More Punjabi Kahaniya  Posts
ਪੜ੍ਹਿਆ ਅਣਪੜ੍ਹਿਆ


ਉਨ੍ਹਾਂ ਦਿਨਾਂ ਵਿੱਚ ਮੈਂ ਰਾਵਲਪਿੰਡੀ ਵਿੱਚ ਡਾਕੀਆ ਸੀ। ਪੜੇ ਲਿਖੇ ਬੰਦੇ ਦੀ ਕੋਈ ਵਖਰੀ ਇਜ਼ਤ ਹੋਇਆ ਕਰਦੀ ਸੀ। ਡਾਕੀਏ ਕੋਲੋਂ ਚਿੱਠੀ ਪੜਾਉਣ ਕਰਕੇ ਉਂਝ ਵੀ ਸਭ ਨਾਲ ਨਿੱਜੀ ਸਾਂਝ ਬਣ ਜਾਇਆ ਕਰਦੀ ਸੀ ਕਿਉਂਕਿ ਚਿੱਠੀ ਵਿੱਚ ਵੀ ਨਿਜੀ ਗੱਲਾਂ ਹੁੰਦੀਆਂ ਸੀ। ਅਗਲਾ ਭਰੋਸਾ ਵੀ ਕਰਦਾ ਸੀ ਤੇ ਮੈਂ ਵੀ ਗੱਲ ਇਧਰ ਦੀ ਉੱਧਰ ਨਹੀਂ ਕਰਦਾ ਸੀ। ਖ਼ੈਰ ਬਹੁਤ ਮਾਣ ਸੀ ਮੈਨੂੰ ਆਪਣੇ ਅਤੇ ਆਪਣੀ ਵਿਦਿਆ ਤੇ। ਪਰ ਇੱਕ ਚੰਗੀ ਆਦਤ ਇਹ ਸੀ ਕਿ ਮੈਂ ਗੁਰਬਾਣੀ ਸ਼ਬਦ ਕੀਰਤਨ ਦਾ ਰਸੀਆ ਸਾਂ ਬਹੁਤ। ਹੌਲੀ ਹੌਲੀ ਗੁਰਬਾਣੀ ਦੇ ਦੱਸੇ ਰਾਹ ਤੇ ਤੁਰਨ ਦੀ ਵੀ ਕੋਸ਼ਿਸ਼ ਕਰਦਾ ਸਾਂ। ਮੈਨੂੰ ਬਹੁਤਾ ਸਮਾਂ ਨਹੀਂ ਲੱਗਾ ਸੰਥਿਆ ਲੈਣ ਨੂੰ ਤੇ ਮੈਂ ਸ਼ੁੱਧ ਬਾਣੀ ਉਚਾਰਨ ਕਰਨ ਲੱਗ ਪਿਆ ਸਾਂ। ਉਚਾਰਣ ਹੀ ਨਹੀਂ ਕਰਨ ਲੱਗ ਪਿਆ ਸਗੋਂ ਹੋਰਾਂ ਨੂੰ ਟੋਕਣ ਤੇ ਸਮਝਾਉਣ ਵੀ ਲੱਗ ਪਿਆ ਸਾਂ। ਗੁਰਦੁਆਰਾ ਕਮੇਟੀ ਵਿੱਚ ਮੇਰੀ ਚੰਗੀ ਪੈਠ ਵੀ ਬਣ ਗਈ। ਗਾਹੇ ਬਗਾਹੇ ਰਾਗੀ ਸਿੰਘਾਂ ਨੂੰ ਵੀ ਕੀਰਤਨ ਵਿੱਚ ਕੀਤੀਆਂ ਗ਼ਲਤੀਆਂ ਕਰਨ ਉੱਤੇ, ਕੀਰਤਨ ਤੋਂ ਬਾਅਦ ਸਟੇਜ ਤੋਂ ਉਤਰਦੇ ਹੀ ਘੇਰ ਕੇ ਤਾੜਣਾ ਕਰਨ ਲੱਗ ਪਿਆ। ਵਿਦਿਆ ਦਾ ਦਾਨ ਕੀ ਮਿਲਿਆ ਕਿ ਮੈਂ ਪੈਰ ਹੀ ਛੱਡ ਗਿਆ। ਅਸ਼ੁੱਧ ਪਾਠ ਕਰਨ ਵਾਲੇ ਨੂੰ ਮੈਂ ਬਹੁਤ ਨੀਵਾਂ ਸਮਝਣ ਲੱਗ ਪਿਆ ਸੀ। ਮੈਂ ਜਾਣਦਾ ਹੀ ਨਹੀਂ ਸੀ ਕਿ ਸ਼ੁੱਧ ਬਾਣੀ ਉਚਾਰਨ ਕਰਨਾ ਭਾਵੇਂ ਜ਼ਰੂਰ ਚੰਗੀ ਅਤੇ ਸੋਹਣੀ ਗੱਲ ਏ ਪਰ ਉਸ ਗਿਆਨ ਦੇ ਅਧਾਰ ਤੇ ਕਿਸੇ ਦਾ ਪ੍ਰੇਮ ਭਰਿਆ ਹਿਰਦਾ ਤੋੜਣਾ ਜਾਂ ਬੇਇਜ਼ਤ ਕਰਨਾ ਕਿਸੇ ਵੀ ਤਰਾਂ ਸਹੀ ਨਹੀਂ ਸੀ ਅਤੇ ਮੈਂ ਭੁੱਲ ਗਿਆ ਸਾਂ ਕਿ ਗੁਰੂ ਸਾਹਿਬ ਤੋਂ ਬਿਨਾਂ ਐਸਾ ਕੌਈ ਵੀ ਨਹੀਂ ਏ ਜੋ ਸੌ ਫੀ ਸਦੀ ਸਹੀ ਉਚਾਰਨ ਕਰਨ ਦਾ ਦਾਅਵਾ ਕਰ ਸਕੇ। ਮੈਂ ਨਹੀਂ ਯਾਦ ਰੱਖ ਸਕਿਆ ਕਿ ‘ਪੜਿਆ ਮੂਰਖ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ।’
ਸਮਾਂ ਇੰਝ ਹੀ ਗ਼ੁਜ਼ਰਦਾ ਰਿਹਾ। ਮੇਰਾ ਅੱਖੜਪੁਣਾ ਵਧਦਾ ਗਿਆ। ਗੁਰਦੁਆਰੇ ਰਾਗੀ ਅਤੇ ਗ੍ਰੰਥੀ ਬਹੁਤੀ ਦੇਰ ਨਾ ਟਿਕਦੇ।
ਇੱਕ ਦਿਨ ਮੈਂ ਇੱਕ ਗ਼ਰੀਬ ਗ੍ਰੰਥੀ ਸਿੰਘ ਨੂੰ ਉਸਦੀ ਕਿਸੇ ਛੋਟੀ ਜਿਹੀ ਗ਼ਲਤੀ ਕਰ ਕੇ ਖੜੇ ਪੈਰੀਂ ਗੁਰਦੁਆਰੇ ‘ਚੋਂ ਪਰਿਵਾਰ ਸਮੇਤ ਕੱਢ ਦਿੱਤਾ। ਉਹ ਕੋਈ ਰੱਬ ਦਾ ਬਖ਼ਸ਼ਿਆ ਜੀਅ ਸੀ। ਮੱਥੇ ਵੱਟ ਨਹੀਂ ਪਾਇਆ ਤੇ ਜਾਂਦਾ ਹੋਇਆ ਵੀ ਮੇਰੇ ਲਈ ਦੁਆਵਾਂ ਕਰਦਾ ਗਿਆ ਕਿ ਵਾਹਿਗੁਰੂ ਸਹੀ ਰਾਹ ਵਿਖਾਵੇ.. ਵਾਹਿਗੁਰੂ ਸੁਮੱਤ ਬਖ਼ਸ਼ੇ.. ਵਾਹਿਗੁਰੂ ਪ੍ਰੇਮ ਦੀ ਕਣੀ ਝੋਲੀ ਪਾਵੇ। ਮੈਂ ਸਗੋਂ ਹੋਰ ਖਿਝ ਰਿਹਾ ਸੀ। ਉਹ ਸਬਰ ਵਾਲਾ ਸੀ ਆਖ਼ਿਰ ਚਲਾ ਗਿਆ। ਪਰ ਉਹਦੀ ਦੁਆ ਮੈਨੂੰ ਲੱਗ ਗਈ। ਮੈਂ ਉਦੇ ਜਾਣ ਪਿੱਛੋਂ ਪਤਾ ਨਹੀਂ ਕਿਉਂ ਉਦਾਸ ਰਹਿਣ ਲੱਗ ਗਿਆ। ਅੱਗੇ ਇੰਝ ਕਦੀ ਨਹੀਂ ਹੋਇਆ ਸੀ। ਮੈਂ ਸੋਚਣ ਲੱਗ ਪਿਆ ਕਿ ਮੈਂ ਕੈਸਾ ਧਰਮ ਕਮਾ ਰਿਹਾਂ ? .. ਮੈਂ ਹੁਣ ਤੱਕ ਕੀ ਕਮਾਇਆ ਏ ਇਸ ਰਾਹ ਤੋਂ ? … ਮੈਂ ਐਨਾ ਖ਼ੁਸ਼ਕ ਕਿਉਂ ਆਂ ? … ਜਦੋਂ ਕਿ ਮੈਨੂੰ ਤਾਂ ਐਨੇ ਸਾਲਾਂ ਬਾਅਦ ਖੇੜੇ ਵਿੱਚ ਹੋਣਾ ਚਾਹੀਦਾ ਏ। …. ਉਹ ਗ੍ਰੰਥੀ ਸਿੰਘ ਤਾਂ ਖੜੇ ਪੈਰੀਂ ਕੱਢੇ ਜਾਣ ਦੇ ਬਾਵਜੂਦ ਵੀ ਖੇੜੇ ਅਤੇ ਸਬਰ ਸ਼ੁਕਰ ‘ਚ ਕਿਉਂ ਸੀ ? …. ਕਈ ਸਵਾਲ ਮੇਰੇ ਜ਼ਹਿਨ ਵਿੱਚ ਘੁੰਮ ਗਏ ਪਰ ਸਮਝ ਨਾ ਲੱਗੀ ਕਿ ਬੁੱਧੀ ਆਪਣੀ ਥਾਂ ਏ ਤੇ ਪ੍ਰੇਮ ਆਪਣੀ ਥਾਂ। ਸਵਾਲਾਂ ਨੇ ਮੇਰਾ ਖਹਿੜਾ ਨਾ ਛਡਿਆ ਅਤੇ ਅਚਾਨਕ ਕਦੀ ਵੀ ਮੇਰੇ ਦਿਮਾਗ਼ ਵਿੱਚ ਖੌਰੂ ਪਾਉਣ ਆ ਜਾਂਦੇ।
ਖ਼ੈਰ! ਸਮਾਂ ਬੀਤਦਾ ਗਿਆ। ਪਰ ਮੈਨੂੰ ਸਮਝ ਨਾ ਲੱਗੀ ਕਿ ਮੈਂ ਕਿੱਥੇ ਗ਼ਲਤੀ ਕਰ ਰਿਹਾਂ। ਮੁਹੱਲੇ ਵਿੱਚ ਇੱਕ ਪੁਰਾਣਾ ਜਿਹਾ ਘਰ ਸੀ ਜਿੱਥੇ ਇੱਕ ਬਜ਼ੁਰਗ ਜੋੜਾ ਰਹਿਣ ਆਇਆ ਸੀ। ਬਜ਼ੁਰਗ ਦਾ ਨਾਮ ਸੀ ਕਰਮੂਦੀਨ। ਉਸ ਦੇ ਨਾਮ ਦੀ ਮੈਂ ਕਦੀ ਕਦੀ ਚਿੱਠੀ ਦੇਣ ਜਾਂਦਾ ਤਾਂ ਉਨਾਂ ਦੀ ਬਜ਼ੁਰਗ ਪਤਨੀ ਬਹੁਤ ਪਿਆਰ ਨਾਲ ਮਾਵਾਂ ਵਾਂਗ ਮਿਲਦੀ। ਉੱਥੇ ਇੱਕ ਪਾਸੇ ਆਲੇ ਵਿੱਚ ਦੀਵਾ ਪਿਆ ਹੁੰਦਾ … ਵਿਹੜੇ ਵਿੱਚ ਕੁੱਝ ਮੁਰਗੀਆਂ ਦਾਣਾ ਚੁੱਗ ਰਹੀਆਂ ਹੁੰਦੀਆਂ ਤੇ ਪਰਾਂ ਇੱਕ ਬਕਰੀ ਬੰਨੀ ਹੁੰਦੀ … ਉੱਪਰ ਚਬੂਤਰੇ ਦੇ ਵਾਧਰੇ ਤੇ ਜੰਗਲੀ ਕਬੂਤਰ ਗੁਟਕ ਰਹੇ ਹੁੰਦੇ। ਬਜ਼ੁਰਗ ਕਦੀ ਪਵਿੱਤਰ ਕੁਰਾਨ ਲੈ ਕੇ ਬੈਠੇ ਹੁੰਦੇ ਅਤੇ ਕਦੀ ਹੋਰ ਧਾਰਮਿਕ ਪੁਸਤਕ। ਸ਼ਾਇਦ ਬਹੁਤ ਗਹਿਨ ਮੁਤਾਲਿਆ ਕਰ ਰਹੇ ਹੁੰਦੇ। ਉਨਾਂ ਦੀ ਪਤਨੀ ਮੈਨੂੰ ਕਦੀ ਵੀ ਬਿਨਾਂ ਕੁੱਝ ਖਵਾਏ ਜਾਣ ਨਾ ਦਿੰਦੀ, ਬਹੁਤ ਪਿਆਰ ਕਰਦੀ। ਉਮਰ ਦਰਾਜ਼ ਸੀ ਤੇ ਝੁੱਕ ਕੇ ਚਲਦੀ ਸੀ। ਬਹੁਤ ਹਸਮੁੱਖ। ਮੈਂ ਉਨਾਂ ਨੂੰ ਚਿੱਠੀ ਪੜ ਕੇ ਸੁਣਾਉਂਦਾ ਸੀ ਉਨਾਂ ਦੇ ਪੁੱਤਰ ਦੀ। ਸੁਣਦੇ ਸੁਣਦੇ ਮੈਨੂੰ ਅਸੀਸਾਂ ਦਿੰਦੀ ਰਹਿੰਦੀ।
ਇੱਕ ਦਿਨ ਮੈਂ ਆਪਣੀ ਕਸ਼ਮਕਸ਼ ਦੀ ਚਰਮ ਸੀਮਾ ਤੇ ਸੀ, ਨਾਲ ਹੀ ਕੰਮ ਵੀ ਕਰੀ ਜਾ ਰਿਹਾ ਸੀ। ਜੀਵਨ ਬੇਅਰਥ ਜਿਹਾ ਪ੍ਰਤੀਤ ਹੋ ਰਿਹਾ ਸੀ। ਧਰਮ ਇੱਕ ਮਕੈਨਕੀ ਕੰਮ ਲੱਗਣ ਲੱਗ ਪਿਆ ਸੀ। ਬਹੁਤ ਸਾਰੇ ਸਵਾਲ ਵੀ ਤੰਗ ਕਰਨ ਲੱਗ ਪਏ ਸੀ। ਪਰ ਮੈਂ ਫਿਰ ਵੀ ਪਤਾ ਨਹੀਂ ਕਿਉਂ ਤੁਰਦਾ ਜਾ ਰਿਹਾ ਸੀ ਇਸ ਰਸਤੇ ਤੇ।
ਫਿਰ ਇੱਕ ਦਿਨ ਕਰਮੂਦੀਨ ਬਾਬੇ ਦੀ ਚਿੱਠੀ ਆਈ। ਮੈਂ ਦੇਣ ਗਿਆ। ਕੰਮ ਕਰਨ ਦਾ ਮਨ ਨਹੀਂ ਸੀ, ਸੋ ਮੈਂ ਉੱਥੇ ਈ ਤਖ਼ਤਪੋਸ਼ ਤੇ ਬੈਠਾ ਐਵੇਂ ਮਾਤਾ ਨਾਲ ਇਧਰ ਉਧਰ ਦੀਆਂ ਗੱਲਾਂ ਕਰਨ ਲੱਗ ਪਿਆ ਪਰ ਅੰਦਰੋਂ ਮਨ ਬਹੁਤ ਉਚਾਟ ਸੀ। ਕਰਮੂਦੀਨ ਆਮ ਵਾਂਗ ਕੋਈ ਨਾ ਕੋਈ ਧਾਰਮਿਕ ਪੁਸਤਕ ਲੈ ਕੇ ਬੈਠਾ ਹੋਇਆ ਸੀ। ਇੱਕ ਵਾਰ ਤਾਂ ਮੈਂ ਉਸ ਨੂੰ ਗੁਟਕਾ ਸਾਹਿਬ ਵੀ ਪੜਦੇ ਵੇਖ ਕੇ ਹੈਰਾਨ ਹੋ ਗਿਆ ਸੀ ਪਰ ਉਦੋਂ ਨਵੇਂ ਨਵੇਂ ਆਏ ਹੋਣ ਕਰਕੇ...

ਪੁਛਿਆ ਨਹੀਂ ਸੀ, ਨਾਲੇ ਕੁੱਝ ਫਟਾਫਟ ਕੰਮ ਨਿਬੇੜਣ ਦੀ ਵੀ ਕਾਹਲੀ ਹੁੰਦੀ ਸੀ। ਉਸ ਦਿਨ ਮਨ ਵਿੱਚ ਅਚਾਨਕ ਖਿਆਲ ਆਇਆ,
“ਮਾਤਾ ਤੂੰ ਮੇਰੇ ਕੋਲੋਂ ਚਿੱਠੀ ਪੜਾਉਂਦੀ ਏਂ ਹਰ ਵਾਰ, ਕੀ ਗੱਲ ਬਾਬਾ ਜੀ ਨਹੀਂ ਪੜ ਕੇ ਸੁਣਾਉਂਦੇ ?” ਮੈਂ ਪੁਛਿਆ। ਮਾਤਾ ਮੇਰੇ ਅੱਗੇ ਸ਼ੱਕਰ ਵਾਲੀਆਂ ਆਟੇ ਦੀਆਂ ਸੇਵੀਂਆਂ ਰਖਦੀ ਬੋਲੀ,
“ਇਹਨੂੰ ਕਿੱਥੇ ਪੜਣਾ ਆਉਂਦਾ ਈ ਪੁਤਰਾ !! ਕੋਰਾ ਅਣਪੜ ਈ।”
”ਹੈਂਅ ! ਪੁਸਤਕ ਤਾਂ ਬਹੁਤ ਧਿਆਨ ਨਾਲ ਪੜ ਰਿਹਾ ਹੁੰਦੇ ਨੇ ਬਾਬਾ ਜੀ।” ਮੈਂ ਇੱਕਦਮ ਹੈਰਾਨ ਜਿਹਾ ਹੁੰਦੇ ਪੁੱਛਿਆ।
“ਪੜਣਾ ਤਾਂ ਪੁਤਰਾ ਇਹਨੂੰ ਕੱਖ ਵੀ ਨਹੀਂ ਆਉਂਦਾ ਪਰ ਕਈ ਪੜੇ ਲਿਖੇ ਵੀ ਇਹਦੇ ਕੋਲ ਬਾਰ ਬਾਰ ਪਤਾ ਨਹੀਂ ਕੀ ਕਰਨ ਆਉਂਦੇ ਸੀ। ਬਹੁਤ ਜਣੇ ਆਣ ਲੱਗ ਪਏ ਸੀ ਉੱਥੇ ਪਿਛਲੇ ਘਰ, ਏਸੇ ਕਰਕੇ ਸਿਰਫ਼ ਆਪਣੇ ਪੁੱਤਰ ਤੋਂ ਬਗ਼ੈਰ, ਬਿਨਾਂ ਕਿਸੇ ਹੋਰ ਨੂੰ ਦੱਸੇ ਏਥੇ ਰਹਿਣ ਆ ਗਏ ਆਂ।”
“ਪਰ ਫਿਰ ਇਹ ਪੁਸਤਕ ਵਿੱਚੋਂ ਕੀ ਪੜ ਰਹੇ ਹੁੰਦੇ ਨੇ ਜੇ ਇਨਾਂ ਨੂੰ ਪੜਣਾ ਈ ਨਹੀਂ ਆਉਂਦਾ ਅਤੇ ਸਮਝ ਈ ਨਹੀਂ ਆਉਂਦੀ ਤਾਂ।” ਮੈਂ ਉਲਝਦਾ ਜਾ ਰਿਹਾ ਸੀ ਨਾਲੇ ਸੋਚ ਰਿਹਾ ਸੀ ਕਿ ਪੜੇ ਲਿਖੇ ਇਸ ਤੋਂ ਕੀ ਕਰਨ ਆਉਂਦੇ ਸੀ ਭਲਾ।
“ਸਮਝ ਤਾਂ ਇਹਨੂੰ ਸਾਰੀ ਆਉਂਦੀ ਏ ਪੁਤਰਾ ਭਾਂਵੇਂ ਪੜਣਾ ਨਹੀਂ ਆਉਂਦਾ। ਕਈਆਂ ਨੂੰ ਤਾਂ ਬਿਨਾਂ ਪੜ੍ਹੇ ਅੱਖਰ ਅੱਖਰ ਬੋਲ ਕੇ ਸਮਝਾ ਦਿੰਦਾ ਸੀ। ਮੁੜ ਕੇ ਫਿਰ ਗੂੰਗਾ ਬਣਿਆ ਰਹਿੰਦਾ ਏ। ਪਤਾ ਨਹੀਂ ਕਦੋਂ ਤੇ ਕਿਵੇਂ ਸਿੱਖ ਗਿਆ ਇਹ ਪੜਿ੍ਹਆਂ ਨੂੰ ਪੜ੍ਹਾਉਣਾ। ਇਹਦੇ ਮਾਂ ਪਿਉ ਕਹਿੰਦੇ ਨੇ ਬੜੀ ਮੁਸ਼ਕਿਲ ਮੁਸ਼ੱਕਤ ਨਾਲ ਇਹਨੂੰ ਇੱਕ ਸ਼ਬਦ ਅੱਲਾਹ ਈ ਲਿਖਣਾ ਆਇਆ ਸੀ। ਅੱਗੋਂ ਨਾ ਇਹਨੂੰ ਪੜ੍ਹਣਾ ਆਇਆ ਤੇ ਨਾ ਪੜਾਉਣ ਵਾਲੇ ਪੜ੍ਹਾ ਸਕੇ।” ਮੈਂ ਪਹਿਲਾਂ ਈ ਉਲਝਿਆ ਪਿਆ ਸੀ ਮਾਤਾ ਦੀਆਂ ਗੱਲਾਂ ਨੇ ਮੈਨੂੰ ਹੋਰ ਉਲਝਾ ਦਿੱਤਾ।
ਜਦੋਂ ਉਹਨੇ ਮੈਨੂੰ ਪਰੇਸ਼ਾਨ ਜਿਹਾ ਵੇਖਿਆ ਤਾਂ ਅਚਾਨਕ ਮੇਰਾ ਹੱਥ ਫੜ ਕੇ ਕਰਮੂਦੀਨ ਵੱਲ ਲੈ ਤੁਰੀ ਤੇ ਮੂੰਹ ਵਿੱਚ ਕੁੱਝ ਬੁੜਬੁੜਾਉਂਦੀ ਜਾ ਰਹੀ ਸੀ ਪਰ ਮੈਂ ਸਿਰਫ਼ ਐਨਾ ਕੁ ਸੁਣਿਆ,
“ਅਲਾਹ ਤੈਨੂੰ ਵੀ ਕਿਤੇ ਕਰਮੂ ਕੋਲੋਂ ਪੜ੍ਹਾ ਦੇਵੇ।” ਮੈਂ ਬਹੁਤ ਹੈਰਾਨ ਹੋਇਆ ਕਿ ਇਹ ਅਣਪੜ ਮੈਨੂੰ ਪੜੇ ਲਿਖੇ ਨੂੰ ਕੀ ਪੜ੍ਹਾਏਗਾ। ਮੈਂ ਚਾਹੁੰਦੇ ਹੋਏ ਵੀ ਉਸ ਤੋਂ ਆਪਣੀ ਬਾਂਹ ਨਾ ਛੁਡਾ ਸਕਿਆ। ਉਸਨੇ ਮੈਨੂੰ ਕਰਮੂਦੀਨ ਦੇ ਅੱਗੇ ਨਿਆਣੇ ਵਾਂਗ ਬਿਠਾ ਦਿੱਤਾ।
ਕਰਮੂਦੀਨ ਨੂੰ ਮੇਰੇ ਆਉਣ ਦਾ ਕੋਈ ਪਤਾ ਨਾ ਲੱਗਾ। ਉਹ ਅੱਖਰਾਂ ਤੇ ਉਂਗਲਾਂ ਫੇਰ ਰਿਹਾ ਸੀ ਤੇ ਕਦੀ ਕਦੀ ਬੜੇ ਪ੍ਰੇਮ ਨਾਲ ਪੰਨੇ ਤੇ ਹੱਥ ਫੇਰਦਾ। ਅਚਾਨਕ ਉਸਨੇ ਸਿਰ ਉੱਪਰ ਚੁਕਿਆ ਤੇ ਮੇਰੇ ਵੱਲ ਹੈਰਾਨੀ ਨਾਲ ਵੇਖਿਆ। ਫਿਰ ਮਾਤਾ ਵੱਲ ਸਵਾਲੀਆ ਨਜ਼ਰਾਂ ਨਾਲ ਵੇਖਿਆ। ਮਾਤਾ ਨੇ ਬੇਨਤੀ ਦੇ ਲਹਿਜ਼ੇ ਵਿੱਚ ਮੇਰੇ ਵੱਲ ਇਸ਼ਾਰਾ ਕਰ ਕੇ ਸਿਰ ਹਿਲਾ ਕੇ ਕੁੱਝ ਕਰਨ ਲਈ ਕਿਹਾ। ਸਾਰੀ ਗੱਲ ਇਸ਼ਾਰੇ ਵਿੱਚ ਹੋਈ। ਸਭ ਕੁੱਝ ਮੌਨ ਸੀ ਗਹਿਰਾ ਮੌਨ … ਕਰਮੂਦੀਨ ਨੇ ਨਾਂਹ ਜਿਹੀ ਵਿੱਚ ਹੌਲੀ ਜਿਹੀ ਸਿਰ ਹਿਲਾਇਆ। ਮਾਤਾ ਨੇ ਫਿਰ ਇਸ਼ਾਰੇ ਵਿੱਚ ਬੇਨਤੀ ਕੀਤੀ ਤਾਂ ਕਰਮੂਦੀਨ ਨੇ ਮੇਰੇ ਵੱਲ ਝੰਜੋੜ ਦੇਣ ਵਾਲੀ ਗਹਿਰੀ ਨਜ਼ਰ ਨਾਲ ਵੇਖਿਆ। ਜਿਵੇਂ ਮੇਰੇ ਅੰਦਰ ਝਾਤੀ ਮਾਰ ਰਿਹਾ ਹੋਵੇ। ਮੈਂ ਸਿਰਫ਼ ਹੈਰਾਨ ਹੋ ਰਿਹਾ ਸੀ ਤੇ ਚਾਹੁੰਦੇ ਹੋਏ ਵੀ ਉੱਠ ਕੇ ਵਾਪਸ ਨਹੀਂ ਜਾ ਪਾ ਰਿਹਾ ਸੀ। ਕੁੱਝ ਪਲ ਮੇਰੇ ਮਸਤਕ ਵੱਲ ਵੇਖ ਕੇ ਮਾਤਾ ਵੱਲ ਵੇਖ ਕੇ ‘ਹਾਂ’ ਵਿੱਚ ਸਿਰ ਹਿਲਾਇਆ, ਮਾਤਾ ਦੇ ਚਿਹਰੇ ਤੇ ਖੇੜਾ ਆ ਗਿਆ।
ਉਸ ਅਣਪੜ ਕਰਮੂਦੀਨ ਨੇ ਮੇਰੀ ਉਂਗਲ ਫੜੀ ਤਾਂ ਇੱਕ ਝਰਨਾਹਟ ਜਿਹੀ ਨੇ ਸਰੀਰ ਵਿੱਚ ਤਰੰਗਾਂ ਦੀ ਝੜੀ ਲਾ ਦਿੱਤੀ। ਮੇਰੀ ਉਂਗਲੀ ਪਵਿਤੱਰ ਪੁਸਤੱਕ ਤੇ ਰੱਖ ਕੇ ਫੇਰਦਾ ਹੋਇਆ … ਬੜੇ ਅਥਾਹ ਪਿਆਰ ਵਿੱਚ ਭਿੱਜੇ ਬੋਲਾਂ ਨਾਲ … ਹੌਲੀ ਹੌਲੀ ਕੰਬਦੇ ਬੁੱਲਾਂ ਨਾਲ ਕਹਿਣ ਲੱਗਾ,
“ਇਹ ਵੀ ਮੇਰੇ ਅੱਲਾਹ ਦੀ ਬਾਤ ਏ …. ਇਹ ਵੀ ਮੇਰੇ ਅਲਾਹ ਦੀ ਬਾਤ ਏ … ਇਹ ਵੀ ਬੋਲ ਮੇਰੇ ਪਿਆਰੇ ਦੇ ਲਿਖੇ ਹੋਏ ਨੇ … (ਪੰਨੇ ਪਰਤਦਾ ਹੋਇਆ ਕੰਬਦੇ ਹੱਥਾਂ ਨਾਲ, ਪਿਆਰ ਵਿੱਚ ਅੱਖਰਾਂ ਨੂੰ ਸਹਿਲਾਂਦੇ ਹੋਏ ਬੋਲਦਾ ਗਿਆ) ਇਹ ਬੋਲ ਵੀ ਕਦੀ ਮੇਰੇ ਪਿਆਰੇ ਦੇ ਸੋਹਣੇ ਮੁੱਖੋਂ ਨਿਕਲੇ ਸੀ .. ਹਾਏ ਇਹ ਬੋਲ ਵੀ ਮੇਰੇ ਪਿਆਰੇ ਦੇ ਨੇ … .।” ਤੇ ਸਾਡੇ ਦੋਵਾਂ ਦੀਆਂ ਅੱਖਾਂ ‘ਚੋਂ ਜ਼ਾਰ ਜ਼ਾਰ ਹੰਝੂ ਡਿਗਣ ਲੱਗੇ। ਮੈਂ ਅੱਖਰਾਂ ਤੋਂ ਅੱਗੇ ਭਾਵਨਾ ਦੇ ਦੇਸ ਵਿੱਚ ਪੁੱਜ ਗਿਆ ਸੀ। ਦਿਮਾਗ਼ੀ ਗਿਆਨ ਬੜਾ ਪਿੱਛੇ ਕਿਤੇ ਗੁੰਮ ਹੋ ਗਿਆ। ਅਨੰਦ ਹੀ ਅਨੰਦ ’ਚ ਭਿਜਿਆ ਪਤਾ ਨਹੀਂ ਕਿਵੇਂ ਮੈਂ ਸੁੰਨ ਅਤੇ ਸਵਾਦ ਵਿੱਚ ਗੜੂੰਦ ਹੋਇਆ ਉੱਥੋਂ ਉੱਠ ਕੇ ਘਰ ਆਇਆ। ਪਰ ਉਸ ਤੋਂ ਬਾਅਦ ਸਾਰੀ ਉਮਰ ਮੈਂ ਬਾਣੀ ਦੀ ਅਵਾਜ਼ ਕੰਨੀ ਪੈਂਦਿਆਂ ਈ ਗੁਰੂ ਨਾਲ ਜੁੜ ਜਾਂਨਾਂ … ਆਪਣੇ ਪਿਆਰੇ ਗੁਰੂ ਨਾਲ ਜੁੜ ਜਾਂਨਾਂ ਅਤੇ ਜੇ ਕਿਸੇ ਨੂੰ ਸਮਝਾਉਣਾ ਵੀ ਪਵੇ ਤਾਂ ਬੜੇ ਪਿਆਰ ਨਾਲ ਹੱਥ ਜੋੜ ਕੇ ਨਿਮਰਤਾ ਸਹਿਤ ਸਮਝਾਉਂਨਾਂ। ਭਾਂਵੇਂ ਅਗਲਾ ਫਿਰ ਵੀ ਕਿੰਨੀ ਵਾਰ ਗ਼ਲਤੀ ਕਰੇ ਮੈਂ ਸਗੋਂ ਹੋਰ ਅਨੰਦ ਨਾਲ ਦੁਬਾਰਾ ਸਮਝਾ ਦੇਨਾਂ ਹਾਂ ਕਿਉਂਕਿ ਉਸ ਭਲੇ ਪੁਰਖ ਅਣਪੜ ਕਰਮੂਦੀਨ ਦੀ ਬਦੌਲਤ ਮੈਂ ਹੁਣ ਅੱਖਰਾਂ ਤੋਂ ਅੱਗੇ ਉਸ ਅੱਖਰਾਂ ਦੇ ਸਿਰਜਣਹਾਰੇ ਨਾਲ ਜੁੜਿਆ ਹੁੰਦਾਂ ਹਾਂ।
“ਜੋ ਪ੍ਰਾਣੀ ਗੋਵਿੰਦੁ ਧਿਆਵੈ॥
ਪੜਿਆ ਅਣਪੜਿਆ ਪਰਮਗਤਿ ਪਾਵੈ॥੧॥”
“ਗੁਰਮੀਤ ਸਿੰਘ ਮੀਤ”

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)