ਗਲ ਕੋਈ 15 ਸਾਲ ਪੁਰਾਣੀ ਹੈ। ਮੈਂ ਛੁੱਟੀ ਤੇ ਸੀ।ਬੱਚਿਆਂ ਨੂੰ 15 ਅਗੱਸਤ ਦੀ ਛੁੱਟੀ ਸੀ।ਬੱਚੇ ਕਹਿਣ ਆਪਣੀ ਮਾਂ ਨੂੰ ਕਿ ਮਾਸੀ ਪਿੰਡ ਚੱਲੀਏ , ਸੋ ਝਟਪਟ ਤਿਆਰ ਹੋ ਵਾਂਢੇ ਚਲੇ ਗਏ। ਮੇਰਾ ਸਾਂਢੂ ਮੇਰੀ ਗੋਤ ਦਾ(ਕਾਹਲੋਂ)ਸੀ। ਸਾਡਾ ਭਰਾਵਾਂ ਵਰਗਾ ਪਿਆਰ ਸੀ, ਮੈਂ ਉਸ ਦੀ ਮਾਤਾ ਨੂੰ ਬੀਬੀ ਹੀ ਕਹਿੰਦਾ ਹੁੰਦਾ ਸੀ। ਉਹ ਵੀ ਮੇਰਾ ਬੜਾ ਤਿਹੁ ਕਰਦੀ ਸੀ। ਅਤੇ ਬੜੇ ਪਿਆਰ ਅਤੇ ਅਪਣੱਤ ਨਾਲ ਮੇਰਾ ਸਿਰ ਪਲੋਸਦੀ ਸੀ “ਆ ਜੋਗਿੰਦਰ ਸਿੰਘਾ” ਸਵੇਰ ਦਾ ਕਾਂ “ਲਾਉਣ” ਡਿਆ ਸੀ। ਮੈਂ ਤਈਨੂੰ ਈ ‘ਡੀਕਦੀ ਸੀ”। ਮੈਂ ਉਚੇਚ ਨਾਲ ਬੀਬੀ ਨੂੰ ਮਿਲਦਾ ਸੀ।
ਬੜਾ ਡੀਲ ਡੌਲ ਵਾਲਾ ਬੰਦਿਆਂ ਵਰਗਾ ਜੁੱਸਾ ਸੀ ਲਗਪਗ75-80 ਸਾਲ ਦੀ ਸੀ ਬੀਬੀ ਉਦੋਂ ।ਜਦੋਂ ਅਸੀਂ ਉਥੇ ਪਹੁੰਚੇਤਾਂ ਬੀਬੀ ਨਹੀ ਦਿਸੀ ਮੈਂ ਆਪਣੀ ਸਾਲੀ ਨੂੰ ਪੁਛਿਆ “ਭੈਣ ਬੀਬੀ ਕਿੱਥੇ ਆ, ਦਿਸੀ ਨਹੀ ਕਿਤੇ।”
ਉਹ ਅਜ ਸਵੇਰ ਦੇ ਅੰਦਰ ਪਏ ਨੇ ਤੇ ਅਜ ਦੇ ਦਿਨ ਉਦਾਸ ਹੀ ਰਹਿੰਦੇ ਨੇ, ਹੁਣ ਹੋ ਸਕਦਾ ਤੈਨੂੰ ਵੇਖ ਕੇ ਦੀਵੇ ‘ਚ ਤੇਲ ਪੈ ਜਾਏ ”
ਮੈਂ ਅੰਦਰ ਜਾ ਕੇ ਸਾਸਰੀ ਕਾਲ ਬੁਲਾਈ ਪਰ ਕੋਈ ਜਵਾਬ ਨਾ ਮਿਲਿਆ। “ਬੀ…ਅ..ਬੀ ਸਤਿ ਸ੍ਰੀ ਅਕਾਲ ” ਕੀ ਗਲ ਅਜ ਚੁਪਚਾਪ ਅੰਦਰ ਪਏ ਓ”
” ਬਸ ਕੁਛ ਨ੍ਹੀ ਐਵੇਂ ਚਿਤ ਜਿਹਾ ਠੀਕ ਨ੍ਹੀ। “ਮੈਂ ਥੋੜਾ ਜਿਹਾ ਆਸਰਾ ਦੇ ਕੇ ਉਠਾਇਆ। ਤੇ ਬਾਹਰ ਖੁਲ੍ਹੇ ਥਾਂ ਵਿਹੜੇ ਵਿੱਚ ਧਰੇਕਾਂ ਹੇਠਾਂ ਲੈ ਆਇਆ। ਉਥੇ ਹੀ ਕੁਰਸੀਆਂ ਆ ਗਈਆਂ ਬੀਬੀ ਮੰਜੇ ਤੇ ਬਹਿ ਗਈ। ਮੇਰੇ ਬੱਚਿਆਂ ਅਤੇ ਨਾਲ ਦੀ ਨੂੰ ਮਿਲ ਕੇ ਖੁਸ਼ ਹੋ ਗਏ। ਮਨ ਹੋਰ ਹੋ ਗਿਆ। ਬੱਦਲਵਾਈ ਸੀ ਹਵਾ ਵਗ ਰਹੀ ਸੀ।ਮੌਸ਼ਮ ਠੰਢਾ ਸੀ।
“ਹੋਰ ਸੁਣਾ ਜੋਗਿੰਦਰ ਸਿੰਘਾ ਕਿਥੇ ਹੁੰਨਾ ਅਜਕਲ੍ਹ ”
“ਦਿੱਲੀ ਹੋਈਦਾ। ਅਜ ਬੱਚਿਆਂ ਨੂੰ ਛੁੱਟੀ ਸੀ 15 ਅਗਸਤ ਦੀ। ਮੈ ਕਿਆ ਬੀਬੀ ਨੂੰ ਮਿਲ ਆਈਏ”
15 ਅਗਸਤ ਦਾ ਸੁਣ ਕੇ ਉਹ ਫਿਰ ਉਦਾਸ ਜਿਹੀ ਹੋ ਗਈ। ਐਨਕ ਲਾਹ ਕੇ ਆਪਣੇ ਲੀੜੇ ਨਾਲ ਮੂੰਹ ਅਤੇ ਅੱਖਾ ਸਾਫ ਕੀਤੀਆਂ।ਤੇ ਹੌਕਾ ਲਿਆ।
“ਬੀਬੀ ਕੁਝ ਦੱਸੋ ਨਾ ,ਪਾਕਿਸਤਾਨੋਂਕਿਵੇਂ ਆਏ ਇੱਧਰ, ਰਾਹ ਚ ਕਿਵੇਂ ਬੀਤੀ ,ਧਾਡਾ ਘਰ ਕਿਵੇਂ ਸੀ ਉਧਰ ?”ਮੈਂ ਕਈ ਸੁਆਲ ਕੱਠੇ ਹੀ ਕਰਤੇ।ਹੌਕਾ ਭਰਕੇ ਕਹਿੰਦੇ, “ਕੀ ਕਰੇਂਗਾ ਸੁਣ ਕੇ”
“ਬੀਬੀ ਮੈਂ ਸੁਣਿਆ ਕਿ ਬਹੁਤ ਬੁਰਾ ਵਤੀਰਾ ਹੋਇਆ ਸੀ ਦੋਵਾਂ ਪਾਸਿਆਂ ਤੋਂ ਹੀ”
ਖੰਘੂਰਾ ਮਾਰ ਕੇ ਗਲਾ ਸਾਫ ਕੀਤਾ ਤੇ ਦੱਸਣ ਲਈ ਰਾਜ਼ੀ ਹੋ ਗਈ। ਮੈ ਆਪਣੇ ਬੇਟੇ ਕੋਲੋਂ ਪਾਣੀ ਮੰਗਵਾ ਕੇ ਪੀਣ ਨੂੰ ਕਿਹਾ
“ਲੈ ਬੀਬੀ, ਪੀ ਲੈ ਗਲਾ ਤਰ ਹੋਜੂ”
“ਤੂੰ ਇਧਰ ਦਾ ਹੀ ਏਂ ਨਾ। ਤੇਰੇ ਵੱਡਿਆਂ ਨੂੰ ਸੇਕ ਜੂ ਨ੍ਹੀ ਲਗਾ ਤਾਹੀਓਂ ਜੁਗਤਾਂ ਕਰਦਾਂ।ਤੈਨੂੰ ਤੇਰੀ ਸੱਸ ਨੇ ਨਹੀ ਦਸਿਆ ਕੁਝ “ਉਹ ਵੀ ਤੇ ਸਾਰੇ ਓਧਰੋਂ ਹੀ ਆਏ ਨੇ।ਤੇਰੇ ਨਾਲ ਦੀ ਦਾ ਦਾਦਾ ਤੇਰੇ ਸਾਂਢੂ ਦਾ ਮਾਮਾ ਲਗਦਾ ਸੀ।”
” ਨਹੀ ਮਾਤਾ “। ਮੈਨੂੰ ਪਹਿਲਾਂ ਕਦੀ ਖਿਆਲ ਹੀ ਨਹੀ ਆਇਆ ”
ਮੈਨੂੰ ਕਈ ਗਲਾਂ ਤਾਂ ਭੁਲ ਗਈਆਂ ਨੇ ।ਜਿਵੇਂ ਉਨਾ ਦਾ ਪਿੰਡ,ਆਦਿ। ਪਰ ਬੀਬੀ ਨੇ ਸਭ ਕੁੱਝ ਦੱਸਿਆ ਸੀ।
ਕਹਿੰਦੀ “ਇਹ ਪੰਜ ਭਰਾ ਸਨ ਸਾਰੇ ਹੀ ਭਲਵਾਨ ਸਾਡੇ ਪਿੰਡ ਵਿੱਚ ਸਾਰੇ ਲੋਕ ਰਲਮਿਲ ਕੇ ਰਹਿੰਦੇ ਸਨ । ਹੋਲੀ, ਦੀਵਾਲੀ ਈਦ ਅਸੀਂ ਸਾਰੇ ਰਲਮਿਲ ਕੇ ਮਨਾਉਂਦੇ ਸੀ। ਮੇਲੇ ਮਸਾਧੇ ਵੀ ਕੱਠਿਆਂ ਮਨਾਉਣੇ ਇਕ ਦੂਜੇ ਦੀ ਇਜ਼ੱਤ ਦੇ ਰਾਖੇ ਸਨ । ਕੁੜੀਆਂ ਨੇ ਸਾਡੀ ਹਵੇਲੀ ਵਿੱਚ ਸਾਰੀ ਸਾਰੀ ਰਾਤ ਚਰਖੇ ਕੱਤਣੇ, ‘ਸ਼ੋਪ ‘ਪਾਉਣੇ।ਪਿੰਡ ਵਿੱਚ ਸਾਡੀ ਇਜ਼ੱਤ ਬਹੁਤ ਕਰਦੇ ਸਨ।ਪਰ ਪਤਾ ਨ੍ਹੀ ਕੀ ਸੱਪ ਸੁੰਘ ਗਿਆ। ਚੰਦਰੇ ਲੀਡਰਾਂ ਨੇ
ਆਪੋ ਆਪਣੀ ਚੌਧਰ ਖਾਤਰ, ਪੰਜਾਬ ਦੇ ਟੋਟੇ ਕਰਵਾ ਤੇ।ਸਿਰਫ ਪੰਜਾਬ ਹੀ ਲਹੂ ਲੁਹਾਨ ਹੋਇਆ। ਜਦੋਂ ‘ਰੌਲਾ’ ਪਿਆ ਤਾ ਉਸ ਪਿੰਡ ਦਾ ਚੌਧਰੀ। ਤੁਹਾਡੇ ਦਾਦੇ ਦਾ ਪੱਗ ਵਟ ਭਰਾ ਬਣਿਆ ਹੋਇਆ ਸੀ ਕੁੱਝ ਹੋਰ ਮੋਹਤਬਰ ਬੰਦਿਆਂ ਨੂੰ ਨਾਲ ਲੈ ਕੇ ਆਇਆ ਤੇ ਕਹਿੰਦਾ। “ਸਰਦਾਰ ਜੀ ਗਲ ਨਹੀ ਆਹੁੜਦੀ ਕੀ ਕਹਾਂ ਮੈਂ ।ਨਾਲੇ ਰੋਈ ਜਾਵੇ ਤੇ ਹਟਕੋਰੇ ਲੈ ਲੈ ਕਹਿੰਦਾ ਕੁੱਝ ਦਿਨਾਂ ਦੀ ਗਲ ਹੈ ਠੰਢ ਠੰਢੋਲਾ ਹੋਊ ਤਾ ਆਪਣੀ ਜਮੀਨ ਜੈਦਾਤ ਆਕੇ ਫਿਰ ਸੰਭਾਲ ਲਿਓ। ਲਾਗਲੇ ਪਿੰਡਾਂ ਵਿੱਚ ਬਹੁਤ ਵੱਢ ਟੁਕ ਹੋਈ ਆ ਰਾਤ ਦੀ ਗੁਰਮੁੱਖ ਸਿੰਘ ਦਾ ਸਾਰਾ ਟੱਬਰ ਮਾਰ ਮੁਕਾਇਆ ਭੂਤਰੇ ਹੋਇਆਂ ਨੇ ਅਸੀਂ ਆਪਣੇ ਪਿੰਡ ਪਹਿਰਾ ਲਾਇਆ ਹੋਇਆ। ਪਰ...
ਕਿੰਨਾ ਚਿਰ? ਉਹ ਧਾੜਾਂ ਦੀਆਂ ਧਾੜਾਂ ਫਿਰਦੇ ਨੇ”
“ਤਾਇਆ ਇਹਨਾ ਦੇ ਬੰਦਿਆਂ ਕਿਹੜੀ ਘੱਟ ਕੀਤੀ ਆ । ਅੰਬਰਸਰੋਂ ਆਈ ਰੇਲ ਵਿਚੋਂ ਕੋਈ ਵੀ ਜੀਂਦਾ ਨਹੀ
ਛੱਡਿਆ ਇਹਨਾ ਨੇ” ਇਕ ਛੋਹਰ ਬੋਲਿਆ। “ਸਾਡੇ ਕੋਲੋਂ ਨਹੀ ਲਗਦਾ ਪਹਿਰਾ, ਨਹੀ ਹੁੰਦੀਆਂ ਰੱਖੀਆਂ ਇਹਨਾ ਦੀਆਂ”
ਵਾਹਵਾ ਅਬਾ ਤਬਾ ਬੋਲਿਆ, ਪਿੰਡ ਦੀਆਂ ਕੁੜੀਆਂ ਲਈ ਵੀ ਕੁਬੋਲ ਬੋਲੇ ਕਿ ਅਸੀਂ ਜਾਣ ਹੀ ਨਹੀ ਦੇਣੀਆਂ ਇਧਰ ਹੀ ਰੱਖਾਂਗੇ ਧੱਕੇ ਨਾਲ।
“ਪੁੱਤ ਨੱਕੋ ਮੂੰਹੋਂ ਝੁਲੀ ਹੋਈ ਸੀ ਅਸੀਂ ਆਪਣਾ ਆਂਢ ਗੁਆਂਢ ਕੱਠਾ ਕੀਤਾ, ਜੋ ਲੈ ਸਕੇ ਲੈ ਲਿਆ ਬਾਕੀ ਸਾਰੇ ਘਰ ਘਾਟ ,ਖੁਲ੍ਹੇ ਛੱਡ ਕੇ ਰੋਂਦੇ ਕੁਰਲਾਉਂਦੇ ਤੁਰ ਪਏ। ਉਹ ਚੌਧਰੀ ਪੰਜ ਕੋਹ ਤੱਕ ਕੁਝ ਬੰਦਿਆਂ ਨੂੰ ਨਾਲ ਲੈ ਕੇ ਸਾਡੇ ਨਾਲ ਆਇਆ। ਮੁੜਨ ਲਗਿਆਂ ਸਾਰਿਆਂ ਦੇ ਗਲ ਲਗ ਲਗ ਰੋਇਆ।
“ਮੀਂਹ ਵੀ ਬਹੁਤ ਪੈ ਰਿਹਾ ਸੀ। ਹਾਂ ਸਚ ਮੈਂ ਇਕ ਝੋਟੀ ਖੋਲ ਲਿਆਈ ਸੀ ਆਪਣੇਨਾਲ ਉਹ ਮੇਰਾ ਬਹੁਤ ਤਿਹੁ ਕਰਦੀ ਸੀ । ਮੇਰੇ ਮਗਰ ਮਗਰ ਤੁਰੀ ਆਈ।ਵੱਡੇ ਮੁੰਡੇ ਨੂੰ ਮੈਂ ਉਸ ਉਪਰ ਬਿਠਾ ਦਿੱਤਾ। ਮੈਂ ਵੀ ਮੁੜਾਸਾ(ਸ਼ਾਇਦ ਮੁੰਡਾਸਾ)ਕੀਤਾ ਹੋਇਆ ਸੀ। ਇਕ ਕਾਕਾ ਮੈਂ ਆਪਣੀ ਹਿੱਕ ਤੇ ਕਪੜੇ ਨਾਲ ਬੱਧਾ ਹੋਇਆ ਸੀ। ਮੇਰੇ ਹੱਥ ਵਿੱਚ ਮੇਰੇ ਕੱਦ ਨਾਲੋਂ ਉੱਚਾ ਬਰਛਾ ਸੀ।ਬਾਕੀ ਸਾਡੇ ਪਰਿਵਾਰ ਕੋਲ ਕਿਰਪਾਨ ਸਵੀਆਂ ਟਕੂਏ ਸਨ।ਬਾਕੀ ਲੋਕ ਵੀ ਹਥਿਆਰਬੰਦ ਸਨ।ਰਾਹ ਖਹਿੜਾ ਕੋਈ ਹੈ ਨਹੀ ਸੀ ਸਭ ਪਾਣੀ ਵਿੱਚ ਡੁੱਬ ਗਏ ਸਨ।ਸਾਰੀ ਜਮੀਨ ਅਬਾਦ ਨ੍ਹੀ ਸੀ, ਕਾਹੀ ,ਸਰਕੜਾ ਬਹੁਤ ਸੀ।” ਇੱਥੇ ਬੀਬੀ ਨੇ ਬੜਾ ਲੰਮਾ ਹੌਕਾ ਭਰਿਆ, ਗਲਾ ਭਰ ਆਇਆ, ਅੱਖਾਂ ਚੋਂ ਪਰਲ ਪਰਲ ਪਾਣੀ ਵਗੀ ਜਾਂਦਾ ਸੀ। ਹਉਕਿਆਂਆਂ ਨਾਲ ਰੋ ਰਹੀ ਸੀ ਕਹਿੰਦੀ
“ਪੁੱਤ ਮੈਂ ਆਪਣੀਆਂ ਅੱਖਾਂ ਨਾਲ ਲਾਸਾਂ ਦੇ ਢੇਰ ਵੇਖੇ ਨਿਕੇ ਨਿਕੇ ਬੱਚੇ, ਬਜ਼ੁਰਗ, ਤੀਵੀਆਂ ,ਮਰਦ ਵੱਢੇ ਵੇਖੇ।ਸਭ ਤੋਂ ਵੱਧ ਖਤਰਨਾਕ ਜੋਂ ਮੈਂ ਵੇਖਿਆ ਉਹ ਸੀ ਤਿੰਨ ਨੌਜਵਾਨ ਕੁੜੀਆਂ ਦੀਆਂ ਨੰਗੀਆਂ ਲਾਸ਼ਾਂ ਕੋਈ ਕਪੜੇ ਦੀ ਲੀਰ ਵੀ ਨਹੀ ਸੀ ਉੱਤੇ।ਛਾਤੀਆਂ ਵੱਢੀਆਂ ਸਨ ਤੇ ਜ਼ਬਰਜਨਾਹ ਕੀਤਾ ਗਿਆ ਸੀ।
ਮੈਂ ਤੁਹਾਡੇ ਤਾਏ ਕੋਲੋਂ ਕਿਰਪਾਨ ਲੈ ਕੇ ਸਰਕੜਾ ਵੱਢ ਕੇ ਉਹਨਾ ਕੁੜੀਆਂ ਦੀਆਂ ਲਾਸ਼ਾ ਤੇ ਪਾ ਕੇ ਉਨਾ ਨਿਕਰਮਣਾ ਨਿਖਫਣੀਆਂ ਨੂੰ ਕੱਜਿਆ।”
ਬੀਬੀ ਫਿਰ ਰੋਣ ਲੱਗ ਪਈ । ਮੈਂ ਪਾਣੀ ਪਿਆਇਆ।
ਮੈਂ ਖੁਦ ਰੋ ਰਿਹਾ ਸੀ। ਸਾਰਾ ਮਾਹੌਲ ਹੀ ਗਮਗੀਨ ਸੀ।
ਮੈਂ ਉਸ ਨੂੰ ਚੁੱਪ ਨਹੀ ਕਰਵਾਇਆ ।ਸੋਚਿਆ ਕਿ ਇਹ ਗੁਬਾਰ ਨਿਕਲ ਹੀ ਲੈਣ ਦਿਓ।
ਫਿਰ ਕੁੱਝ ਚਿਰ ਬਾਅਦ ਰੋ ਰਾ ਕੇ ਅੱਖਾਂ ਪੂੰਝੀਆਂ ਤੇ ਕਹਿਣਲੱਗੀ ” ਅਸੀਂ ਪਿੰਡ ਵਾਲੇ ਕੱਠੇ ਸੀ ਜਥੇ ਦੇ ਤੌਰ।ਇੱਕਾ
ਦੁੱਕਾ ਹੱਲਾ ਸਾਡੇ ਤੇ ਵੀ ਹੋਇਆ, ਪਰ ਬਚਾਅ ਹੋ ਗਿਆ
ਇਕ ਮੁਸਲਮਾਨਾਂ ਦਾ ਟੋਲਾ ਇਧਰੋਂ ਜਾ ਰਿਹਾਸੀ। ਨੇਕ ਬਖਤ ਸੀ । ਕਹਿੰਦਾ ਸਰਦਾਰਾਂ ਅਗੇ ਰੇਲ ਦੀ ਪਟਰੀ ਆਏਗੀ। ਉਸਤੇ ਤੇ ਹੀ ਚਲ ਪਿਉ। ਸੁੱਕੀ ਅਤੇ ਪਾਣੀ ਤੋਂ ਉੱਚੀ ਆ। ਪਿਛੋਂ ਕਿਥੋਂਆਏ ਓ। ਪਿੰਡ ਦਾ ਨਾਂ ਦੱਸਿਆ ਧਾਡੇ ਭਾਪੇ ਨੇ।ਉਹ ਕਹਿੰਦਾ ਉਥੇ ਮੇਰੀ ਭੂਆ ਹੈ ਚੌਧਰੀ ਰੁਕਨ ਦੀਨ ਦੇ ਘਰੋਂ”
ਉਹ ਰੁਕਨ ਦੀਨ ਹੀ ਤਾਂ ਮੇਰੇ ਸਹੁਰੇ ਦਾ ਪੱਗ ਵਟ ਸੀ।ਦਸਣ ਤੇ ਉਹ ਬੜਾ ਖੁਸ਼ ਹੋਇਆ ਤੇ ਕਹਿੰਦਾ “ਰਮਦਾਸ ਇਥੋਂ ਲਾਗੇ ਈ ਆ। ਬਸ ਤੁਸੀਂ ਪਾਰ ਹੋਣ ਹੀ ਵਾਲੇ ਹੋ। ਰਮਦਾਸੋਂਲਾਈਨ ਤੇਂ ਹੀ ਫਾਟਕ ਤੋਂ ਚੜਦੇ ਨੂੰ ਮੁੜ ਜਾਇਉ। ਉਥੋਂ ਚਾਰ ਪੰਜ ਕੋਹ ਤੇ ਹਾਡਾ ਪਿੰਡ ਜਿਹੜਾ ਛੱਡ ਕੇ ਆਏ ਹਾਂ ਉੱਥੇ ਪਹੁੰਚ ਜਾਉਗੇ। ਜਵਾਰਾਂ ਅਤੇ ਕਮਾਦ ਬਹੁਤ ਨੇ ਉੱਥੇ।
ਖੈਰ ਅਸੀਂ ਇੰਝ ਹੀ ਕੀਤਾ ਤੇ ਇਥੇ ਪਹੁੰਚ ਗਏ। ਸਾਰੇ ਅਸੀ ਕੱਠੇ ਹੋ ਕੇ ਪਕਾਉਂਦੇ ਤੇ ਖਾਂਦੇ। ਡੰਗਰ ਵੀ ਸਾਰਿਆਂ ਨੇ ਇਕ ਇਕ ਲਵੇਰੀ ਅਤੇ ਜੋਗਾਂ ਵੰਡ ਲਈਆਂ।”
ਬੀਬੀ ਚੁੱਪ ਹੋ ਗਈ। ਤੇ ਅਸੀਂ ਵੀ ਇਸ ਹਕੀਕਤ ਦੀ ਦੁਨੀਆ ਵਿੱਚ ਵਾਪਿਸ ਪਰਤੇ
ਕਿੰਨੇ ਕਸ਼ਟ ਦੁਸ਼ਵਾਰੀਆਂ,ਬੇਇਜਤੀਆਂ, ਅਤੇ ਦੁਸ਼ਵਾਰੀਆਂ ਝੱਲ ਕੇ ਪੰਜਾਬ ਦੇ ਜਾਏ ਘਰੋਂ ਬੇਘਰ ਹੋਏ। 15 ਅਗਸਤ ਸਭ ਨੂੰ ਮੁਬਾਰਕ। ਪਰ ਜਿੰਨਾ ਦਾ ਖੂਨ ਡੁੱਲ੍ਹਿਆ ਉਹਨਾ ਨੂੰ ਵੀ ਨਹੀ ਭੁੱਲਣਾ ਚਾਹੀਦਾ,। ਰੱਬ ਰਾਖਾ
ਜੋਗਿੰਦਰ ਸਿੰਘ, ਵਡਾਲਾ ਬਾਂਗਰ