ਕਿਰਪਾ ਸੀ..ਓਹਨਾ ਕਬੂਤਰ ਵਾਂਙ ਅੱਖੀਆਂ ਨਹੀਂ ਮੀਟੀਆਂ..ਸਗੋਂ ਸ਼ੁਰੂ ਤੋਂ ਅਖੀਰ ਤੱਕ ਚਮਕੌਰ ਦੀ ਗੜੀ ਵਾਂਙ ਹੀ ਵਿੱਚਰੇ..!
ਓਹਨੀ ਦਿਨੀਂ ਉਹ ਵੀ ਕਿੰਨੇ ਮਹੀਨੇ ਵਾਪਿਸ ਹੀ ਨਾ ਪਰਤਿਆ..
ਉਸ ਮੋਰਚੇ ਵਿਚ ਕੁਲ ਛੇ ਸਿੰਘ ਸਨ..ਪੰਜ ਸ਼ਹੀਦੀਆਂ ਪਾ ਗਏ..ਉਹ ਕੱਲਾ ਹੀ ਬਚਿਆ..ਸਾਲ ਬਾਅਦ ਦਿਨ ਢਲੇ ਪਿੰਡ ਅੱਪੜਿਆਂ..ਨਿੱਕੀ ਭੈਣ ਆਖਣ ਲੱਗੀ ਵੀਰਿਆ ਤੇਰੇ ਮਗਰੋਂ ਤੇਰੇ ਕਬੂਤਰਾਂ ਵਾਲਾ ਆਲਾ ਖੁੱਲ੍ਹਾ ਰਹਿ ਗਿਆ..ਇੱਕ ਰਾਤ ਤੇਰੇ ਪਾਲੇ ਪੰਜ ਕਬੂਤਰ ਬਿੱਲੀ ਖਾ ਗਈ..!
ਉਹ ਅੱਗੋਂ ਆਖੀ ਜਾਵੇ ਬਿੱਲੀ ਨਹੀਂ ਦਿੱਲੀ ਖਾ ਗਈ..!
ਨਿਆਂਣੇ ਪੁੱਛ ਲੈਂਦੇ..ਮੌਤ ਨੂੰ ਮਖੌਲਾਂ ਕਿੱਦਾਂ ਕਰੀਦੀਆਂ..ਜੁਆਬ ਸੋਚ ਹੀ ਰਿਹਾ ਹੁੰਦਾ ਕੇ ਕੋਲ ਚੱਲਦੇ ਘਮਸਾਨ ਵਿੱਚੋਂ ਦੋ ਸਿੰਘ ਕੋਲ ਆਣ ਪਹੁੰਚਦੇ..ਆਖਦੇ ਭਾਉ ਸਾਡੀ ਮਸ਼ੀਨਗੰਨ ਚੱਲ ਚੱਲ ਗਰਮ ਹੋ ਗਈ ਏ..ਆਪਣੇ ਵਾਲੀ ਦੇ ਦੇਵੋ..ਸਾਡੇ ਪਾਸੇ ਓਹਨਾ ਦਾ ਬਹੁਤ ਜ਼ੋਰ ਏ..ਅੱਗੋਂ ਆਖਦਾ ਸਾਡੇ ਵਾਲੀ ਜੇ ਤੁਸੀਂ ਲੈ ਗਏ ਤਾਂ ਫੇਰ ਅਸੀਂ ਕੀ ਕਰਾਂਗੇ..?
ਦੂਜਾ ਆਖਦਾ ਚਲ ਖਾਣ ਨੂੰ ਕੁਝ ਹੈ ਤਾਂ ਓਹੀ ਦੇ ਦਿਓ..ਪੂਰੇ ਦੋ ਦਿਨ ਹੋ ਗਏ ਨੇ..!
ਭੁੱਜੇ ਛੋਲੇ ਤੇ ਗੁੜ ਵਾਲੀ ਬੋਰੀ ਵੱਲ ਇਸ਼ਾਰਾ ਕੀਤਾ..ਦੋਵੇਂ ਟੁੱਟ ਕੇ ਪੈ ਗਏ..ਹੱਸ ਪੈਂਦਾ ਅਖ਼ੇ ਭਾਊ ਕਦੇ ਗੁੜ ਨੀ ਵੇਖਿਆ?
ਅੱਗੋਂ ਆਖਦਾ ਗੁੜ ਤੇ ਬੜੀ ਵੇਰ ਵੇਖਿਆ ਪਰ ਏਨੇ ਦਿਨ ਭੁੱਖਾ ਕਦੀ ਨਹੀਂ ਰਿਹਾ..ਫੇਰ ਹਾਸਾ ਪੈ ਜਾਂਦਾ..!
ਅਚਾਨਕ ਬਾਰੀ ਵਾਲੇ ਪਾਸਿਓਂ ਵਾਛੜ ਆਉਂਦੀ ਏ..ਦੋਵੇਂ ਓਥੇ ਚੜਾਈ ਕਰ ਜਾਂਦੇ..ਗੁੜ ਦੀ ਪੇਸੀ ਹੱਥ ਵਿਚ ਹੀ ਫੜੀ ਰਹਿ ਜਾਂਦੀ..ਬਿੰਦ ਕੂ ਲਈ ਸਨਾਟਾ ਛਾ ਜਾਂਦਾ..ਫੇਰ ਬਾਕੀ ਦੇ ਚੜ੍ਹਦੀ ਕਲਾ ਦਾ ਜੈਕਾਰਾ ਛੱਡ ਬੈਰਲਾਂ ਦੇ ਮੂੰਹ ਓਧਰ ਨੂੰ ਮੋੜ ਦਿੰਦੇ..ਫਿਜ਼ਾ ਵਿਚ ਬੋਲ ਤੈਰਨ ਲੱਗਦੇ..”ਮੁੱਠ ਕੂ ਛੋਲੇ ਚੱਬ ਕੇ ਉੱਡਦੇ ਫਿਰਨ ਸਰੀਰ..ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ..”
ਪ੍ਰਕਰਮਾ ਵਿਚ ਸੁੱਤੇ ਪਿਆਂ ਇਹ ਵਰਤਾਰਾ ਬੱਸ ਘੜੀ ਦੀ ਘੜੀ ਹੀ ਮਹਿਸੂਸ ਹੁੰਦਾ..ਫੇਰ ਸੇਵਾਦਾਰ ਸਵਖਤੇ ਹੀ ਉਠਾ ਦਿੰਦਾ..!
2010 ਵਿੱਚ ਵਾਪਿਸ ਗਿਆ..ਤਾਂਘ ਜਾਗੀ..ਉਂਝ ਦੇ ਹੀ ਮਾਹੌਲ ਵਿਚ ਵਿਚਰਿਆ ਜਾਵੇ..ਫੇਰ ਸਾਰਾ ਦਿਨ ਪਰਿਕਰਮਾ ਵਿਚ ਏਧਰ ਓਧਰ ਘੁੰਮਦਾ ਰਿਹਾ..ਮੁੜ ਰਾਤੀ ਸ੍ਰੀ ਅਕਾਲ ਤਖ਼ਤ ਦੇ ਸਾਮਣੇ ਨਿਸ਼ਾਨ ਸਾਹਿਬਾਂ ਦੇ ਕੋਲ ਲੰਮਾ ਪੈ ਗਿਆ..ਕਿਧਰੋਂ ਇਹ ਬੋਲ ਕੰਨੀ ਪਏ..ਉੱਚੀ ਮੌਤ ਲਿਖਾ ਲਈ ਜਿੰਨਾ ਕਰਮਾਂ ਦੇ ਵਿੱਚ..ਛੇ ਛੇ ਫੁੱਟ ਦੇ ਗੱਭਰੂ ਪਰਿਕਰਮਾ ਦੇ ਵਿੱਚ..ਇਹ ਜਨਮ ਮਰਨ ਦੀ ਫਿਲੋਸਫੀ ਕਿਸੇ ਵਿਰਲੇ ਦੇ ਹੀ ਪੱਲੇ ਪੈਂਦੀ..ਵਰਨਾ ਬਹੁਤੇ ਇਸੇ ਭੁਲੇਖੇ ਰਹਿੰਦੇ..ਅਸੀ ਕਾਲ ਪਾਵੇ ਨਾਲ ਬੰਨਿਆ!
ਓਥੇ ਖੁੱਲੇ ਆਸਮਾਨ ਹੇਠ ਪਏ...
ਹੋਏ ਨੂੰ ਦਾਦਾ ਜੀ ਚੇਤੇ ਆ ਜਾਂਦੇ..1984 ਜੂਨ ਦਾ ਆਖਰੀ ਹਫਤਾ..ਦੂਰੋਂ ਸ੍ਰੀ ਅਕਾਲ ਤਖ਼ਤ ਅੱਗੇ ਲੱਗੀ ਕੰਡਿਆਲੀ ਤਾਰ..ਇਮਾਰਤ ਅੰਦਰ ਪਏ ਮਘੋਰੇ ਵੇਖ ਉਚਹਿ ਉਚੀ ਰੋ ਪਏ..ਕੋਲੋਂ ਲੰਘਦੀ ਸੰਗਤ ਦੇ ਵੀ ਹੰਜੂ ਵਹਿ ਤੁਰੇ..ਵਾਰ ਵਾਰ ਬੱਸ ਏਹੀ ਆਖੀ ਗਏ..ਇੰਦਰਾ ਤੇਰਾ ਕੱਖ ਨੀ ਰਹਿਣਾ..ਕੋਲ ਖਲੋਤੀ ਸੰਗਤ ਮੈਨੂੰ ਆਖਣ ਲੱਗੀ..ਭੁਝੰਗੀਆਂ ਜਾ ਬਾਪੂ ਨੂੰ ਪਾਣੀ ਲਿਆ ਕੇ ਪਿਆ..ਪਰ ਓਹਨਾ ਰੋਕ ਦਿੱਤਾ..ਅਖ਼ੇ ਉਹ ਤਿੰਨ ਦਿਨ ਭੁੱਖੇ ਤਿਰਹਾਏ ਲੜ ਸਕਦੇ ਨੇ ਤੇ ਮੈਂ ਦੋ ਘੜੀਆਂ ਸੁੱਕਾ ਸੰਘ ਵੀ ਬਰਦਾਸ਼ਤ ਨੀ ਕਰ ਸਕਦਾ..ਲੱਖ ਲਾਹਨਤ ਮੇਰੇ ਤੇ!
ਅਤੀਤ ਦੀ ਬੁੱਕਲ ਵਿੱਚ ਮੁੜ ਤਾਰਿਆਂ ਦੀ ਲੋ ਹੇਠ ਪਏ ਨੂੰ ਪਤਾ ਹੀ ਨਹੀਂ ਲੱਗਾ ਕਦੋਂ ਨੀਂਦਰ ਪੈ ਗਈ..ਫੇਰ ਅੱਧੀ ਰਾਤ ਇੰਝ ਲੱਗਾ ਕਿਸੇ ਵੱਖੀ ਵਿਚ ਤਿੱਖੀ ਚੀਜ ਚੋਬ ਹੌਲੀ ਜਿਹੀ ਆਖਿਆ ਹੋਵੇ..”ਸਿੰਘਾਂ ਦਾਹੜੀ ਕੁਤਰਨੀ ਕਦੋਂ ਬੰਦ ਕਰਨੀ ਆ..”?
ਮੈਂ ਉਭੜਵਾਹੇ ਉੱਠ ਏਧਰ ਓਧਰ ਵੇਖਦਾ ਹਾਂ..ਕੋਈ ਵੀ ਤੇ ਨਹੀਂ ਏ..ਕੋਲ ਪਈ ਸੰਗਤ ਵੀ ਆਰਾਮ ਕਰ ਰਹੀ ਹੁੰਦੀ ਏ..ਟਾਈਮ ਵੇਖਦਾ..ਪੂਰੇ ਢਾਈ ਵੱਜੇ ਹੁੰਦੇ..ਮੁੜਕੇ ਨੀਂਦਰ ਹੀ ਨਹੀਂ ਪੈਂਦੀ..ਬਾਕੀ ਦੀ ਸਾਰੀ ਰਾਤ ਏਧਰ ਓਧਰ ਫਿਰਦਿਆਂ ਹੀ ਨਿੱਕਲ ਜਾਂਦੀ..ਸੁਵੇਰੇ ਇਸ਼ਨਾਨ ਕਰ ਲੰਗਰ ਛਕਦਾ..ਫੇਰ ਘਰੇ ਅੱਪੜਦਿਆਂ ਪਿਤਾ ਜੀ ਗੇਟ ਤੇ ਅਖਬਾਰ ਪੜ੍ਹਦੇ ਮਿਲ ਜਾਂਦੇ..ਮੇਰੇ ਵੱਲ ਗਹੁ ਨਾਲ ਵੇਖਦੇ..ਫੇਰ ਆਖਦੇ “ਯਾਰ ਦਾਹੜੀ ਕੁਤਰਨੀ ਕਦੋਂ ਬੰਦ ਕਰਨੀ ਏ..ਮੈਨੂੰ ਤੇਰੇ ਵੱਲ ਵੇਖ ਨਮੋਸ਼ੀ ਜਿਹੀ ਮਹਿਸੂਸ ਹੁੰਦੀ..”
ਕੈਸਾ ਸਬੱਬ..ਦੋ ਵੱਖ ਵੱਖ ਥਾਵਾਂ ਤੇ ਦੋ ਵੱਖ ਵੱਖ ਸਖਸ਼ੀਅਤਾਂ ਦੇ ਮੂਹੋਂ ਨਿੱਕਲੇ ਇੱਕੋ ਜਿਹੇ ਬੋਲ..ਬੇਚੈਨ ਜਿਹਾ ਹੋ ਉੱਠਦਾ..ਮੁੜਦੇ ਪੈਰੀ ਹੀ ਵਾਪਿਸ ਦਰਬਾਰ ਸਾਬ ਅੱਪੜ ਜਾਂਦਾ ਹਾਂ..ਸ੍ਰੀ ਅਕਾਲ ਤਖ਼ਤ ਸਾਮਣੇ ਦੋ ਨਿਸ਼ਾਨ ਸਾਹਿਬਾਂ ਦੇ ਐਨ ਵਿਚਕਾਰ ਓਸੇ ਜਗਾ ਖਲੋ ਜਾਂਦਾ ਹਾਂ..ਫੇਰ ਲੰਘੀ ਰਾਤ ਤੀਰ ਦੀ ਤਿੱਖੀ ਨੋਕ ਨਾਲ ਮੇਰੀ ਜਮੀਰ ਤੇ ਡੂੰਘੀ ਚੋਬ ਲਾਉਣ ਵਾਲੇ ਨਾਲ ਇੱਕ ਕੌਲ-ਕਰਾਰ ਕਰਦਾ ਹਾਂ..ਮੁੜ ਕਦੀ ਨਹੀਂ ਕਟਵਾਵਾਂਗਾ..ਅੱਜ ਤੱਕ ਵੀ ਉਹ ਕਰਾਰ ਬਕਾਇਦਾ ਨਿਭੀ ਜਾ ਰਿਹਾ ਹੈ..!
ਇੰਚ ਇੰਚ ਸ਼ਹੀਦੀ ਰਤ ਵਿਚ ਡੁੱਬੀ ਕੌਤਕਮਈ ਭੋਏਂ..ਕੌਣ ਕਹਿੰਦਾ ਵਰਤਾਰੇ ਨਹੀਂ ਵਰਤਦੇ..ਰੂਹਾਂ ਦੀ ਆਵਾਜਾਈ ਨਹੀਂ ਰਹਿੰਦੀ..ਸ਼ਹੀਦੀ ਪਹਿਰੇ ਨਹੀਂ ਲੱਗਦੇ..ਲੂ ਕੰਢੇ ਖੜੇ ਹੋ ਜਾਂਦੇ ਜਦੋਂ ਕੋਈ ਤੁਰੇ ਜਾਂਦੇ ਨੂੰ ਮਗਰੋਂ ਵਾਜ ਮਾਰ ਆਖਦਾ..ਓਏ ਸਿੰਘਾਂ ਮੇਰੀ ਗੱਲ ਸੁਣਦਾ ਜਾਵੀ..ਪਰਤ ਕੇ ਵੇਖਦਾ ਓਥੇ ਕੋਈ ਵੀ ਨਹੀਂ ਹੁੰਦਾ!
ਚੜ੍ਹਦੀ ਕਲਾ ਵਾਲੇ,ਕਾਹਲੇ ਕਦਮੀਂ ਤੁਰਦੇ ਲੰਮੇ ਚੋਲਿਆਂ ਵਾਲੇ ਕਿੰਨੇ ਸਾਰੇ ਵੱਖ ਵੱਖ ਰੂਪਾਂ ਵਿੱਚ ਵਿਚਰਦੇ ਹੋਏ..ਇਕਾਗਰ ਚਿੱਤ ਹੋ ਕੇ ਦਵਾਲਾ ਵਾਚਣ ਦੀ ਲੋੜ ਏ..ਉਸ ਵੇਲੇ ਚੁੱਪ ਵੀ ਬੋਲਦੀ ਏ..ਹਵਾ ਦੇ ਰੂਪ ਵਿੱਚ..ਸਿੰਘ ਨਾਦ,ਜੈਕਾਰੇ,ਤੇਜ ਦੌੜਦੇ ਹੋਏ,ਟੋਹ ਲੈਂਦੇ,ਠਿਕਾਣੇ ਬਦਲਦੇ ਹੋਏ ਸ਼ਹੀਦੀਆਂ ਪਾਉਂਦੇ..!
ਖਾਸ ਕਰਕੇ ਰਾਤੀਂ ਸੁਖ ਆਸਣ ਮਗਰੋਂ ਅਤੇ ਤੜਕੇ ਆਸਾ ਦੀ ਵਾਰ ਤੋਂ ਪਹਿਲੋਂ ਵਾਲੇ ਟਾਈਮ ਦੋ ਨਿਸ਼ਾਨ ਸਾਹਿਬਾਂ ਵਾਲੀ ਥਾਂ ਤੇ ਖੁੱਲੇ ਆਸਮਾਨ ਹੇਠ ਕਦੀ ਲੰਮੇ ਪੈ ਕੇ ਵੇਖਿਓ..ਕਿੰਨਾ ਕੁਝ ਹੀ ਸਾਫ-ਸਾਫ ਦਿਸੂ ਅਤੇ ਸੁਣੂ..ਫੇਰ ਸੁੱਤੀ ਪਈ ਰੂਹ ਜਾਗ ਪੈਂਦੀ ਤੇ ਅੰਦਰੋਂ ਸਿੰਘ ਨਾਦ ਦੇ ਰੂਪ ਵਿੱਚ ਨਿੱਕਲੇ ਕਿੰਨੇ ਸਾਰੇ ਜੈਕਾਰਿਆਂ ਨਾਲ ਚਾਰੇ ਪਾਸੇ ਚੜ੍ਹਦੀ ਕਲਾ ਦੀ ਗੀਤ ਗੂੰਝਣ ਲੱਗ ਜਾਂਦੇ..”ਜਿਥੋਂ ਕਾਫਲਾ ਲੰਘਿਆ ਖਾਲਸੇ ਦਾ..ਓਥੇ ਮੁਰਦਿਆਂ ਵਿੱਚ ਵੀ ਜਾਨ ਪੈ ਜੂ..ਤੇਗਾਂ ਧਰਤ ਚੋਂ ਉੱਗਦੀਆਂ ਰਹਿਣੀਆਂ ਨੇ..ਬਾਜਾਂ ਵਾਸਤੇ ਛੋਟਾ ਆਸਮਾਨ ਪੈਜੂ..”
ਵਾਕਿਆ ਹੀ ਮੁਰਦਿਆਂ ਵਿੱਚ ਜਾਨ ਪੈਂਦੀ ਇਥੇ ਖੁਦ ਅਖੀਂ ਵੇਖੀ..ਜੇ ਨਹੀਂ ਤਾਂ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸਤਵੰਤ ਸਿੰਘ ਦਾ ਅਤੀਤ ਪੜ ਕੇ ਵੇਖ ਲਵੋ!
ਹਰਪ੍ਰੀਤ ਸਿੰਘ ਜਵੰਦਾ