More Punjabi Kahaniya  Posts
ਵਿਆਹਾਂ ਦੇ ਕਾਮੇਡੀ ਰੰਗ


ਵਿਆਹਾਂ ਦੇ ਕਾਮੇਡੀ ਰੰਗ ….
ਥੋੜ੍ਹੇ ਜੇ ਦਿਨ ਹੋਗੇ ਅਸੀਂ ਦੋ ਤਿੰਨ ਜਾਣੇ ਬੈਠੇ ਅੱਜ-ਕੱਲ੍ਹ ਦੇ ਵਿਆਹਾਂ ਦੇ ਸਿਸਟਮ ਬਾਰੇ ਗੱਲਾਂ ਕਰੀ ਜਾਈਏ। ਏਨੇ ਨੂੰ ਸਾਡੇ ਕੋਲੇ ਇੱਕ ਹੋਰ ਬੰਦਾ ਆਗਿਆ, ਕੋਈ 55 ਕੁ ਸਾਲ ਦੀ ਉਮਰ ਦਾ। ਪਹਿਲਾਂ ਤਾਂ ਉਹ ਸਾਡੀਆਂ ਗੱਲਾਂ ਸੁਣੀ ਗਿਆ, ਫਿਰ ਆਵਦੇ ਵਿਆਹ ਦੀ ਗੱਲ ਦੱਸਣ ਲਾਗਿਆ। ਕਹਿੰਦਾ ਹੁਣ ਤਾਂ ਸਿਸਟਮ ਈ ਹੋਰ ਚੱਲ ਪਿਆ। ਹੁਣ ਤਾਂ ਮੁੰਡਾ-ਕੁੜੀ ਆਪਸ ਵਿੱਚ ਪਹਿਲਾਂ ਗੱਲਬਾਤ ਪੱਕੀ ਕਰਕੇ ਫਿਰ ਘਰੇ ਦਸਦੇ ਐ ਵੀ ਅਸੀਂ ਵਿਆਹ ਕਰੌਣੈ ਜਾਂ ਜੇ ਕਿਤੇ ਵਿਚੋਲੇ ਆਲਾ ਵਿਆਹ ਹੋਵੇ ਤਾਂ ਮੁੰਡਾ-ਕੁੜੀ ਮੰਗਣੇ ਤੇ ਈ ਆਪਸ ਵਿਚਦੀ ਨੰਬਰ ਵਟਾ ਲੈਂਦੇ ਐ ਤੇ ਵਿਆਹ ਤੋਂ ਪਹਿਲਾਂ ਦਿਨ-ਰਾਤ ਗੱਲਾਂ ਚੱਲੀ ਜਾਂਦੀਐਂ। ਕਹਿੰਦਾ ਪਰ ਸਾਡੇ ਵਾਰੀ ਸਿਸਟਮ ਬਾਹਲਾ ਹੋਰ ਸੀ। ਤੁਸੀਂ ਹੋਰ ਦੀ ਗੱਲ ਤਾਂ ਛੱਡੋ, ਸੋਨੂੰ ਆਵਦੀ ਸੁਣੌਨੈ। ਕਹਿੰਦਾ ਜਦੋਂ ਮੇਰਾ ਮੰਗਣਾ ਹੋਇਆ ਤਾਂ ਮੈਨੂੰ ਜਮਾਂ ਦਿਨ ਦੇ ਦਿਨ ਪਤਾ ਲੱਗਿਆ ਵੀ ਅੱਜ ਮੰਗਣੈ। ਗੱਲ ਐਂ ਹੋਈ ਵੀ ਮੈਨੂੰ ਉਸ ਦਿਨ ਤੜਕੇ ਈ ਨਮ੍ਹਾ ਕੇ ਨਵੇਂ ਕੱਪੜੇ ਪਵਾ ਤੇ। ਮੈਨੂੰ ਇੱਕ ਹਦੈਤ ਦੇਤੀ ਵੀ ਅੱਜ ਛੱਪੜ ‘ਚ ਨੀ ਨ੍ਹੌਣਾ ਤੇ ਘਰ ਤੋਂ ਬਾਹਲੀ ਦੂਰ ਨੀ ਜਾਣਾ। ਕਹਿੰਦਾ ਮੈਂ ਭਾਈ ਔਹ ਰੂੜੀਆਂ ‘ਚ ਗੁੱਲੀ-ਡੰਡਾ ਖੇਡਣ ਲਾਗਿਆ, ਆਵਦੇ ਆੜੀਆਂ ਨਾਲ। ਹਲੇ ਦੋ ਕੁ ਮਿੱਤਾਂ ਜੀਆਂ ਲਾਈਆਂ ਸੀ, ਐਨੇ ਨੂੰ ਮੈਨੂੰ ਦੋ ਜਾਣੇ ਬੁਲਾਉਣ ਆਗੇ ਵੀ ਘਰੇ ਆਜਾ ਕੰਮ ਐ। ਕਹਿੰਦਾ ਮੈਂ ਜਾਵਾਂ ਨਾ। ਮਖਿਆਂ ਮੈਂ ਤਾਂ ਮਿੱਤਾਂ ਪੂਰੀਆਂ ਕਰ ਕੇ ਆਊਂ। ਪਹਿਲਾਂ ਤਾਂ ਉਹਨਾਂ ਨੇ ਮੇਰੀਆਂ ਵਾਹਵਾ ਮਿੰਨਤਾਂ ਜੀਆਂ ਕੀਤੀਆਂ ਪਰ ਜਦੋਂ ਮੈਂ ਨਾ ਈ ਤੁਰਿਆ ਤਾਂ ਉਨ੍ਹਾਂ ‘ਚੋਂ ਇੱਕ ਨੇ ਤਾਂ ਮੇਰੀਆਂ ਲੱਤਾਂ ਫੜਲੀਆਂ ਤੇ ਇੱਕ ਨੇ ਬਾਹਾਂ, ਤੇ ਚਾਕੇ ਘਰ ਨੂੰ ਲੈ ਤੁਰੇ। ਮੈਂ ਰੌਲਾ ਪਾਈ ਜਾਵਾਂ ਵੀ ਮੇਰੀ ਮਿੱਤ ਟੱਪੀ ਜਾਂਦੀ ਐ, ਛੱਡੋ ਮੈਨੂੰ। ਕਹਿੰਦਾ ਜਦੋਂ ਮੈਨੂੰ ਘਰੇ ਲਗਏ ਤਾਂ ਓਥੇ ਓਪਰੇ ਜੇ ਬੰਦੇ ਆਏ ਬੈਠੇ। ਮੈਨੂੰ ਫੇਰ ਦੱਸਿਆ ਘਰਦਿਆਂ ਨੇ ਵੀ ਅੱਜ ਤੇਰਾ ਮੰਗਣੈ। ਸਾਰਿਆਂ ਨੇ ਮੈਨੂੰ ਕੁਰਸੀ ਤੇ ਬਿਠਾ ਕੇ ਮੇਰੀ ਝੋਲੀ ‘ਚ ਤੌਲੀਆ ਰੱਖ ਕੇ ਪਤਾਸੇ ਜੇ ਪਾਤੇ ਤੇ ਨਾਲੇ ਪੈਸੇ ਦੇਤੇ। ਦੋ ਕੁ ਘੰਟਿਆਂ ਬਾਅਦ ਮੈਨੂੰ ਕਹਿੰਦੇ ਹੁਣ ਖੇਡਲਾ ਜਾ ਕੇ। ਕਹਿੰਦਾ ਨਾਲੇ ਤਾਂ ਮੈਂ ਗੀਝੇ ‘ਚ ਪਾਏ ਪਤਾਸੇ ਖਾਂਦਾ ਫਿਰਾਂ ਤੇ ਨਾਲੇ ਗੁੱਲੀ-ਡੰਡਾ ਖੇਡਦਾ ਫਿਰਾਂ, ਓਧਰ ਘਰਦਿਆਂ ਨੂੰ ਚਾਅ ਚੜ੍ਹਿਆ ਫਿਰੇ ਵੀ ਮੁੰਡੇ ਦਾ ਮੰਗਣਾ ਹੋ ਗਿਆ। ਬੱਸ ਆਹ ਕਹਾਣੀ ਮੇਰੇ ਮੰਗਣੇ ਦੀ ਸੀ।
ਆਂਈਂ ਕੇਰਾਂ ਸਾਡੇ ਪਿੰਡੋਂ ਬਰਾਤ ਗਈ ਕਿਤੇ। ਵਿਆਹ ਆਲਾ ਮੁੰਡਾ ਬੀੜੀਆਂ ਬਾਹਲੀਆਂ ਪੀਂਦਾ ਸੀ। ਓਸ ਦਿਨ ਉਹਨੂੰ ਬਥੇਰਾ ਸਮਝਾਇਆ ਨਾਲਦਿਆਂ ਨੇ ਵੀ ਅੱਜ ਤੂੰ ਬੀੜੀ ਨੀ ਪੀਣੀ। ਕੇਰਾਂ ਤਾਂ ਉਹਨੇ ਕੰਟਰੋਲ ਜਾ ਰੱਖੀ ਰੱਖਿਆ ਪਰ ਜਦੋਂ ਬਰਾਤ ਕੁੜੀ ਆਲਿਆਂ ਦੇ ਪਿੰਡ ਬਾਗੀ ਤੇ ਰੀਬਨ ਕੱਟਣ ਆਲੀ ਰਸਮ ਹੋਗੀ, ਫਿਰ ਉਹਦੇ ਸਬਰ ਦਾ ਬੰਨ੍ਹ ਟੁੱਟ ਗਿਆ। ਉਹ ਨਾਲ ਆਲੇ ਨੂੰ ਕਹਿੰਦਾ ਬਾਈ ਮੇਰਾ ਤਾਂ ਜਮਾਂ ਨੀ ਸਰਦਾ ਬੀੜੀ ਬਿਨ੍ਹਾਂ, ਮੈਂ ਤਾਂ ਪੀਣੀ ਆਂ। ਦੂਜਾ ਕਹਿੰਦਾ ਨਹੀਂ ਯਾਰ ਐਥੇ ਪੀਂਦਾ ਬੁਰਾ ਲੱਗੇਂਗਾ, ਅਕਲ ਨੂੰ ਹੱਥ ਮਾਰ ਮਾੜਾ ਮੋਟਾ। ਜਦੋਂ ਉਹ ਕਿਸੇ ਢੰਗ ਨਾਲ ਈ ਨਾ ਮੰਨਿਆਂ ਤਾਂ ਨਾਲ ਆਲੇ ਨੇ ਕੱਢ ਕੇ ਬੀੜੀਆਂ ਦਾ ਮੰਡਲ ਉਹਦੇ ਮੂਹਰੇ ਕਰਤਾ, ਕਹਿੰਦਾ ਲੈ ਝੁਲਸ ਲੈ। ਪ੍ਰਾਹੁਣਾ ਸਾਬ੍ਹ ਅੱਗੋਂ ਕਹਿੰਦੇ ਅਖੇ ਮੈਂ ਸਹੁਰਿਆਂ ਦੇ ਪਿੰਡ ਐਨੀ ਸਸਤੀ ਬੀੜੀ ਨੀ ਪੀਂਦਾ, ਇਹਦੇ ਨਾਲ ਤਾਂ ਮੇਰੀ ਮਾਰਕੀਟ ਡੌਨ ਹੋਜੂ, ਸਹੁਰੇ ਆਖਣਗੇ ਪ੍ਰਾਹਣਾ ਐਨੀਆਂ ਸਸਤੀਆਂ ਬੀੜੀਆਂ ਪੀਂਦੈ, ਕਹਿੰਦਾ ਮੈਂ ਤਾਂ ਮਹਿੰਗੀ ਸਿਗਟ ਪੀਊਂ, ਘੱਟੋ-ਘੱਟ ਪੰਜ ਰੁਪੀਆਂ ਆਲੀ। ਉਨ੍ਹਾਂ ਨੇ ਆਸੇ-ਪਾਸੇ ਆਲੇ ਦੋ-ਚਾਰ ਤੋਂ ਪੁੱਛਿਆ ਪਰ ਸਿਗਟ ਮਿਲੀ ਨਾਂ ਕਿਸੇ ਕੋਲੋਂ। ਅਖੀਰ ਉਨ੍ਹਾਂ ਨੇ ਕਿਸੇ ਦਾ ਚੇਤਕ ਸਕੂਟਰ ਮੰਗ ਲਿਆ ਵੀ ਦੁਕਾਨ ਤੇ ਜਾ ਕੇ ਆਉਣੈ ਪ੍ਰਾਹੁਣੇ ਨੂੰ ਸਿਗਟ ਪਿਆ ਕੇ ਲਿਆਉਣੀ ਐਂ। ਇੱਕ ਜਾਣਾ ਸਕੂਟਰ ਚਲਾਵੇ ਤੇ ਪ੍ਰਾਹੁਣਾ ਸਾਬ੍ਹ ਪਿੱਛੇ ਬੈਠੇ। ਵਾਹਵਾ ਭੀੜੀਆਂ ਤੇ ਵਿੰਗ-ਤੜਿੰਗੀਆਂ ਗਲੀਆਂ ਵਿੱਚੋਂ ਲੰਘ ਕੇ ਮਸਾਂ ਦੁਕਾਨ ਥਿਆਈ। ਨਾਲ ਆਲਾ ਕਹਿੰਦਾ ਵੀ ਜੇ ਤੂੰ ਐਥੇ ਖੜ੍ਹ ਕੇ ਪੀਏਂਗਾ ਤਾਂ ਟੈਮ ਬਾਹਲਾ ਲੱਗਜੂ ਤੇ ਜੇ ਓਥੇ ਜਾ ਕੇ ਪੀਏਂਗਾ ਤਾਂ ਬੰਦਾ ਊਂ ਬੁਰਾ ਜਾ ਲਗਦੈ, ਤੂੰ ਐਂ ਕਰ ਰਾਹ ‘ਚ ਪੀਲੀਂ ਸਕੂਟਰ ਮਗਰ ਬੈਠਾ-ਬੈਠਾ। ਪਿੰਡ ਨਜੈਜ ਵੱਡਾ ਸੀ। ਮੁੜਨ ਵੇਲੇ ਉਹ ਘਰ ਭੁੱਲਗੇ। ਪ੍ਰਾਹੁਣੇ ਨੇ ਸਕੂਟਰ ਮਗਰ ਬੈਠੇ ਨੇ ਇੱਕ ਹੱਥ ਨਾਲ ਤਾਂ ਸੇਹਰੇ ਤਾਹਾਂ ਚੱਕ ਰੱਖੇ ਤੇ ਇੱਕ ਹੱਥ ਨਾਲ ਸਿਗਟ ਮੂੰਹ ਨੂੰ ਲਾ ਰੱਖੀ, ਦੂਜਾ ਸਕੂਟਰ ਚਲਾਵੇ, ਪਿੰਡ ‘ਚ ਗੇੜੇ ਦਿੰਦੇ ਫਿਰਨ ਤੇ ਘਰ ਥਿਆਵੇ ਨਾ। ਜਦੋਂ ਜਮੀਂ ਨਾਂ ਕੰਮ ਲੋਟ ਆਇਆ ਤਾਂ ਕਿਸੇ ਤੋਂ ਪੁੱਛ-ਪਛਾ ਕੇ ਘਰੇ ਗਏ।
ਵਿਆਹ ਤੋਂ ਦੋ ਕੁ ਮਹੀਨਿਆਂ ਬਾਅਦ ਬਹੂ ਪੇਕੇ ਗਈ ਹੋਈ ਸੀ ਤੇ ਪ੍ਰਾਹੁਣਾ ਸਾਹਿਬ ਉਹਨੂੰ ਲੈਣ ਬਾਗੇ। ਸਾਰਾ ਦਿਨ ਸਹੁਰਿਆਂ ਦੇ ਘਰੇ ਬੈਠੇ ਰਹੇ ਤੇ ਆਥਣੇ ਜੇ ਉਹਦਾ ਦਾ ਸਾਲਾ ਕਹਿੰਦਾ ਕਿ ਆਜੋ ਜੀ ਪਿੰਡ ਦੀ ਸੈਲ ਕਰਾ ਕੇ ਲਿਆਵਾਂ ਸੋਨੂੰ। ਪ੍ਰਾਹੁਣਾ ਸਾਬ੍ਹ ਨੇ ਪਿੰਡ ਆਲਿਆਂ ਮੂਹਰੇ ਟੌਹਰ ਬਣਾਉਣ ਵਾਸਤੇ ਕੋਬਰਾ ਸੈਂਟ ਦੀ ਅੱਧੀ ਸ਼ੀਸ਼ੀ ਛਿੜਕਲੀ ਕੱਪੜਿਆਂ ਤੇ, ਤੇ ਤੁਰਪੇ ਘਰੋਂ ਬਾਹਰ ਨੂੰ। ਤੁਰਦੇ-ਤੁਰਦੇ ਪਿੰਡ ਦੀ ਖਾਲੀ ਜੀ ਥਾਂ ‘ਚ ਬਾਗੇ, ਓਥੇ ਨਾਲੇ ਤਾਂ ਜਵਾਕ ਖੇਡੀ ਜਾਣ ਤੇ ਨਾਲੇ ਘੁਮਿਆਰਾਂ ਦੇ ਖੱਚਰ ਘਾਹ ਚਰੀ ਜਾਣ। ਕੁਛ ਜਵਾਕ ਖੱਚਰਾਂ ਤੇ ਝੂਟੇ ਲੈਣ ਦੀ ਕੋਸ਼ਿਸ਼ ਕਰੀ ਜਾਣ ਪਰ ਖੱਚਰ ਉਨ੍ਹਾਂ ਨੂੰ ਨੇੜੇ ਨਾਂ ਲੱਗਣ ਦੇਣ। ਪ੍ਰਾਹੁਣੇ ਨੇ ਸੋਚਿਆ ਵੀ ਆਹਾ ਵਧੀਆ ਮੌਕੈ, ਆਵਦੇ ਸਾਲੇ ਤੇ ਆਹ ਜਵਾਕਾਂ ਜਿਆਂ ਅੱਗੇ ਨੰਬਰ ਬਣਾਉਣ ਦਾ। ਪ੍ਰਾਹੁਣਾ ਸਾਬ੍ਹ ਪੂਰੇ ਰੋਹਬ ਨਾਲ ਜਵਾਕਾਂ ਨੂੰ ਕਹਿੰਦੇ ਕਿ ਪਰ੍ਹੇ ਹੋਜੋ ਓਏ ਛੋਹਰੋ, ਸੋਨੂੰ ਮੈਂ ਕਾਬੂ ਕਰਕੇ ਦਿਖਾਉਣਾ ਇਨ੍ਹਾਂ ਨੂੰ, ਸੋਥੋਂ ਨੀ ਲੋਟ ਆਉਂਦੇ। ਜਵਾਕ ਪਰ੍ਹੇ ਹੋਗੇ ਸਾਰੇ ਤੇ ਪ੍ਰਾਹੁਣਾ ਸਾਬ੍ਹ ਨੇ ਗੋਡਿਆਂ ਤੱਕ ਟੰਗ ਕੇ ਪਜਾਮਾ ਤੇ ਚੜ੍ਹ ਕੇ ਰੂੜੀ ਤੇ ਮਾਰੀ ਛਾਲ ਤੇ ਖੱਚਰ ਤੇ ਬਹਿ ਗਿਆ। ਜਦੋਂ ਕੋਬਰਾ ਸੈਂਟ ਦੀ ਮੁਸ਼ਕ ਚੜ੍ਹੀ ਖੱਚਰ ਨੂੰ, ਤਾਂ ਖੱਚਰ ਵੀ ਘਬਰਾ ਗਿਆ ਵੀ ਆਹ ਕੀ ਸ਼ੈਅ ਆ ਬੈਠੀ ਮੇਰੇ ਤੇ। ਖੱਚਰ ਨਾਲ ਦੀ ਨਾਲ ਈ ਹੋਗਿਆ ਸੌ ਦੀ ਸਪੀਡ ਤੇ। ਪ੍ਰਾਹੁਣਾ ਸਾਹਿਬ ਬਥੇਰਾ ਰੋਕਣ ਵੀ ਰੁਕਜੇ ਪਰ ਉਹਨੇ ਕਾਹਨੂੰ ਰੁਕਣਾ ਸੀ। ਖੱਚਰ ਗਲੀਆਂ ਵਿਚਦੀ ਵਰੋਲੇ ਠੌਂਦਾ ਤੁਰਿਆ ਜਾਵੇ ਤੇ ਪ੍ਰਾਹੁਣਾ ਸਾਬ੍ਹ ਉੱਤੇ ਬੈਠੇ ਉਹਨੂੰ ਰੋਕਣ ਵਾਸਤੇ ਲੱਤਾਂ-ਬਾਹਾਂ ਮਾਰੀ ਜਾਣ ਵੀ ਕੀ ਪਤੈ ਹਲੇ ਵੀ ਰੁਕਜੇ। ਪਿੰਡ ਆਲੇ ਵੀ ਝਾਕਣ ਵੀ ਆਹ ਕਿਹੜਾ ਮਿਰਜ਼ਾ ਜਾਂਦੈ ਤੂਫਾਨ ਅੰਗੂੰ। ਖੱਚਰ ਪ੍ਰਾਹੁਣਾ ਸਾਬ੍ਹ ਨੂੰ ਲੈ ਕੇ ਸਿੱਧਾ ਘੁਮਿਆਰਾਂ ਦੇ ਚੌਂਤਰੇ ਤੇ ਜਾ ਖੜ੍ਹਾ, ਜਿੰਨ੍ਹਾਂ ਦਾ ਸੀਗਾ ਉਹ। ਅੱਗੋਂ ਘਰ ਆਲੇ ਵੀ ਹੈਰਾਨ, ਵੀ ਆਹ ਗੱਬਰ ਸਿੰਘ ਕਿੱਧਰੋਂ ਆ ਗਿਆ। ਪ੍ਰਾਹੁਣਾ ਸਾਬ੍ਹ ਖੱਚਰ ਤੇ ਜਮਾਂ ਬੁੱਤ ਬਣੇ ਬੈਠੇ, ਡਰਦੇ ਭੋਰਾ ਵੀ ਨਾ ਹਿੱਲਣ, ਵੀ ਜੇ ਕਿਤੇ ਇਹ ਪਤੰਦਰ ਫੇਰ ਭੱਜ ਲਿਆ ਤਾਂ ਕਿਤੇ ਊਂ ਨਾ ਰੋਹੀਂਏਂ ਚੜ੍ਹਜੇ...

ਲੈ ਕੇ। ਘਰ ਆਲੇ ਕਹਿੰਦੇ ਹਾਂ ਭਾਈ ਕੌਣ ਐਂ ਤੂੰ ਤੇ ਸਾਡੇ ਖੱਚਰ ਤੇ ਕਿੱਧਰ? ਫਿਰ ਪ੍ਰਾਹੁਣਾ ਸਾਬ੍ਹ ਨੇ ਸਾਰੀ ਗੱਲ ਦੱਸੀ ਉਨ੍ਹਾਂ ਨੂੰ ਵੀ ਭਾਈ ਮੈਂ ਤਾਂ ਫਲਾਨਿਆਂ ਦਾ ਪ੍ਰਾਹੁਣਾ ਆਂ ਤੇ ਆਹ ਕਹਾਣੀ ਬਣੀ ਐਂ। ਨਾਲੇ ਤਾਂ ਘਰ ਆਲੇ ਹੱਸ-ਹੱਸ ਦੂਹਰੇ ਹੋਈ ਜਾਣ ਤੇ ਨਾਲੇ ਉਹਨੂੰ ਖੱਚਰ ਤੋਂ ਲਾਹੀ ਜਾਣ। ਫੇਰ ਉਹ ਪ੍ਰਾਹੁਣਾ ਸਾਬ੍ਹ ਨੂੰ ਪਾਣੀ-ਪੂਣੀ ਪਿਆ ਕੇ ਕੁੜੀ ਆਲਿਆਂ ਦੇ ਘਰੇ ਛੱਡ ਕੇ ਆਏ, ਵੀ ਭਾਈ ਆਹ ਲਓ ਸਾਂਭੋ ਸੋਡੇ ਮਿਰਜ਼ੇ ਨੂੰ ….
ਐਸ ਗੱਲ ਤੋਂ ਛੀ ਕੁ ਮਹੀਨਿਆਂ ਬਾਅਦ ਸਾਲਾ ਸਾਬ੍ਹ ਆਗੇ ਚੇਤਕ ਲੈ ਕੇ ਪ੍ਰਾਹੁਣੇ ਤੇ ਭੈਣ ਨੂੰ ਮਿਲਣ। ਸਾਰਾ ਦਿਨ ਗੱਲਾਂ ਕਰਨ ਤੋਂ ਬਾਅਦ ਆਥਣੇ ਨੇਰ੍ਹੇ ਜੇ ਪੈੱਗ ਦਾ ਟੈਮ ਹੋਗਿਆ। ਸਾਲਾ ਪ੍ਰਾਹੁਣੇ ਨੂੰ ਕਹਿੰਦਾ ਕਿ ਚੱਲੀਏ ਬਾਈ ਠੇਕੇ ਤੇ ਮੂੰਹ ਕਰਾਰਾ ਕਰਨ? ਅੱਗੋਂ ਪ੍ਰਾਹੁਣਾ ਸਾਬ੍ਹ ਕਹਿੰਦੇ ਕਿ ਠੇਕੇ ਆਲਾ ਪਾਣੀ ਤਾਂ ਪ੍ਰਧਾਨ ਰੋਜ ਈ ਪੀਨੇ ਆਂ, ਅੱਜ ਮੰਡੀ ਜਾ ਕੇ ਮਹਿੰਗੀ ਦਾਰੂ ਪੀਮਾਂਗੇ, ਦੋ-ਢਾਈ ਸੌ ਆਲੀ ਬੋਤਲ ਗਰੇਜੀ ਦੀ, ਫਿਰ ਵੀ ਸਾਲਾ ਸਾਬ੍ਹ ਆਏ ਐ ਅੱਜ, ਕੋਈ ਮਾੜ੍ਹੀ-ਮੋਟੀ ਗੱਲ ਥੋੜ੍ਹੀ ਐ। ਸਾਲਾ ਸਾਬ੍ਹ ਕਹਿੰਦੇ ਸਕੂਟਰ ਦਾ ਤੇਲ ਚੈੱਕ ਕਰਨਾ ਪਊ ਵੀ ਮੰਡੀ ਜਾਣ ਜੋਗਾ ਹੈਗੈ ਕਿ ਨਾ। ਓਦੋਂ ਕਿਹੜਾ ਟੱਚ ਮਬੈਲ ਹੁੰਦੇ ਸੀ ਐਨੀਆਂ ਤੇਜ਼ ਲੈਟਾਂ ਆਲੇ ਤੇ ਓਸ ਦਿਨ ਕੁਦਰਤੀਂ ਉਨ੍ਹਾਂ ਦੀ ਬੈਟਰੀ ਵੀ ਡੌਨ ਹੋਈ ਪਈ। ਪ੍ਰਾਹੁਣਾ ਸਾਬ੍ਹ ਨੇ ਤਾਂ ਸਰ੍ਹੋਂ ਦੇ ਤੇਲ ਆਲਾ ਦੀਵਾ ਚੱਕ ਲਿਆ, ਸਕੂਟਰ ‘ਚ ਤੇਲ ਚੈੱਕ ਕਰਨ ਵਾਸਤੇ। ਦੀਵਾ ਵਾਹਵਾ ਪੁਰਾਣਾ ਹੋਣ ਕਰਕੇ ਬਾਹਰੋਂ ਵੀ ਤੇਲ ਨਾਲ ਕੂਲਾ ਹੋਇਆ ਪਿਆ ਸੀ। ਉਨ੍ਹਾਂ ਨੇ ਦੀਵਾ ਜਗਾ ਕੇ ਟੈਂਕੀ ਕੋਲੇ ਕਰ ਲਿਆ ਵੀ ਚਾਨਣੇ ਤੇਲ ਦਾ ਪਤਾ ਲੱਗਜੂ। ਸੋਨੂੰ ਪਤੈ ਵੀ ਪਟਰੌਲ ਨੂੰ ਤਾਂ ਅੱਗ ਊਂਈਂ ਭੱਜ ਕੇ ਪੈਂਦੀ ਐ। ਉਹੀ ਗੱਲ ਹੋਈ ਜਦੋਂ ਟੈਂਕੀ ਖੋਲ੍ਹ ਕੇ ਦੀਵਾ ਜਮ੍ਹਾਂ ਨੇੜੇ ਕਰਲਿਆ ਤਾਂ ਕੂਲਾ ਹੋਣ ਕਰਕੇ ਦੀਵਾ ਹੱਥ ‘ਚੋਂ ਨਿਕਲ ਗਿਆ ਤੇ ਪੈਗੀ ਟੈਂਕੀ ਨੂੰ ਅੱਗ। ਲਾਟ ਨਿੰਮ ਦੀ ਟੀਸੀ ਤੱਕ ਗਈ। ਸਾਲਾ ਸਾਬ੍ਹ ਤਾਂ ਜਦੋਂ ਡਰ ਕੇ ਪਿੱਛੇ ਹਟਣ ਲੱਗੇ, ਗੰਦੇ ਪਾਣੀ ਆਲੇ ਟੋਏ ‘ਚ ਜਾ ਪਏ ਤੇ ਵਿੱਚ ਐਂ ਬਾਹਾਂ ਖਿਲਾਰੀ ਪਏ ਜਿਵੇਂ ਗੋਏ ਦੀ ਬੀਚ ਤੇ ਪਏ ਹੁੰਦੇ ਐ ਤੇ ਪ੍ਰਾਹੁਣਾ ਸਾਬ੍ਹ ਬੱਕਰੀ ਦੇ ਕਿੱਲੇ ‘ਚ ਅਹੁਕੜ ਕੇ ਬੱਕਰੀ ਉੱਤੋਂ ਦੀ ਲੋਟਣੀ ਖਾ ਕੇ ਮੇਮਣਿਆਂ ਤੇ ਜਾ ਪਏ, ਬੱਕਰੀ ਤੇ ਮੇਮਣਿਆਂ ਦਾ ਗਾਹ ਪੈਂਦਾ ਫਿਰੇ। ਫਿਰ ਏਨੇ ‘ਚ ਆਂਢ-ਗੁਆਂਢ ਦੇ ਲੋਕਾਂ ਨੇ ਆ ਕੇ ਅੱਗ ਬੁਝਾਈ ਤੇ ਸਾਲੇ ਤੇ ਪ੍ਰਾਹੁਣੇ ਨੂੰ ਸੰਭਾਲਿਆ। ਅੰਗਰੇਜ਼ੀ ਦੀ ਬੋਤਲ ਤਾਂ ਕਿਧਰੇ ਰਹੀ, ਜਿਹੜੀ ਸਾਲਾ ਸਾਬ੍ਹ ਦੀ ਜੇਬ ‘ਚ “ਮੋਰ ਛਾਪ” ਜਰਦੇ ਦੀ ਪੁੜੀ ਸੀ, ਉਹ ਵੀ ਪਾਣੀ ‘ਚ ਭਿੱਜਗੀ ਤੇ ਪ੍ਰਾਹੁਣੇ ਦੀਆਂ ਬੀੜੀਆਂ ਬੱਕਰੀ ਦੇ ਪੈਰਾਂ ‘ਚ ਰੁਲਦੀਆਂ ਫਿਰਨ ….
ਕੇਰਾਂ ਬਾਬੇ ਭੂਰੇ ਦੇ ਪੋਤੇ ਦਾ ਵਿਆਹ। ਪੂਰਾ ਰੰਗ ਬੱਝਿਆ ਪਿਆ। ਪੂਰਾ ਮੇਲ-ਗੇਲ ਆਇਆ ਹੋਇਆ, ਡੀਜੇ-ਡੂਜਿਆਂ ਨੇ ਵੀ ਧਮਾਲਾਂ ਪਾ ਰੱਖੀਆਂ। ਠੰਡ ਵੀ ਪੂਰੇ ਕੜਾਕੇ ਦੀ। ਪਰੀਹਿਆਂ ਨੇ ਪਿੰਡ ‘ਚੋਂ ਮੰਜੇ-ਬਿਸਤਰੇ ਕੱਠੇ ਕਰਕੇ ਲਿਆ ਰੱਖੇ ਮੇਲ-ਗੇਲ ਵਾਸਤੇ। ਜਦੋਂ ਰਾਤ ਨੂੰ ਸੌਣ ਦਾ ਟੈਮ ਹੋਗਿਆ ਤਾਂ ਮੇਲਣਾਂ ਨੇ ਕੀ ਕੀਤਾ ਵੀ ਇੱਕ-ਇੱਕ ਮੰਜਾ ਡਾਹ ਕੇ, ਉੱਤੇ ਤਿੰਨ-ਤਿੰਨ ਗਦੈਲੇ ਠੋਕੇ ਤੇ ਓਦੂੰ ਉੱਤੇ ਦੋ-ਦੋ ਤਿੰਨ-ਤਿੰਨ ਰਜਾਈਆਂ ਲੈਲੀਆਂ ਤੇ ਪੈਗੀਆਂ ਟੌਹਰ ਨਾਲ। ਜਿਹੜੇ ਪਰੀਹੇ ਸੀ ਕੰਮ ਕਰਨ ਆਲੇ ਉਹ ਜਦੋਂ ਰਾਤ ਨੂੰ ਹਲਵਾਈ ਨੇ ਵਿਹਲੇ ਕਰਤੇ ਤਾਂ ਉਹ ਪੈਣ ਵਾਸਤੇ ਮੰਜੇ-ਬਿਸਤਰੇ ਭਾਲਣ। ਉਨ੍ਹਾਂ ਨੂੰ ਮੰਜੇ ਤਾਂ ਮਿਲਗੇ ਪਰ ਬਿਸਤਰੇ ਸਾਰੇ ਮੇਲਣਾਂ ਨੇ ਰੋਕ ਰੱਖੇ। ਉਨ੍ਹਾਂ ਨੇ ਮੇਲਣਾਂ ਨੂੰ ਬਥੇਰਾ ਆਖਿਆ ਵੀ ਸਾਨੂੰ ਇੱਕ-ਇੱਕ ਰਜਾਈ ਗਦੈਲਾ ਦੇ ਦਿਓ, ਸਾਡੇ ਕੋਲੇ ਬਿਸਤਰੇ ਹੈਨੀ, ਪਰ ਮੇਲਣਾਂ ਡੱਕੀਆਂ ਪਤੌੜਾਂ ਦੀਆਂ ਪੈਰ ਤੇ ਪਾਣੀ ਨਾ ਪੈਣ ਦੇਣ, ਅਖੇ ਨਾ ਜੀ ਅਸੀਂ ਨੀ ਛਡਦੀਆਂ, ਠੰਢ ਬਾਹਲੀ ਐ। ਜਦੋਂ ਕਿਮੇਂ ਵੀ ਗੱਲ ਲੋਟ ਨਾ ਆਈ ਤਾਂ ਮੁੰਡੇ ਬਾਬੇ ਭੂਰੇ ਕੋਲੇ ਬਾਗੇ ਵੀ ਬਾਬਾ ਮੇਲਣਾਂ ਬਿਸਤਰੇ ਨੀ ਛਡਦੀਆਂ, ਸਾਰੇ ਰੋਕ ਰੱਖੇ ਐ। ਬਾਬਾ ਮੁੰਡਿਆਂ ਦੇ ਨਾਲ ਆ ਗਿਆ ਤੇ ਆ ਕੇ ਮੇਲਣਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਹ ਸੁਣਨ ਨੂੰ ਤਿਆਰ ਈ ਨਾ। ਬਾਬੇ ਦਾ ਵੀ ਪਾਰਾ ਚੜ੍ਹ ਗਿਆ, ਕਹਿੰਦਾ ਤੁਸੀਂ ਛਡਦੀਆਂ ਤਾਂ ਕੀ ਨੀ, ਸੋਨੂੰ ਤਾਂ ਭੱਜਦੀਆਂ ਨੂੰ ਥਾਂ ਨੀ ਥਿਆਉਣਾ। ਬਾਬੇ ਕੇ ਇੱਕ ਗਾਂ ਹੁੰਦੀ ਸੀ, ਚਿੱਟੀ ਜੀ, ਬਾਹਲੀ ਭੈੜੀ। ਬਾਬੇ ਨੇ ਤਾਂ ਜਾ ਕੇ ਉਹਦਾ ਸੰਗਲ ਖੋਲ੍ਹਤਾ। ਇੱਕ ਤਾਂ ਉਹ ਡੀਜਿਆਂ ਦੇ ਰੌਲੇ ਤੋਂ ਘਬਰਾਈ ਖੜ੍ਹੀ ਸੀ ਤੇ ਦੂਜਾ ਮੇਲਣਾਂ ਦੇ ਰੰਗ-ਬਿਰੰਗੇ ਸੂਟਾਂ ਤੋਂ। ਜਿਹੜੀ ਮੇਲਣ ਬਾਹਲਾ ਬੋਲਦੀ ਸੀ, ਉਹ ਪਈ ਵੀ ਗਾਂ ਆਲੇ ਪਾਸੇ ਸੀ। ਗਾਂ ਨੇ ਖੁੱਲ੍ਹਣ ਸਾਰ ਮਾਰੀ ਛਾਲ ਤੇ ਸਭ ਤੋਂ ਪਹਿਲੀ ਮੇਲਣ ਦੇ ਮੰਜੇ ਦੇ ਉੱਤੋਂ ਦੀ ਪਾਰ ਗਈ, ਉਹਦੀ ਸਭ ਤੋਂ ਉਤਲੀ ਰਜਾਈ ਵੀ ਖੁਰਾਂ ‘ਚ ਡਾ ਕੇ ਨਾਲ ਈ ਲੈਗੀ। ਮੇਲਣਾਂ ਜੀਆਂ ਦਾ ਪੈ ਗਿਆ ਖੌਰੂ, ਸਾਰੀਆਂ ਮਿੰਟੋ-ਮਿੰਟੀ ਮੰਜੇ ਖਾਲੀ ਕਰਕੇ ਤੇ ਜਵਾਕ ਜੱਲਾ ਚਾਕੇ ਕਮਰੇ ‘ਚ ਵੜ ਕੇ ਅੰਦਰੋਂ ਕੁੰਡੀ ਲਾਈ ਖੜ੍ਹੀਆਂ। ਇੱਕ ਮੇਲਣ ਦੀ ਲਾਲ ਜੀ ਰਕਾਬੀ ਗਾਂ ਦੇ ਮੂਹਰਲੇ ਖੁਰ ‘ਚ ਅੜੀ ਫਿਰੇ ਤੇ ਦੂਜੀਆਂ ਦੇ ਸੈਂਡਲ-ਚੱਪਲਾਂ ਵਿਹੜੇ ‘ਚ ਖਿੰਡਦੇ ਫਿਰਨ। ਬਾਬਾ ਭੂਰਾ ਨਾਲੇ ਤਾਂ ਗਾਂ ਬੰਨ੍ਹਦਾ ਫਿਰੇ ਤੇ ਨਾਲੇ ਕਰੀ ਜਾਵੇ:- ਮੁੰਡਿਓ ਜਿੰਨੇ ਬਿਸਤਰੇ ਚੱਕਣੇ ਐਂ ਚੱਕ ਲੋ, ਸਾਰੇ ਖਾਲੀ ਐ ….
ਇੱਕ ਗੱਲ ਮਾਂ ਦਸਦੀ ਹੁੰਦੀ ਐ। ਕਹਿੰਦੀ ਹੁਣ ਤਾਂ ਸਾਰੇ ਗ੍ਰੰਥ ਸਾਹਿਬ ਦੀ ਹਜੂਰੀ ‘ਚ ਨੰਦ ਲੈਣ ਲਾਗੇ, ਪਹਿਲਾਂ ਕੋਈ-ਕੋਈ ਭਾਈਚਾਰਾ ਪਰਾਂਤ ਦੁਆਲੇ ਫੇਰੇ ਲੈਂਦਾ ਹੁੰਦਾ। ਉਹ ਸਿਸਟਮ ਐਂ ਹੁੰਦਾ ਸੀ ਕਿ ਪਰਾਂਤ ‘ਚ ਕੁਛ ਸਮਾਨ ਪਾ ਕੇ ਰੱਖ ਲੈਂਦੇ ਤੇ ਵਿਆਹ ਆਲੇ ਮੁੰਡਾ-ਕੁੜੀ ਪਰਾਂਤ ਦੁਆਲੇ ਗੇੜੇ ਦਿੰਦੇ ਤੇ ਓਧਰੋਂ ਪੰਡਤ ਪਾਠ-ਪੂਜਾ ਕਰਦਾ। ਕਹਿੰਦੀ ਆਂਈਂ ਕੇਰਾਂ ਸਾਡੇ ਪਿੰਡ ਵਿਆਹ ਸੀ ਕਿਸੇ ਦੇ। ਉਹਨਾਂ ਦੇ ਵੀ ਪਰਾਂਤ ਆਲਾ ਸਿਸਟਮ ਸੀ। ਵਿਆਹ ਆਲੇ ਮੁੰਡੇ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਸਜਾ ਤਾ। ਜਦੋਂ ਫੇਰਿਆਂ ਦਾ ਟੈਮ ਹੋਗਿਆ ਤਾਂ ਉਹਨੂੰ ਕਹਿੰਦੇ ਚੱਲ ਬਾਈ ਪਰਾਂਤ ਕੋਲੇ, ਫੇਰੇ ਲੈਣੇ ਆਂ। ਵਿਆਹ ਆਲਾ ਮੁੰਡਾ ਸਿੱਧਾ ਤੁਰਿਆ ਗਿਆ ਤੇ ਜਾ ਕੇ ਪਰਾਂਤ ‘ਚ ਵੜ ਗਿਆ। ਕੋਲੇ ਖੜ੍ਹੀ ਜਨਤਾ ਰੌਲਾ ਪਾਉਣ ਲਾਗੀ, ਵੀ ਆਹ ਕੀ ਕਰੀ ਜਾਨੈ, ਪਰਾਂਤ ਦੇ ਵਿੱਚ ਨੀ ਵੜਦੇ ਹੁੰਦੇ, ਇਹਦੇ ਆਲੇ-ਦੁਆਲੇ ਗੇੜੇ ਦਿੰਦੇ ਹੁੰਦੇ ਆ। ਵਿਆਹ ਆਲਾ ਬਾਈ ਨਾਲੇ ਤਾਂ ਪਰਾਂਤ ‘ਚੋਂ ਬਾਹਰ ਨਿਕਲਿਆ ਆਵੇ ਤੇ ਨਾਲੇ ਪੋਲਾ ਜਾ ਮੂੰਹ ਕਰਕੇ ਕਰੀ ਜਾਵੇ:- ਮੈਨੂੰ ਕੀ ਪਤਾ ਸੀ ਹੁਣ, ਮੈਂ ਕਿਹੜਾ ਰੋਜ਼ ਈ ਫੇਰੇ ਲੈਨਾਂ ਗਾ, ਅੱਜ ਪਹਿਲੀ ਵਾਰੀ ਲੈਂਦਾ ਸੀ ….
ਗੁਰਵਿੰਦਰ ਮਲਕਾਣਾ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)