ਕੱਲ੍ਹ ਬੁੱਧਵਾਰ ਕਰਕੇ ਮੇਰੀ ਕੰਮ ਤੋਂ ਛੁੱਟੀ ਸੀ। ਕੰਮ ਕਾਰ ਕਰਦਿਆਂ ਕਿਹੜੇ ਵੇਲੇ ਸਵੇਰ ਤੋਂ ਸ਼ਾਮ ਹੋਗੀ ਪਤਾ ਈ ਨਾ ਲੱਗਿਆ। ਇੱਕ ਤਾਂ ਇੱਥੇ ਆਸਟ੍ਰੇਲੀਆ ‘ਚ ਸਰਦੀ ਹੋਣ ਕਾਰਨ ਦਿਨ ਬੜੇ ਛੋਟੇ ਹਨ। ਅਕਸਰ ਈ ਅੱਗੇ ਛੁੱਟੀ ਵਾਲੇ ਦਿਨ ਭੈਣਾਂ ਨੂੰ ਜਾਂ ਪਿੰਡ ਫੋਨ ਕਰਕੇ ਸੁੱਖ-ਸਾਂਦ ਪੁੱਛਣੀ। ਕੱਲ੍ਹ ਸਮਾਂ ਨਾ ਮਿਲਿਆ ਪਰ ਖੋਹ ਜੀ ਪਈ ਜਾਵੇ ਜਿਵੇਂ ਕੁਝ ਖੁੱਸ ਗਿਆ ਹੋਵੇ। ਆਥਣ ਦਾ ਰੋਟੀ-ਪਾਣੀ ਕਰਨ ਈ ਲੱਗੀ ਸੀ ਕਿ ਸੋਚਿਆ ਭੈਣ ਨੂੰ ਫੋਨ ਕਰ ਲਵਾਂ। ਫੋਨ ਅੱਗੋਂ ਭਾਣਜੇ ਨੇ ਚੁੱਕਿਆ ‘ਤੇ ਕਹਿੰਦਾ ਮੰਮੀ ਤਾਂ ਨਾਨੀ ਪਿੰਡ ਗਈ ਆ। ਘਬਰਾਹਟ ਹੋਰ ਵੀ ਵਧ ਗਈ ਕਿਉਂ ਜੋ ਥੋੜ੍ਹੇ ਦਿਨ ਪਹਿਲਾਂ ਤਾਂ ਭੈਣ ਮਿਲ ਕੇ ਆਈ ਸੀ ਫਿਰ ਅੱਜ ਅਚਾਨਕ?ਬਿਨਾਂ ਦੇਰੀ ਕੀਤੇ ਦੂਜੇ ਨੰਬਰ ਤੇ ਫੋਨ ਲਾ ਲਿਆ। ਭੈਣ ਉੱਚੀ- ਉੱਚੀ ਰੋਈ ਜਾਵੇ।ਮੈਂ ਗੱਲ ਪੁੱਛੀ ਤਾਂ ਕਹਿੰਦੀ ਜੋ ਹੋਣਾ ਸੀ ਭੈਣ ਮੇਰੀਏ ਹੋ ਗਿਆ ਅਤੇ ਮੈਂ ਤੇਰੇ ਨਾਲ ਅਜੇ ਗੱਲ ਨੀਂ ਕਰ ਸਕਦੀ। ਕਾਹਲੀ ਨਾਲ ਪੁੱਛਿਆ ਮੰਮੀ ਕਿਵੇਂ ਆ?ਘਰੇ ਕਿਵੇਂ ਆ ਸਾਰੇ?ਉਹ ਕਹਿੰਦੀ ਠੀਕ ਆ ਸਾਰੇ। ਮੈਂ ਕਿਹਾ ਫਿਰ ਰੋਈ ਕਿਉਂ ਜਾਨੀ ਐਂ ? ਕਹਿੰਦੀ ਕਿੱਥੇ ਆਂ ਤੂੰ ?ਮੈਂ ਕਿਹਾ ਅੱਜ ਛੁੱਟੀ ਸੀ ‘ਤੇ ਮੈਂ ਘਰੇ ਆਂ।ਕਹਿੰਦੀ ਆਪਣਾ ਦਿਆਲ (ਮੇਰੇ ਤਾਇਆ ਜੀ ਦਾ ਪੋਤਰਾ) ਚੜ੍ਹਾਈ ਕਰ ਗਿਆ। ਸੱਚ ਜਾਣਿਓ ਸੁਣ ਕੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ‘ਤੇ ਬੱਸ ਇੰਨਾ ਈ ਪੁੱਛਿਆ ਕਿਵੇਂ ?ਕੀ ਹੋਇਆ? ਕਹਿੰਦੀ ਆਹ ਸੈੱਲ ਵਧ -ਘਟ ਗਏ ਅਤੇ ਖਾਣੇ ਵਾਲੀ ਨਾਲੀ ਨੂੰ ਸੋਜ ਆ ਗਈ ਸੀ ਅਤੇ ਹਸਪਤਾਲ ਵਿੱਚ ਦਾਖਿਲ ਸੀ। ਕਹਿ ਕੇ ਫੋਨ ਕੱਟ ਦਿੱਤਾ।ਸ਼ਾਇਦ ਉਸਤੋਂ ਹੋਰ ਗੱਲ ਨਹੀਂ ਹੋ ਰਹੀ ਸੀ। ਉਸਤੋਂ ਬਾਅਦ ਬਸ ਪਿਛਲੀ ਰੀਲ ਈ ਘੁੰਮੀ ਗਈ ਕਿ ਤਿੰਨ ਕੁ ਸਾਲ...
ਪਹਿਲਾਂ ਉਹਦੇ ਪਿਓ ਦੀ ਐਕਸੀਡੈਂਟ ਨਾਲ ਮੌਤ ਹੋ ਗਈ ਸੀ ਅਤੇ ਚਾਲੀ ਕੁ ਸਾਲ ਦੀ ਉਮਰ ਵਿੱਚ ਈ ਉਹ ਇਸ ਜਵਾਕ ਉੱਤੇ ਜ਼ਿੰਮੇਵਾਰੀ ਪਾ ਕੇ ਰੱਬ ਘਰ ਚਲਿਆ ਗਿਆ। ਬਾਈ ਕੁ ਸਾਲ ਦਾ ਦਿਆਲ ,ਆਵਦੀ ਪੜ੍ਹਾਈ ਵਿੱਚੇ ਛੱਡ ਕੇ ਕੰਮ ਕਰਨ ਲੱਗ ਪਿਆ ਸੀ।ਮਸਾਂ ਈ ਸੰਭਾਲਿਆ ਸੀ ਉਹਨੇ ਆਪਣੇ-ਆਪ ਨੂੰ,ਆਪਦੀ ਮਾਂ ਅਤੇ ਆਪ ਤੋਂ ਦੋ ਕੁ ਸਾਲ ਵੱਡੀ ਭੈਣ ਨੂੰ।ਪਰ ਹੁਣ…..,ਸੋਚ ਕੇ ਈ ਕੰਬਣੀ ਛਿੜ ਰਹੀ ਹੈ।
ਹੁਣ ਵੀ ਮਨ ‘ਚ ਬੈਠਿਆਂ ਅਮਰਿੰਦਰ ਗਿੱਲ ਦੀ ਫਿਲਮ ਦੀ ਗੱਲ ਵਾਰ ਵਾਰ ਯਾਦ ਆ ਰਹੀ ਹੈ ਕਿ ਸਾਨੂੰ ਤਾਂ ਇਹ ਵੀ ਨੀਂ ਪਤਾ ਜਿਹੜੇ ਪਿੱਛੇ ਛੱਡ ਕੇ ਆਏ ਆਂ ਮੁੜ ਦੇਖਣੇ ਕਿ ਨਈਂ।ਹੋਰ ਕੋਈ ਦੁੱਖ ਨੀਂ ਬਾਹਰਲੇ ਮੁਲਕ ਆਉਣ ਦਾ, ਬਸ ਜਦੋਂ ਇਹੋ ਜੀ ਗੱਲ ਸੁਣਨ ਨੂੰ ਮਿਲਦੀ ਆ ਤਾਂ ਆਪਣੇ-ਆਪ ਨੂੰ ਸੰਭਾਲਣਾ ਔਖਾ ਹੋ ਜਾਂਦਾ। ‘ਤੇ ਫਿਰ ਸਭ ਅਗਲੀਆਂ – ਪਿਛਲੀਆਂ ਉੱਭਰ ਕੇ ਸਾਹਮਣੇ ਆ ਜਾਂਦੀਆਂ। ਬਸ ਜਦੋਂ ਫੋਨ ਕਰੀਦਾ ਜਾਂ ਫੋਨ ਦੀ ਘੰਟੀ ਵੱਜਦੀ ਹੈ ਤਾਂ ਮੂੰਹੋਂ ਆਪਣੇ-ਆਪ ਨਿੱਕਲ ਜਾਂਦਾ ਹੇ ਸੱਚੇ ਪਾਤਸ਼ਾਹ!ਸੁੱਖ ਹੋਵੇ।ਸੱਚੀ ਧੰਨ ਨੇ ਉਹ ਲੋਕ , ਜਿਹੜੇ ਬਾਹਰਲੇ ਮੁਲਕਾਂ ਵਿੱਚ ਬੈਠੇ , ਆਪਣੇ ਚਾਵਾਂ- ਮਲ੍ਹਾਰਾਂ ਨੂੰ ਦਿਲਾਂ ਵਿੱਚ ਦੱਬੀ , ਜ਼ਿੰਦਗੀ ਨਾਲ ਸਮਝੌਤੇ ਕਰੀ ,ਇੱਕ ਬਿਹਤਰ ਭਵਿੱਖ ਬਣਾਉਣ ਲਈ ਜੱਦੋ-ਜਹਿਦ ਕਰੀ ਜਾ ਰਹੇ ਹਨ।ਸੱਚੀਂ ਬਹੁਤ ਔਖਾ ਹੁੰਦਾ ਖਾਸਕਰ ਦੁੱਖਦੇ ਸੁੱਖਦੇ ਇਹੋ ਜਿਹੇ ਹਾਲਾਤਾਂ ਵਿੱਚ ਰਹਿਣਾ ਅਤੇ ਪਰਿਵਾਰ ਨੂੰ ਸੰਭਾਲਣਾ।ਪ੍ਰਮਾਤਮਾ ਭਲੀ ਕਰੇ ਅਤੇ ਸਭ ‘ਤੇ ਮਿਹਰਾਂ ਭਰਿਆ ਹੱਥ ਰੱਖੇ।
ਨਵਦੀਪ ਕੌਰ।