More Punjabi Kahaniya  Posts
ਰੀਨਾ ਨੂੰ ਮਾਰਨਾ


ਰੀਨਾ ਨੂੰ ਮਾਰਨਾ… ( ਕਹਾਣੀ)
ਜਨਵਰੀ ਦਾ ਆਖੀਰ ਸੀ।
ਪ੍ਰੀ-ਬੋਰਡ ਪ੍ਰੀਖਿਆ ਸ਼ੁਰੂ ਹੋਈ ਸੀ।
ਪੇਪਰ ਵੰਡਿਆਂ ਨੂੰ ਪੰਦਰਾਂ ਕੁ ਮਿੰਟ ਹੋਏ ਸਨ। ਚਾਰੇ ਪਾਸੇ ਚੁੱਪ ਛਾਈ ਹੋਈ ਸੀ।
ਅਚਾਨਕ ਇੱਕ ਚੀਕ ਵੱਜੀ ਅਤੇ ਬੈਂਚ ਡਿੱਗਣ ਦੀ ਅਵਾਜ਼ ਆਈ। ਬੱਚਿਆਂ ਵਿੱਚ ਹਫੜਾ ਦਫੜੀ ਮੱਚ ਗਈ।
ਹਰਿੰਦਰ ਨੇ ਸਟਾਫ਼ ਰੂਮ ਵਿਚੋਂ ਬਾਹਰ ਨਿਕਲ ਕੇ ਵੇਖਿਆ। ਪ੍ਰਿੰਸੀਪਲ ਸਾਹਿਬ ਇੱਕ ਕੁੜੀ ਨੂੰ ਸਟਾਫ਼ ਰੂਮ ਵਿੱਚ ਲਿਆ ਰਹੇ ਸਨ। ਕੁੜੀ ਥੋੜ੍ਹੇ ਜਿਹੇ ਚਿਰ ਬਾਅਦ ਚੀਕ ਮਾਰਦੀ ਤੇ ਫਿਰ ਰੁਕ ਕੇ ਕਹਿੰਦੀ,
” ਮੈਂ ਰੀਨਾ ਨੂੰ ਮਾਰਨਾ……..।”
ਕੁੜੀ ਨੂੰ ਹੁਣ ਸਟਾਫ਼ ਰੂਮ ਵਿੱਚ ਕੁਰਸੀ ਤੇ ਬਿਠਾ ਲਿਆ ਗਿਆ ਸੀ। ਸਰ ਉਸਨੂੰ ਵਾਰ ਵਾਰ ਕਹਿ ਰਹੇ ਸਨ,
“ਕੋਈ ਗੱਲ ਨਹੀਂ ਬੇਟਾ,ਤੇਰੇ ਪਾਪਾ ਨੂੰ ਸੱਦ ਲਿਆ….. ਤੂੰ ਬਿਲਕੁਲ ਠੀਕ ਆਂ…..।”
ਪਰ ਕੁੜੀ ਵਾਰ ਵਾਰ ਇੱਕੋ ਹੀ ਗੱਲ ਬੋਲ ਰਹੀ ਸੀ,
“ਮੈਂ ਰੀਨਾ ਨੂੰ ਮਾਰਨਾ…।”
ਹਰਿੰਦਰ ਦਾ ਮਨ ਕਾਹਲਾ ਪੈਣ ਲੱਗ ਪਿਆ। ਉਸ ਨੇ ਆਖ ਕੇ ਕਿਹਾ ਸੀ,
“ਜਾਹ ਮਾਰ ਦੇ ਰੀਨਾ ਨੂੰ…. ਰੀਨਾ ਕੌਣ ਐਂ?”
ਇੰਚਾਰਜ ਪ੍ਰਿੰਸੀਪਲ ਤਾਂ ਜਿਵੇਂ ਪਹਿਲਾਂ ਹੀ ਜਾਣੂ ਸੀ,
” ਮੈਡਮ ਇਹਦਾ ਨਾਂ ਹੀ ਰੀਨਾ ਐ ਜੀ….”ਤੇ ਉਸਨੇ ਹਰਿੰਦਰ ਨੂੰ ਇਸ਼ਾਰਾ ਕੀਤਾ ਕੇ ਤੁਸੀਂ ਚੁੱਪ ਰਹੋ,ਇਸ ਨੂੰ ਕੋਈ ਰੂਹ ਸਭ ਕਹਿ ਰਹੀ ਹੈ।
ਅੰਗਰੇਜ਼ੀ ਦਾ ਪੇਪਰ ਸੀ ਉਸ ਦਿਨ। ਉਸ ਦੀ ਕਲਾਸ ਟੀਚਰ ਜਦੋਂ ਕਹੇ ਕਿ ਆਪਾਂ ਇਸ ਦਾ ਪੇਪਰ ਬਾਅਦ ਵਿੱਚ ਲੈ ਲਵਾਂਗੇ , ਉਦੋਂ ਹੀ ਕੁੜੀ ਚੀਕਾਂ ਮਾਰ-ਮਾਰ ਕੇ ਇਹੋ ਗੱਲ ਫਿਰ ਬੋਲਣ ਲੱਗ ਜਾਵੇ।
ਹਰਿੰਦਰ ਨੇ ਉਸ ਦੀ ਕਲਾਸ ਇੰਚਾਰਜ ਨੂੰ ਇਸ਼ਾਰਾ ਕਰਕੇ ਕਿਹਾ,
” ਨਹੀਂ ਨਹੀਂ ਮੈਡਮ ਆਪਾਂ ਨਹੀਂ ਪੇਪਰ ਲੈਣਾ, ਪੇਪਰ ਨੂੰ ਕੀ ਐ ਜੀ।” ਹੁਣ ਉਹ ਚੁੱਪ ਕਰ ਕੇ ਬੈਠ ਗਈ ਸੀ।
ਪ੍ਰਿੰਸੀਪਲ ਨੇ ਉਸ ਦੇ ਸਿਰ ਤੇ ਹੱਥ ਰੱਖਿਆ ਹੋਇਆ ਸੀ ਤੇ ਬੋਲ ਰਿਹਾ ਸੀ,”ਕਹਿ ਸਤਿਨਾਮ, ਵਾਹਿਗੁਰੂ, ਸਤਿਨਾਮ…।”
ਉਸ ਨੂੰ ਵੇਖ ਕੇ ਹਰਿੰਦਰ ਮਨ ਹੀ ਮਨ ਵਿੱਚ ਮੁਸਕਰਾ ਰਹੀ ਸੀ। ਉਸ ਨੂੰ ਉਹ ਪ੍ਰਿੰਸੀਪਲ ਘੱਟ ਅਤੇ ਭੂਤਾਂ ਕੱਢਣ ਵਾਲਾ ਬਾਬਾ ਵੱਧ ਲੱਗ ਰਿਹਾ ਸੀ। ਸਾਰੀਆਂ ਮੈਡਮਾਂ ਉੱਠ ਕੇ ਸਟਾਫ਼ ਰੂਮ ਵਿੱਚੋਂ ਉੱਠ ਕੇ ਬਾਹਰ ਜਾ ਬੈਠੀਆਂ। ਸਾਇੰਸ ਵਾਲੀ ਮੈਡਮ ਹਰਿੰਦਰ ਨੂੰ ਸਮਝਾ ਰਹੀ ਸੀ,
“ਤੂੰ ਉੱਠ ਇਥੋਂ,ਇਹੋ ਜਿਹੇ ਵੇਲੇ ਕਸਰ ਜਿਆਦਾ ਹੁੰਦੀ ਹੈ।ਮੈਡਮ ਬੰਦੇ ਦਾ ਆਉਰਾ ਹੁੰਦੈ ਨਾ, ਉਹ ਕਮਜੋਰ ਹੋ ਜਾਂਦੈ…।”
ਹਰਿੰਦਰ ਬੀਤੇ ਸਮਿਆਂ ਵਿੱਚ ਗੁਆਚ ਗਈ। ਕਾਮਰੇਡਾਂ ਦੀ ਕੁੜੀ ਸੀ ਉਹ।ਤਰਕਸ਼ੀਲਾਂ ਦਾ ਘਰ ਆਉਣ ਜਾਣ ਸੀ।
ਬਚਪਨ ਵਿੱਚ ਹੀ ਉਸ ਨੇ ‘… ਤੇ ਦੇਵ ਪੁਰਸ਼ ਹਾਰ ਗਏ’ ਅਤੇ ‘ ਦੇਵ ਦੈਂਤ ਤੇ ਰੂਹਾਂ’ ਕਿਤਾਬਾਂ ਪੜ੍ਹੀਆਂ ਸਨ।
ਹਰਿੰਦਰ ਦੇ ਸਹੁਰੇ ਬਾਬੇ ਦੀ ਚੌਂਕੀ ਭਰਦੇ ਸਨ। ਜਦੋਂ ਉਸ ਦਾ ਰਿਸ਼ਤਾ ਪੱਕਾ ਹੋ ਗਿਆ ਤਾਂ ਮਗਰੋਂ ਇਸ ਗੱਲ ਦਾ ਪਤਾ ਲੱਗਾ। ਹਰਿੰਦਰ ਦੇ ਪਾਪਾ ਨੇ ਕਿਹਾ ਸੀ,”ਉਹ ਤਾਂ ਭਾਈ ਬਾਬੇ ਦੀਆਂ ਚੌਂਕੀਆਂ ਭਰਦੇ ਐ।…ਚਲ ਵੇਖੀ ਜਾਊ ਹੁਣ… ਪਹਿਲਾਂ ਪਤਾ ਈ ਨਾ ਲੱਗਿਆ।”
ਹਰਿੰਦਰ ਦੇ ਸਹੁਰੇ ਨੇ ਵੀ ਕਿਹਾ ਸੀ,”ਵੇਖ ਲਓ ਭਾਈ, ਜੇ ਉਹ ਕਾਮਰੇਡ ਆ, ਫਿਰ ਤਾਂ ਨਈਂ ਮੰਨਣਾ ਉਹ ਨੇ ਆਪਣੇ ਬਾਬੇ ਨੂੰ…।”
ਉਹਦੇ ਵਿਆਹ ਤੋਂ ਬਾਅਦ ਇੱਕ ਵਾਰ ਉਸ ਨੂੰ ਕਈ ਦਿਨ ਬੁਖਾਰ ਚੜ੍ਹਦਾ ਰਿਹਾ। ਇੱਕ ਦਿਨ ਉਸ ਦੀ ਸੱਸ ਨੇ ਕਿਹਾ,”ਜਾਉ ਬਾਬਾ ਜੀ ਤੋਂ ਥੌਲ਼ਾ ਪੁਆ ਲਿਆਉ।” ਹਰਿੰਦਰ ਦਾ ਮਨ ਨਹੀਂ ਸੀ ਮੰਨਿਆ, ਪਰ ਉਹ ਸੱਸ ਨੂੰ ਜਵਾਬ ਨਾ ਦੇ ਸਕੀ। ਬਾਬਾ ਥੌਲਾ਼ ਕਿਵੇਂ ਪਾਉਂਦੈ , ਉਸ ਦੇ ਮਨ ਅੰਦਰ ਇਹ ਜਾਣਨ ਦੀ ਉਤਸੁਕਤਾ ਵੀ ਸੀ।
ਹਰਿੰਦਰ ਆਪਣੇ ਪਤੀ ਨਾਲ ਬਾਬੇ ਦੇ ਘਰ ਚਲੀ ਗਈ ਸੀ। ਬਾਬਾ ਗੱਦੀ ਲਾਉਣ ਦੀ ਤਿਆਰੀ ਵਿਚ ਸੀ। ਸੰਗਤ ਗੱਦੀ ਦੇ ਦੁਆਲੇ ਜੁੜੀ ਹੋਈ ਸੀ। ਲੱਡੂ ,ਪਤਾਸੇ ਪ੍ਰਸ਼ਾਦ ਲਈ ਤਿਆਰ ਸਨ। ਬਾਬੇ ਨੇ ਗੱਦੀ ਤੇ ਬੈਠਣ ਲਈ ਦੁੱਧ ਚਿੱਟਾ ਧੋਤਾ ਹੋਇਆ ਸੂਟ ਪਾਇਆ। ਪਰ ਕੁੜਤੇ ਦੇ ਹੇਠੋਂ ਕਾਲ਼ੀ ਮੈਲ਼ ਨਾਲ ਭਰੀ ਬਨੈਣ ਡੇਲੇ ਕੱਢ ਰਹੀ ਸੀ। ਬਾਬੇ ਦਾ ਸਾਰਾ ਘਰ ਥੰਦਾ-ਥੰਦਾ ਸੀ ਜਿਵੇਂ ਲੋਕਾਂ ਨੇ ਤੇਲ ਘਿਓ ਵਾਲੇ ਹੱਥ ਲਗਦੇ ਰਹਿੰਦੇ ਹੋਣ। ਬਾਬਾ ਗੱਦੀ ਤੇ ਬੈਠ ਗਿਆ। ਛੈਣੇ ਵਜਾ ਕੇ ਬਾਬੇ ਦੇ ਸਾਥੀ ਆਪਣੇ ਭਜਨ ਗਾ ਰਹੇ ਸਨ। ਬਾਬੇ ਨੇ ਇੱਕ ‘ਰੱਖ’ ਬਣਾ ਦਿੱਤੀ ਕਿ ਚਾਂਦੀ ਦੇ ਤਬੀਤ ਵਿੱਚ ਪਾ ਲਵੋ।
ਤੇ ਫੇਰ ਇਹ ਢਕਵੰਜ ਆਮ ਤੌਰ ਤੇ ਹਰ ਸੋਮਵਾਰ ਹੋਣ ਲੱਗ ਪਿਆ ਸੀ। ਅਗਲੀ ਪੁੰਨਿਆਂ ਤੇ ਸੰਗਤ ਨਾਲ ਮੱਥਾ ਟੇਕਣ ਜਾਣ ਦੀ ਸਲਾਹ ਹੋ ਗਈ।
ਹਰਿੰਦਰ ਲਈ ਇਹ ਸਭ ਕੁਝ ਨਵਾਂ ਸੀ। ਨਵਾਂ ਨਵਾਂ ਵਿਆਹ ਹੋਣ ਕਾਰਨ ਤੇ ਛੁੱਟੀਆਂ ਘੱਟ ਹੋਣ ਕਾਰਨ ਉਹ ਸੰਗਤ ਨਾਲ ਟਰੱਕ ਵਿੱਚ ਜਾਣ ਦੀ ਥਾਂ ਟੈਕਸੀ ਕਰਾ ਕੇ ਗਏ।ਸਲਾਹ ਬਣਾਈ ਸੀ ਕਿ ਸਵੇਰੇ ਘਰੋਂ ਰੋਟੀ ਨਾਲ ਲੈ ਕੇ ਜਾਵਾਂਗੇ।
ਸੋਚਾਂ ਵਿਚ ਪਈ ਹਰਿੰਦਰ ਨੂੰ ਅੱਧੀ ਰਾਤ ਤੱਕ ਨੀਂਦ ਨਾ ਆਈ। ਸਵੇਰੇ ਪੰਜ ਵਜੇ ਉੱਠ ਕੇ ਹਰਿੰਦਰ ਨੇ ਵੀਹ ਕੁ ਪਰਾਉਂਂਠੇ ਬਣਾਏ। ਘਿਉ ਜਿਵੇਂ ਉਹਦੇ ਸਿਰ ਨੂੰ ਚੜ੍ਹ ਗਿਆ ਸੀ। ਹਰਿੰਦਰ ਦੇ ਸਹੁਰੇ ਨੇ ਨਾਰੀਅਲ ਦਾ ਗੁੱਟ ਲੈ ਕੇ ਘਰ ਦੇ ਚਾਰੇ ਖੂੰਜਿਆਂ ਵਿੱਚ ਛੂਹਾਇਆ। ਫਿਰ ਸਾਰਾ ਟੱਬਰ ਇਕੱਠਾ ਕਰਕੇ ਸਭ ਦੇ ਸਿਰਾਂ ਤੋਂ ਦੀ ਸੱਤ ਵਾਰ ਵਾਰਨਾ ਕੀਤਾ। ਉਹ ਹੈਰਾਨ ਹੋਈ ਇਹ ਸਭ ਕੁੱਝ ਵੇਖ ਰਹੀ ਸੀ। ਹੁਸ਼ਿਆਰਪੁਰ ਪਹੁੰਚ ਕੇ ਉਨ੍ਹਾਂ ਨੇ ਅੰਬ ਦੇ ਆਚਾਰ ਨਾਲ ਪਰਾਉਂਠੇ ਖਾਧੇ।
ਅੱਗੋਂ ਇੱਕਦਮ ਪਹਾੜਾਂ ਦੀ ਚੜ੍ਹਾਈ ਸ਼ੁਰੂ ਹੋ ਗਈ। ਗਰਮੀ ਵੀ ਹੋ ਗਈ ਸੀ। ਹਰਿੰਦਰ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ।ਉਸ ਦੀ ਸੱਸ ਨੇ ਕਿਹਾ,” ਇਹੀ ਸਬੂਤ ਹੁੰਦਾ ਹੈ ਭਾਈ,ਜੇ ਕਿਸੇ ਨੇ ਕੁਛ ਖੁਆਇਆ ਹੋਵੇ, ਉਲਟੀਆਂ ‘ਚ ਨਿਕਲਦੈ।”
ਦੁਪਹਿਰ ਢਲਦੀ ਤੱਕ ਉਹ ਟਿਕਾਣੇ ਤੇ ਪਹੁੰਚ ਗਏ। ਹਰਿੰਦਰ ਦਾ ਉਲਟੀਆਂ ਕਰ ਕਰ ਕੇ ਬੁਰਾ ਹਾਲ ਹੋਇਆ ਪਿਆ ਸੀ। ਪਹਿਲਾਂ ਉਹ ਜਾਂਦੇ ਸਾਰ ਨਹਾਉਣ ਲਈ ਗਏ। ਪਹਾੜ ਤੋਂ ਇੱਕ ਪਾਈਪ ਜਿਹਾ ਪਾ ਕੇ ਅੱਗੇ ਹੋਰ ਪਾਈਪ ਪਾਏ ਹੋਏ ਸਨ। ਲੋਕ ਵਾਲਾਂ ਨੂੰ ਖੋਲ੍ਹ ਕੇ ਖੜ੍ਹੇ ਸਨ। ਕਈ ਸਾਧ ਆਪਣੇ ਨਾਲ ਲਿਆਂਦੀ ਸੰਗਤ ਨੂੰ ਆਪ ਨਹਾ ਰਹੇ ਸਨ। ਕਈ ਜ਼ਨਾਨੀਆਂ ਚੀਕਾਂ ਮਾਰ-ਮਾਰ ਕੇ ਪਿੱਛੇ ਜਾਂਦੀਆਂ। ਉਹਨਾਂ ਦੇ ਘਰ ਦੇ ਅਤੇ ਬਾਬੇ ਉਨ੍ਹਾਂ ਨੂੰ ਫੜ ਕੇ ਪਾਣੀ ਦੇ ਥੱਲੇ ਕਰ ਰਹੇ ਸਨ। ਕਈ ਮਾਨਸਿਕ ਰੋਗੀ ਉੱਚੀ- ਉੱਚੀ ਰੌਲ਼ਾ ਪਾ ਰਹੇ ਸਨ। ਹਰਿੰਦਰ ਦੀ ਸੱਸ ਨੇ ਦੱਸਿਆ ਕਿ ਇਹਨਾਂ ਵਿਚਲੇ ਭੂਤ ਇਹਨਾਂ ਨੂੰ ਪਾਣੀ ਦੇ ਨੇੜੇ ਨਹੀਂ ਜਾਣ ਦਿੰਦੇ।
ਰਾਤ ਨੂੰ ਹਰਿੰਦਰ ਹੁਰੀਂ ਵੀ ਬਾਬੇ ਵਾਲੇ ਤੰਬੂ ਵਿੱਚ ਆ ਗਏ ਸਨ। ਹੋਲੀਆਂ ਨੂੰ ਭੀੜ ਕਰਕੇ ਸਰਾਂ ਵਿੱਚ ਥਾਂ ਨਹੀਂ ਸੀ ਮਿਲੀ। ਉਂਝ ਵੀ ਰਾਤ ਨੂੰ ਬਾਬੇ ਦੀ ਚੌਂਕੀ ਭਰਨੀ ਸੀ। ਰਾਤ ਪਈ ਤੋਂ ਰੋਟੀ ਖਾ ਕੇ ਬਾਬੇ ਦੇ ਕੀਰਤਨ ਕਰਨ ਵਾਲੇ ਤਿਆਰ ਹੋ ਚੁੱਕੇ ਸਨ। ਬਾਬਾ ਵੀ ਗੱਦੀ ਉੱਤੇ ਬਿਰਾਜਮਾਨ ਹੋ ਗਿਆ ਸੀ। ਗੁਰਬਾਣੀ ਦੀ ਕੋਈ ਤੁਕ ਨਹੀਂ ਸੀ, ਸਗੋਂ ਆਪਣੀ ਹੀ ਤੁਕਬੰਦੀ ਸੀ। ਸਾਰੇ ਤੰਬੂਆਂ ‘ਚੋਂ ਢੋਲਕੀ ਛੈਣਿਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ।
ਹਰਿੰਦਰ ਆਪਣੇ ਪਤੀ ਨਾਲ ਪਿੱਛੇ ਜਿਹੇ ਬੈਠ ਗਈ ਸੀ।ਗਾਉਣਾ ਸ਼ੁਰੂ ਹੋਇਆ ਹੀ ਸੀ ਕਿ ਦੋ ਜ਼ਨਾਨੀਆਂ ਉੱਠ ਕੇ ਅੱਗੇ ਆ ਗਈਆਂ। ਉਨ੍ਹਾਂ ਨੇ ਆਪਣਾ ਸਿਰ ਘੁਮਾਉਣਾ ਸ਼ੁਰੂ ਕਰ ਦਿੱਤਾ ਤੇ ਬਾਬੇ ਨੇ ਉਨ੍ਹਾਂ ਦੇ ਚਿਮਟੇ ਮਾਰਨੇ ਸ਼ੁਰੂ ਕਰ ਦਿੱਤੇ। ਉਹ ਜਿੰਨਾਂ ਜੋਰ ਦੀ ਗਾਉਂਦੇ ਉਹ ਤੀਵੀਆਂ ਉਨੇ ਜ਼ੋਰ ਨਾਲ ਆਪਣਾ ਸਿਰ ਘੁੰਮਾਉਂਦੀਆਂ। ਫਿਰ ਇੱਕ ਅਮਲੀ ਜਿਹਾ ਬੰਦਾ ਉੱਠ ਕੇ ਨੱਚਣ ਲੱਗ ਪਿਆ। ਉਹ ਲੱਕ ਹਿਲਾ ਹਿਲਾ ਕੇ ਬਾਹਾਂ ਨਾਲ ਇਸ਼ਾਰੇ ਕਰਦਾ। ਹਰਿੰਦਰ ਹੈਰਾਨ ਹੋਈ ਬੈਠੀ ਸੀ। ਅੱਧੀ ਰਾਤ ਨੂੰ ਸਾਰੇ ਤੰਬੂ ਵਿਚ ਜਾ ਕੇ...

ਪੈ ਗਏ।
ਅਗਲੇ ਦਿਨ ਸਵੇਰੇ ਉੱਠ ਕੇ ਹਰਿੰਦਰ ਨੇ ਆਪਣੇ ਨਾਲ ਬੈਠੀ ਔਰਤ ਨੂੰ ਕਿਹਾ ਸੀ ” ਹਾਏ ਭੈਣ ਜੀ ਰਾਤ ਉਹ ਬੁੜੀਆਂ ਕਿਵੇਂ ਸਿਰ ਘੁੰਮਾਉਦੀਆਂ ਸੀ….।”
“ਕੌਣ ? ਅੱਛਾ ਰਾਤ? ਇੱਕ ਤਾਂ ਮੈਂ ਸੀ ਤੇ ਇੱਕ ਐਹ ਭੈਣ ਸੀ ਸ਼ਰਦੱਈ ਸੂਟ ਵਾਲੀ…. ਆਪਣੀ ਸੰਗਤ ਵਿੱਚ ਹੋਰ ਵੀ ਡੋਲੀਆਂ ਹੈਗੀਆਂ।”
“ਕੀ ਡੋਲੀਆਂ? “ਹਰਿੰਦਰ ਨੇ ਹੈਰਾਨ ਹੋ ਕੇ ਕਿਹਾ ਸੀ।
ਫਿਰ ਉਸ ਔਰਤ ਨੇ ਹੀ ਉਸ ਨੂੰ ਦੱਸਿਆ ਸੀ ਕਿ ਜੀਹਨੂੰ ਓਪਰੀ ਕਸਰ ਹੋਵੇ, ਉਸ ਨੂੰ ਡੋਲੀਆਂ ਕਹਿੰਦੇ ਹਨ।
ਹਰਿੰਦਰ ਜਦੋਂ ਵੀ ਆਪਣੇ ਪਤੀ ਨੂੰ ਕਹਿੰਦੀ,”ਮੈਨੂੰ ਨਹੀਂ ਇਹ ਸਾਰਾ ਕੁੱਝ ਚੰਗਾ ਲਗਦਾ।” ਉਸ ਦਾ ਪਤੀ ਪਰੇਸ਼ਾਨ ਜੇਹਾ ਹੋ ਜਾਂਦਾ ਜਿਵੇਂ ਮਾਂ-ਬਾਪ ਅਤੇ ਉਸ ਦੇ ਵਿਚਾਲੇ ਲਟਕ ਰਿਹਾ ਹੋਵੇ।
ਹਰਿੰਦਰ ਦੇ ਪਹਿਲਾਂ ਕੁੜੀ ਹੋਈ ਸੀ। ਬਾਬੇ ਤੋਂ ਝੋਲੀ ਵਿੱਚ ਫ਼ਲ ਵੀ ਪੁਆਇਆ, ਗੋਲ਼ੀ ਵੀ ਲਈ ਸੀ ਮੁੰਡਾ ਹੋਣ ਵਾਲੀ।ਪਰ ਉਹ ਸ਼ਾਇਦ ਸਹੀ ਤਰ੍ਹਾਂ ਲਈ ਨਹੀਂ ਸੀ ਗਈ। ਹਰਿੰਦਰ ਦੀ ਸੱਸ ਇਉਂ ਹੀ ਆਖਦੀ ਸੀ।
ਹਰਿੰਦਰ ਦੁਬਾਰਾ ਪ੍ਰੈਗਨੈਂਟ ਸੀ। ਬਾਬੇ ਨੇ ਕਿਹਾ ਸੀ ਕਿ ਪੰਜ ਪੁੰਨਿਆ ਡੇਹਰਾ ਸਾਹਿਬ ਨਹਾ ਕੇ ਆਵੋ। ਬਾਬੇ ਨੇ ਉਸ ਦੇ ਸਹੁਰੇ ਨੂੰ ਇਹ ਵੀ ਕਿਹਾ ਸੀ ਕਿ ਹਰਿੰਦਰ ਦੀ ਕੋਈ ਸਹੇਲੀ ਮਰ ਕੇ ਉਸ ਨੂੰ ਚਿੰਬੜੀ ਹੋਈ ਹੈ ਜੋ ਉਸ ਨੂੰ ਤੰਗ ਕਰਦੀ ਹੈ। ਜਦੋਂ ਹਰਿੰਦਰ ਨੂੰ ਇਸ ਗੱਲ ਦਾ ਪਤਾ ਲੱਗਾ ਸੀ ਤਾਂ ਉਹ ਬਹੁਤ ਹੈਰਾਨ ਹੋਈ।
ਇੱਕ ਵਾਰ ਹਰਿੰਦਰ ਦੇ ਪਤੀ ਨੇ ਉਸ ਨੂੰ ਪੁੱਛਿਆ,” ਤੂੰ ਕਦੇ ਕਿਸੇ ਦੇ ਘਰੇ ਕਾੜ੍ਹਨੀ ਦਾ ਦੁੱਧ ਪੀਤਾ ਆਪਣੇ ਪਿੰਡ?”
ਹਰਿੰਦਰ ਹੈਰਾਨ ਹੋ ਗਈ ਸੀ, “ਕਿਉਂ ?”
ਇਹ ਵੀ ਬਾਬੇ ਨੇ ਹੀ ਦੱਸਿਆ ਸੀ, ਅਖੇ ਦੁੱਧ ਵਿੱਚ ਕਿਸੇ ਨੇ ਕੁਛ ਕਰਾਇਆ ਇਹਨੂੰ।
ਹਰਿੰਦਰ ਨੂੰ ਗੁੱਸਾ ਆਇਆ ਸੀ, ਜਦੋਂ ਉਸ ਨੇ ਸੁਣਿਆ,
” ਬਾਬਾ ਕਹਿੰਦਾ ਇਹ ਗੱਦੀ ਦੇ ਨੇੜੇ ਨਹੀਂ ਬਹਿੰਦੀ ਤਾਂ ਨਈਂ ਕਸਰ ਜ਼ਾਹਰ ਹੁੰਦੀ।” ਉਹ ਤਾਂ ਸ਼ਰਮ ਦੀ ਮਾਰੀ ਪਿੱਛੇ ਬਹਿ ਜਾਂਦੀ ਸੀ ਕਿ ਜੇ ਕਿਸੇ ਜਾਣ-ਪਛਾਣ ਵਾਲੇ ਨੇ ਵੇਖ ਲਿਆ ਤਾਂ ਕੀ ਕਹਿਣਗੇ ਮੈਨੂੰ….ਪਰ ਸੱਸ ਸਹੁਰੇ ਨੂੰ ਜੁਆਬ ਦੇਣਾ ਨਿਰੀ ਲੜਾਈ ਨੂੰ ਥਾਂ ਸੀ।
ਅਗਲੀ ਪੁੰਨਿਆਂ ਤੇ ਹਰਿੰਦਰ ਸਭ ਤੋਂ ਅੱਗੇ ਹੋ ਕੇ ਬੈਠ ਗਈ ਉਨ੍ਹਾਂ ਦੇ ਨੇੜੇ ਕਿਸੇ ਪਿੰਡ ਦੀਆਂ ਦੋ ਮੁਟਿਆਰ ਕੁੜੀਆਂ ਖੇਡ ਰਹੀਆਂ ਸਨ। ਉਤੋਂ ਬਾਬਾ ਚਿਮਟੇ ਮਾਰ ਰਿਹਾ ਸੀ। ਉਹ ਦੋਵੇਂ ਭੈਣਾਂ ਆਪਣੇ ਲੰਮੇ ਲੰਮੇ ਵਾਲਾਂ ਨੂੰ ਘੁੰਮਾਉਂਦੀਆਂ ਹਾਲੋਂ ਬੇਹਾਲ ਸਨ। ਬਾਬਾ ਚਿਮਟੇ ਮਾਰਦਾ ਉਹਨਾਂ ਵਿਚਲੇ ਭੂਤ ਨੂੰ ਗਾਹਲਾਂ ਕੱਢ ਰਿਹਾ ਸੀ। ਹਰਿੰਦਰ ਨੂੰ ਉੱਥੇ ਬਹਿਣਾ ਔਖਾ ਹੋ ਗਿਆ ਸੀ।
ਚੌਂਕੀ ਖਤਮ ਹੋਣ ਤੇ ਉਹ ਉੱਠ ਕੇ ਬਾਬੇ ਅੱਗੇ ਜਾ ਖੜ੍ਹੀ,”ਲਉ ਬਾਬਾ ਜੀ ਅੱਜ ਮੈਂ ਮੂਹਰੇ ਬੈਠੀ ਸੀ। ਮੈਨੂੰ ਕੁੱਝ ਨਹੀਂ ਹੋਣਾ, ਮੈਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੀ ਆਂ, ਉਸ ਨੂੰ ਹੀ ਮੱਥਾ ਟੇਕਦੀ ਹਾਂ ਏਸੇ ਲਈ ਮੈਂ ਥੋਡੀ ਗੱਦੀ ਨੂੰ ਮੱਥਾ ਨਹੀਂ ਟੇਕਦੀ, ਤਾਂ ਹੀ ਪਿੱਛੇ ਬੈਠਦੀ ਹਾਂ।”
ਫੇਰ ਬਾਬੇ ਨੇ ਹਰਿੰਦਰ ਦੇ ਸਹੁਰੇ ਨੂੰ ਕਹਿ ਦਿੱਤਾ ਸੀ,”ਹੁਣ ਥੋਨੂੰ ਚੌਂਕੀ ਭਰਨ ਦੀ ਕੋਈ ਲੋੜ ਨਹੀ… ਇਨ੍ਹਾਂ ਗੱਲਾਂ ਨੂੰ ਪੜ੍ਹੇ ਲਿਖੇ ਮੰਨਦੇ ਨਹੀਂ… ਰਹਿਣ ਦਿਓ ਹੁਣ ਤੁਸੀਂ ਆਉਣ ਨੂੰ…’ਕੱਲੇ ਆ ਕੇ ਹੀ ਮੱਥਾ ਟੇਕ ਜਾਇਉ ਬਿਨਾਂ ‘ਕੱਠ ਤੋਂ…।”
ਬਾਬੇ ਤੋਂ ਖਹਿੜਾ ਛੁੱਟ ਗਿਆ। ਹਰਿੰਦਰ ਦਾ ਸਹੁਰਾ ਕਹਿਣ ਲੱਗਾ,
” ਬਾਬਾ ਤਾਂ ਲਾਲਚੀ ਹੋ ਗਿਆ ਦੱਸਦਾ ਨੀ ਕੁਛ… ਪਾਲਾ ਬੋਲਦਾ ਹੁਣ ਪਟਾਕ ਪਟਾਕ…. ਆਪਾਂ ਘਰ ਦੇ ਕਲੇਸ਼ ਬਾਰੇ ਉਹਨੂੰ ਪੁੱਛਦੇ ਆਂ, ਕਿਉਂ ਗੁੱਸਾ ਆਉਂਦਾ ਐਨਾ….।”
ਹਰਿੰਦਰ ਦੇ ਪਤੀ ਨੇ ਕਿਹਾ ਸੀ,”ਆਪਾਂ ਨੂੰ ਪਤਾ ਐਹੋ ਜਿਆ ਕੁੱਝ ਨਹੀਂ ਹੁੰਦਾ,ਚਲ ਕੋਈ ਨਾ ਆਪਾਂ ਚਲਦੇ ਆਂ। ਕਹਿਣਗੇ ਸਾਡੀ ਗੱਲ ਨਈਂ ਮੰਨਦੇ…।”
ਤੇ ਅਣਮੰਨੇ ਜਿਹੇ ਮਨ ਨਾਲ ਉਹ ਤਿਆਰ ਹੋ ਗਈ। ਟੁੱਟਿਆ ਜਿਹਾ ਘਰ ਸੀ ਪਾਲੇ ਦਾ… ਕੱਚੀ ਕੋਠੜੀ ਵਿੱਚ ਅਲਮਾਰੀ ਦੇ ਇੱਕ ਫੱਟੇ ਤੇ ਉਸ ਨੇ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਰੱਖੀ ਹੋਈ ਸੀ ਤੇ ਦੂਜੇ ਪਾਸੇ ਦੇਵੀ ਦੇਵਤਿਆਂ ਦੀ ਫੋਟੋ ਲਾਈ ਹੋਈ ਸੀ।”
ਹਰਿੰਦਰ ਨੂੰ ਬਾਬੇ ਤੇ ਹਾਸਾ ਵੀ ਆ ਰਿਹਾ ਹੈ ਤੇ ਗੁੱਸਾ ਵੀ। ਜਿਹੜੇ ਗੁਰੂ ਕਰਾਮਾਤਾਂ ਦਾ ਵਿਰੋਧ ਕਰਦੇ ਰਹੇ ਉਹਨਾਂ ਦੀ ਫੋਟੋ ਰੱਖ ਕੇ ਉਹ ਟੂਣੇ ਕਰ ਰਿਹਾ ਸੀ।
ਪਾਲੇ ਨੇ ਹਰਿੰਦਰ ਦੇ ਸਾਹਮਣੇ ਬਹਿ ਕੇ ਅਨੇਕਾਂ ਜਾਦੂ ਮੰਤਰ ਪੜ੍ਹੇ ਸਨ। ਉਸ ਨੇ ਧਰਤੀ ਤੇ ਡੱਕੇ ਨਾਲ ਲੀਕਾਂ ਜਿਹੀਆਂ ਵਾਹੀਆਂ ਸਨ ਅਤੇ ਮੂੰਹ ਵਿੱਚ ਗੁਣ -ਗੁਣ ਕਰ ਰਿਹਾ ਸੀ। ਇਕ ਵਾਰ ਤਾਂ ਹਰਿੰਦਰ ਦਾ ਮਨ ਡੋਲ ਗਿਆ ਸੀ। ਉਸ ਨੂੰ ਡਰ ਜਿਹਾ ਲੱਗਿਆ। ਉਸ ਨੇ ਮਨ ਵਿੱਚ ਮੂਲ ਮੰਤਰ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਜਿੰਨੇ ਜ਼ੋਰ ਨਾਲ ਪਾਲਾ ਮੰਤਰ ਪੜ੍ਹਦਾ , ਉਹ ਪਾਠ ਕਰਦੀ ਰਹੀ।ਆਖੀਰ ਬਾਬਾ ਹੰਭ ਗਿਆ। ਬਚਪਨ ਵਿੱਚ ਹੀ ਉਸ ਦੀ ਦਾਦੀ ਨੇ ਸਿਖਾਇਆ ਸੀ ਕਿ ਪਾਠ ਕਰਨ ਨਾਲ ਸਾਰੇ ਡਰ ਖਤਮ ਹੋ ਜਾਂਦੇ ਹਨ ਤੇ ਉਹ ਰੋਜ਼ ਰਾਤ ਨੂੰ ਬਾਤਾਂ ਸੁਣਾਉਣ ਤੋਂ ਪਹਿਲਾਂ ਮੂਲ ਮੰਤਰ ਦਾ ਜਾਪ ਜ਼ਰੂਰ ਕਰਾਉਂਦੀ ਸੀ। ਉਦੋਂ ਦੀ ਪੱਕੀ ਹੋਈ ਆਦਤ ਸੀ ਕਿ ਉਹ ਹੁਣ ਵੀ ਸੌਣ ਤੋਂ ਪਹਿਲਾਂ ਇਹ ਜਾਪ ਜ਼ਰੂਰ ਕਰਦੀ ਹੈ।
ਹਰਿੰਦਰ ਦੀ ਸੱਸ ਉੱਠ ਕੇ ਖੜ੍ਹੀ ਹੋ ਗਈ। ਹਰਿੰਦਰ ਦਾ ਜੀਅ ਤਾਂ ਕਰਦਾ ਸੀ ਆਖੇ,
” ਗੁਰੂ ਸਹਿਬਾਨਾਂ ਦੀ ਫੋਟੋ ਰੱਖ ਕੇ ਜਾਦੂ ਟੂਣੇ ਕਰਦੈਂ, ਤੈਨੂੰ ਸ਼ਰਮ ਨਈਂ ਆਉਂਦੀ…।”ਪਰ ਆਪਣੀ ਸੱਸ ਤੋਂ ਥੋੜ੍ਹਾ ਝੇਂਪ ਗਈ। ਸਿਰਫ ਐਨਾ ਹੀ ਕਹਿ ਸਕੀ,
” ਘਰ ‘ਚ ਕਲੇਸ਼ ਬਾਈ ਜੀ ਮੇਰੇ ਵਿਆਹ ਤੋਂ ਬਾਅਦ ਈ ਪੈਣ ਲੱਗਾ ਕਿ ਉਸ ਤੋਂ ਪਹਿਲਾਂ ਵੀ ਪੈਂਦਾ ਸੀ?”
ਪਾਲੇ ਬਾਬੇ ਦਾ ਇਕਦਮ ਰੂਪ ਹੀ ਬਦਲ ਗਿਆ ਸੀ। ਸਿਰ ਨੀਵਾਂ ਕਰ ਕੇ ਬਸ ਇੰਨਾ ਹੀ ਕਿਹਾ ਸੀ,
“ਭੈਣ ਜੀ ਥੋਨੂੰ ਵੀ ਪਤਾ, ਇਹ ਤਾਂ ਸ਼ੁਰੂ ਤੋਂ ਹੀ ਐ ਜੀ,… ਸੁਭਾਅ ਕਰਕੇ ਈ ….।”
ਉਹ ਸ਼ਰਮ ਨਾਲ ਪਾਣੀ ਪਾਣੀ ਹੋਇਆ ਖੜ੍ਹਾ ਸੀ।
ਉਸ ਦਿਨ ਤੋਂ ਬਾਅਦ ਹਰਿੰਦਰ ਦੇ ਸਹੁਰਿਆਂ ਦੇ ਘਰੇ ਕਿਸੇ ਵੀ ਬਾਬੇ ਦੀ ਗੱਲ ਹੋਣੀ ਬੰਦ ਹੋ ਗਈ ਸੀ। ਚੌਂਕੀਆਂ ਤੇ ਓਪਰੀ ਕਸਰ ਦੀ ਗੱਲ ਵੀ ਖ਼ਤਮ ਹੋ ਗਈ ਸੀ।
ਜਿੱਦੇਂ ਅਖ਼ਬਾਰ ਦੇ ਪਹਿਲੇ ਪੰਨੇ ਤੇ ਇੱਕ ਸੱਤਵੀਂ ਜਮਾਤ ਦੀ ਕੁੜੀ ਦੀ ਫੋਟੋ ਛਪੀ ਸੀ, ਜਿਸ ਦੇ ਸਕੂਲ ਦੀ ਯੂਨੀਫ਼ਾਰਮ ਪਾਈ ਹੋਈ ਸੀ, ਤੇ ਬਾਬੇ ਨੇ ਉਸ ਨੂੰ ਕੁੱਟ- ਕੁੱਟ ਕੇ ਮਾਰ ਦਿੱਤਾ ਸੀ, ਉਸ ਦਿਨ ਵੀ ਫੋਟੋ ਵੇਖ ਕੇ ਹਰਿੰਦਰ ਦੀਆਂ ਅੱਖਾਂ ‘ਚੋਂ ਤ੍ਰਿਪ- ਤ੍ਰਿਪ ਹੰਝੂ ਚੋਣ ਲੱਗ ਪਏ ਸਨ। ਉਸ ਦੀ ਬੇਟੀ ਹੈਰਾਨ ਹੋਈ ਰੋਣ ਦਾ ਕਾਰਨ ਪੁੱਛ ਰਹੀ ਸੀ।
ਰੀਨਾ ਦੇ ਘਰ ਦੇ ਫੋ਼ਨ ਕਰਨ ਤੇ ਪਹੁੰਚ ਗਏ ਸਨ। ਰੀਨਾ ਦੇ ਅਧਿਆਪਕ ਵੀ ਰੀਨਾ ਦੀ ਓਪਰੀ ਕਸਰ ਤੋਂ ਡਰਦੇ ਪਾਸੇ ਹੋਏ ਖੜ੍ਹੇ ਸਨ।
ਹਰਿੰਦਰ ਨੇ ਉਸ ਦੇ ਪਾਪਾ ਨੂੰ ਜ਼ੋਰ ਦੇ ਕੇ ਕਿਹਾ ਸੀ,
” ਪਹਿਲਾਂ ਡਾਕਟਰ ਨੂੰ ਵਿਖਾਓ ਜੀ… ਬੱਚੇ ਨੂੰ ਕੁਝ ਨਹੀਂ ਹੋਇਆ… …ਪੇਪਰ ਦਾ ਬੋਝ ਮੰਨਦੀ ਐ… ਹੋਰ ਗੱਲਾਂ ਵਿਚ ਨਾ ਪਵੋ।”
ਬਹੁਤ ਹੀ ਸਮਝਾਉਣ ਤੋਂ ਬਾਅਦ ਰੀਨਾ ਦੇ ਪਾਪਾ ਨੇ ਕਹਿ ਦਿੱਤਾ,
” ਠੀਕ ਹੈ ਭੈਣ ਜੀ, ਅਸੀਂ ਡਾਕਟਰ ਨੂੰ ਵਿਖਾਉਂਦੇ ਆਂ… ਕਮਜ਼ੋਰੀ ਹੋ ਗਈ ਸ਼ਾਇਦ ,ਟਾਈਫਾਇਡ ਬੁਖ਼ਾਰ ਤੋਂ ਪਿੱਛੋਂ ਇਹਨੂੰ… ਪਹਿਲਾਂ ਡਾਕਟਰ ਕੋਲ ਲੈ ਕੇ ਜਾਊਂ, ਫੇਰ ਈ ਘਰੇ ਜਾਊਂ…।”
ਹਰਿੰਦਰ ਹੁਣ ਡਾਹਢੀ ਤਸੱਲੀ ਨਾਲ ਬੈਠ ਗਈ ਸੀ।
ਅਮਰਪ੍ਰੀਤ ਕੌਰ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)