ਨਿੱਕੀ ਹੁੰਦੀ ਨੂੰ ਅਜੀਬ ਆਦਤ ਸੀ..ਹਰ ਗੱਲ ਲਈ ਪਹਿਲੋਂ ਮਾਂ ਦੇ ਮੂਹੋਂ ਹਾਂ ਕਰਵਾਉਣੀ..ਫੇਰ ਹੀ ਕਰਨੀ..ਕਈਂ ਵੇਰ ਖਿਝ ਜਾਂਦੀ..ਆਖਦੀ ਕਦੇ ਆਪਣਾ ਦਿਮਾਗ ਵੀ ਵਰਤ ਲਿਆ ਕਰ..!
ਫੇਰ ਵੱਡੀ ਹੋਈ..ਇੱਕ ਦਿਨ ਜਦੋਂ ਅਮ੍ਰਿਤਸਰ ਏਅਰਪੋਰਟ ਤੇ ਡੈਡ ਨੇ ਸਮਾਨ ਵਾਲੀ ਮੇਰੀ ਰੇਹੜੀ ਆਖਰੀ ਸਟੋਪ ਤੇ ਮੇਰੇ ਹਵਾਲੇ ਕੀਤੀ ਤਾਂ ਨਾਲ ਆਈ ਭੂਆ ਉਚੀ ਸਾਰੀ ਬੋਲ ਪਈ..ਗੁਰਮੁਖ ਸਿਆਂ ਸੋਚ ਲੈ..ਕੱਲੀ ਕਾਰੀ ਨੂੰ ਸੱਤ ਸਮੁੰਦਰ ਪਾਰ ਘੱਲਣ ਲੱਗਾ ਏ..ਕੋਈ ਉਚੀ-ਨੀਵੀਂ ਹੋ ਗਈ ਤਾਂ ਕਿਥੇ ਕਿਥੇ ਸਫਾਈਆਂ ਦਿੰਦਾ ਫਿਰੇਂਗਾ!
ਗੱਲ ਸੁਣ ਡੈਡ ਨੇ ਮੇਰੇ ਵੱਲ ਤੱਕਿਆ..ਮੈਂ ਅੱਗੋਂ ਅੱਖਾਂ ਮੀਚ ਤਸੱਲੀ ਜਿਹੀ ਦਿੱਤੀ..ਉਹ ਬੇਫਿਕਰ ਜਿਹਾ ਤਾਂ ਹੋ ਗਿਆ ਪਰ ਉਸਦੀਆਂ ਅੱਖਾਂ ਅੱਗੇ ਨਾਲੋਂ ਹੋਰ ਵੀ ਤਰ ਹੋ ਗਈਆਂ!
ਫੇਰ ਕਨੇਡਾ ਦੀ ਧਰਤੀ ਤੇ ਉੱਤਰਦਿਆਂ ਹੀ ਇਮਤਿਹਾਨ ਸ਼ੁਰੂ ਹੋ ਗਏ..ਕਿਰਾਏ ਵਾਲੀ ਡੂੰਘੀ ਜਿਹੀ ਬੇਸਮੇਂਟ..!
ਇੰਝ ਲੱਗਦਾ ਸਾਹ ਘੁੱਟ ਕੇ ਇਥੇ ਹੀ ਮਰ ਜਾਵਾਂਗੀ..ਗੱਲ ਗੱਲ ਤੇ ਨੁਕਸ ਕੱਢਦੀ ਮਾਲਕਣ ਆਂਟੀ ਬਿੜਕਾਂ ਵੀ ਰਖਿਆ ਕਰਦੀ..!
ਅੱਤ ਦੀ ਠੰਡ ਵਿਚ ਨਿੱਕਲ ਜਾਂਦੀ ਬੱਸ..ਤੇ ਫੇਰ ਸ਼ੀਸ਼ਾ ਬਣੀ ਬਰਫ ਤੇ ਤਿਲਕ ਕੇ ਡਿੱਗਦੀ ਹੋਈ ਦੀ ਅਕਸਰ ਹੀ ਚੀਕ ਨਿੱਕਲ ਜਾਂਦੀ..ਠੰਡ ਨਾਲ ਸੁੰਨ ਹੋ ਜਾਂਦੇ ਹੱਥ ਪੈਰ..ਤੇ ਹੋਰ ਵੀ ਕਿੰਨਾ ਕੁਝ!
ਫੇਰ ਇੱਕ ਦਿਨ ਨਾਲਦੀ ਸੀਟ ਤੇ ਬੈਠੇ ਡੈਡ ਦੀ ਉਮਰ ਦੇ ਅੰਕਲ ਨੇ ਅਜੀਬ ਸੁਆਲ ਪੁੱਛਣੇ ਸ਼ੁਰੂ ਕਰ ਦਿਤੇ!.
“ਬੁਆਏ ਫ੍ਰੇਂਡ ਬਣਾਇਆ ਕੋਈ..”
ਆਖਿਆ ਨਹੀਂ..ਆਖਣ ਲੱਗੇ ਇਥੇ ਤਾਂ ਬਣਾਉਣਾ ਹੀ ਪੈਂਦਾ..ਨਹੀਂ ਤੇ ਝੱਟ ਲੰਘਾਉਣਾ ਮੁਸ਼ਕਿਲ ਹੋ ਜਾਂਦਾ!
ਫੇਰ ਪਰਚੀ ਤੇ ਲਿਖਿਆ ਫੋਨ ਨੰਬਰ ਫੜਾਉਂਦੇ ਹੋਏ ਆਖਣ ਲੱਗੇ..ਪੈਸੇ ਧੇਲੇ ਦੀ ਲੋੜ ਹੋਵੇ ਤਾਂ ਦੱਸੀ..ਸੰਗੀ ਨਾ!
ਮੈਂ ਸਟੋਪ ਤੋਂ ਪਹਿਲਾਂ ਹੀ ਉੱਤਰ ਗਈ..ਦਿੱਤੇ ਨੰਬਰ ਵਾਲੀ ਪਰਚੀ ਦੂਰ ਸਿੱਟ ਸ਼ੁਦੈਣਾਂ ਵਾਂਙ ਕਿੰਨਾ ਚਿਰ ਬਿਨਾ ਮੰਜਿਲ ਦੇ ਤੁਰਦੀ ਗਈ..ਕੰਮ ਤੇ ਨਾਲਦੀ ਦੇ ਮੋਢੇ ਤੇ ਸਿਰ ਰੱਖ ਮਨ ਦਾ ਬੋਝ ਹਲਕਾ ਕੀਤਾ!
ਉਸ ਦਿਨ ਮਗਰੋਂ ਹਰੇਕ ਆਪਣੇ ਨੂੰ ਦੇਖ ਰਾਹ ਬਦਲ ਲਿਆ ਕਰਦੀ..!
ਕਦੇ ਕਦੇ ਮਾਂ ਬੜੀ ਚੇਤੇ ਆਉਂਦੀ..ਲੱਖ ਕੋਸ਼ਿਸ਼ ਕਰਨ ਤੇ ਵੀ ਡੈਡ ਨਾਲ ਇਹ ਗੱਲਾਂ ਸ਼ੇਅਰ ਕਰਨੀਆਂ ਮੇਰੇ ਵੱਸ ਵਿਚ ਨਹੀਂ ਸਨ..!
ਉਸ ਦਿਨ ਪੀ.ਆਰ ਹੋਣ ਮਗਰੋਂ ਪੰਜਾਬ ਵਾਪਿਸ ਮੁੜਦੀ ਹੋਈ ਨੂੰ ਜਹਾਜੇ ਬੈਠਿਆਂ ਇਹ ਗੱਲਾਂ ਪਤਾ...
ਨਹੀਂ ਕਿਓਂ ਚੇਤੇ ਆ ਰਹੀਆਂ ਸਨ..!
ਪਿੰਡ ਅੱਪੜੀ ਤਾਂ ਸਾਰੀ ਰਿਸ਼ਤੇਦਾਰੀ ਕੱਠੀ ਹੋਈ ਪਈ ਸੀ..ਵੱਡੀ ਭੂਆ ਦੀਆਂ ਨਜਰਾਂ ਕੁਝ ਹੋਰ ਹੀ ਚੀਜ ਟਟੋਲ ਰਹੀਆਂ ਸਨ..ਉਚੇਚਾ ਲਾਂਭੇ ਜਿਹੇ ਕਰ ਕੇ ਉੱਪਰੋਂ ਥੱਲੇ ਤੱਕ ਨਿਹਾਰਦੀ ਹੋਈ ਪੁੱਛਣ ਲੱਗੀ ਕੇ ਕੋਈ ਬਵਾਏ ਫ੍ਰੇਂਡ ਤੇ ਨਹੀਂ ਬਣਾਇਆ..?
ਮੈਂ ਕੁਝ ਨਾ ਬੋਲੀ ਪਰ ਕਨੇਡਾ ਵਾਲੀ ਬੱਸ ਵਾਲਾ ਓਹੋ ਅੰਕਲ ਚੇਤੇ ਜਰੂਰ ਆ ਗਿਆ!
ਅਗਲੇ ਦਿਨ ਜੋ ਜੋ ਤੋਹਫੇ ਲਿਆਂਦੇ ਸਨ..ਓਹਨਾ ਹਵਾਲੇ ਕਰ ਦਿੱਤੇ..!
ਜਦੋਂ ਖਾਲੀ ਬੈਗ ਕਿੱਲੀ ਟੰਗਣ ਲੱਗੀ ਤਾਂ ਡੈਡ ਨੂੰ ਆਖ ਦਿੱਤਾ ਕੇ ਹੁਣ ਇਸਨੂੰ ਭਰਨਾ ਵੀ ਪੈਣਾ..ਨਹੀਂ ਤਾਂ ਵਾਪਿਸ ਗਈ ਨੂੰ ਕਈਆਂ ਨੇ ਪੁੱਛਣਾ..ਸਾਡੇ ਵਾਸਤੇ ਪੰਜਾਬੋਂ ਕੀ ਲੈ ਕੇ ਆਈਂ ਏਂ..!
ਇਸ ਦੁਨੀਆਂ ਵਿਚ ਹਰੇਕ ਨੂੰ ਹਰ ਲਈ ਹੋਈ ਚੀਜ ਬਦਲੇ ਕੁਝ ਨਾ ਕੁਝ ਦੇਣਾ ਹੀ ਪੈਂਦਾ..ਸਿਵਾਏ ਜੰਮਣ ਵਾਲੀ ਮਾਂ ਤੋਂ..!
ਫੇਰ ਉਸ ਰਾਤ ਕੰਧ ਤੇ ਟੰਗੀ ਮਾਂ ਦੀ ਫੋਟੋ ਨਾਲ ਢੇਰ ਸਾਰੀਆਂ ਗੱਲਾਂ ਕੀਤੀਆਂ..ਕਿੰਨੇ ਸਾਰੇ ਦੁੱਖ ਫਰੋਲੇ..ਬੇਸ਼ੁਮਾਰ ਉਲਾਹਮੇਂ ਵੀ ਦਿੱਤੇ..ਤੇ ਫੇਰ ਸੁਫ਼ਨੇ ਵਿਚ ਕੋਲ ਸੁੱਤੀ ਹੋਈ ਕੋਲੋਂ ਇੱਕ ਇਜਾਜਤ ਵੀ ਲੈ ਲਈ..!
ਅਗਲੇ ਦਿਨ ਆਪਣੇ ਦਿਉਰ ਦੇ ਮੁੰਡੇ ਦਾ ਰਿਸ਼ਤਾ ਲੈ ਕੇ ਆਈ ਭੂਆ ਨੂੰ ਸਪਸ਼ਟ ਆਖ ਦਿੱਤਾ ਕੇ ਮੈਂ ਆਪਣੇ ਰੂਹਾਂ ਦਾ ਹਾਣ ਲੱਭ ਲਿਆ ਏ..!
ਗੁੱਸੇ ਨਾਲ ਭਰੀ ਮੇਰੇ ਡੈਡ ਨੂੰ ਉਲਾਂਹਮਾਂ ਦਿੰਦੀ ਆਖਣ ਲੱਗੀ..ਵੇਖ ਲੈ ਗੁਰਮੁਖ ਸਿਹਾਂ..ਓਹੋ ਗੱਲ ਹੋਈ ਨਾ ਜਿਸਦਾ ਡਰ ਸੀ..!
ਪਿਓ ਚੁੱਪ ਸੀ ਪਰ ਕੋਲ ਹੀ ਟੰਗੀ ਮਾਂ ਦੀ ਤਸਵੀਰ ਨਿੰਮਾ-ਨਿੰਮਾ ਮੁਸਕੁਰਾ ਜਰੂਰ ਰਹੀ ਸੀ..!
ਸ਼ਾਇਦ ਸੋਚ ਰਹੀ ਸੀ ਕੇ ਜਿਸਨੂੰ ਇੱਕ ਦਿਨ ਕੱਲੀ ਨੂੰ ਛੱਡ ਆਈ ਸਾਂ..ਅੱਜ ਜਿੰਦਗੀ ਦੀ ਵੱਡੇ ਫੈਸਲੇ ਲੈਣ ਦੇ ਕਾਬਿਲ ਜੂ ਹੋ ਗਈ ਏ!
ਅਖੀਰ ਵਿਚ..ਦੋਸਤੋ ਜਿੰਦਗੀ ਦੇ ਇਮਤਿਹਾਨ ਹਰੇਕ ਨੂੰ ਦੇਣੇ ਹੀ ਪੈਂਦੇ ਨੇ..ਉਹ ਵੀ ਆਖਰੀ ਦਿਨ ਤੱਕ..!
ਸੋ ਜਿਹੜੀ ਚੀਜ ਹੈ ਹੀ ਅਟੱਲ ਏ ਕਿਓਂ ਨਾ ਉਸਦਾ ਮੁਕਾਬਲਾ ਵੀ ਹੱਸ ਹੱਸ ਕੇ ਹੀ ਕੀਤਾ ਜਾਵੇ!
ਹਰਪ੍ਰੀਤ ਸਿੰਘ ਜਵੰਦਾ